ਜੀ ਐੱਸ ਟੀ ਕੌਂਸਲ ਦਾ ਸੁਪਰਡੈਂਟ ਰਿਸ਼ਵਤ ਲੈਂਦਾ ਗ੍ਰਿਫਤਾਰ

gst council
ਨਵੀਂ ਦਿੱਲੀ, 4 ਅਗਸਤ (ਪੋਸਟ ਬਿਊਰੋ)- ਜੀ ਐੱਸ ਟੀ ਵਾਲੇ ਨਵੇਂ ਟੈਕਸ ਢਾਂਚੇ ਨੂੰ ਲਾਗੂ ਹੋਇਆਂ ਅਜੇ ਮਸਾਂ ਇੱਕ ਮਹੀਨਾ ਹੋਇਆ ਹੈ ਕਿ ਸੀ ਬੀ ਆਈ ਨੇ ਜੀ ਐੱਸ ਟੀ ਕੌਂਸਲ ਦੇ ਸੁਪਰਡੈਂਟ ਮਨੀਸ਼ ਮਲਹੋਤਰਾ ਨੂੰ ਰਿਸ਼ਵਤ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਸੀ ਬੀ ਆਈ ਨੇ ਮਲਹੋਤਰਾ ਨਾਲ ਉਸ ਦੇ ਏਜੰਟ ਮਾਨਸ ਪਾਤਰਾ ਨੂੰ ਵੀ ਫੜ ਲਿਆ ਹੈ। ਕੇਂਦਰੀ ਐਕਸਾਈਜ਼ ਮਹਿਕਮੇ ਵਿੱਚ ਰਹਿ ਚੁੱਕੇ ਮਲਹੋਤਰਾ ‘ਤੇ ਦੋਸ਼ ਹੈ ਕਿ ਉਹ ਰਿਸ਼ਵਤ ਦੇ ਬਦਲੇ ਨਿੱਜੀ ਪਾਰਟੀਆਂ ਵਿਰੁੱਧ ਕਾਰਵਾਈ ਨਾ ਕਰਨ ਲਈ ਭਿ੍ਰਸ਼ਟਾਚਾਰ ਕਰਨ ਵਿੱਚ ਸ਼ਾਮਲ ਸੀ।
ਸੀ ਬੀ ਆਈ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਾਨਸ ਪਾਤਰਾ, ਮਨੀਸ਼ ਮਲਹੋਤਰਾ ਦਾ ਨੁਮਾਇੰਦਾ ਬਣ ਕੇ ਨਿੱਜੀ ਪਾਰਟੀਆਂ ਨਾਲ ਸੰਪਰਕ ਕਰਦਾ ਸੀ ਅਤੇ ਹਫਤੇ ਜਾਂ ਮਹੀਨੇ ਦੇ ਆਧਾਰ ਉੱਤੇ ਰਿਸ਼ਵਤ ਲੈਂਦਾ ਸੀ। ਜਾਂਚ ਏਜੰਸੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਪਾਤਰਾ ਰਿਸ਼ਵਤ ਦੇ ਪੈਸੇ ਨੁੰ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਲੈਂਦਾ ਅਤੇ ਬਾਅਦ ਇਸ ਪੈਸੇ ਨੂੰ ਮਲਹੋਤਰਾ ਦੀ ਪਤਨੀ ਸ਼ੋਭਨਾ ਦੇ ਐੱਚ ਡੀ ਐੱਫ ਸੀ ਬੈਂਕ ਖਾਤੇ ਅਤੇ ਉਸ ਦੀ ਧੀ ਆਯੂਸ਼ੀ ਦੇ ਆਈ ਸੀ ਆਈ ਸੀ ਬੈਂਕ ਖਾਤੇ ਵਿੱਚ ਟਰਾਂਸਫਰ ਕਰਵਾ ਦਿੰਦਾ ਸੀ। ਸੀ ਬੀ ਆਈ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਾਤਰਾ ਪਿਛਲੇ ਕੁਝ ਦਿਨਾਂ ਤੋਂ ਇਕੱਠੀ ਕੀਤੀ ਗਈ ਰਿਸ਼ਵਤ ਨੂੰ ਮਲਹੋਤਰਾ ਦੀ ਰਿਹਾਇਸ਼ ‘ਤੇ ਦੇਣ ਜਾ ਰਿਹਾ ਹੈ। ਇਸ ਤੋਂ ਬਾਅਦ ਸੀ ਬੀ ਆਈ ਨੇ ਮਲਹੋਤਰਾ ਦੀ ਰਿਹਾਇਸ਼ ਦੀ ਤਲਾਸ਼ੀ ਲਈ ਅਤੇ ਮਲਹੋਤਰਾ ਤੇ ਪਾਤਰਾ ਨੂੰ ਰਿਸ਼ਵਤ ਦੇ ਪੈਸੇ ਅਤੇ ਕੁਝ ਦਸਤਾਵੇਜ਼ਾਂ ਨਾਲ ਗ੍ਰਿਫਤਾਰ ਕਰ ਲਿਆ।