ਜੀਵਨ ਦੀ ਸਾਰਥਿਕਤਾ

-ਗੋਪਾਲ ਨਾਰਾਇਣ ਆਵਟੇ
ਰਚਨਾ ਦੀ ਪ੍ਰੀਖਿਆ ਦਾ ਨਤੀਜਾ ਕੱਲ੍ਹ ਸਵੇਰੇ ਆਉਣਾ ਹੈ। ਪਤਾ ਨਹੀਂ ਕਿਉਂ, ਰਾਤ ਇੰਨੀ ਲੰਮੀ ਲੱਗ ਰਹੀ ਹੈ। ਜਾਪਦਾ ਹੈ ਜਿਵੇਂ ਸਵੇਰ ਹੋਵੇਗੀ ਹੀ ਨਹੀਂ। ਮੈਂ ਪਤਾ ਨਹੀਂ ਕਿੰਨੀਆਂ ਸ਼ੰਕਾਵਾਂ ਨੂੰ ਮਨ ਵਿੱਚ ਬਿਠਾਈ ਨਤੀਜੇ ਦੀ ਉਡੀਕ ਕਰ ਰਹੀ ਹਾਂ। ਸ਼ਾਮ ਨੂੰ ਜਤਿਨ ਤੇ ਭੂਮਿਕਾ ਦਾ ਫੋਨ ਵੀ ਆਇਆ, ਉਨ੍ਹਾਂ ਨੇ ਵੀ ਪੁੱਛਿਆ ਸੀ ਕਿ ਰਚਨਾ ਦਾ ਨਤੀਜਾ ਕਦੋਂ ਆਵੇਗਾ? ਕੁਝ ਫਾਰਮਲ ਗੱਲਾਂ ਕਰਦੇ ਕਰਦੇ ਮੇਰਾ ਗਲਾ ਭਰ ਆਇਆ ਤਾਂ ਉਨ੍ਹਾਂ ਨੇ ‘ਸੌਰੀ’ ਕਹਿ ਕੇ ਫੋਨ ਕੱਟ ਦਿੱਤਾ। ਅਜੀਬ ਜਿਹਾ ਖਾਲੀਪਣ ਚਾਰੇ ਪਾਸੇ ਪੱਸਰਿਆ ਪਿਆ ਹੈ। ਜਾਪਦਾ ਹੈ, ਆਕਾਸ਼ ਦਾ ਸੁੰਨਾਪਣ ਮੇਰੇ ਜੀਵਨ ਵਿੱਚ ਘੁਲ ਗਿਆ ਹੈ। ਸਭ ਕੁਝ ਜਿਵੇਂ ਕੱਲ੍ਹ ਦੀ ਗੱਲ ਹੋਵੇ। ਜਦੋਂ ਮੈਂ ਸੋਚਦੀ ਹਾਂ ਤਾਂ ਅੱਖਾਂ ‘ਚੋਂ ਝਰਲ-ਝਰਲ ਹੰਝੂ ਵਗਣ ਲੱਗਦੇ ਹਨ। ਮੈਂ ਸੋਚਦੀ ਹਾਂ ਕਿ ਕਿਸੇ ਨੂੰ ਆਪਣਾ ਦੁੱਖ ਨਹੀਂ ਦੱਸਾਂਗੀ, ਪਰ ਇਹ ਡਿਗਦੇ ਹੰਝੂ ਚੁਗਲੀ ਕਰ ਦਿੰਦੇ ਹਨ। ਪਤੀ ਨੇ ਕਈ ਵਾਰ ਮੋਢੇ ਦਾ ਸਹਾਰਾ ਦਿੱਤਾ, ਸੰਭਾਲਿਆ ਵੀ, ਪਰ ਉਨ੍ਹਾਂ ਦੇ ਮੋਢੇ ਨੂੰ ਹੰਝੂਆਂ ਨਾਲ ਹੀ ਗਿੱਲਾ ਕਰ ਦਿੱਤਾ ਸੀ।
ਸਵੇਰੇ ਜਦੋਂ ਅਖਬਾਰ ਵਾਲਾ ਘਰੇ ਅਖਬਾਰ ਸੁੱਟ ਕੇ ਗਿਆ ਤਾਂ ਦੌੜ ਕੇ ਮੈਂ ਉਹਨੂੰ ਚੁੱਕ ਲਿਆ, ਕੋਲ ਪਤੀ ਆ ਕੇ ਖੜ੍ਹੇ ਹੋ ਗਏ ਸਨ। ‘ਰਚਨਾ…ਰਚਨਾ’ ਮੈਂ ਉਨ੍ਹਾਂ ਨੂੰ ਸਾਰਾ ਭਾਲਿਆ, ਪਰ ਨੰਬਰ ਕਿਤੇ ਨਹੀਂ ਸੀ। ਮੈਂ ਉਦਾਸ ਹੋ ਗਈ ਤਾਂ ਪਤੀ ਨੇ ਅਖਬਾਰ ਫੜਿਆ ਤੇ ਹੈਰਾਨ ਹੋ ਗਏ, ‘‘ਹੈਂ, ਪੂਰੇ ਰਾਜ ਵਿੱਚ ਸੈਕਿੰਡ ਟੌਪਰ ਰਹੀ-ਆਹ ਵੇਖ, ਫਸਟ ਪੇਜ ਉਤੇ ਉਹਦੀ ਫੋਟੋ।” ਹੱਸਦੀ ਮੁਸਕੁਰਾਉਂਦੀ ਰਚਨਾ ਦੀ ਫੋਟੋ ਸੀ। ਰਚਨਾ ਦੀ ਫੋਟੋ ਤੇ ਉਹਦੇ ਇੰਨੇ ਜ਼ਿਆਦਾ ਅੰਕ ਲੈਣ ‘ਤੇ ਮੈਂ ਜ਼ੋਰ ਨਾਲ ਰੋ ਪਈ। ਆਸ਼ੀਸ਼ ਨੇ ਮੈਨੂੰ ਚੁੱਪ ਕਰਾਇਆ। ਇਹ ਹੰਝੂ ਖੁਸ਼ੀ ਦੇ ਸਨ ਜਾਂ ਦੁੱਖ ਦੇ, ਮੈਨੂੰ ਸਮਝ ਨਹੀਂ ਆ ਰਹੀ ਸੀ, ਪਰ ਮੈਂ ਰੋ ਰਹੀ ਸਾਂ, ਬੜੀ ਉਚੀ ਉਚੀ। ਉਦੋਂ ਹੀ ਜਤਿਨ ਅਤੇ ਭੂਮਿਕਾ ਦੇ ਫੋਨ ਵੀ ਆ ਗਏ ਸਨ।
‘‘ਵਧਾਈ ਹੋਵੇ, ਵਧਾਈ ਹੋਵੇ।”
‘‘ਧੰਨਵਾਦ।” ਮੇਰੇ ਮੂੰਹੋਂ ਬੱਸ ਇੰਨਾ ਹੀ ਨਿਕਲਿਆ, ਪਰ ਇਹ ਧੰਨਵਾਦ ਕਹਿਣਾ ਕਿੰਨਾ ਖੋਖਲਾ ਸੀ, ਇਹ ਮੈਨੂੰ ਪਤਾ ਸੀ। ਅਖਬਾਰ ਮੇਰੇ ਹੱਥ ਵਿੱਚ ਸੀ ਅਤੇ ਰਚਨਾ ਦੀ ਫੋਟੋ ਵੀ, ਜੀਹਨੂੰ ਮੈਂ ਛਾਤੀ ਨਾਲ ਲਾਇਆ ਹੋਇਆ ਸੀ। ਰਚਨਾ ਪੂਰੇ ਰਾਜ ‘ਚੋਂ ਸੈਕਿੰਡ ਟੌਪ ਆਈ ਸੀ ਅਤੇ ਮੈਂ ਦੁਖੀ ਹੋ ਰਹੀ ਸਾਂ। ਆਪਣੇ ਹੰਝੂ ਪੂੰਝ ਕੇ ਚਾਹ ਬਣਾਈ ਅਤੇ ਆਸ਼ੀਸ਼ ਨੂੰ ਦਿੱਤੀ। ਉਹ ਬੜੇ ਚਲਾਕ ਹਨ, ਆਪਣੇ ਹੰਝੂ ਚੁੱਪਚਾਪ ਪੀ ਜਾਂਦੇ ਹਨ, ਇੱਕ ਅੱਖਰ ਵੀ ਨਹੀਂ ਬੋਲਦੇ। ਮੈਂ ਉਨ੍ਹਾਂ ਨੂੰ ਵੇਖ ਕੇ ਹੀ ਸਮਝ ਗਈ ਸਾਂ ਕਿ ਜਦੋਂ ਮੈਂ ਰਸੋਈ ਵਿੱਚ ਗਈ ਸਾਂ, ਉਦੋਂ ਉਹ ਜੀਅ ਭਰ ਕੇ ਰੋ ਲਏ ਸਨ।
ਸਵੇਰ ਹੋ ਚੁੱਕੀ ਸੀ। ਇੱਕ ਦਰਜਨ ਤੋਂ ਵੱਧ ਵਧਾਈ ਦੇ ਫੋਨ ਆ ਚੁੱਕੇ ਸਨ। ਆਸ਼ੀਸ਼ ਦਫਤਰ ਚਲੇ ਗਏ ਸਨ। ਮੈਂ ਆਪਣੀ ਕੋਠੀ ਵਿੱਚ ਇਕੱਲੀ ਰਹਿ ਗਈ। ਕੰਮ ਵਾਲੀ ਨੂੰ ਵੀ ਮੈਂ ਹਟਾ ਦਿੱਤਾ ਤਾਂ ਕਿ ਮੈਂ ਖੁਦ ਕੰਮ ਕਰ ਕੇ ਆਪਣਾ ਸਮਾਂ ਬਿਤਾ ਸਕਾਂ। ਮੈਂ ਡਰਾਇੰਗ ਰੂਮ ਵਿੱਚ ਆ ਕੇ ਬਹਿ ਗਈ। ਸਾਹਮਣੇ ਖਿੜਕੀ ਖੁੱਲ੍ਹੀ ਹੋਈ ਸੀ ਅਤੇ ਨਿੰਮ ਦਾ ਰੁੱਖ ਆਪਣੀ ਛਾਂ ਧਰਤੀ ਉੱਤੇ ਫੈਲਾ ਰਿਹਾ ਸੀ। ਉਸ ‘ਤੇ ਲੱਗੇ ਛੋਟੇ ਛੋਟੇ ਚਿੱਟੇ ਫੁੱਲਾਂ ਦੀ ਖੁਸ਼ਬੂ ਵਿੱਚ ਅਜੀਬ ਜਿਹੀ ਕੁੜੱਤਣ ਸੀ, ਜੋ ਸਾਹ ਵਿੱਚ ਭਰਨ ‘ਤੇ ਵੀ ਭੈੜੀ ਨਹੀਂ ਲੱਗਦੀ। ਯਾਦਾਂ ਦੇ ਫੁੱਲ ਨਿੰਮ ਦੇ ਸੁੱਕੇ ਫੁੱਲਾਂ ਵਾਂਗ ਝੜਨ ਲੱਗੇ ਸਨ। ਹਲਕੀ ਹਵਾ ਦੇ ਬੁੱਲੇ ਨਾਲ ਬਹੁਤ ਸਾਰੀਆਂ ਯਾਦਾਂ ਆ ਰਹੀਆਂ ਸਨ। ਕੰਨਾਂ ਵਿੱਚ ਰਚਨਾ ਦੀ ਆਵਾਜ਼ ਸੀ। ਧੀ ਦਾ ਵਿਛੋੜਾ ਕੋਈ ਮਾਂ ਤੋਂ ਪੁੱਛੇ, ਕਿਉਂਕਿ ਰਚਨਾ ਮੇਰੀ ਧੀ ਹੀ ਨਹੀਂ, ਸਹੇਲੀ ਵੀ ਸੀ। ਹਮੇਸ਼ਾ ਹੱਸਦੀ, ਗੀਤ ਗੁਣਗੁਣਾਉਂਦੀ। ਉਹ ਨਕਲ ਕਰਦੀ ਸੀ। ਜਦੋਂ ਸ਼ਾਮ ਨੂੰ ਅਸੀਂ ਇਕੱਠੇ ਹੁੰਦੇ ਤਾਂ ਪੁਰਾਣੀਆਂ ਫਿਲਮਾਂ ਦੇ ਕਲਾਕਾਰਾਂ ਦੀ ਹੂ ਬ ਹੂ ਨਕਲ ਕਰਦੀ ਸੀ। ਆਸ਼ੀਸ਼ ਤੇ ਮੈਂ ਹੱਸ ਹੱਸ ਕੇ ਲੋਟ ਪੋਟ ਹੋ ਜਾਂਦੇ ਸਾਂ। ਪਰਵਾਰ ਵਿੱਚ ਅਸੀਂ ਇੱਕ ਤੇ ਸਾਡੀ ਇੱਕ ਦੇ ਨਿਯਮ ਨੂੰ ਲਾਗੂ ਕੀਤਾ ਹੋਇਆ ਸੀ ਅਤੇ ਰਚਨਾ ਤੋਂ ਇਲਾਵਾ ਸਾਡੀ ਹੋਰ ਕੋਈ ਸੰਤਾਨ ਨਹੀਂ ਸੀ। ਉਹ ਪੜ੍ਹਾਈ ਵਿੱਚ ਦਰਮਿਆਨੀ ਸੀ, ਪਰ ਕਦੋਂ ਪੜ੍ਹਾਈ ਕਰਦੀ ਸੀ, ਪਤਾ ਹੀ ਨਹੀਂ ਲੱਗਦਾ ਸੀ। ਮੈਂ ਗੁੱਸੇ ਹੋ ਕੇ ਕਹਿੰਦੀ ਸਾਂ, ‘‘ਪੜ੍ਹ ਲੈ, ਨਹੀਂ ਤਾਂ ਫੇਲ ਹੋ ਜਾਏਂਗੀ।”
‘‘ਅੱਜ ਤੱਕ ਕਦੇ ਫੇਲ ਹੋਈ ਹਾਂ…?” ਉਹ ਉਲਟਾ ਪ੍ਰਸ਼ਨ ਕਰਦੀ ਸੀ।
‘‘ਚੰਗੀ ਤਰ੍ਹਾਂ ਪੜ੍ਹ ਲੈ, ਚੰਗੀ ਨੌਕਰੀ ਮਿਲ ਜਾਵੇਗੀ।” ਮੈਂ ਉਹਨੂੰ ਕਹਿੰਦੀ ਤਾਂ ਉਹ ਗਲ ਵਿੱਚ ਬਾਹਾਂ ਪਾ ਕੇ ਪ੍ਰਸ਼ਨ ਕਰਦੀ, ‘‘ਮੰਮੀ, ਤੁਸੀਂ ਤਾਂ ਪੀ ਐਚ ਡੀ ਕੀਤੀ ਹੈ, ਫਿਰ ਨੌਕਰੀ ਕਿਉਂ ਨਹੀਂ ਕੀਤੀ? ਛੱਡੋ, ਇਹ ਨੌਕਰੀ-ਨੂਕਰੀ। ਮੈਂ ਤਾਂ ਚੰਗੇ ਪੜ੍ਹੇ ਲਿਖੇ, ਚੰਗੀ ਨੌਕਰੀ ਕਰਨ ਵਾਲੇ ਨਾਲ ਵਿਆਹ ਕਰਾਂਗੀ। ਐਸ਼, ਮੰਮੀ ਐਸ਼।”
ਉਹ ਬੜੇ ਨਾਟਕੀ ਅੰਦਾਜ਼ ਵਿੱਚ ਕਹਿੰਦੀ। ਮੈਂ ਗੁੱਸੇ ਵਿੱਚ ਵੀ ਹੁੰਦੀ ਅਤੇ ਨਾਰਾਜ਼ ਵੀ, ‘‘ਨਾਲਾਇਕੇ, ਸੁਧਰ ਜਾ।”
‘‘ਵਿਗੜੀ ਕਿੱਥੇ ਹਾਂ, ਮੰਮੀ।” ਹੱਸਦੇ ਹੋਏ ਉਹ ਕਹਿੰਦੀ, ‘‘ਵੇਖੋ, ਤੁਸੀਂ ਵੀ ਇੰਨੀ ਪੜ੍ਹਾਈ ਕਰ ਕੇ ਪਾਪਾ ਨਾਲ ਸਾਰੀ ਜ਼ਿੰਦਗੀ ਬਿਤਾ ਦਿੱਤੀ, ਮੈਂ ਵੀ ਆਪਣੀ ਮਾਂ ਦੇ ਦੱਸੇ ਰਸਤੇ ‘ਤੇ ਚੱਲਾਂਗੀ।” ਹਵਾ ਵਿੱਚ ਹਾਸਾ ਤੇ ਮਸਤੀ ਤੈਰ ਜਾਂਦੀ ਸੀ। ਪੂਰੇ ਘਰ ਦੀ ਰੌਣਕ ਸੀ ਰਚਨਾ। ਕਦੇ ਉਹ ਚੁੱਪ ਰਹਿੰਦੀ ਤਾਂ ਆਸ਼ੀਸ਼ ਅਤੇ ਮੈਂ ਫਿਕਰਮੰਦ ਹੋ ਜਾਂਦੇ ਸਾਂ। ਇੱਕ ਵਾਰ ਉਹਨੇ ਹੱਸ ਕੇ ਕਿਹਾ ਸੀ, ‘‘ਮੰਮੀ, ਤੁਸੀਂ ਮੇਰੀ ਸ਼ਾਦੀ ਕਰ ਦਿਓਗੇ, ਉਸ ਪਿੱਛੋਂ ਇਕੱਲੇ ਕਿਵੇਂ ਰਹੋਗੇ?”
‘‘ਇਸੇ ਸ਼ਹਿਰ ਵਿੱਚ ਕੋਈ ਮੁੰਡਾ ਵੇਖਾਂਗੀ ਤਾਂ ਕਿ ਤੂੰ ਆਉਂਦੀ ਜਾਂਦੀ ਰਹੇਂ।”
‘‘ਹਾਏ, ਬੜੀ ਲੰਮੀ ਪਲਾਨਿੰਗ ਹੈ। ਮੰਮੀ, ਉਂਝ ਮੈਂ ਕਦੇ ਤੁਹਾਥੋਂ ਦੂਰ ਨਹੀਂ ਜਾਵਾਂਗੀ’’, ਕਹਿ ਕੇ ਉਹ ਮੈਨੂੰ ਚਿੰਬੜ ਗਈ ਸੀ। ਮੈਂ ਉਹਦੇ ਵਾਲਾਂ ਵਿੱਚ ਹੱਥ ਫੇਰਦੀ ਰਹੀ। ਇਹੋ ਉਹ ਪਲ ਹੁੰਦੇ ਹਨ, ਜੋ ਜੀਵਨ ਵਿੱਚ ਹਮੇਸ਼ਾ ਅਮਰ ਰਹਿੰਦੇ ਹਨ, ਜਿੱਥੇ ਮਾਂ ਦਾ ਪਿਆਰ ਧੀ ਵਿੱਚ ਪ੍ਰਵਾਹਿਤ ਹੁੰਦਾ ਹੈ। ਪ੍ਰੀਖਿਆ ਸ਼ੁਰੂ ਹੋ ਚੁੱਕੀ ਸੀ। ਰਚਨਾ ਪੂਰੀ ਮਿਹਨਤ ਨਾਲ ਪੜ੍ਹਾਈ ਵਿੱਚ ਜੁਟੀ ਹੋਈ ਸੀ। ਜਦੋਂ ਵੀ ਉਹ ਪੇਪਰ ਦੇ ਕੇ ਆਉਂਦੀ, ਮੈਂ ਪੁੱਛਦੀ, ‘‘ਪੇਪਰ ਕਿਵੇਂ ਹੋਇਆ, ਬੇਟੀ?”
‘‘ਮੰਮੀ, ਸਾਰੇ ਬੱਚੇ ਇੱਕੋ ਉਤਰ ਦਿੰਦੇ ਹਨ-ਚੰਗਾ ਹੋਇਆ, ਪਰ ਫੇਲ੍ਹ ਹੋ ਜਾਂਦੇ ਹਨ।” ਕਹਿ ਕੇ ਹੱਸ ਪਈ ਸੀ।
‘‘ਪਰ ਮੈਨੂੰ ਪਤਾ ਹੈ ਕਿ ਤੂੰ ਫੇਲ੍ਹ ਨਹੀਂ ਹੋਵੇਂਗੀ।” ਮੈਂ ਕਿਹਾ ਸੀ।
‘‘ਥੈਂਕ ਯੂ ਮੰਮੀ, ਸੱਚ ਇਹ ਹੈ ਕਿ ਮੈਂ ਜੀਵਨ ਵਿੱਚ ਕਦੇ ਅਸਫਲ ਨਹੀਂ ਹੋਣਾ ਚਾਹੁੰਦੀ, ਮੈਨੂੰ ਅਸਫਲਤਾ ਨਾਲ ਨਫਰਤ ਹੈ।”
‘‘ਬੇਟਾ, ਅਸਫਲਤਾ ਜੀਵਨ ਵਿੱਚ ਸਫਲਤਾ ਦੀ ਪਹਿਲੀ ਪੌੜੀ ਹੈ, ਜਿਵੇਂ ਹਨੇਰੇ ਨਾਲ ਰੌਸ਼ਨੀ, ਸਵੇਰ ਨਾਲ ਸ਼ਾਮ, ਜ਼ਿੰਦਗੀ ਨਾਲ ਮੌਤ, ਉਸੇ ਤਰ੍ਹਾਂ ਸਫਲਤਾ ਨਾਲ ਅਸਫਲਤਾ ਜੁੜੀ ਹੁੰਦੀ ਹੈ।” ਮੈਂ ਉਹਨੂੰ ਸਮਝਾਇਆ।
ਉਹ ਬੱਚਿਆਂ ਵਾਂਗ ਚਾਂਭਲ ਕੇ ਕਹਿਣ ਲੱਗੀ, ‘‘ਮੰਮੀ, ਮੈਂ ਰੌਸ਼ਨੀ ਪਸੰਦ ਕਰਦੀ ਹਾਂ, ਮੈਨੂੰ ਸਵੇਰ ਚੰਗੀ ਲੱਗਦੀ ਹੈ, ਮੈਂ ਜੀਵਨ ਨੂੰ ਚੰਗਾ ਸਮਝਦੀ ਹਾਂ, ਮੈਂ ਮੌਤ ਪਿੱਛੋਂ ਵੀ ਜ਼ਿੰੇਦਗੀ ਜਿਊਣ ਵਿੱਚ ਕਰਦੀ ਹਾਂ।” ਬੜੀ ਦਿ੍ਰੜ੍ਹਤਾ ਨਾਲ ਉਹਨੇ ਕਿਹਾ ਸੀ।
‘‘ਪਾਗਲ ਨਾ ਹੋਵੇ ਤਾਂ…।” ਕਹਿ ਕੇ ਮੈਂ ਉਠ ਕੇ ਰਸੋਈ ਵਿੱਚ ਚਲੀ ਗਈ ਸਾਂ।
ਆਖਰੀ ਪੇਪਰ ਦੇਣ ਉਹ ਗਈ ਤੇ ਅਸੀਂ ਉਹਦੀ ਅਗਲੀ ਪੜ੍ਹਾਈ ਲਈ ਕਿਹੜਾ ਕਾਲਜ ਠੀਕ ਰਹੇਗਾ-ਇਸ ਬਾਰੇ ਵਿਚਾਰ ਕਰ ਰਹੇ ਸਾਂ। ਲਗਭਗ 11 ਕੁ ਵਜੇ ਆਸ਼ੀਸ਼ ਦਾ ਫੋਨ ਆਇਆ, ‘‘ਛੇਤੀ ਹਸਪਤਾਲ ਪਹੁੰਚ।”
‘‘ਆਖਰ ਗੱਲ ਕੀ ਹੈ?” ਫੋਨ ਕੱਟਿਆ ਜਾ ਚੁੱਕਾ ਸੀ। ਮੈਂ ਘਰ ਦੇ ਦਰਵਾਜ਼ੇ ਬੰਦ ਕੀਤੇ ਅਤੇ ਆਟੋ ‘ਤੇ ਕਾਹਲੀ ਨਾਲ ਹਸਪਤਾਲ ਵੱਲ ਚੱਲ ਪਈ। ਮੈਨੂੰ ਆਸ਼ੀਸ਼ ਹਸਪਤਾਲ ਦੇ ਦਰਵਾਜ਼ੇ ‘ਤੇ ਹੀ ਮਿਲ ਗਏ, ‘‘ਕਿਉਂ ਕੀ ਗੱਲ ਹੈ?” ਮੈਂ ਚਿੰਤਾ ਨਾਲ ਪੁੱਛਿਆ ਸੀ।
‘‘ਪਲੀਜ਼ ਅੰਦਰ ਚੱਲ।” ਮੈਂ ਆਸ਼ੀਸ਼ ਦੇ ਪਿੱਛੇ ਪਿੱਛੇ ਧੜਕਦੇ ਦਿਲ ਨਾਲ ਚੱਲ ਪਈ। ਆਈ ਸੀ ਯੂ ਵਿੱਚ ਰਚਨਾ ਬੇਹੋਸ਼ ਪਈ ਸੀ। ਮੈਂ ਚੀਕ ਉਠੀ। ਆਸ਼ੀਸ਼ ਨੇ ਮੈਨੂੰ ਸੰਭਾਲਿਆ ਅਤੇ ਦੱਸਿਆ, ‘‘ਇਹਦੀ ਸਕੂਟੀ ਇੱਕ ਕਾਰ ਨਾਲ ਟਕਰਾ ਗਈ ਸੀ, ਇਹ ਅੱਠ-ਦਸ ਫੁੱਟ ਦੂਰ ਜਾ ਡਿੱਗੀ।”
‘‘ਹੁਣ ਕਿਵੇਂ ਹੈ?”
‘‘ਉਹ ਠੀਕ ਨਹੀਂ ਹੈ, ਉਹਦਾ ਬ੍ਰੇਨ ਡੈੱਡ ਹੋ ਚੁੱਕਾ ਹੈ, ਮਸ਼ੀਨਾਂ ਦੇ ਸਹਾਰੇ ਜ਼ਿੰਦਾ ਹੈ।” ਬੜੇ ਸਖਤ ਦਿਲ ਨਾਲ ਆਸ਼ੀਸ਼ ਨੇ ਮੈਨੂੰ ਦੱਸਿਆ।
‘‘ਇਹਦਾ ਮਤਲਬ?” ਮੈਂ ਗੱਲ ਅਧੂਰੀ ਛੱਡ ਦਿਤੀ ਸੀ।
‘‘ਬਿਲਕੁਲ ਠੀਕ ਸੋਚ ਰਹੀ ਹੈਂ, ਸਾਡੀ ਬੇਟੀ ਹੁਣ ਜ਼ਿੰਦਾ ਨਹੀਂ ਰਹੇਗੀ।”
ਆਸ਼ੀਸ਼ ਨੇ ਦੱਸਿਆ ਸੀ ਤਾਂ ਮੈਂ ਧਾਹਾਂ ਮਾਰ ਕੇ ਰੋਣ ਲੱਗੀ, ‘‘ਇਉਂ ਨਾ ਆਖੋ, ਕੋਈ ਨਾ ਕੋਈ ਚਮਤਕਾਰ ਹੋਵੇਗਾ ਤੇ ਉਹ ਉਠ ਪਵੇਗੀ…“
“ਇਸ ਤਰ੍ਹਾਂ ਨਹੀਂ ਹੋਵੇਗਾ, ਇਹੋ ਸੱਚ ਹੈ।” ਕਹਿ ਕੇ ਆਸ਼ੀਸ਼ ਖੁਦ ਵੀ ਰੋਣ ਲੱਗ ਪਏ ਸਨ।
ਸਾਡੀ ਗੱਲਬਾਤ ਵਿੱਚ ਡਾਕਟਰ ਸੰਜੀਵ ਕੁਮਾਰ ਦੋ-ਤਿੰਨ ਵਾਰੀ ਆ ਕੇ ਕੁਝ ਕਹਿਣ ਦੀ ਕੋਸ਼ਿਸ਼ ਕਰਦੇ ਵਿਖਾਈ ਦੇ ਰਹੇ ਸਨ। ਮੈਂ ਉੱਚੀ ਉੱਚੀ ਰੋ ਰਹੀ ਸਾਂ। ਅਚਾਨਕ ਕੰਨਾਂ ਵਿੱਚ ਰਚਨਾ ਦੀ ਉਹੀ ਆਵਾਜ਼ ਸੁਣਾਈ ਦਿੱਤੀ, ‘‘ਮੰਮੀ, ਮੈਂ ਮਰਨ ਤੋਂ ਬਾਅਦ ਵੀ ਮਰਨਾ ਨਹੀਂ ਚਾਹੁੰਦੀ…“, ਪਰ ਹੁਣ ਕੀ ਹੋ ਸਕਦਾ ਹੈ।
ਆਸ਼ੀਸ਼ ਨੇ ਮੈਨੂੰ ਹੌਸਲਾ ਦਿੰਦਿਆਂ ਕਿਹਾ, ‘‘ਮੈਂ ਤੈਨੂੰ ਉਡੀਕ ਰਿਹਾ ਸਾਂ।”
‘‘ਕਿਉਂ?”
“ਡਾਕਟਰ ਨੇ ਮੈਨੂੰ ਸਮਝਾਇਆ ਹੈ ਕਿ ਜੇ ਤੁਸੀਂ ਆਪਣੀ ਬੇਟੀ ਦਾ ਲਿਵਰ, ਹਾਰਟ ਦਾਨ ਕਰਨਾ ਚਾਹੋ ਤਾਂ ਸਾਨੂੰ ਗਰੀਨ ਕੌਰੀਡੋਰ ਬਣਾ ਕੇ ਤੁਰੰਤ ਹਾਰਟ ਦਿੱਲੀ ਅਤੇ ਲਿਵਰ ਬੰਗਲੌਰ ਭੇਜਣਾ ਹੋਵੇਗਾ, ਕਿਉਂਕਿ ਉਥੇ ਦੋ ਅਜਿਹੇ ਮਰੀਜ਼ ਹਨ, ਜਿਨ੍ਹਾਂ ਨੂੰ ਇਨ੍ਹਾਂ ਅੰਗਾਂ ਦੀ ਲੋੜ ਹੈ।” ਕਹਿ ਕੇ ਆਸ਼ੀਸ਼ ਮੇਰੇ ਚਿਹਰੇ ਵੱਲ ਵੇਖਣ ਲੱਗਾ।
ਉਦੋਂ ਹੀ ਡਾਕਟਰ ਵੀ ਨੇੜੇ ਆ ਗਏ, ‘‘ਮੈਡਮ, ਮੈਂ ਤੁਹਾਡੇ ਦੁੱਖ ਨੂੰ ਸਮਝ ਸਕਦਾ ਹਾਂ, ਪਰ ਤੁਹਾਡੀ ਬੇਟੀ ਦਾ ਬ੍ਰੇਨ ਪੂਰੀ ਤਰ੍ਹਾ ਡੈਮੇਜ ਹੋ ਚੁੱਕਾ ਹੈ, ਤੁਸੀਂ ਚਾਹੋ ਤਾਂ ਦੋ ਜਣਿਆਂ ਨੂੰ ਜੀਵਨ ਮਿਲ ਸਕਦਾ ਹੈ।”
ਡਾਕਟਰ ਦੀ ਆਵਾਜ਼ ਵਿੱਚ ਅਜੀਬ ਜਿਹੀ ਬੇਨਤੀ ਸੀ। ਮੇਰੇ ਕੰਨਾਂ ਵਿੱਚ ਰਚਨਾ ਦੀ ਉਹੀ ਆਵਾਜ਼ ਫਿਰ ਗੂੰਜੀ, ‘‘ਮੈਂ ਮਰਨ ਤੋਂ ਪਿੱਛੋਂ ਵੀ ਜੀਣਾ ਚਾਹੁੰਦੀ ਹਾਂ…।“ ਆਖਰ ਰਚਨਾ ਦਾ ਅੰਤਿਮ ਦਰਸ਼ਨ ਕਰ ਕੇ ਮੈਂ ਸਹਿਮਤੀ ਦੇ ਦਿੱਤੀ ਸੀ। ਤੁਰੰਤ ਉਹਨੂੰ ਓ ਟੀ ਵਿੱਚ ਲਿਜਾਇਆ ਗਿਆ। ਡਾਕਟਰਾਂ ਦੀ ਟੀਮ ਆ ਗਈ। ਪ੍ਰੈੱਸ ਵਾਲੇ ਆ ਗਏ, ਇੱਕ ਗਰੀਨ ਕੌਰੀਡੋਰ ਬਣਾਇਆ ਗਿਆ ਅਤੇ ਕਰੀਬ ਅੱਧੇ ਘੰਟੇ ਵਿੱਚ ਰਚਨਾ ਦਾ ਦਿਲ, ਲਿਵਰ ਨੂੰ ਦਿੱਲੀ ਅਤੇ ਬੰਗਲੌਰ ਭੇਜ ਦਿੱਤਾ ਗਿਆ। ਰਚਨਾ ਦੇ ਸਰੀਰ ਨੂੰ ਅਸੀਂ ਲੈ ਆਏ। ਜੋ ਸਵੇਰੇ ਹੱਸਦੀ-ਖੇਡਦੀ ਗਈ ਸੀ, ਉਹ ਪੀਲੀ-ਭੂਕ, ਚੁੱਪਚਾਪ ਪਈ ਸੀ। ਅੰਤਿਮ ਸਸਕਾਰ ਪਿੱਛੋਂ ਅਸੀਂ ਪਤੀ-ਪਤਨੀ ਬਹੁਤ ਇਕੱਲੇ ਹੋ ਗਏ ਅਤੇ ਦੋਵੇਂ ਇੱਕ ਦੂਜੇ ਨੂੰ ਹੌਸਲੇ ਦਿੰਦੇ ਰਹੇ। ਸਮਾਂ ਜ਼ਖਮਾਂ ਨੂੰ ਭਰ ਦਿੰਦਾ ਹੈ, ਪਰ ਇਹ ਜ਼ਖਮ ਤਾਂ ਅਜਿਹਾ ਸੀ, ਜਿਸ ਨੇ ਜੀਵਨ ਭਰ ਹਰਾ ਰਹਿਣਾ ਸੀ।
ਇੱਕ ਸ਼ਾਮ ਅਚਾਨਕ ਜਤਿਨ ਨਾਂਅ ਦੇ ਕਿਸੇ ਮੁੰਡੇ ਦਾ ਫੋਨ ਆਇਆ। ਆਸ਼ੀਸ਼ ਨੇ ਉਸ ਨਾਲ ਗੱਲ ਕੀਤੀ, ਪਰ ਮੈਂ ਸਮਝ ਨਹੀਂ ਸਕੀ ਕਿ ਆਖਰ ਗੱਲ ਕਰਦੇ ਕਰਦੇ ਆਸ਼ੀਸ਼ ਕਿਉਂ ਰੋ ਪਏ ਸਨ?
‘‘ਕੀ ਗੱਲ ਹੈ ਆਸ਼ੀਸ਼?” ਮੈਂ ਆਸ਼ੀਸ਼ ਤੋਂ ਪੁੱਛਿਆ। ਹੱਥ ਵਿੱਚ ਫੋਨ ਫੜੇ-ਫੜੇ ਹੀ ਉਸ ਨੇ ਕਿਹਾ, ‘‘ਪਤਾ ਹੈ, ਓਧਰ ਕੌਣ ਹੈ?”
‘‘ਕੌਣ ਹੈ?” ਮੈਂ ਹੈਰਾਨੀ ਨਾਲ ਪੁੱਛਿਆ।
‘‘ਰਚਨਾ, ਆਪਣੀ ਬੇਟੀ।” ‘‘ਹਾਂ, ਰਚਨਾ ਦਾ ਦਿਲ ਬੋਲ ਰਿਹਾ ਹੈ।”
‘‘ਕੀ ਮਤਲਬ?” ਮੈਂ ਬੜੀ ਹੈਰਾਨੀ ਨਾਲ ਪ੍ਰਸ਼ਨ ਕੀਤਾ। ‘‘ਤੂੰ ਆਪ ਹੀ ਗੱਲ ਕਰ ਲੈ।” ਕਹਿ ਕੇ ਆਸ਼ੀਸ਼ ਨੇ ਫੋਨ ਮੈਨੂੰ ਫੜਾ ਦਿੱਤਾ।
‘‘ਹੈਲੋ ਮੰਮੀ ਜੀ, ਨਮਸਤੇ।”
‘‘ਕੌਣ?”
‘‘ਮੈਂ ਜਤਿਨ ਬੋਲ ਰਿਹਾ ਹਾਂ।”
‘‘ਕੌਣ ਜਤਿਨ?”
‘‘ਬੰਗਲੌਰ ਤੋਂ, ਜੀਹਨੂੰ ਰਚਨਾ ਦੀਦੀ ਦਾ ਹਾਰਟ ਲਾਇਆ ਗਿਆ ਹੈ।” ਜਤਿਨ ਨੇ ਕਿਹਾ।
‘‘ਓਹ! ਕਿਸ ਤਰ੍ਹਾਂ ਹੋ ਬੇਟੇ।”
‘‘ਮੈਂ ਬਿਲਕੁਲ ਠੀਕ ਹਾਂ, ਡਾਕਟਰ ਨੇ ਅਜੇ ਰੈਸਟ ਕਰਨ ਨੂੰ ਕਿਹਾ ਹੈ, ਠੀਕ ਹੰੁਦਿਆਂ ਹੀ ਮੈਂ ਆਵਾਂਗਾ।” ਉਧਰੋਂ ਭਾਵੁਕਤਾ ਭਰੀ ਆਵਾਜ਼ ਸੀ।
‘‘ਜ਼ਰੂਰ ਜ਼ਰੂਰ। ਆਪਣਾ ਖਿਆਲ ਰੱਖੀਂ ਬੇਟਾ।”
‘‘ਜੀ ਮੰਮੀ ਜੀ,” ਕਹਿ ਕੇ ਫੋਨ ਬੰਦ ਹੋ ਗਿਆ ਸੀ।
ਮੈਂ ਅਜੀਬ ਜਿਹੀ ਭਾਵਨਾ ਵਿੱਚ ਵਹਿਣ ਲੱਗੀ ਸਾਂ। ਆਸ਼ੀਸ਼ ਦੇ ਚਿਹਰੇ ਨੂੰ ਵੇਖ ਰਹੀ ਸਾਂ। ਸਾਡੇ ਦੋਵਾਂ ਵਿਚਕਾਰ ਖਾਮੋਸ਼ੀ ਫੈਲੀ ਹੋਈ ਸੀ, ਪਰ ਇਸ ਖਾਮੋਸ਼ੀ ਵਿੱਚ ਵੀ ਅਸੀਂ ਇੱਕ ਦੂਜੇ ਨੂੰ ਸਮਝ ਰਹੇ ਸਾਂ। ਠੀਕ ਦੋ ਦਿਨਾਂ ਪਿੱਛੋਂ ਸਵੇਰੇ ਸਵੇਰੇ ਆਸ਼ੀਸ਼ ਬਾਥਰੂਮ ਵਿੱਚ ਸਨ ਤੇ ਮੈਂ ਰਸੋਈ ਵਿੱਚ। ਉਦੋਂ ਹੀ ਫੋਨ ਦੀ ਘੰਟਟੀ ਵੱਜੀ। ਮੈਂ ਫੋਨ ਚੁੱਕਿਆ ਤਾਂ ਉਧਰੋਂ ਆਵਾਜ਼ ਆਈ, ‘‘ਮੈਂ ਰਚਨਾ ਦੀ ਮੰਮੀ ਨਾਲ ਗੱਲ ਕਰਨੀ ਹੈ।”
‘‘ਮੈਂ ਹੀ ਬੋਲ ਰਹੀ ਹਾਂ, ਪਰ ਬੇਟੀ, ਰਚਨਾ ਹੁਣ ਇਸ ਦੁਨੀਆ ਵਿੱਚ ਨਹੀਂ ਹੈ।” ਮੇਰੀ ਆਵਾਜ਼ ਵਿੱਚ ਦਰਦ ਸੀ। ਸ਼ਾਇਦ ਓਧਰ ਰਚਨਾ ਦੀ ਕੋਈ ਸਹੇਲੀ ਹੋਵੇਗੀ। ਸੋਚਿਆ, ਫੋਨ ਕੱਟ ਦੇਵੇਗੀ, ਪਰ ਇਉਂ ਨਹੀਂ ਹੋਇਆ।
ਉਸ ਨੇ ਬੜੀ ਸਹਿਜਤਾ ਨਾਲ ਕਿਹਾ, ‘‘ਮੰਮੀ ਜੀ, ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਇਸ ਦੁਨੀਆ ਵਿੱਚ ਨਹੀਂ ਹੈ, ਉਹਦਾ ਲਿਵਰ ਮੇਰੇ ਸਰੀਰ ਵਿੱਚ ਕੰਮ ਕਰ ਰਿਹਾ ਹੈ, ਮੈਂ ਦਿੱਲੀ ਤੋਂ ਭੂਮਿਕਾ ਬੋਲ ਰਹੀ ਹਾਂ।”
‘‘ਓਹ, ਤੂੰ ਹੈਂ, ਤੂੰ ਕਿਵੇਂ ਹੈਂ ਬੇਟੀ।” ਮੇਰੀ ਆਵਾਜ਼ ਕੰਬ ਰਹੀ ਸੀ।
‘‘ਮੰਮੀ ਜੀ, ਮੈਂ ਠੀਕ ਹਾਂ, ਤੁਹਾਡਾ ਫੋਨ ਨੰਬਰ ਮਿਲਿਆ ਹੈ ਤਾਂ ਥੈਂਕਸ ਕਰ ਰਹੀ ਹਾਂ। ਬਹੁਤ ਛੇਤੀ ਮੈਂ ਤੁਹਾਨੂੰ ਮਿਲਣ ਆਵਾਂਗੀ। ਜੇ ਤੁਸੀਂ ਕਦੇ ਦਿੱਲੀ ਆਓ ਤਾਂ ਮੇਰੇ ਕੋਲ ਠਹਿਰੋ। ਇਹੋ ਸਮਝੋ ਕਿ ਤੁਹਾਡੀ ਇੱਕ ਬੇਟੀ ਇਥੇ ਵੀ ਹੈ।”
‘‘ਜ਼ਰੂਰ ਜ਼ਰੂਰ, ਆਪਣਾ ਧਿਆਨ ਰੱਖੀਂ ਧੀਏ।” ਕਹਿ ਕੇ ਮੈਂ ਅੱਗੇ ਕੁਝ ਨਹੀਂ ਬੋਲ ਸਕੀ ਸਾਂ। ਮੇਰਾ ਗਲਾ ਖੁਸ਼ਕ ਹੋ ਗਿਆ ਸੀ, ਫੋਨ ਕੱਟਣਾ ਪਿਆ ਸੀ। ਮੇਰਾ ਧਿਆਨ ਟੁੱਟਿਆ, ਦੁਪਹਿਰ ਦੀ ਧੁੱਪ ਢਲ ਕੇ ਸ਼ਾਮ ਬਣ ਰਹੀ ਸੀ। ਮੈਨੂੰ ਇਉਂ ਲੱਗਿਆ ਕਿ ਪਰਮਾਤਮਾ ਨੇ ਸਾਨੂੰ ਰਚਨਾ ਦੇ ਚਲੇ ਜਾਣ ਪਿੱਛੋਂ ਇੱਕ ਬੇਟਾ ਤੇ ਇੱਕ ਬੇਟੀ ਦੇ ਦਿੱਤੇ ਹਨ। ਰਚਨਾ ਦੀ ਇੱਛਾ ਪੂਰੀ ਕਰ ਕੇ ਅਸੀਂ ਉਹਨੂੰ ਮਰਨ ਪਿੱਛੋਂ ਵੀ ਮਰਨ ਨਹੀਂ ਦਿੱਤਾ। ਜਾਪਿਆ ਕੁਝ ਸਾਰਥਕ ਕਰ ਕੇ ਜੀਵਨ ਨੂੰ ਰਚਨਾ ਦੇ ਬਲਬੂਤੇ ਹੋਰ ਲੋਕਾਂ ਦੇ ਜੀਣ-ਯੋਗ ਬਣਾ ਦਿੱਤਾ ਸੀ।