ਜਿੱਨਾਹ ਦੀ ਤਸਵੀਰ ਲਾਉਣ ਨਾਲ ਯੂਨੀਵਰਸਿਟੀ ‘ਰਾਸ਼ਟਰ ਵਿਰੋਧੀ’ ਕਿਵੇਂ ਬਣ ਗਈ

-ਪੂਨਮ ਆਈ ਕੌਸ਼ਿਸ਼
ਸਵਾਲ : ਸ਼ੈਤਾਨੀ ਭਰੇ ਤਾਜ਼ਾ ਸ਼ਬਦ ਦਾ ਨਾਂਅ ਦੱਸੋ, ਜੋ ਦੇਸ਼ ਨੂੰ ਫਿਰਕੂ ਆਧਾਰ ‘ਤੇ ਵੰਡ ਸਕਦਾ ਹੈ?
ਜਵਾਬ : ਮੁਹੰਮਦ ਅਲੀ ਜਿੱਨਾਹ, ਜੋ ਪਾਕਿਸਤਾਨ ਦੇ ਬਾਨੀ ਸਨ ਅਤੇ ਭਾਰਤ ਦੀ ਵੰਡ ਦੇ ਜ਼ਿੰਮੇਵਾਰ ਸਨ।
ਸਵਾਲ : ਕੀ ਵਜ੍ਹਾ ਹੈ ਕਿ ਸਾਡੇ ਸਿਆਸਤਦਾਨਾਂ ਨੂੰ ਉਨ੍ਹਾਂ ਦੀ ਤਸਵੀਰ ਵਿੱਚ ਨਵੀਂ ਕਿਸਮ ਦੇ ਰੰਗ ਨਜ਼ਰ ਆਉਣ ਲੱਗੇ ਹਨ ਅਤੇ ਉਹ ਭਾਰਤੀ ਮੁਸਲਮਾਨਾਂ ਬਾਰੇ ਖਦਸ਼ਿਆਂ ਵਿੱਚ ਘਿਰ ਗਏ ਹਨ?
ਜਵਾਬ : ਵੋਟ ਬੈਂਕ ਦੀ ਸਿਆਸਤ ਵਿੱਚ ਇਸ ਨੀਤੀ ਦੇ ਤਹਿਤ ਸਾਡੇ ਸਿਆਸੀ ਤੰਤਰ ਨੂੰ ਹਰ ਤਰ੍ਹਾਂ ਦੇ ਸੈਕੂਲਰ ਅਤੇ ਫਿਰਕੂ ਹਿਸਾਬ-ਕਿਤਾਬ ਵਿੱਚ ਕਈ ਗੁਣਾ ਜ਼ਿਆਦਾ ਉਮੀਦਾਂ ਦਿਖਾਈ ਦੇਣ ਲੱਗਦੀਆਂ ਹਨ। ਇਸੇ ਕਾਰਨ ਉਹ ਹਰ ਅਕਸ ਵਿੱਚ ਆਪਣੀ ਮਰਜ਼ੀ ਦੇ ਰੰਗ ਭਰਦਾ ਹੈ ਅਤੇ ਭਾਰਤੀ ਮੁਸਲਮਾਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ। ਇਸ ਦੀ ਚਿੰਤਾ ਕੌਣ ਕਰਦਾ ਹੈ ਕਿ ਇਸ ਦੀ ਪ੍ਰਕਿਰਿਆ ਵਿੱਚ ਹਰ ਕਿਸੇ ਨੂੰ ਨਾ ਸਿਰਫ ਉਹ ਘਟੀਆ ਰੰਗ ਵਿੱਚ ਦਿਖਾਉਂਦਾ ਹੈ, ਸਗੋਂ ਇਹ ਕੰਮ ਕਈ-ਕਈ ਵਾਰ ਕਰਦਾ ਹੈ। ਸਾਡਾ ਸਿਆਸੀ ਤੰਤਰ ਭੁੱਲ ਜਾਂਦਾ ਹੈ ਕਿ ਜਿੱਨਾਹ ਵੀ ਕਦੇ ਰਾਸ਼ਟਰਵਾਦੀ ਸਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਹਿਮ ਨੇਤਾ ਹੁੰਦੇ ਸਨ।
ਜਿੱਨਾਹ ਬਾਰੇ ਮੌਜੂਦਾ ਵਿਵਾਦ ਦੀਆਂ ਜੜ੍ਹਾਂ ਅਲੀਗੜ੍ਹ ਤੋਂ ਭਾਜਪਾ ਐੱਮ ਪੀ ਦੇ ਉਸ ਪੱਤਰ ਵਿੱਚ ਹਨ, ਜੋ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ ਐੱਮ ਯੂ) ਦੇ ਵਾਈਸ ਚਾਂਸਲਰ ਨੂੰ ਪਿਛਲੇ ਹਫਤੇ ਲਿਖਿਆ ਸੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਸਟੂਡੈਂਟਸ ਯੂਨੀਅਨ ਦੇ ਹਾਲ ਅੰਦਰ ਪਾਕਿਸਤਾਨ ਦੇ ਬਾਨੀ ਜਿੱਨਾਹ ਦੀ ਤਸਵੀਰ ਹੋਣ ‘ਤੇ ਇਤਰਾਜ਼ ਪ੍ਰਗਟਾਇਆ ਸੀ, ਹਾਲਾਂਕਿ ਇਹ ਤਸਵੀਰ ਕਈ ਦਹਾਕਿਆਂ ਤੋਂ ਉਥੇ ਮੌਜੂਦ ਸੀ। ਭਾਜਪਾ ਐੱਮ ਪੀ ਨੇ ਇਸ ਨੂੰ ਹਟਾਏ ਜਾਣ ਦੀ ਮੰਗ ਕੀਤੀ ਅਤੇ ਅਜਿਹਾ ਕਰ ਕੇ ਉਨ੍ਹਾਂ ਨੇ ਇਹ ਕਹਿੰਦਿਆਂ ਇਸ ਸੰਸਥਾ ਦੇ ਰਾਸ਼ਟਰਵਾਦ ‘ਤੇ ਸਵਾਲ ਉਠਾਇਆ ਹੈ ਕਿ ਇਸ ਤਸਵੀਰ ਦੀ ਮੌਜੂਦਗੀ ਇਸ ਤੱਥ ਦਾ ਸਬੂਤ ਹੈ ਕਿ ਏ ਐਮ ਯੂ ਰਾਸ਼ਟਰ ਵਿਰੋਧੀ ਅਨਸਰਾਂ ਨੂੰ ਸ਼ਹਿ ਦਿੰਦੀ ਹੈ। ਇਸ ਤੋਂ ਪਹਿਲਾਂ ਹਿੰਦੂ ਯੁਵਾ ਵਾਹਿਨੀ ਨੇ ਯੂਨੀਵਰਸਿਟੀ ਕੰਪਲੈਕਸ ਵਿੱਚ ਸੰਘ ਦੀਆਂ ਸ਼ਾਖਾਵਾਂ ਲਾਉਣ ਦੀ ਮੰਗ ਕੀਤੀ ਸੀ ਅਤੇ ਯੂਨੀਵਰਸਿਟੀ ‘ਤੇ ਦੋਸ਼ ਲਾਇਆ ਸੀ ਕਿ ਇਹ ਜੇਹਾਦੀ ਪੈਦਾ ਕਰਦੀ ਹੈ।
ਵਿਵਾਦ ਨੂੰ ਹੋਰ ਵੀ ਹਵਾ ਦਿੰਦਿਆਂ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦਾਅਵਾ ਕੀਤਾ, ‘ਜਿੱਨਾਹ ਨੇ ਦੇਸ਼ ਦੇ ਟੋਟੇ ਕਰਵਾਏ ਸਨ, ਇਸ ਲਈ ਭਾਰਤ ਵਿੱਚ ਉਨ੍ਹਾਂ ਦੇ ਗੁਣਗਾਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸ ਦੀ ਤਸਵੀਰ ਸ਼ਾਇਦ ਹਮੇਸ਼ਾ ਲਈ ਉਤਾਰਨੀ ਪਵੇਗੀ।” ਕੇਂਦਰੀ ਮੰਤਰੀ ਨਕਵੀ ਨੇ ਉਨ੍ਹਾਂ ਦੀ ਸੁਰ ਵਿੱਚ ਕਿਹਾ ਕਿ ‘‘ਇਹ ਮੁੱਦਾ ਸੰਵੇਦਨਸ਼ੀਲ ਪਹੁੰਚ ਅਪਣਾ ਕੇ ਹੱਲ ਕੀਤਾ ਜਾਵੇਗਾ।”
ਇਸ ਦੇ ਜਵਾਬ ਵਿੱਚ ਪ੍ਰਤੀਕਿਰਿਆ ਦੇਂਦਿਆਂ ਕਾਂਗਰਸ ਨੇ ਕਿਹਾ ਕਿ ਪਾਕਿਸਤਾਨ ਦੇ ਕਾਇਦੇ-ਆਜ਼ਮ ਇੱਕ ਆਜ਼ਾਦੀ ਇੱਕ ਆਜ਼ਾਦੀ ਘੁਲਾਟੀਏ ਸਨ ਅਤੇ ਸਾਨੂੰ ਉਨ੍ਹਾਂ ਨੂੰ ਉਸੇ ਤਰ੍ਹਾਂ ਦਾ ਸਨਮਾਨ ਦੇਣਾ ਚਾਹੀਦਾ ਹੈ, ਜਿਸ ਤਰ੍ਹਾਂ ਪਾਕਿਸਤਾਨ ਵਿੱਚ ਸ਼ਹੀਦ ਭਗਤ ਸਿੰਘ ਨੂੰ ਮਿਲਦਾ ਹੈ। ਐਨ ਸੀ ਪੀ ਦੇ ਮੁਖੀ ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਲਲਕਾਰਦਿਆਂ ਕਿਹਾ ਕਿ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਸ ਜਿੱਨਾਹ ਹਾਊਸ ਨੂੰ ਡੇਗ ਕੇ ਦਿਖਾਉਣ, ਜਿੱਥੇ ਕਦੇ ਜਿੱਨਾਹ ਦੀ ਰਿਹਾਇਸ਼ ਹੁੰਦੀ ਸੀ।
ਸਵਾਲ ਉਠਦਾ ਹੈ ਕਿ 1875 ਵਿੱਚ ਸਥਾਪਤ ਹੋਈ ਯੂਨੀਵਰਸਿਟੀ ਨੂੰ ਆਪਣੇ ਹੀ ਇਤਿਹਾਸ ਨੂੰ ਭੁੱਲਣ ਤੇ ਇਸ ਤੋਂ ਇਨਕਾਰੀ ਹੋਣ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ? ਆਪਣੇ ਅਤੀਤ ਦੀ ਨਿਸ਼ਾਨੀ ਵਜੋਂ ਜਿੱਨਾਹ ਦੀ ਤਸਵੀਰ ਲਾਉਣ ਨਾਲ ਏ ਐੱਮ ਯੂ ‘ਰਾਸ਼ਟਰ ਵਿਰੋਧੀ’ ਕਿਵੇਂ ਬਣ ਸਕਦੀ ਹੈ?
ਕੀ ਇਹ ਸਭ ਕੁਝ ਸੰਘ ਪਰਵਾਰ ਦੀ ਇਤਿਹਾਸਕ ਤੱਥਾਂ ਨਾਲ ਛੇੜਖਾਨੀ ਕਰਨ ਅਤੇ ਉਨ੍ਹਾਂ ਦੀ ਥਾਂ ਆਪਣਾ ਨਵਾਂ ਏਜੰਡਾ ਅੱਗੇ ਵਧਾਉਣ ਦੀ ਕਾਰਜਸ਼ੈਲੀ ਦਾ ਹਿੱਸਾ ਹੈ? ਕਿਉਂਕਿ ਏ ਐੱਮ ਯੂ ਇੱਕ ਕੇਂਦਰੀ ਯੂਨੀਵਰਸਿਟੀ ਹੈ, ਇਸ ਲਈ ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਮੰਤਰਾਲੇ ਨੇ ਹੁਣ ਤੱਕ ਇਸ ਤਸਵੀਰ ਨੂੰ ਨਹੀਂ ਉਤਰਵਾਇਆ।
ਕੀ ਐਨ ਡੀ ਏ ਗੱਠਜੋੜ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਯੂਨੀਵਰਸਿਟੀ ਵਿੱਚ ਇੱਕ ਤਸਵੀਰ ਲਾਉਣਾ ਰਾਸ਼ਟਰ ਵਿਰੋਧੀ ਹੋਣ ਦੀ ਵਜ੍ਹਾ ਬਣ ਸਕਦਾ ਹੈ? ਕੀ ਇਹ ਵਰ੍ਹਿਆਂ ਪੁਰਾਣੀਆਂ ਫਿਰਕੂ ਭਾਵਨਾਵਾਂ ਨੂੰ ਮੁੜ ਭੜਕਾ ਕੇ ਹਿੰਦੂਵਾਦੀ ਨੀਤੀਆਂ ਨੂੰ ਤਾਕਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ? ਕੀ ਇਸ ਯਤਨ ਨਾਲ ਐਨ ਡੀ ਏ ਗੱਠਜੋੜ ਨੂੰ ਵੱਧ ਵੋਟਾਂ ਮਿਲ ਸਕਦੀਆਂ ਹਨ? ਕੀ ਅਜਿਹੀ ਮਾਨਸਿਕਤਾ ਕਿਸੇ ਦੀ ਦੇਸ਼ਭਗਤੀ ਦਾ ਸਬੂਤ ਹੈ? ਕੀ ਸਾਨੂੰ ਰਾਸ਼ਟਰ ਪ੍ਰੇਮ ਅਤੇ ਦੇਸ਼ਭਗਤੀ ਦੀ ਸਿਖਿਆ ਦੇਣ ਦਾ ਸੰਘ ਦਾ ਇਹੋ ਤਰੀਕਾ ਹੈ।
ਬਿਨਾਂ ਸ਼ੱਕ ਕੋਈ ਵੀ ਵਿਅਕਤੀ ਇਹ ਦਲੀਲ ਦੇ ਸਕਦਾ ਹੈ ਕਿ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰੇ ਸਾਡੀਆਂ ਨਸਲਾਂ ਨੂੰ ਸਿਖਿਆ ਅਤੇ ਹੁਨਰ ਸਿਖਾਉਣ, ਆਉਣ ਵਾਲੇ ਜੀਵਨ ਵਿੱਚ ਆਪਣੇ ਪੰਸੀਦਦਾ ਖੇਤਰ ਵਿੱਚ ਤਰੱਕੀ ਕਰਨ ਲਈ ਲੋੜੀਂਦਾ ਗਿਆਨ ਹਾਸਲ ਕਰਵਾਉਣ ਵਾਸਤੇ ਸਥਾਪਤ ਕੀਤੇ ਗਏ ਹਨ? ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਅਦਾਰਿਆਂ ਨੂੰ ਬਹੁਤ ਜ਼ਿਆਦਾ ਸਬਸਿਡੀ ਮਿਲਦੀ ਹੈ, ਇਸ ਲਈ ਇਹ ਮੰਗ ਬਿਲਕੁਲ ਦਲੀਲ ਵਾਲੀ ਹੈ ਕਿ ਵਿਦਿਆਰਥੀਆਂ ਨੂੰ ਵਿਦਿਆ ਦੇ ਗਿਆਨ ਹਾਸਲ ਕਰਨ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਫਿਰਕੂ ਨਫਰਤ, ਵੈਰ-ਵਿਰੋਧ ਦੀਆਂ ਚੰਗਿਆੜੀਆਂ ਨਹੀਂ ਭੜਕਾਉਣੀਆਂ ਚਾਹੀਦੀਆਂ ਅਤੇ ਨਾ ਹੀ ਖਰੂਦ ਮਚਾਉਣਾ ਚਾਹੀਦਾ ਹੈ।
ਯਕੀਨੀ ਤੌਰ ‘ਤੇ ਇਹ ਘਟਨਾ ਸਾਡੇ ਕੌਮੀ ਹੰਕਾਰ ਦੀ ਕਮਜ਼ੋਰੀ ਦਾ ਇੱਕ ਪਹਿਲੂ ਪੇਸ਼ ਕਰਦੀ ਹੈ। ਇਹ ਕਮਜ਼ੋਰੀ ਬੌਧਿਕਤਾਵਾਦ ਦਾ ਜ਼ਹਿਰੀਲਾ ਵਿਰੋਧ ਕਰਨ ਨਾਲ ਵਧਦੀ ਫੁੱਲਦੀ ਹੈ। ਅਜਿਹਾ ਲੱਗਦਾ ਹੈ ਕਿ ਵਿਦਿਅਕ ਅਦਾਰਿਆਂ ਨੂੰ ਜਾਂ ਤਾਂ ਕੁਝ ਸੰਗਠਨਾਂ ਦੇ ਰਾਸ਼ਟਰਵਾਦੀ ਇਤਿਹਾਸ ਦੇ ਨੁਕਸਾਂ ਮੁਤਾਬਕ ਚੱਲਣਾ ਪਵੇਗਾ, ਨਹੀਂ ਤਾਂ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਅੱਜ ਕੱਲ੍ਹ ਇਹ ਭੁੱਲ ਗਏ ਹਨ ਕਿ ਜਿੱਨਾਹ ਦੀ ਇਹ ਤਸਵੀਰ ਭਾਰਤ-ਪਾਕਿ ਦੇ ਇਤਿਹਾਸ ਦੇ ਦੋ ਟੁਕੜੇ ਕੀਤੇ ਜਾਣ ਤੋਂ ਵੀ ਪਹਿਲਾਂ ਯੂਨੀਵਰਸਿਟੀ ਵਿੱਚ ਲਾਈ ਗਈ ਸੀ। ਕੀ ਇਸ ਅਤੀਤ ਨੂੰ ਮਿਟਾਉਣਾ ਕਿਸੇ ਤਰ੍ਹਾਂ ਨਾਲ ਪ੍ਰਕ੍ਰਿਤੀ ਦਾ ਸੂਚਕ ਹੋ ਸਕਦਾ ਹੈ।
ਇੱਕ ਇਤਿਹਾਸਕਾਰ ਦਾ ਕਹਿਣਾ ਹੈ ਕਿ ‘ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕੋਈ ਇਤਿਹਾਸਕ ਕਲਾ ਵਸਤੂ ਨਹੀਂ, ਸਗੋਂ ਸ਼ਬਦੀ ਅਰਥਾਂ ਵਿੱਚ ਅਲੀਗੜ੍ਹ ਅੰਦੋਲਨ ਦੀ ਸਫਲਤਾ ਦੀ ਸਾਕਾਰ ਮੂਰਤ ਹੈ।’ ਭਾਰਤ ਦੀਆਂ ਜ਼ਿਆਦਾਤਰ ਕਲਾ ਵਸਤੂਆਂ ਵਾਂਗ ਇਹ ਯੂਨੀਵਰਸਿਟੀ ਸਾਨੂੰ ਸਿਖਾਉਂਦੀ ਹੈ ਕਿ ਭਾਰਤ ਰਾਸ਼ਟਰ ਦੀ ਕਲਪਨਾ ਨੇ ਆਪਣੀਆਂ ਸਾਰੀਆਂ ਉਲਝਣਾਂ ਤੇ ਆਪਾ-ਵਿਰੋਧਾਂ ਨੂੰ ਸੰਜੋਈ ਰੱਖਦਿਆਂ ਕਿੰਨਾ ਲੰਮਾ ਸਫਰ ਤਹਿ ਕੀਤਾ ਹੈ। ਬੀਤਿਆ ਸਮਾਂ ਕਿਸੇ ਕਮੀਨੇ ਗੁਆਂਢੀ ਵਰਗਾ ਨਹੀਂ ਹੁੰਦਾ, ਜਿਸ ਨਾਲ ਤੁਸੀਂ ਜਦੋਂ ਚਾਹੋ, ਵਿਗਾੜ ਲਓ।
ਇੱਕ ਹੋਰ ਪੱਧਰ ‘ਤੇ ਹਿੰਦੂਵਾਦੀ ਬ੍ਰਿਗੇਡ ਦੀ ਇਹ ਖੇਡ ਯਕੀਨੀ ਤੌਰ ਉਤੇ ਜਿੱਨਾਹ ਦੀ ਤਸਵੀਰ ਦੇ ਬਹਾਨੇ ਏ ਐੱਮ ਯੂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਤਾਂ ਕਿ ਸੰਘ ਪਰਵਾਰ ਤੋਂ ਵਿਚਾਰਕ ਦੂਰੀ ਰੱਖਣ ਵਾਲੇ ਇਸ ਯੂਨੀਵਰਸਿਟੀ ਕੰਪਲੈਕਸ ਵਿੱਚ ਜੰਗ ਦੀਆਂ ਲਕੀਰਾਂ ਖਿੱਚੀਆਂ ਜਾ ਸਕਣ ਅਤੇ ਸਿੱਟੇ ਵਜੋਂ ਭਾਰਤੀ ਮੁਸਲਮਾਨਾਂ ਨੂੰ ਸ਼ੈਤਾਨਾਂ ਵਜੋਂ ਪੇਸ਼ ਕਰਦਿਆਂ ਨਾ ਸਿਰਫ ਉਨ੍ਹਾਂ ਨੂੰ ਫੁੱਟਪਾਊ ਅਨਸਰਾਂ ਵਜੋਂ ਪੇਸ਼ ਕੀਤਾ ਜਾਵੇ, ਸਗੋਂ ਬਹੁ-ਗਿਣਤੀਵਾਦ ਨੂੰ ਭੜਕਾਉਂਦਿਆਂ ਇਹ ਪ੍ਰਚਾਰ ਕੀਤਾ ਜਾਵੇ ਕਿ ਉਨ੍ਹਾਂ ਦੀ ਹਮਦਰਦੀ ਅਤੇ ਵਫਾਦਾਰੀ ਅੱਜ ਵੀ ਪਾਕਿਸਤਾਨ ਦੇ ਨਾਲ ਹੈ।
ਇਸ ਤਰ੍ਹਾਂ ਕੈਰਾਨਾ ਲੋਕ ਸਭਾ ਉਪ ਚੋਣ ਤੇ ਵੱਖ-ਵੱਖ ਰਾਜਾਂ ਦੀਆਂ ਚੋਣਾਂ ਤੋਂ ਪਹਿਲਾਂ ਫਿਰਕੂ ਧਰੁਵੀਕਰਨ ਦੀ ਖੇਡ ਖੇਡ ਕੇ ਚੋਣ ਲਾਭ ਲਈ ਮਜ਼ਬੂਤ ਆਧਾਰ ਤਿਆਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਇਸ ਕੋਸ਼ਿਸ਼ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਜਾਰੀ ਰੱਖਿਆ ਜਾਵੇਗਾ। ਇਸ ਕਾਂਡ ਨਾਲ ਇੱਕ ਵਾਰ ਫਿਰ ਇਹ ਖੁਲਾਸਾ ਹੋ ਗਿਆ ਹੈ ਕਿ ਸਾਡੇ ਸਮਾਜ ਵਿੱਚ ਅੰਦਰੂਨੀ ਟਕਰਾਅ ਕਿੰਨੇ ਡੂੰਘੇ ਹਨ। ਜਿਹੜੇ ਵਿਚਾਰਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ, ਉਨ੍ਹਾਂ ਨੂੰ ਜ਼ਬਰਦਸਤੀ ਹਾਸ਼ੀਏ ‘ਤੇ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ।
ਇਨ੍ਹਾਂ ਲੋਕਾਂ ਦਾ ਇਸ ਇਤਿਹਾਸਕ ਤੱਥ ਨਾਲ ਕੋਈ ਲੈਣਾ-ਦੇਣਾ ਨਹੀਂ ਕਿ ਵੱਖ-ਵੱਖ ਪ੍ਰਸਿੱਧ ਹਸਤੀਆਂ ਨੂੰ ਉਮਰ ਭਰ ਲਈ ਸਤਿਕਾਰ ਦੇਣਾ ਯੂਨੀਵਰਸਿਟੀ ਦੀ ਲੰਮੇ ਸਮੇਂ ਤੋਂ ਪ੍ਰੰਪਰਾ ਰਹੀ ਹੈ। ਸਭ ਤੋਂ ਪਹਿਲਾਂ ਇਸ ਯੂਨੀਵਰਸਿਟੀ ਨੇ ਗਾਂਧੀ ਜੀ ਨੂੰ ਅਤੇ ਉਸ ਤੋਂ ਬਾਅਦ ਜਿੱਨਾਹ ਨੂੰ ਸਨਮਾਨਤ ਕੀਤਾ ਸੀ। ਇਹ ਸਨਮਾਨਤ ਹਸਤੀਆਂ ਵਿੱਚ ਡਾਕਟਰ ਅੰਬੇਡਕਰ, ਡਾਕਟਰ ਰਾਜਿੰਦਰ ਪ੍ਰਸਾਦ, ਮੌਲਾਨਾ ਆਜ਼ਾਦ, ਸਰ ਸੀ ਵੀ ਰਮਨ, ਜੈਪ੍ਰਕਾਸ਼ ਨਾਰਾਇਣ ਅਤੇ ਮਦਰ ਟੈਰੇਸਾ ਆਦਿ ਸ਼ਾਮਲ ਹਨ। ਇਨ੍ਹਾਂ ਗੱਲਾਂ ਨੂੰ ਬਹੁਤ ਆਸਾਨੀ ਨਾਲ ਭੁਲਾਉਂਦਿਆਂ ਮੋਦੀ ਨੇ ਬੰਬੇ ਹਾਈ ਕੋਰਟ ਦੇ ਅਜਾਇਬਘਰ ਦਾ ਉਦਘਾਟਨ ਕੀਤਾ, ਜਿੱਥੇ ਗਾਂਧੀ ਜੀ ਦੇ ਨਾਲ ਜਿੱਨਾਹ ਦੀ ਬੈਰਿਸਟਰ ਡਿਗਰੀ ਨੂੰ ਵੀ ਦਰਸਾਇਆ ਗਿਆ ਹੈ, ਪਰ ਉਦੋਂ ਕਿਸੇ ਵੀ ਹਿੰਦੂਵਾਦੀ ਨੇ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਸੀ। ਅਫਸੋਸ ਦੀ ਗੱਲ ਹੈ ਕਿ ਭਾਰਤ ਦੀ ਵੰਡ ਅਤੇ ਹਜ਼ਾਰਾਂ ਹਿੰਦੂਆਂ, ਮੁਸਲਮਾਨਾਂ ਲਈ ਜਿੱਨਾਹ ਨੂੰ ਇੱਕ ਖਲਨਾਇਕ ਵਜੋਂ ਪੇਸ਼ ਕਰਨਾ ਇਤਿਹਾਸ ਨੂੰ ਉਲਟਾਉਣ ਵਾਂਗ ਹੈ।
ਇਸ ਨੂੰ ਗਲਤ ਸਮਝੋ ਜਾਂ ਸਹੀ, ਅਜਿਹਾ ਲੱਗਦਾ ਹੈ ਕਿ ਦੇਸ਼ ਆਪੇ ਬਣੇ ਰਾਸ਼ਟਰਵਾਦੀਆਂ ਅਤੇ ਸਭਿਆਚਾਰਕ ਕਠਮੁੱਲਾਵਾਦ ਦੀ ਜਕੜ ‘ਚ ਹੈ, ਜਿਸ ਕਾਰਨ ਪ੍ਰਸਿੱਧ ਹਸਤੀਆਂ ਅਤੇ ਫਿਲਮਾਂ ਹੀ ਨਹੀਂ, ਸਗੋਂ ਵਿਦਿਆਰਥੀ ਵੀ ਬੜੀ ਤੇਜ਼ੀ ਨਾਲ ਨਿਸ਼ਾਨਾ ਬਣਦੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਕੋਈ ਲੇਖਕ, ਚਿੰਤਕ, ਇਤਿਹਾਸਕਾਰ ਜਾਂ ਸੋਸ਼ਲ ਵਰਕਰ ਈਮਾਨਦਾਰੀ ਨਾਲ ਹੋਰ ਕਾਰਜ ਨਹੀਂ ਕਰ ਸਕਦਾ।