ਜਿੰਨ

-ਤਰਸੇਮ ਸਿੰਘ ਭੰਗੂ
ਆਪਣੀ ਨਵੀਂ ਬਣੀ ਕੁੜਮਾਚਾਰੀ ਵਿੱਚ ਜਦੋਂ ਮੈਂ ਕਿਧਰੇ ਜਾਂਦਾ ਤਾਂ ਕੁੜਮ ਸਾਹਬ ਦੇ ਬਜ਼ੁਰਗ ਪਿਤਾ ਨਾਲ ਬਾਹਰਲੀ ਡਿਓਢੀ ਵਿੱਚ ਮੇਲ ਹੁੰਦਾ। ਮੈਂ ਕਾਫੀ ਦੇਰ ਬੈਠ ਕੇ ਉਸ ਨਾਲ ਗੱਲਾਂ ਕਰਦਾ, ਉਸ ਦੀਆਂ ਸੁਣਦਾ, ਅਕਸਰ ਜ਼ਿਆਦਾ ਗੱਲਾਂ ਬਾਪੂ ਹੀ ਕਰਦਾ। ਜਿਵੇਂ ਉਸ ਨੂੰ ਬਹੁਤ ਘੱਟ ਸੁਣਿਆ ਜਾਂਦਾ ਹੋਵੇ ਤੇ ਉਹ ਆਪਣਾ ਦਿਲ ਹੌਲਾ ਮੇਰੇ ਕੋਲ ਕਰ ਰਿਹਾ ਹੋਵੇ। ਅਕਸਰ ਇੰਝ ਹੁੰਦਾ ਹੈ। ਬਜ਼ੁਰਗ ਬਹੁਤ ਗੱਲਾਂ ਕਰਨੀਆਂ ਲੋਚਦੇ ਹਨ, ਪਰ ਬਹੁਤ ਘੱਟ ਲੋਕ ਹੁੰਦੇ ਹਨ, ਜੋ ਬਜ਼ੁਰਗਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ। ਮੇਰਾ ਕੁੜਮ ਵੀ ਇਹ ਕਹਿ ਬੈਠਣ ਵਾਲੇ ਕਮਰੇ ਵਿੱਚ ਲੈ ਜਾਂਦਾ, ‘‘ਆ ਜੋ ਭਾਅ ਜੀ, ਬਾਪੂ ਦੀਆਂ ਕਹਾਣੀਆਂ ਨੀਂ ਮੁੱਕਣੀਆਂ।” ..ਪਰ ਮੈਂ ਬਾਪੂ ਕੋਲੋਂ ਉਸ ਦੇ ਤਜਰਬੇ ਵਿੱਚੋਂ ਕੋਈ ਕਹਾਣੀ ਲੱਭਣਾ ਲੋਚਦਾ ਸਾਂ। ਬਾਪੂ ਦੇ ਸਾਫ-ਸੁਥਰੇ ਕੱਪੜਿਆਂ ‘ਤੋਂ ਉਸ ਦੀ ਸਾਂਭ ਸੰਭਾਲ ਦਾ ਕੋਈ ਸ਼ੱਕ ਨਹੀਂ ਹੈ। ਬਾਪੂ ਅਮਰ ਸਿਹੁੰ 80-81 ਦਾ ਹੋ ਵੀ ਤਕੜੇ। ਟੁਣਕਵੀਂ ਆਵਾਜ਼ ਤੇ ਨਰੋਈ ਸਿਹਤ ਜਵਾਨੀ ਵੇਲੇ ਉਸ ਦੇ ਦਰਸ਼ਨੀ ਜਵਾਨ ਹੋਣ ਦੀ ਗਵਾਹੀ ਭਰਦੀ ਹੈ, ਪਰ ਹਾਂ, ਇਹ ਜ਼ਰੂਰ ਲੱਗਦਾ ਹੈ ਕਿ ਉਹ ਕਿਸੇ ਸੁਣਨ ਵਾਲੇ ਨਾਲ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ ਹੈ।
ਪਿਛਲੇ ਦਿਨੀਂ ਮੈਂ ਕੁੜਮਾਂ ਦੇ ਬਿਨਾਂ ਸੂਚਨਾ ਦਿੱਤੇ ਅਚਾਨਕ ਹੀ ਚਲਾ ਗਿਆ। ਬਾਪੂ ਡਿਓਢੀ ‘ਚ ਲੰਮਾ ਪਿਆ ਹੋਇਆ ਸੀ। ਜਦੋਂ ਮੈਂ ‘‘ਬਾਪੂ ਜੀ ਸਤਿ ਸ੍ਰੀ ਅਕਾਲ” ਕਹਿ ਕੇ ਗੋਡੀਂ ਹੱਥ ਲਾਏ ਤਾਂ ਬਾਪੂ ਐਂ ਜਾਗਿਆ ਜਿਵੇਂ ਕੋਈ ਸੁਫਨਾ ਵੇਖ ਰਿਹਾ ਹੋਵੇ।
‘‘ਬੱਲੇ ਬੱਲੇ…ਆ ਬਈ ਪਾਲ ਸਿੰਆਂ, ਮੈਂ ਤੈਨੂੰ ਅੱਜ ਹੀ ਯਾਦ ਕਰਦਾ ਸੀ।” ਕਹਿੰਦਿਆਂ ਬਾਪੂ ਨੇ ਖੁਸ਼ੀ ਜ਼ਾਹਰ ਕੀਤੀ। “ਅੱਜ ਸਾਰੇ ਕਿਧਰੇ ਗਏ ਹੋਏ ਨੇ, ਮੈਂ ਗੁਆਂਢੋਂ ਮੁੰਡੇ ਨੂੰ ‘ਵਾਜ਼ ਮਾਰ ਲਾਂ, ਅੱਡੇ ‘ਚੋਂ ਕੁਝ ਖਾਣ-ਪੀਣ ਲਈ ਫੜ ਲਿਆਏਗਾ।”
ਬਾਪੂ ਨੂੰ ਉਠਣ ਲਈ ਅਹੁਲਦੇ ਨੂੰ ਮੈਂ ਉਠਣ ਨਹੀਂ ਦਿੱਤਾ ਤੇ ਪਲਾਸਟਿਕ ਦੀ ਕੁਰਸੀ ਖਿੱਚ ਨੇੜੇ ਬੈਠਦਿਆਂ ਕਿਹਾ, ‘‘ਕਿਸੇ ਚੀਜ਼ ਜ਼ਰੂਰਤ ਨਹੀਂ, ਬੱਸ ਤਿ੍ਰਪਤ ਹਾਂ, ਤੁਸੀਂ ਸੁਣਾਓ, ਆਪਣਾ ਹਾਲ-ਚਾਲ।”
ਘਰ ਪਰਵਾਰ ਦੀ ਸੁੱਖ-ਸਾਂਦ ਪੁੱਛ ਕੇ ਬਾਪੂ ਮੇਰੇ ਨਲਾ ਗੱਲੀਂ ਲੱਗ ਪਿਆ ਹੈ। ਗੱਲਾਂ ਕਰਦਿਆਂ ਹੀ ਅਚਾਨਕ ਬਾਪੂ ਮੈਨੂੰ ਪੁੱਛਦੈ, ‘‘ਪਾਲ ਸਿਆਂ, ਕਦੀ ਜਿੰਨ ਵੇਖਿਆ?”
ਜਿਵੇਂ ਇਹ ਸੁਆਲ ਪੁੱਛਣ ਲਈ ਬਾਪੂ ਮੇਰਾ ਹੀ ਇੰਤਜ਼ਾਰ ਕਰ ਰਿਹਾ ਹੋਵੇ। ਬੇਸ਼ੱਕ ਸੁਆਲ ਅਣਕਿਆਸਿਆ ਸੀ, ਫਿਰ ਵੀ ਮੈਂ ਸੰਭਲਦਿਆਂ ਕਿਹਾ, ‘‘ਬਾਪੂ ਜੀ ਵੇਖਿਆ ਤਾਂ ਨਹੀਂ, ਪਰ ਛੋਟੇ ਹੁੰਦਿਆਂ ਦਾਦੀ ਤੋਂ ਜਿੰਨ ਤੇ ਪਰੀ ਦੀ ਕਹਾਣੀ ਜ਼ਰੂਰ ਸੁਣੀ ਹੈ (ਹੱਸ ਕੇ), ..ਪਰ ਹੁਣ ਜਵਾਕਾਂ ਕੋਲ ਅਜਿਹੀਆਂ ਕਹਾਣੀਆਂ ਸੁਣਨ ਲਈ ਸਮਾਂ ਨਹੀਂ।” ਮੈਂ ਜਦ ਵੀ ਆਇਆਂ ਹਾਂ, ਬਾਪੂ ਨੂੰ ਧਿਆਨ ਨਾਲ ਸੁਣਿਆ ਹੈ। ‘‘ਪਰ ਤੁਸੀਂ ਮੇਰੇ ਤੋਂ ਕਿਉਂ ਪੁੱਛ ਰਹੇ ਹੋ? ਮੈਂ ਬਾਪੂ ਨੂੰ ਖੁਰਚਣਾ ਚਾਹੁੰਦਾ ਹਾਂ।”
‘‘ਕਿਉਂਕਿ ਮੈਂ ਜਿੰਨ ਦੇਖਿਆ।” ਕਹਿ ਕੇ ਬਾਪੂ ਥੋੜ੍ਹੀ ਦੇਰ ਲਈ ਚੁੱਪ ਹੋ ਜਾਂਦਾ ਹੈ। ਮੇਰੀ ਉਤਸੁਕਤਾ ਵਧਦੀ ਹੈ। ਮੈਨੂੰ ਇੰਝ ਲੱਗਿਆ ਜਿਵੇਂ ਮੇਰੀ ਨਵੀਂ ਕਹਾਣੀ ਦੀ ਜਨਮ ਪੀੜ ਸ਼ੁਰੂ ਹੋਈ ਹੋਵੇ। ਜਨਮ ਪੀੜ ਤੋਂ ਬਾਅਦ ਜ਼ਿੰਦਗੀ ਦੀ ਸਿਰਜਣਾ ਹੁੰਦੀ ਹੈ। ਜੋ ਜਨਮ ਤੋਂ ਬਾਅਦ ਕਿੰਨੀ ਸੁਹਾਵਣੀ, ਆਨੰਦਮਈ ਤੇ ਮਨਮੋਹਕ ਹੁੰਦੀ ਹੈ। ਇਹ ਤਾਂ ਜਨਮ ਤੋਂ ਬਾਅਦ ਹੀ ਮਹਿਸੂਸ ਹੁੰਦਾ ਹੈ।
‘‘ਕਿੱਥੇ ਵੇਖਿਆ ਫਿਰ ਬਾਪੂ ਜੀ ਜਿੰਨ।” ਮੈਂ ਬਾਪੂ ਨੂੰ ਫਿਰ ਸੰਬੋਧਨ ਹੁੰਦਾ ਹਾਂ।
‘‘ਰੌਲਿਆਂ ਵੇਲੇ ਜਦੋਂ ਵੱਢ-ਟੁੱਕ ਹੋਈ ਸੀ।” ਮੈਂ ਚੁੱਪ ਰਹਿੰਦਾ ਹਾਂ। “ਪਾਲ ਸਿਆਂ, ਉਦੋਂ ਮੈਂ 14-15 ਸਾਲ ਦਾ ਹੋਵਾਂਗਾ। ਜਦੋਂ ਸਾਡੇ ਦੇਸ਼ ਵਾਸੀਆਂ ਆਜ਼ਾਦ ਹੋਣ ਦਾ ਭਰਮ ਪਾਲਿਆ ਸੀ। ਪਾਕਿਸਤਾਨ ਵਿਚਲੇ ਬਾਰ ਇਲਾਕੇ ਵਿੱਚ ਰੰਗੀਂ ਵੱਸਦੇ ਸਾਂ। ਯਾਰਾਂ-ਬੇਲੀਆਂ ਨਾਲ ਮੌਲਵੀ ਇਲਮਦੀਨ ਕੋਲ ਪੜ੍ਹਦਿਆਂ ਚਾਰ ਫਿਰਕਿਆਂ ਦੇ ਯਾਰਾਂ-ਦੋਸਤਾਂ ਨੂੰ ਜਾਤਾਂ ਦੇ ਵਖਰੇਵੇਂ ਦਾ ਬਿਲਕੁਲ ਇਲਮ ਨਹੀਂ ਸੀ। ਰੇਡੀਓ ਉੱਤੇ ਆਉਂਦੀਆਂ ਖਬਰਾਂ ਤੇ ਇੱਕਾ-ਦੁੱਕਾ ਆਉਂਦੀ ਉਰਦੂ ਅਖਬਾਰ ਤੋਂ ਪਤਾ ਲੱਗਦਾ ਕਿ ਅੰਗਰੇਜ਼ਾਂ ਨੂੰ ਮੁਲਕ ‘ਚੋਂ ਕੱਢਣ ਲਈ ਲੋਕ ਹੱਥ-ਪੈਰ ਮਾਰ ਰਹੇ ਹਨ। ਚੜ੍ਹਦੇ ਪੰਜਾਬ ‘ਚੋਂ ਆ ਕੇ ਇਧਰ ਵਸੇ ਲੋਕਾਂ ਨੂੰ ਆਪਣੀ ਮਿਹਨਤ ‘ਤੇ ਭਰੋਸਾ ਸੀ। ਮਿਹਨਤ ਨਾਲ ਆਬਾਦ ਕੀਤੇ ਮੁਰੱਬਿਆਂ ਦੇ ਮਾਲਕਾਂ ਦਾ ਸਿਆਸੀ ਗੱਲਾਂ ਨਾਲ ਲੈਣਾ-ਦੇਣਾ ਨਹੀਂ ਸੀ। ਜਦੋਂ ਕਿਤੇ ਘਰ ਕੋਈ ਗੱਲ ਚੱਲਦੀ ਤਾਂ ਬਾਪ ਆਖਦਾ, ‘ਅੰਗਰੇਜ਼ ਚਲਾ ਜਾਊ, ਕੋਈ ਹੋਰ ਆ ਜੂ, ਅਸਾਂ ਤਾਂ ਮਾਮਲਾ ਈ ਭਰਨੈ।’ ਉਦੋਂ ਇਨ੍ਹਾਂ ਗੱਲਾਂ ਦੀ ਸਾਨੂੰ ਸਮਝ ਨਾ ਪੈਂਦੀ। ਹੌਲੀ ਹੌਲੀ ਉਡਣ ਲੱਗ ਪਈਆਂ ਕਿ ਹਿੰਦੋਸਤਾਨ ਵੰਡਿਆ ਜਾਣਾ ਹੈ। ਰੰਗੀਂ ਵੱਸਦਿਆਂ ‘ਚ ਬਹਿਸਾਂ ਹੋਣ ਲੱਗ ਪਈਆਂ, ਕੋਈ ਠੀਕ ਕਹਿੰਦਾ, ਕੋਈ ਗਲਤ, ਤਰਕ ਆਪਣਾ-ਆਪਣਾ ਹੁੰਦਾ। ਰੇਡੀਓ ਉੱਤੇ ਪਾਕਿਸਤਾਨ ਬਣਨ ਦੀ ਆਈ ਖਬਰ ਨੇ ਤਰਥੱਲੀ ਮਚਾ ਦਿੱਤੀ। ਅੰਗਰੇਜ਼ ਜਾਂਦਾ-ਜਾਂਦਾ ਦੋ ਭਰਾਵਾਂ ਵਿੱਚ ਲਕੀਰ ਖਿੱਚ ਗਿਆ ਕਿ ਇੱਕ ਪਾਸੇ ਮੁਸਲਮਾਨ ਰਹਿਣਗੇ ਤੇ ਦੂਜੇ ਪਾਸੇ ਹਿੰਦੂ। ਬਹੁਤੇ ਇਹੀ ਸਮਝਦੇ ਸਨ ਚਾਰ ਦਿਨਾਂ ਦਾ ਰੌਲਾ ਰੱਪਾ ਹੈ, ਆਪੇ ਠੀਕ ਹੋ ਜਾਣੈ, ਪਰ ਇਹ ਭੋਲੇ ਲੋਕਾਂ ਦਾ ਭੁਲੇਖਾ ਸੀ। ਜਦੋਂ ਲੋਕ ਕਹਿਣ ਉੱਤੇ ਵੀ ਉਠਣ ਲਈ ਤਿਆਰ ਨਾ ਹੋਏ ਤਾਂ ਜਿੱਥੇ ਕਿਸੇ ਫਿਰਕੇ ਦੀ ਗਿਣਤੀ ਘੱਟ ਸੀ, ਲੁਟੇਰੇ ਲੁੱਟ ਮਾਰ, ਕਤਲ ਕਰਨ ਅਤੇ ਅੱਗਾਂ ਲਾਉਣ ਲੱਗ ਪਏ। ਜਵਾਨ ਕੁੜੀਆਂ ਤੇਔਰਤਾਂ ਚੁੱਕਣ ਲੱਗ ਪਏ। ਲੋਕਾਂ ਨੇ ਡਰਦਿਆਂ ਰਾਤ-ਬਰਾਤੇ ਆਪਣੇ ਘਰ ਛੱਡਣੇ ਸ਼ੁਰੂ ਕਰ ਦਿੱਤੇ। ਬਹੁਤਿਆਂ ਚੰਗੀ ਨੇੜਤਾ ਵਾਲਿਆਂ ਨੂੰ ਆਪਣੇ ਘਰਾਂ ਦੀ ਸੌਂਪਣਾ ਕੀਤੀ ਤੇ ਤੁਰ ਪਏ।”
ਬਾਪੂ ਨੇ ਅੱਗੇ ਕਿਹਾ: “ਵੱਢ-ਟੁਕ ਅਤੇ ਨਹਿਰਾਂ ਵਿੱਚ ਤਰਦੀਆਂ ਲਾਸ਼ਾਂ, ਰਾਤ ਵੇਲੇ ਮੱਚਦੇ ਭਾਂਬੜਾਂ ਕਰ ਕੇ ਲੋਕਾਂ ਵਿੱਚ ਅੰਤਾਂ ਦਾ ਸਹਿਮ ਸੀ। ਨੌਜਵਾਨ ਕੁੜੀਆਂ ਖੋਹਣ, ਰੋਂਦੇ ਜਵਾਕਾਂ ਦੇ ਮਾਵਾਂ ਵੱਲੋਂ ਗਲ ਘੁੱਟਣ ਤੇ ਆਪਣੇ ਹੱਥੀਂ ਆਪਣੀਆਂ ਇੱਜ਼ਤਾਂ ਵੱਢਣ ਜਿਹੀਆਂ ਖਬਰਾਂ ਅਨੇਕਾਂ ਸੁਣਨ ਨੂੰ ਮਿਲੀਆਂ। ਗਨੀਮਤ ਇਹ ਸੀ ਕਿ ਇਕੱਠ ਕਰ ਕੇ ਸਾਡਾ ਕਾਫਲਾ ਅਮਨ ਅਮਾਨ ਨਾਲ ਲੱਗੇ ਕੈਂਪ ਕੈਂਪ ਵਿੱਚ ਪਹੁੰਚ ਗਿਆ। ਮਿਥਿਆ ਬਾਰਡਰ ਪਾਰ ਕਰ ਕੇ ਜਦੋਂ ਸਿੱਖ ਫੌਜ ਵੇਖੀ ਤਾਂ ਉਨ੍ਹਾਂ ਕਿਹਾ, ‘ਹੁਣ ਡਰਨ ਦੀ ਲੋੜ ਨਹੀਂ, ਤੁਸੀਂ ਆਪਣੇ ਮੁਲਕ ਵਿੱਚ ਆ ਗਏ ਹੋ।’ ਇੱਕ ਬਜ਼ੁਰਗ ਦੇ ਬੋਲ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ, ‘ਭੜੂਵੇਓ, ਉਹ ਮੁਲਕ ਕੀਹਦਾ ਸੀ? ਇਹ ਵੀ ਦੱਸ ਦਿਓ।”
ਏਨਾ ਕਹਿੰਦਿਆਂ ਬਾਪੂ ਭਾਵੁਕ ਹੋ ਗਿਆ। ਥੋੜ੍ਹੀ ਦੇਰ ਬਾਅਦ ਬਾਪੂ ਡੂੰਘੀਆਂ ਅੱਖਾਂ ‘ਚੋਂ ਸਿੰਮਿਆਂ ਪਾਣੀ ਸਾਫੇ ਨਾਲ ਪੂੰਝ ਸਹਿਜ ਹੋ ਗਿਆ। ਮੈਂ ਕੁਝ ਬੋਲ ਕੇ ਬਾਪੂ ਵੱਲੋਂ ਤੋਰੀ ਗੱਲ ‘ਚ ਵਿਘਨ ਪਾਉਣਾ ਮੁਨਾਸਿਬ ਨਾ ਸਮਝਿਆ।
ਬਾਪੂ ਨੇ ਲੜੀ ਅੱਗੇ ਤੋਰਦਿਆਂ ਕਹਿਣਾ ਸ਼ੁਰੂ ਕੀਤਾ। :ਕੈਂਪ ਤੋਂ ਬਾਅਦ ਲੋਕ ਆਪਣੇ ਰਿਸ਼ਤੇਦਾਰਾਂ ਤੇ ਵਾਕਿਫਕਾਰਾਂ ਕੋਲ ਜਿੱਥੇ ਵੀ ਕਿਸੇ ਨੂੰ ਠਾਹਰ ਮਿਲੀ, ਜਾਣੇ ਸ਼ੁਰੂ ਹੋ ਗਏ। ਸਾਡੇ ਵਡੇਰੇ ਇਧਰੋਂ ਹੀ ਬਾਰ ਵਿੱਚ ਜਾ ਕੇ ਵਸੇ ਸਨ, ਪੁਰਾਣੀਆਂ ਰਿਸ਼ਤੇਦਾਰੀਆਂ ਤੇ ਸ਼ਰੀਕੇ ‘ਚ ਆਉਣ-ਜਾਣ ਸੀ। ਸਾਡਾ ਤੇ ਮੇਰੇ ਦੋਸਤ ਜੋਗਿੰਦਰ ਦਾ ਪਰਵਾਰ ਆਪਣੇ ਪੁਰਾਣੇ ਪਿੰਡ ਰਾਏ ਚੱਕ ਆ ਗਏ। ਜੋਗਿੰਦਰ ਦਾ ਪਰਵਾਰ ਉਸ ਦੇ ਸ਼ਰੀਕੇ ‘ਚੋਂ ਲੱਗਦੇ ਬਾਬੇ ਦੇ ਘਰ ਗਿਆ ਤੇ ਸਾਨੂੰ ਵੀ ਇੱਕ ਕੱਚੇ ਢਾਰੇ ਵਿੱਚ ਆਸਰਾ ਮਿਲ ਗਿਆ। ਕਿਸੇ ਚੰਗੀ ਜਗ੍ਹਾ ਦੀ ਤਲਾਸ਼ ਵਿੱਚ ਭਾਪਾ ਤੇ ਚਾਚਾ ਰੋਜ਼ ਸਵੇਰੇ ਨਿਕਲਦੇ। ਸ਼ਾਮੀਂ ਭੁੱਖੇ-ਤਿਹਾਏ ਮੁੜ ਆਉਂਦੇ। ਇਸ ਤਰ੍ਹਾਂ 20-25 ਦਿਨ ਨਿਕਲ ਗਏ। ਜੋਗਿੰਦਰ ਦੇ ਬਾਬੇ ਦਾ ਘਰ ਕੋਈ ਜ਼ਿਆਦਾ ਦੂਰ ਨਹੀਂ ਸੀ, ਫਿਰ ਵੀ ਨਾ ਮੈਂ ਗਿਆ ਤੇ ਨਾ ਉਹ ਹੀ ਸਾਡੇ ਢਾਰੇ ‘ਚ ਆਇਆ। ਇੱਕ ਦਿਨ ਮੈਂ ਬੀਬੀ ਨੂੰ ਕਹਿ ਜੋਗਿੰਦਰ ਦੇ ਬਾਬੇ ਦਲੇਰ ਸਿੰਘ ਦੇ ਘਰ ਚਲਾ ਗਿਆ। ਘਰ ਨੂੰ ਬਾਹਰ ਦਾ ਕੋਈ ਦਰਵਾਜ਼ਾ ਨਹੀਂ ਸੀ, ਛੋਟੀਆਂ ਕੰਧਾਂ ਕੱਚੀਆਂ ਸਨ ਤੇ ਕੱਚੇ ਦੋ ਕਮਰੇ ਸਨ। ਆਵਾਜ਼ ਮਾਰਨ ਉੱਤੇ ਜੋਗਿੰਦਰ ਤੇ ਇੱਕ ਨੌਜਵਾਨ ਕੁੜੀ, ਜੋ ਬਹੁਤ ਖੂਬਸੂਰਤ ਸੀ ਇਕੱਠੇ ਬਾਹਰ ਆਏ। ਜੋਗਿੰਦਰ ਇੱਕ ਤਰ੍ਹਾਂ ਚਾਅ ਜਿਹੇ ਨਾਲ ਕੁੜੀ ਨੂੰ ਸੰਬੋਧਨ ਹੋਇਆ, ਮਾਂ ਇਹ ਮੇਰਾ ਪਿਛਲੇ ਪਿੰਡੋਂ ਦੋਸਤ ਅਮਰ ਹੈ, ਅਸੀਂ ਇਕੱਠੇ ਸਕੂਲ ਜਾਂਦੇ ਸੀ। ਮੈਂ ਹੈਰਾਨ ਹੁੰਦਿਆਂ ਉਸ ਦੀ ਬਾਂਹ ਫੜ ਪਾਸੇ ਲਿਜਾ ਕੇ ਕਿਹਾ, ‘ਆਪਣੇ ਤੋਂ ਥੋੜ੍ਹੀ ਵੱਡੀ ਕੁੜੀ ਨੂੰ ਮਾਂ ਕਹਿੰਦਿਆਂ ਤੈਨੂੰ ਸ਼ਰਮ ਨੀਂ ਆਉਂਦੀ।’ ਜੋਗਿੰਦਰ ਨੇ ਆਪਣੇ ਵੱਲੋਂ ਹੌਲੀ ਦੇਣੇ ਕਿਹਾ, ‘ਯਾਰ ਇਹ ਮੁਸਲਮਾਨ ਕੁੜੀ ਹੈ, ਜੋ ਬਾਬੇ ਨੇ ਕਾਫਲੇ ਵਿੱਚੋਂ ਖੋਹੀ ਹੈ। ਮੇਰਾ ਭਾਪਾ ਬਾਬੇ ਨੂੰ ਚਾਚਾ ਕਹਿੰਦਾ ਹੈ ਤੇ ਇਹਨੂੰ ਮਾਂ, ਫਿਰ ਮੇਰੀ ਵੀ ਮਾਂ ਲੱਗੀ। ਜੋਗਿੰਦਰ ਨੇ ਰਿਸ਼ਤੇ ਦਾ ਖੁਲਾਸਾ ਕੀਤਾ। ਮੇਰੀ ਅਜੀਬੋ ਗਰੀਬ ਹਾਲਤ ਸੀ। ਸਾਡੀਆਂ ਗੱਲਾਂ ਸੁਣ ਕੁੜੀ ਦੇ ਅੱਥਰੂ ਨਿਕਲ ਆਏ। ਮੈਂ ਉਸ ਨੂੰ ਉਸ ਬਾਰੇ ਪੁੱਛਣ ਲੱਗਾਂ ਸਾਂ ਕਿ ਗਲੀ ‘ਚੋਂ ਇੱਕ ਅਣਘੜਤ ਜਿਹਾ ਬੰਦਾ, ਜਿਸ ਨੇ ਲੱਕ ਬੱਧਾ ਹੋਇਆ ਸੀ ਤੇ ਹੱਥ ‘ਚ ਸਿਰੋਂ ਉਚਾ ਬਰਛਾ ਫੜੀ ਘਰ ਵਿੱਚ ਦਾਖਲ ਹੋਇਆ, ਜਿਸ ਨੂੰ ਵੇਖ ਮੈਂ ਵੀ ਡਰ ਗਿਆ। ਕੁੜੀ ਨੇ ਛੇਤੀ ਨਾਲ ਦੂਜੇ ਪਾਸੇ ਜਾ ਕੇ ਮੂੰਹ ਧੋ ਲਿਆ। ਜੋਗਿੰਦਰ ਨੇ ਹੌਲੀ ਜਿਹੀ ਕਿਹਾ, ‘ਮੇਰਾ ਬਾਬਾ ਆ।’ ਓਪਰਾ ਮੁੰਡਾ ਵੇਖ ਬਾਬੇ ਨੇ ਜੋਗਿੰਦਰ ਤੋਂ ਮੇਰੇ ਬਾਰੇ ਪੁੱਛਿਆ, ਜਦੋਂ ਉਸ ਨੇ ਦੱਸਿਆ ਤਾਂ ਬੋਲਿਆ, ‘ਜੇ ਤੇਰਾ ਦੋਸਤ ਆ, ਫਿਰ ਮਾਂ ਆਪਣੀ ਨੂੰ ਕਹਿ ਚਾਹ-ਚੂ ਬਣਾਵੇ।’ ਦਰਅਸਲ ਬਾਬੇ ਨੂੰ ਕੁੜੀ ਦੇ ਦੌੜ ਜਾਣ ਦਾ ਤੇ ਪੁਲਸ ਦਾ ਡਰ ਹਮੇਸ਼ਾ ਰਹਿੰਦਾ ਸੀ, ਇਸ ਲਈ ਜੋਗਿੰਦਰ ਨੂੰ ਆਪਣੀ ਗੈਰ ਹਾਜ਼ਰੀ ਵਿੱਚ ਘਰੋਂ ਬਾਹਰ ਨਾ ਜਾਣ ਦੀ ਹਦਾਇਤ ਕਰ ਜਾਂਦਾ ਸੀ, ਪਰ ਆਪ ਵੀ ਥੋੜ੍ਹੇ ਥੋੜ੍ਹੇ ਚਿਰ ਬਾਅਦ ਘਰ ਗੇੜਾ ਮਾਰਦਾ ਸੀ। ਜੋਗਿੰਦਰ ਨੇ ਬਾਬੇ ਦੇ ਬਾਹਰ ਜਾਣ ਤੋਂ ਬਾਅਦ ਦੱਸਿਆ ਕਿ ‘ਮੇਰੇ ਬਾਬੇ ਤੋਂ ਪੂਰਾ ਪਿੰਡ ਡਰਦਾ ਹੈ।”
ਥੋੜ੍ਹਾ ਰੁਕ ਕੇ ਬਾਪੂ ਨੇ ਫਿਰ ਗੱਲ ਛੋਹੀ: “ਚਾਹ ਪੀਂਦਿਆਂ ਮੈਂ ਕੁੜੀ ਦੇ ਪਰਵਾਰ ਬਾਰੇ ਪੁੱਛਿਆ ਤਾਂ ਉਹ ਦੱਸਦਿਆਂ ਹੁੱਬਕੀ ਰੋਣ ਲੱਗ ਪਈ। ਉਸ ਨੇ ਦੱਸਿਆ ਕਿ ਸਾਡਾ ਪਰਵਾਰ ਲੁਕ ਛਿਪ ਕੇ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹੋਰ ਲੋਕ ਵੀ ਸਨ। ਅਚਾਨਕ ਧਾੜਵੀਆਂ ਨੇ ਹੱਲਾ ਬੋਲ ਦਿੱਤਾ। ਅੱਬਾ ਕਮਜ਼ੋਰ ਹੋਣ ਕਰ ਕੇ ਦੌੜ ਨਹੀਂ ਸਕਿਆ। ਮੇਰੇ ਸਾਹਮਣੇ ਇੱਕ ਧਾੜਵੀ ਨੇ ਕ੍ਰਿਪਾਨ ਉਸ ਦੇ ਢਿੱਡ ਵਿੱਚ ਲੰਘਾ ਦਿੱਤੀ। ਵੱਡਾ ਭਰਾ ਤੇ ਭਾਬੀ ਆਪਣਾ ਬੱਚਾ ਚੁੱਕ ਕੇ ਜੀ-ਭਿਆਣੇ ਇੱਕ ਪਾਸੇ ਨੂੰ ਦੌੜ ਪਏ। ਮੈਂ ਸੰਘਣੇ ਕਾਹੀ ਦੇ ਬੂਝਿਆਂ ਵਿੱਚ ਦੁਬਕ ਕੇ ਬੈਠ ਗਈ। ਭਾਈ ਜਾਨ ਜਿਧਰ ਦੌੜੇ, ਓਧਰ ਦਲਦਲ ਸੀ। ਭਾਬੀ ਕੋਲੋਂ ਬੱਚਾ ਚੁੱਕ ਕੇ ਦੌੜਿਆ ਨਹੀਂ ਜਾਂਦਾ ਸੀ, ਮੇਰੇ ਕੰਨੀਂ ਭਾਈ ਦੇ ਬੋਲ ਪਏ, ‘ਬੱਚਾ ਸੁੱਟ ਦੇ, ਆਪਣੀ ਜਾਨ ਬਚਾ।’ ਡਿੱਗੇ ਬੱਚੇ ਨੂੰ ਇੱਕ ਧਾੜਵੀ ਨੇ ਇੱਕੋ ਵਾਰ ਨਾਲ ਖਤਮ ਕਰ ਦਿੱਤਾ, ਜਿਸ ਨੂੰ ਦੇਖ ਮੇਰੀ ਡਾਡ ਨਿਕਲ ਗਈ। ‘ਸੁੱਲੀ ਉਏ’ ਕਹਿੰਦਾ ਇੱਕ ਧਾੜਵੀ ਮੇਰੇ ਵੱਲ ਦੌੜਿਆ। ਉਸ ਤੋਂ ਪਹਿਲਾਂ ਇਹ ਤੁਹਾਡਾ ਬਾਬਾ ਨੰਗੀ ਕਿਰਪਾਨ ਫੜੀ ਮੇਰੇ ਸਾਹਮਣੇ ਸੀ। ਇਸ ਨੇ ਕਿਹਾ; ਮੇਰੇ ਹੁੰਦਿਆਂ ਤੈਨੂੰ ਕੋਈ ਕੁਝ ਨਹੀਂ ਕਹਿੰਦਾ, ਮੇਰੇ ਨਾਲ ਚੱਲ ਤੇ ਇਹ ਮੈਨੂੰ ਆਪਣੇ ਘਰ ਲੈ ਆਇਆ। ਮੈਨੂੰ ਅੱਬਾ ਤੋਂ ਸਿੱਖਾਂ ਦੀ ਬਹਾਦਰੀ ਦੀਆਂ ਸੁਣੀਆਂ ਕਹਾਣੀਆਂ ਯਾਦ ਆ ਗਈਆਂ ਤੇ ਮੈਂ ਆਪਣੇ ਆਪ ਨੂੰ ਮਹਿਫੂਜ਼ ਸਮਝਣ ਲੱਗੀ। ਅਗਲੇ ਦਿਨ ਮੈਨੂੰ ਗੁਰਦੁਆਰੇ ਲਿਜਾ ਕੇ ਮਿੱਠਾ ਪਾਣੀ ਪਿਲਾਇਆ ਗਿਆ। ਜਦੋਂ ਘਰ ਆਈ ਤਾਂ ਬਾਬਾ ਆ ਕੇ ਕਹਿੰਦਾ, ‘ਗੁਰੂ ਮਿਲਾਈ ਏਂ, ਅੱਜ ਤੋਂ ਤੂੰ ਗੁਰਮੀਤ ਕੌਰ ਏਂ।’ ਉਸ ਦਿਨ ਤੋਂ ਮੈਂ ਇਸ ਦੀ ਪਤਨੀ ਹਾਂ, ਕਹਿੰਦਿਆਂ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ। ਕਹਾਣੀ ਦੀ ਉਸ ਪਰੀ ਵਾਂਗ ਜੋ ਜਾਣਦੀ ਸੀ ਕਿ ਜਿੰਨ ਆ ਕੇ ਰਾਜ ਕੁਮਾਰ ਨੂੰ ਮਾਰ ਦੇਵੇਗਾ। ਥੋੜ੍ਹੀ ਸਾਵੀ ਹੋ ਕੇ ਕੁੜੀ ਨੇ ਫਿਰ ਕਿਹਾ, ‘ਮੈਂ ਇਸ ਨੂੰ ਕਈ ਵਾਰ ਕਿਹਾ ਹੈ ਕਿ ਮੈਨੂੰ ਮਾਂ ਨਾ ਕਿਹਾ ਕਰੇ, ਭਾਵੇਂ ਮੇਰਾ ਨਾਂਅ ਲੈ ਲਿਆ ਕਰੇ। ਜਦੋਂ ਬਾਬੇ ਦੀ ਗੈਰ ਹਾਜ਼ਰੀ ਵਿੱਚ ਮੈਨੂੰ ਗੁਰਮੀਤ ਕਹਿੰਦਾ ਹੈ ਤਾਂ ਮੈਨੂੰ ਚੰਗਾ ਲੱਗਦਾ ਹੈ।’ ਲੱਗਦਾ ਸੀ ਜਿਵੇਂ ਉਸ ਨੇ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਹੋਵੇ।”
ਬਾਪੂ ਫਿਰ ਅੱਗੇ ਬੋਲਿਆ: “ਮੈਂ ਰਾਤ ਨੂੰ ਜਦੋਂ ਭਾਪੇ ਹੋਰਾਂ ਨਾਲ ਬਾਬੇ ਦੀ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ, ‘ਸਾਡੀਆਂ ਵੀ ਉਨ੍ਹਾਂ ਕਈ ਇੰਝ ਵਸਾ ਈ ਲਈਆਂ ਨੇ।’ ਉਨ੍ਹਾਂ ਮੁਤਾਬਕ ਬਾਬੇ ਨੇ ਜੋ ਕੀਤਾ ਹੈ, ਠੀਕ ਸੀ। ਮੈਂ ਸੋਚਿਆ ਫਿਰ ਤਾਂ ਓਧਰ ਵੀ ਬਾਬੇ ਵਰਗੇ ਅਨੇਕਾਂ ਜਿੰਨ ਹੋਣਗੇ। ਮੈਂ ਰਾਤ ਭਰ ਸੌਂ ਨਾ ਸਕਿਆ। ਮੇਲੇ ‘ਤੇ ਢਾਡੀ ਵਾਰਾਂ ਸੁਣੀਆਂ ਸਨ, ਜਿਨ੍ਹਾਂ ਵਿੱਚ ਅਬਦਾਲੀ ਦੀਆਂ ਫੌਜਾਂ ਵੱਲੋਂ ਲੁੱਟ ਕੇ ਲਿਆਂਦੀਆਂ ਬਹੂਆਂ-ਬੇਟੀਆਂ ਨੂੰ ਸਿੱਖ ਘਰੋ-ਘਰੀ ਛੱਡ ਕੇ ਆਏ ਸਨ। ਬਾਬੇ ਦਲੇਰ ਵਰਗੇ ਤਾਂ ਜਿੰਨ ਹੀ ਕਹੇ ਜਾ ਸਕਦੇ ਹਨ, ਸਿੱਖ ਨਹੀਂ। ਥੋੜ੍ਹਾ ਠੰਢ-ਠੰਢੋਰਾ ਹੋਣ ਤੋਂ ਬਾਅਦ ਹਿਜਰਤ ਕਰ ਕੇ ਆਏ ਲੋਕਾਂ ਨੂੰ ਜ਼ਮੀਨਾਂ ਅਲਾਟ ਹੋਣ ਲੱਗ ਪਈਆਂ, ਘਰ ਛੱਡ ਕੇ ਗਏ ਖਾਲੀ ਘਰ ਮਿਲਣ ਲੱਗ ਪਏ। ਦੋਵਾਂ ਪਾਸਿਆਂ ਤੋਂ ਤਾਲਮੇਲ ਅਫਸਰ ਨਿਯੁਕਤ ਕਰ ਕੇ ਲਿਸਟਾਂ ਲੈ ਕੇ ਦੋਵਾਂ ਪਾਸੀਂ ਪੁਲਸ ਤੇ ਫੌਜ ਦੀ ਮਦਦ ਨਾਲ ਗਵਾਚਿਆਂ ਦੀ ਭਾਲ ਹੋਣੀ ਸ਼ੁਰੂ ਹੋ ਗਈ। ਇੱਕ ਦਿਨ ਜੋਗਿੰਦਰ ਸਾਡੇ ਢਾਰੇ ਆ ਗਿਆ। ਉਹ ਡਰਿਆ ਹੋਇਆ ਤੇ ਰੰਗ ਉਡਿਆ ਹੋਇਆ ਸੀ, ‘ਅਮਰੇ, ਗੁਰਮੀਤੋ ਨੂੰ ਫੜ ਕੇ ਲੈ ਗਏ।’ ਉਸ ਨੇ ਦੱਸਿਆ ਕਿ ਕਿਸੇ ਦੇ ਸੂਹ ਦੇਣ ‘ਤੇ ਦੋਵਾਂ ਮੁਲਕਾਂ ਦੀ ਪੁਲਸ ਨੇ ਛਾਪਾ ਮਾਰਿਆ। ਕੁੜੀ ਦਾ ਭਰਾ ਨਾਲ ਸੀ। ਬਾਬਾ ਤਾਂ ਕਾਬੂ ਨਹੀਂ ਆਇਆ, ਪਰ ਕੁੜੀ ਨੂੰ ਉਹ ਨਾਲ ਲੈ ਗਏ। ਜਦੋਂ ਪੁਲਸ ਮੈਥੋਂ ਪੁੱਛਗਿੱਛ ਕਰਨ ਲੱਗੀ ਤਾਂ ਗੁਰਮੀਤੋ ਨੇ ਅੱਗੇ ਹੋ ਕੇ ਕਿਹਾ, ‘ਇਹ ਤਾਂ ਬਹੁਤ ਚੰਗਾ ਹੈ’, ਤੁਰਨ ਲੱਗੀ ਨੇ ਮੈਨੂੰ ਘੁੱਟ ਕੇ ਪਿਆਰ ਕੀਤਾ, ਅਮਰੇ ਮੇਰਾ ਰੋਣਾ ਨਿਕਲ ਗਿਆ ਸੀ।’ ਅੱਲ੍ਹੜ ਉਮਰੇ ਤਾਂ ਸ਼ਾਇਦ ਏਨੀ ਸਮਝ ਨਹੀਂ ਸੀ, ਹੁਣ ਕਈ ਵਾਰ ਸੋਚਦਾਂ, ਜਿਸ ਨਾਲ ਦਿਲੋਂ ਹਮਦਰਦੀ ਹੋ ਜਾਵੇ, ਉਹ ਆਪਣਾ ਲੱਗਣ ਲੱਗ ਪੈਂਦਾ ਹੈ।”
ਬਾਪੂ ਦੀਆਂ ਅੱਖਾਂ ਫਿਰ ਸਿੱਲ੍ਹੀਆਂ ਸਨ। ਜਿਵੇਂ ਉਹ ਆਪ ਖੁਦ ਜੋਗਿੰਦਰ ਹੋਵੇ।