ਜਿਹੜਾ ਆਪਣੇ ਹੱਥੀਂ

-ਮਹਿੰਦਰ ਸਿੰਘ ਮਾਨ

ਜਿਹੜਾ ਆਪਣੇ ਹੱਥੀਂ ਕਰਦਾ ਕਾਰ ਨਹੀਂ,
ਇਥੇ ਉਸ ਦੇ ਕੋਈ ਵੀ ਗਮਖਾਰ ਨਹੀਂ।

ਜਿਸ ਦੇ ਪੱਲੇ ਹਿੰਮਤ ਤੇ ਤਦਬੀਰਾਂ ਨੇ,
ਜੀਵਨ ਦੇ ਵਿੱਚ ਹੁੰਦੀ ਉਸ ਦੀ ਹਾਰ ਨਹੀਂ।

ਉਸ ਬੰਦੇ ਦਾ ਜੀਣਾ ਵੀ ਕੋਈ ਜੀਣਾ ਏ,
ਜਿਸ ਦਾ ਆਪਣਾ ਕੋਈ ਵੀ ਘਰ ਬਾਰ ਨਹੀਂ।

ਜਿਹੜਾ ਨੇਤਾ ਕੰਮ ਕਿਸੇ ਦੇ ਆਵੇ ਨਾ,
ਉਸ ਦੇ ਗਲ ਵਿੱਚ ਕੋਈ ਪਾਉਂਦਾ ਹਾਰ ਨਹੀਂ।

ਕਾਹਨੂੰ ਮਾਇਆ ਲੈ ਕੇ ਦਰ-ਦਰ ਫਿਰਦਾ ਤੂੰ,
ਤੈਨੂੰ ਇੰਜ ਕਿਸੇ ਤੋਂ ਮਿਲਣਾ ਪਿਆਰ ਨਹੀਂ।

ਕਾਹਨੂੰ ਐਵੇਂ ਇਸ ਨੂੰ ਨਿੰਦੀ ਜਾਂਦਾ ਤੂੰ,
ਏਨਾ ਮਾੜਾ ਯਾਰਾ, ਇਹ ਸੰਸਾਰ ਨਹੀਂ।