ਜਿਨਾਹ ਨੇ ਸ਼ੁਰੂ ਕਰਵਾਇਆ ਸੀ ਵਿਵਾਦਾਂ ਵਿੱਚ ਘਿਰਿਆ ਹਬੀਬ ਬੈਂਕ

habib bank
ਨਵੀਂ ਦਿੱਲੀ, 9 ਸਤੰਬਰ (ਪੋਸਟ ਬਿਊਰੋ)- ਹਬੀਬ ਬੈਂਕ ਨੂੰ ਪਾਕਿਸਤਾਨ ਦੇ ਮੋਢੀ ਮੁਹੰਮਦ ਅਲੀ ਜਿਨਾਹ ਨੇ ਸ਼ੁਰੂ ਕਰਵਾਇਆ ਸੀ। ਭਾਰਤ ਦੇ ਮੁਸਲਮਾਨਾਂ ਲਈ ਵੱਖਰੇ ਦੇਸ਼ ਦੀ ਮੰਗ ਦੇ ਅੰਦੋਲਨ ਵੇਲੇ ਉਨ੍ਹਾਂ ਨੇ ਮੁਸਲਮਾਨਾਂ ਦੀਆਂ ਮਾਇਕ ਜ਼ਰੂਰਤਾਂ ਵਾਸਤੇ ਵੱਖਰੇ ਬੈਂਕ ਦੀ ਸਥਾਪਨਾ ਦੀ ਲੋੜ ਮਹਿਸੂਸ ਕੀਤੀ ਤੇ ਇੱਕ ਮਸ਼ਹੂਰ ਕਾਰੋਬਾਰੀ ਹਬੀਬ ਇਸਮਾਈਲ ਦੇ ਪਰਵਾਰ ਨੂੰ ਬੈਂਕ ਖੋਲ੍ਹਣ ਲਈ ਰਾਜ਼ੀ ਕੀਤਾ ਸੀ।
ਹਬੀਬ ਇਸਮਾਈਲ ਦੇ ਪੁੱਤਰਾਂ ਨੇ ਆਜ਼ਾਦੀ ਤੋਂ ਪਹਿਲਾ 1941 ਵਿੱਚ ਬਾਂਬੇ (ਹੁਣ ਮੁੰਬਈ) ਵਿੱਚ ਹਬੀਬ ਬੈਂਕ ਦੀ ਸਥਾਪਨਾ 25,000 ਰੁਪਏ ਦੀ ਸ਼ੁਰੂ ਦੀ ਪੂੰਜੀ ਨਾਲ ਕੀਤੀ ਸੀ। ਪਾਕਿਸਤਾਨ ਬਣਾਉਣ ਲਈ ਮੁਸਲਿਮ ਲੀਗ ਦੇ ਅੰਦੋਲਨ ਦੀ ਫੰਡਿੰਗ ਵਿੱਚ ਇਸ ਬੈਂਕ ਦਾ ਵੱਡਾ ਹੱਥ ਸੀ। ਬਾਅਦ ਵਿੱਚ ਇਸ ਬੈਂਕ ਨੇ ਵੰਡ ਵੇਲੇ ਹਿੰਦੂ-ਮੁਸਲਿਮ ਦੰਗਿਆਂ ਦੇ ਬਾਅਦ ਮੁਸਲਿਮ ਲੋਕਾਂ ਲਈ ਰਿਲੀਫ ਫੰਡ ਹਾਸਲ ਕਰਾਏ ਸਨ। 1947 ਵਿੱਚ ਪਾਕਿਸਤਾਨ ਬਣਨ ਦੇ ਬਾਅਦ ਜਿਨਾਹ ਦੇ ਕਹਿਣ ਉੱਤੇ ਇਹ ਬੈਂਕ ਆਪਣਾ ਹੈਡਕੁਆਰਟਰ ਕਰਾਚੀ ਲੈ ਗਿਆ ਅਤੇ ਇਸ ਤਰ੍ਹਾਂ ਇਹ ਪਾਕਿਸਤਾਨ ਦਾ ਪਹਿਲਾ ਕਮਰਸ਼ੀਅਲ ਬੈਂਕ ਬਣ ਗਿਆ।
ਬਾਅਦ ਵਿੱਚ ਇਕ ਜਨਵਰੀ 1974 ਨੂੰ ਇਹ ਬੈਂਕ ਨੈਸ਼ਨਲਾਈਜ਼ ਕੀਤਾ ਗਿਆ। ਇਸ ਦੇ ਪਹਿਲਾਂ ਇਸ ਦਾ ਪ੍ਰਬੰਧ ਹਬੀਬ ਪਰਵਾਰ ਦੇ ਹੱਥ ਵਿੱਚ ਸੀ। ਸਾਲ 2003 ਵਿੱਚ ਇਹ ਫਿਰ ਪ੍ਰਾਈਵੇਟਾਈਜ਼ ਕਰ ਦਿੱਤਾ ਗਿਆ। ਹਬੀਬ ਬੈਂਕ ਪਾਕਿਸਤਾਨ ਦਾ ਸਭ ਤੋਂ ਵੱਡਾ ਪ੍ਰਾਈਵੇਟ ਬੈਂਕ ਹੈ। ਇਸ ਮਲਟੀ ਨੈਸ਼ਨਲ ਬੈਂਕ ਦੀਆਂ ਪਿਛਲੇ ਸਾਲ ਤੱਕ 1700 ਬ੍ਰਾਂਚਾਂ ਸਨ। ਸੰਸਾਰ ਦੇ 25 ਦੇਸ਼ਾਂ ਵਿੱਚ ਇਸ ਦੀਆਂ ਬ੍ਰਾਂਚਾਂ ਹਨ। ਜਾਇਦਾਦ ਦੇ ਹਿਸਾਬ ਨਾਲ ਇਹ ਪਾਕਿਸਤਾਨ ਦੀ ਸਭ ਤੋਂ ਵੱਡੀ ਕਾਰੋਬਾਰੀ ਕੰਪਨੀ ਹੈ।
ਹਬੀਬ ਬੈਂਕ ਉੱਤੇ ਦੋਸ਼ ਲੱਗਦਾ ਹੈ ਕਿ ਅਲ ਕਾਇਦਾ ਨਾਲ ਸੰਬੰਧ ਰੱਖਣ ਵਾਲੇ ਸਾਊਦੀ ਅਰਬ ਦੇ ਨਿੱਜੀ ਬੈਂਕ ਅਲ ਰਜ਼ਹੀ ਬੈਂਕ ਦੇ ਨਾਲ ਇਸ ਨੇ ਅਰਬਾਂ ਡਾਲਰ ਦੇ ਟ੍ਰਾਂਜੈਕਸ਼ਨ ਕੀਤੇ ਸਨ। ਹਬੀਬ ਬੈਂਕ ਨੇ ਅਲ ਰਜ਼ਹੀ ਬੈਂਕ ਦੇ ਖਾਤੇ ਦੀ ਵਰਤੋਂ ਕਰਨ ਵਾਲੇ ਗ੍ਰਾਹਕਾਂ ਦੀ ਪਛਾਣ ਨਹੀਂ ਕੀਤੀ। ਇਨ੍ਹਾਂ ਗ੍ਰਾਹਕਾਂ ਨੇ ਹਬੀਬ ਦੇ ਨਿਊਯਾਰਕ ਬਰਾਂਚ ਤੋਂ ਫੰਡ ਟ੍ਰਾਂਸਫਰ ਕੀਤੇ, ਜੋ ਅੱਤਵਾਦੀ ਗਤੀਵਿਧੀਆਂ ਲਈ ਨਾਪਾਕ ਹੱਥਾਂ ਵਿੱਚ ਪਹੁੰਚੇ ਸਨ। ਨਿਊਯਾਰਕ ਬਰਾਂਚ ਦੇ ਰਾਹੀਂ 13 ਹਜ਼ਾਰ ਟ੍ਰਾਂਜੈਕਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਇਸ ਦੌਰਾਨ ਪਾਬੰਦੀਸ਼ੁਦਾ ਟ੍ਰਾਂਜੈਕਸ਼ਨ ‘ਤੇ ਨਿਗਰਾਨੀ ਰੱਖਣ ਵਾਲੀ ਜਾਣਕਾਰੀ ਮਿਟਾ ਦਿੱਤੀ ਸੀ। ਇਸ ਬੈਂਕ ਨੇ ਚੰਗੇ ਗ੍ਰਾਹਕਾਂ ਦੀ ਸੂਚੀ ਦੀ ਗਲਤ ਵਰਤੋਂ ਦੇ ਨਾਲ 25 ਕਰੋੜ ਡਾਲਰ ਦੇ ਟ੍ਰਾਂਜੈਕਸ਼ਨ ਦੀ ਇਜ਼ਾਜਤ ਦਿੱਤੀ। ਇਸ ਵਿੱਚ ਉਨ੍ਹਾਂ ਅੱਤਵਾਦੀਆਂ ਦੇ ਟ੍ਰਾਂਜੈਕਸ਼ਨ ਵੀ ਸਨ, ਜਿਨ੍ਹਾਂ ਦੀ ਪਛਾਣ ਕੀਤੀ ਗਈ ਸੀ। ਇਸ ਵਿੱਚ ਅੰਤਰਰਾਸ਼ਟਰੀ ਆਰਮਸ ਡੀਲਰ, ਇਰਾਨੀ ਤੇਲ ਟੈਂਕਰ ਤੇ ਕੁਝ ਅਜਿਹੇ ਲੋਕ ਅਤੇ ਕੰਪਨੀਆਂ ਸਨ, ਜਿਨ੍ਹਾਂ ਦੇ ਅੱਤਵਾਦੀ ਫੰਡਿੰਗ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਸੀ।