ਜਿਨਾਹ ਗੁਜਰਾਤੀ ਜਾਂ ਪਾਕਿਸਤਾਨੀ

-ਪਰਮਜੀਤ ਢੀਂਗਰਾ (ਡਾ.)
ਭਾਰਤੀ ਇਤਿਹਾਸ ਵਿਰੋਧਾਂ ਨਾਲ ਭਰਿਆ ਪਿਆ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਭਾਰਤੀ ਇਤਿਹਾਸ ਨੂੰ ਵਧੇਰੇ ਕਰ ਕੇ ਯੂਰਪੀਅਨ ਵਿਦਵਾਨਾਂ ਨੇ ਸਾਂਭਿਆ ਸੀ। ਉਨ੍ਹਾਂ ਤੋਂ ਭਾਰਤੀ ਵਿਦਵਾਨਾਂ ਨੇ ਇਤਿਹਾਸ ਨੂੰ ਇਕੱਠਾ ਕਰ ਕੇ ਸੇਧ ਦੇਣ ਦੀ ਕੋਸ਼ਿਸ਼ ਕੀਤੀ ਤਾਂ ਫਿਰਕੂ ਨਜ਼ਰੀਏ ਦੇ ਸ਼ਿਕਾਰ ਹੋ ਗਏ। ਨਤੀਜੇ ਵਜੋਂ ਭਾਰਤੀ ਵਜੋਂ ਭਾਰਤੀ ਇਤਿਹਾਸ ਤੇ ਉਸ ਨਾਲ ਜੁੜੀਆਂ ਪਰੰਪਰਾਵਾਂ ਤੇ ਸ਼ਖਸੀਅਤਾਂ ਬਾਰੇ ਕਦੇ ਇਕਮਤ ਨਹੀਂ ਹੋ ਸਕਿਆ। ਇਸੇ ਪ੍ਰਸੰਗ ਵਿੱਚ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿੱਨਾਹ ਦੀ ਸ਼ਖਸੀਅਤ ਦਾ ਲੇਖਾ-ਜੋਖਾ ਕੀਤਾ ਜਾ ਸਕਦਾ ਹੈ।
ਮੁਹੰਮਦ ਅਲੀ ਜਿੱਨਾਹ ਦੇ ਵਡੇਰੇ 17ਵੀਂ ਸਦੀ ਦੇ ਅੰਤ ਅਤੇ 18ਵੀਂ ਸਦੀ ਦੇ ਮੁੱਢਲੇ ਦੌਰ ਵਿੱਚ ਗੁਜਰਾਤ ਦੇ ਕਾਠੀਆਵਾੜ ਇਲਾਕੇ ਵਿੱਚ ਰਾਜਕੋਟ ਜ਼ਿਲ੍ਹੇ ਦੇ ਪਿੰਡ ਪਨੇਲੀ ਵਿੱਚ ਬਾਹਰੋਂ ਆ ਕੇ ਵੱਸ ਗਏ। ਇਹ ਪਿੰਡ ਮਹਾਤਮਾ ਗਾਂਧੀ ਦੀ ਜਨਮ ਭੂਮੀ ਪੋਰਬੰਦਰ ਤੋਂ ਲਗਭਗ ਤੀਹ ਕਿਲੋਮੀਟਰ ਦੂਰ ਉੱਤਰ ਦਿਸ਼ਾ ਵੱਲ ਹੈ। ਉਂਝ ਜਿੱਨਾਹ ਦੇ ਵਡੇਰਿਆਂ ਦੀ ਮਾਤਭੂਮੀ ਬਾਰੇ ਕਈ ਮਤਭੇਦ ਹਨ। ਉਹਦੀ ਜੀਵਨੀ ਲਿਖਣ ਵਾਲਾ ਪ੍ਰਸਿੱਧ ਲੇਖਕ ਸਟੈਨਲੀ ਵਾਲਪੋਰਟ ਲਿਖਦਾ ਹੈ ਕਿ ਜਿੱਨਾਹ ਦੇ ਵੱਡੇ ਵਡੇਰੇ ਮੂਲ ਰੂਪ ਵਿੱਚ ਇਸਮਾਇਲੀ ਸੰਪਰਦਾ ਦੇ ਧਾਰਮਿਕ ਆਗੂ ਆਗਾ ਖਾਨ ਦੇ ਪੈਰੋਕਾਰ ਸਨ, ਜੋ ਖੋਜਿਆਂ ਵਿੱਚੋਂ ਸਨ, ਜਿਹੜੇ ਦਸਵੀਂ ਤੋਂ ਸੋਲ੍ਹਵੀਂ ਸਦੀ ਦੌਰਾਨ ਫਾਰਸ ਤੋਂ ਪੱਛਮੀ ਹਿੱਸੇ ਵਿੱਚ ਵੱਸੇ ਹੋਏ ਸਨ। ਅਕਬਰ ਐੱਸ ਅਹਿਮਦ, ਜਿੱਨਾਹ ਦੀ ਛੋਟੀ ਭੈਣ ਫਾਤਿਮਾ ਦੇ ਹਵਾਲੇ ਨਾਲ ਲਿਖਦਾ ਹੈ ਕਿ ਜਿੱਨਾਹ ਦੇ ਵਡੇਰੇ ਇਰਾਨ ਦੇ ਵਾਸੀ ਸਨ, ਪਰ ਜਿੱਨਾਹ ਦੇ ਪਾਕਿਸਤਾਨੀ ਜੀਵਨੀ ਲੇਖਕ ਅਜ਼ੀਜ਼ ਬੇਗ ਅਨੁਸਾਰ ਉਨ੍ਹਾਂ ਦੇ ਵਡੇਰੇ ਸਾਹੀਵਾਲ (ਪੰਜਾਬ) ਦੇ ਰਾਜਪੂਤ ਸਨ, ਜਿਨ੍ਹਾਂ ਨੇ ਇਸਮਾਇਲੀ ਖੋਜਾ ਪਰਵਾਰ ਦੀ ਲੜਕੀ ਨਾਲ ਵਿਆਹ ਕਰ ਲਿਆ ਤੇ ਜਾ ਕੇ ਕਾਠੀਆਵਾੜ ਵਸ ਗਏ। ਜਿੱਨਾਹ ਦੀ ਚਚੇਰੀ ਭਾਬੀ ਫਾਤਿਮਾ ਬਾਈ, ਜੋ ਸਾਂਝੇ ਪਰਵਾਰ ਵਿੱਚ 1884 ਵਿੱਚ ਵਿਆਹੀ ਗਈ ਸੀ, ਦੇ ਹਵਾਲੇ ਨਾਲ ਉਹਦੇ ਬੇਟੇ ਮੁਹੰਮਦ ਅਲੀ ਗੰਜ ਤੋਂ ਮਿਲੀ ਜਾਣਕਾਰੀ ਅਨੁਸਾਰ ਅਤੇ ਪਰਵਾਰ ਦੇ ਦਸਤਾਵੇਜ਼ੀ ਸਬੂਤਾਂ ਦੇ ਹਵਾਲੇ ਨਾਲ ਇੱਕ ਹੋਰ ਜੀਵਨੀਕਾਰ ਹੈਕਟਰ ਬੋਲਿਥੋ ਲਿਖਦਾ ਹੈ ਕਿ ਉਨ੍ਹਾਂ ਦੇ ਵਡੇਰੇ ਮੂਲ ਰੂਪ ਵਿੱਚ ਪੰਜਾਬ ਦੇ ਮੁਲਤਾਨ ਜ਼ਿਲ੍ਹੇ ਦੇ ਹਿੰਦੂ ਸਨ। ਇਸ ਦੀ ਪੁਸ਼ਟੀ ਮਹਾਤਮਾ ਗਾਂਧੀ ਦੇ ਪੋਤੇ ਤੇ ਪ੍ਰਸਿੱਧ ਲੇਖਕ ਰਾਜਮੋਹਨ ਗਾਂਧੀ ਨੇ ਵੀ ਕੀਤੀ ਹੈ। ਉਨ੍ਹਾਂ ਦੇ ਵੱਡੇ ਵਡੇਰੇ ਲੋਹਾਨਾ ਜਾਤੀ ਦੇ ਸਨ, ਜਿਨ੍ਹਾਂ ਦਾ ਮੁੱਖ ਕਾਰੋਬਾਰ ਸ਼ਾਹੂਕਾਰਾ ਸੀ। 17ਵੀਂ-18ਵੀਂ ਸਦੀ ਵਿੱਚ ਲੋਹਾਨਿਆਂ ਦਾ ਇੱਕ ਵੱਡਾ ਸਮੂਹ ਮੁਲਤਾਨ ਤੋਂ ਹਿਜਰਤ ਕਰ ਕੇ ਕਾਠੀਆਵਾੜ ਵਿੱਚ ਵਸ ਗਿਆ। ਲੰਬੇ ਅਰਸੇ ਤੱਕ ਉਹ ਕਾਠੀਆਵਾੜ ਦੇ ਵਪਾਰੀਆਂ ਵਿੱਚ ਮੁਲਤਾਨੀਆਂ ਵਜੋਂ ਜਾਣੇ ਜਾਂਦੇ ਸਨ। ਮੁਲਤਾਨ ਦੇ ਸ਼ਾਹੂਕਾਰਾਂ ਦੀ ਸਾਖ ਦੂਰ ਦੂਰ ਤੱਕ ਸੀ। ਸ਼ਾਹੂਕਾਰੇ ਤੋਂ ਇਲਾਵਾ ਲੋਹਾਨੇ ਕਰਿਆਨੇ ਦੇ ਵਪਾਰ ਨਾਲ ਵੀ ਜੁੜੇ ਹੋਏ ਸਨ। ਕਾਠੀਆਵਾੜ ਵਿੱਚ ਉਨ੍ਹੀਵੀਂ ਸਦੀ ਦੇ ਪਹਿਲੇ ਦੂਜੇ ਦਹਾਕੇ ਵਿੱਚ ਕਈ ਲੁਹਾਨਿਆਂ ਨੇ ਹਿੰਦੂ ਧਰਮ ਤਿਆਗ ਕੇ ਇਸਲਾਮ ਧਾਰਨ ਕਰ ਲਿਆ। ਜਿੱਨਾਹ ਦੇ ਵਡੇਰੇ ਪੁੰਜਾਬਾਈ ਦਾ ਪਰਵਾਰ ਉਨ੍ਹਾਂ ਵਿੱਚੋਂ ਇੱਕ ਸੀ।
ਜਿੱਨਾਹ ਦੇ ਹਿੰਦੂ ਹੋਣ ਦਾ ਪਤਾ ਉਨ੍ਹਾਂ ਦੇ ਪਰਵਾਰਕ ਨਾਵਾਂ ਵਿੱਚੋਂ ਵੀ ਝਲਕਦਾ ਹੈ, ਜਿਵੇਂ ਉਨ੍ਹਾਂ ਦੀ ਮਾਂ ਦਾ ਨਾਂ ਮਿੱਠਨਬਾਈ, ਭੂਆ ਦਾ ਨਾਂ ਮਾਨਬਾਈ ਅਤੇ ਭਾਬੀ ਦਾ ਨਾਂ ਫਾਤਿਮਾ ਬਾਈ ਸੀ, ਪੁਰਸ਼ਾਂ ਦੇ ਨਾਂਅ ਵਾਲਜੀ, ਨੱਥੂਭਾਈ ਆਦਿ ਸਨ। ਭਾਵੇਂ ਉਨ੍ਹਾਂ ਨੇ ਹਿੰਦੂ ਧਰਮ ਛੱਡ ਦਿੱਤਾ ਸੀ, ਪਰ ਕਾਫੀ ਚਿਰ ਤੱਕ ਉਨ੍ਹਾਂ ਦੇ ਪਰਵਾਰਾਂ ਵਿੱਚ ਹਿੰਦੂ ਰੀਤੀ ਰਿਵਾਜ਼ਾਂ ਦਾ ਪਾਲਣ ਹੁੰਦਾ ਰਿਹਾ। ਇਥੋਂ ਤੱਕ ਕਿ ਵਿਆਹ ਸ਼ਾਦੀ ਸਮੇਂ ਵੀ ਕਈ ਹਿੰਦੂ ਰੀਤੀ ਰਿਵਾਜ ਕੀਤੇ ਜਾਂਦੇ ਸਨ।
ਵਰਨਣ ਯੋਗ ਹੈ ਕਿ ਪਾਕਿਸਤਾਨ ਦੇ ਬਣਨ ਪਿੱਛੇ ਵਿਚਾਰਕ ਵਜੋਂ ਅੱਲਾਮਾ ਇਕਬਾਲ ਦੀ ਸੋਚ ਕੰਮ ਕਰ ਰਹੀ ਸੀ। ਉਹਦੇ ਵੱਡੇ ਵਡੇਰੇ ਵੀ ਕਸ਼ਮੀਰ ਦੇ ਸਪਰੂ ਬ੍ਰਾਹਮਣ ਸਨ, ਜਿਨ੍ਹਾਂ ਨੇ ਹਿੰਦੂ ਧਰਮ ਦਾ ਤਿਆਗ ਕਰ ਕੇ ਮੁਸਲਮਾਨੀ ਅੰਗੀਕਾਰ ਕਰ ਲਈ ਸੀ। ਇਕਬਾਲ ਨੇ ਆਪਣੇ ਹਿੰਦੂ ਮੂਲ ਨੂੰ ਸਵੀਕਾਰ ਕਰਨ ਵਿੱਚ ਕਦੇ ਝਿਜਕ ਮਹਿਸੂਸ ਨਹੀਂ ਕੀਤੀ। ਉਹਨੂੰ ਸਗੋਂ ਆਪਣੇ ਬ੍ਰਾਹਮਣੀ ਖੂਨ ‘ਤੇ ਮਾਣ ਸੀ। ਇਕਬਾਲ ਦੇ ਉਲਟ ਜਿੱਨਾਹ ਨੇ ਕਦੇ ਇਹ ਸਵੀਕਾਰ ਨਹੀਂ ਕੀਤਾ ਕਿ ਉਹਦੇ ਵਡੇਰੇ ਹਿੰਦੂ ਸਨ। ਪਾਨੇਲੀ ਵਿੱਚ ਹੀ ਜਿੱਨਾਹ ਦੇ ਪਿਤਾ ਜਿੰਨਾਭਾਈ ਪੁੰਜਾਭਾਈ ਦਾ ਜਨਮ ਉਨ੍ਹੀਵੀਂ ਸਦੀ ਦੇ ਅੱਧ ਵਿੱਚ ਹੋਇਆ। ਗੁਜਰਾਤੀ ਸ਼ਬਦ ਜਿੱਨਾਹ ਦਾ ਅਰਥ ਹੈ ਛੋਟਾ ਜਾਂ ਨਿੱਕੜਾ। ਉਨ੍ਹਾਂ ਦੇ ਪਿਤਾ ਪਹਿਲਾਂ ਇਥੇ ਕਾਰੋਬਾਰ ਕਰਦੇ ਸਨ। ਫਿਰ ਉਹ ਕਰਾਚੀ ਜਾ ਕੇ ਵਸ ਗਏ। ਉਥੇ ਉਨ੍ਹਾਂ ਨੇ ਕਪਾਹ, ਉਨ, ਚਮੜੇ, ਅਨਾਜ ਆਦਿ ਕੱਚੇ ਮਾਲ ਦਾ ਕਾਰੋਬਾਰ ਕੀਤਾ, ਜੋ ਇੰਗਲੈਂਡ ਜਾਂਦਾ ਸੀ ਅਤੇ ਉਥੋਂ ਬਦਲੇ ਵਿੱਚ ਖੰਡ, ਕੱਪੜਾ, ਧਾਤਾਂ ਤੇ ਚਮੜੇ ਦਾ ਬਣਿਆ ਸਾਮਾਨ ਆਉਂਦਾ ਸੀ।
ਗਾਂਧੀ ਤੇ ਜਿੱਨਾਹ ਦੋਵੇਂ ਇੱਕ ਦੂਜੇ ਤੋਂ ਬਿਲਕੁਲ ਉਲਟ ਵਿਚਾਰਧਾਰਾ ਵਾਲੇ ਮੰਨੇ ਜਾਂਦੇ ਸਨ, ਪਰ ਇਹ ਸੱਚ ਹੈ ਕਿ ਦੋਵੇਂ ਗੁਜਰਾਤੀ ਸਨ। ਦੋਵੇਂ ਵਪਾਰੀ ਪਰਵਾਰਾਂ ਵਿੱਚੋਂ ਸਨ। ਇੱਕ ਦੂਜੇ ਦੇ ਗੁਆਂਢੀ ਖਿੱਤਿਆਂ ਦੇ ਵਸਨੀਕ ਸਨ। ਦੋਵਾਂ ਦੀ ਮਾਤ-ਭਾਸ਼ਾ ਗੁਜਰਾਤੀ ਸੀ। ਕਰਾਚੀ ਵੱਸਣ ਦੇ ਬਾਵਜੂਦ ਜਿੱਨਾਹ ਦੇ ਘਰ ਗੁਜਰਾਤੀ ਸਭਿਆਚਾਰ ਤੇ ਰੀਤੀ ਰਿਵਾਜ਼ਾਂ ਦਾ ਪਾਲਣ ਹੁੰਦਾਸੀ। ਘਰ ਵਿੱਚ ਉਹ ਗੁਜਰਾਤੀ ਬੋਲਦੇ ਸਨ। ਲੰਡਨ ਵਿੱਚ ਪੜ੍ਹਾਈ ਕਰਨ ਉਪਰੰਤ ਉਨ੍ਹਾਂ ਦਾ ਤੌਰ-ਤਰੀਕਾ ਪੱਛਮੀ ਹੋ ਗਿਆ, ਪਰ ਉਹ ਥੋੜ੍ਹੀ ਬਹੁਤ ਉਰਦੂ ਤੇ ਮਰਾਠੀ ਵੀ ਬੋਲ ਲੈਂਦੇ ਸਨ। ਗਾਂਧੀ ਜੀ ਨੇ ਇੱਕ ਵਾਰ 17 ਜੁਲਾਈ 1944 ਵਿੱਚ ਸ੍ਰੀਨਗਰ ਛੁੱਟੀਆਂ ਬਿਤਾ ਰਹੇ ਜਿੱਨਾਹ ਨੂੰ ਗੁਜਰਾਤੀ ਵਿੱਚ ਖ਼ਤ ਲਿਖਿਆ ਸੀ :
ਭਾਈ ਜਿੱਨਾਹ,
ਕਦੇ ਉਹ ਦਿਨ ਵੀ ਸਨ, ਜਦੋਂ ਮੈਂ ਤੁਹਾਨੂੰ ਤੁਹਾਡੀ ਮਾਤ-ਭਾਸ਼ਾ ਗੁਜਰਾਤੀ ਵਿੱਚ ਬੋਲਣ ਲਈ ਪ੍ਰੇਰਿਤ ਕਰਦਾ ਸਾਂ। ਅੱਜ ਮੈਂ ਹੌਸਲਾ ਕਰ ਕੇ ਓਸੇ ਮਾਤ-ਭਾਸ਼ਾ ਵਿੱਚ ਤੁਹਾਨੂੰ ਇਹ ਖ਼ਤ ਲਿਖ ਰਿਹਾ ਹਾਂ। ਜਦੋਂ ਮੈਂ ਜੇਲ੍ਹ ਵਿੱਚ ਸਾਂ ਤਾਂ ਮੈਂ ਤੁਹਾਨੂੰ ਮਿਲਣ ਲਈ ਕਿਹਾ ਸੀ, ਪਰ ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਮੈਂ ਤੁਹਾਨੂੰ ਲਿਖ ਨਹੀਂ ਸਕਿਆ। ਅੱਜ ਮੇਰਾ ਦਿਲ ਕਰਦਾ ਹੈ ਕਿ ਮੈਂ ਤੁਹਾਨੂੰ ਲਿਖਾਂ। ਤੁਸੀਂ ਜਿੱਥੇ ਚਾਹੋ, ਆਪਾਂ ਓਥੇ ਮਿਲ ਸਕਦੇ ਹਾਂ। ਕਿਰਪਾ ਕਰ ਕੇ ਮੈਨੂੰ ਇਸਲਾਮ ਤੇ ਇਸ ਦੇਸ਼ ਦੇ ਮੁਸਲਮਾਨਾਂ ਦਾ ਦੁਸ਼ਮਣ ਨਾ ਸਮਝੋ। ਮੈਂ ਨਾ ਕੇਵਲ ਤੁਹਾਡਾ, ਸਗੋਂ ਪੂਰੀ ਦੁਨੀਆ ਦਾ ਦੋਸਤ ਅਤੇ ਸੇਵਕ ਹਾਂ। ਕਿਰਪਾ ਕਰ ਕੇ ਮੈਨੂੰ ਨਿਰਾਸ਼ ਨਾ ਕਰਨਾ।
ਤੁਹਾਡਾ, ਗਾਂਧੀ।
ਮਹਾਤਮਾ ਗਾਂਧੀ ਅਤੇ ਮੁਹੰਮਦ ਅਲੀ ਜਿੱਨਾਹ ਦੋਵਾਂ ਦਾ ਹੀ ਬਾਲ ਵਿਆਹ ਹੋਇਆ ਸੀ। ਦੋਵਾਂ ਨੇ ਆਪਣੇ ਦੇਸ਼ ਦੇ ਬਸਤੀਵਾਦੀ ਹਾਕਮਾਂ ਦੇ ਦੇਸ਼ ਦੀ ਰਾਜਧਾਨੀ ਲੰਡਨ ਤੋਂ ਕਾਨੂੰਨ ਦੀ ਸਿਖਿਆ ਪ੍ਰਾਪਤ ਕੀਤੀ। ਭਰ ਜਵਾਨੀ ਵਿੱਚ ਸਿਖਿਆ ਪ੍ਰਾਪਤੀ ਲਈ ਘਰ ਛੱਡਿਆ। ਪੱਛਮ ਨੂੰ ਆਪੋ ਆਪਣੇ ਤਰੀਕੇ ਨਾਲ ਆਤਮਸਾਤ ਕੀਤਾ। ਦੇਸ਼ ਵਿੱਚ ਦੋਵਾਂ ਦਾ ਰਾਜਨੀਤਕ ਜੀਵਨ ਕਾਂਗਰਸ ਵਿੱਚ ਪ੍ਰਵਾਨ ਚੜ੍ਹਿਆ। ਕਾਂਗਰਸ ਦੇ ਉਦਾਰਵਾਦੀ ਨੇਤਾ ਗੋਪਾਲ ਕ੍ਰਿਸ਼ਨ ਗੋਖਲੇ ਨੇ ਦੋਵਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਿਆ। ਉਨ੍ਹਾਂ ਦੀ ਰਾਜਨੀਤਕ ਦਿੱਖ ਸੰਵਾਰਨ ਅਤੇ ਘੜਨ ਵਿੱਚ ਗੋਖਲੇ ਦਾ ਵੱਡਾ ਯੋਗਦਾਨ ਸੀ। ਦੋਵਾਂ ਦੇ ਸੁਭਾਅ ਮੁੱਢਲੇ ਰੂਪ ਵਿੱਚ ਕੱਟੜਤਾ ਤੋਂ ਮੁਕਤ ਸਨ। ਵੀਹਵੀਂ ਸਦੀ ਦੇ ਮੁੱਢਲੇ ਦੋ ਦਹਾਕਿਆਂ ਵਿੱਚ ਕਾਂਗਰਸ ਤੇ ਹੋਮਰੂਲ ਲੀਗ ਵੱਲੋਂ ਆਜ਼ਾਦੀ ਪ੍ਰਾਪਤੀ ਲਈ ਦੋਵਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਜਿਸ ਤਰ੍ਹਾਂ ਗਾਂਧੀ ਨੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਕਾਂਗਰਸ ਨਾਲ ਅਨਪੜ੍ਹ ਤੇ ਗਰੀਬ ਆਵਾਮ ਨੂੰ ਜੋੜ ਕੇ ਉਸ ਨੂੰ ਵਿਸ਼ਾਲ ਜਨ-ਅੰਦੋਲਨ ਵਿੱਚ ਬਦਲ ਦਿੱਤਾ, ਉਵੇਂ ਅੱਗੇ ਜਾ ਕੇ ਜਿੱਨਾਹ ਨੇ ਮੁਸਲਿਮ ਲੀਗ ਨੂੰ ਆਪਣੇ ਵਿਅਕਤੀਤਵ ਤੇ ਜੁਝਾਰੂਪੁਣੇ ਵਿੱਚ ਢਾਲ ਕੇ ਮੁਸਲਮਾਨਾਂ ਦੇ ਵੱਡੇ ਹਿੱਸੇ ਦੀਆਂ ਇੱਛਾਵਾਂ ਤੇ ਆਸਾਂ ਨੂੰ ਬੂਰ ਪਾ ਕੇ ਤਿੱਖੇ ਹਥਿਆਰ ਵਿੱਚ ਬਦਲ ਕੇ ਕਾਮਯਾਬੀ ਹਾਸਲ ਕੀਤੀ। ਦੋਵੇਂ ਜ਼ਿੱਦ ਦੇ ਪੱਕੇ ਸਨ। ਅੱਗੇ ਜਾ ਕੇ ਇੱਕ ਨੂੰ ਰਾਸ਼ਟਰਪਿਤਾ ਤੇ ਦੂਜੇ ਨੂੰ ਬਾਬਾ-ਏ-ਕੌਮ ਦੇ ਲਕਬ ਨਾਲ ਨਿਵਾਜਿਆ ਗਿਆ।
ਇਹ ਵੀ ਵਿਰੋਧਾਭਾਸ ਹੈ ਕਿ ਦੋਵੇਂ ਵੱਖ ਹੋਏ ਦੇਸ਼ਾਂ ਦੇ ਅਚੇਤ ਵਿੱਚ ਇੱਕ ਜਾਣਿਆ-ਪਛਾਣਿਆ ਸਮਝੌਤਾ ਹੋਇਆ ਜਾਪਦਾ ਹੈ ਜਿਸ ਹੇਠ ਦੋਵਾਂ ਦੇਸ਼ਾਂ ਦੇ ਸ਼ਾਸਕਾਂ ਨੇ ਇਨ੍ਹਾਂ ਦੋਵਾਂ ਸ਼ਖਸੀਅਤਾਂ ਦੇ ਅਸੂਲਾਂ ਤੇ ਕਦਰਾਂ ਕੀਮਤਾਂ ਭੁਲਾ ਕੇ ਮਹਿਜ਼ ਯਾਦਾਂ ਦਾ ਹਿੱਸਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇੱਕ ਪਾਸੇ ਅੰਧ-ਰਾਸ਼ਟਰਵਾਦੀ ਤਾਕਤਾਂ ਨੇ ਰਾਸ਼ਟਰ ਪਿਤਾ ਦਾ ਕੁਝ ਸਮੇਂ ਬਾਅਦ ਕਤਲ ਕਰ ਦਿੱਤਾ। ਦੂਜੇ ਪਾਸੇ ਬਾਬਾ-ਏ-ਕੌਮ ਸ਼ਾਇਦ ਵੱਖਰੇ ਮੁਲਕ ਦੀ ਗਲਤੀ ਦੀ ਤ੍ਰਾਸਦੀ ਭੋਗਦਾ ਹੋਇਆ ਅੱਲ੍ਹਾ ਨੂੰ ਪਿਆਰਾ ਹੋ ਗਿਆ।
ਕਾਂਗਰਸ ਪਾਰਟੀ ਦੇ ਮੋਢੀਆਂ ਵਿੱਚ ਪ੍ਰਸਿੱਧ ਗੁਜਰਾਤੀ ਦਾਦਾਭਾਈ ਨਾਰੋਜੀ ਨੇ 1893 ਵਿੱਚ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰ ਦੀ ਚੋਣ ਲੜੀ ਤਾਂ ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਹੋਰਨਾਂ ਭਾਰਤੀ ਨੌਜਵਾਨਾਂ ਵਾਂਗ ਜਿੱਨਾਹ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ। ਦਾਦਾਭਾਈ ਨਾਰੋਜੀ ਤਿੰਨ ਵੋਟਾਂ ਦੇ ਫਰਕ ਨਾਲ ਜਿੱਤ ਕੇ ਹਾਊਸ ਆਫ ਕਾਮਨਜ਼ ਦੇ ਪਹਿਲੇ ਭਾਰਤੀ ਮੈਂਬਰ ਬਣੇ। ਟੋਰੀ ਪਾਰਟੀ ਦੇ ਮੈਂਬਰ ਉਨ੍ਹਾਂ ਨੂੰ ਕਾਲਾ ਆਦਮੀ ਕਹਿੰਦੇ ਸਨ। ਇਸ ਬਾਰੇ ਜਿੱਨਾਹ ਨੇ ਆਪਣੀ ਭੈਣ ਫਾਤਿਮਾ ਨੂੰ ਲਿਖਿਆ ਸੀ ਕਿ ਜੇ ਦਾਦਾਭਾਈ ਕਾਲੇ ਹਨ ਤਾਂ ਮੈਂ ਉਨ੍ਹਾਂ ਤੋਂ ਵੱਧ ਕਾਲਾ ਹਾਂ। ਇਸ ਤਰ੍ਹਾਂ ਦੀ ਗਲੀਜ਼ ਮਾਨਸਿਕਤਾ ਵਾਲੇ ਅੰਗਰੇਜ਼ਾਂ ਕੋਲੋਂ ਹਿੰਦੋਸਤਾਨ ਕਿਹੜੇ ਇਨਸਾਫ ਦੀ ਉਮੀਦ ਕਰ ਸਕਦਾ ਹੈ।
ਗੋਪਾਲ ਕ੍ਰਿਸ਼ਨ ਗੋਖਲੇ ਨਾਲ ਜਿੱਨਾਹ ਦੀ ਪਹਿਲੀ ਮੁਲਾਕਾਤ 1904 ਵਿੱਚ ਬੰਬਈ ਵਿਖੇ ਹੋਏ ਕਾਂਗਰਸ ਸੰਮੇਲਨ ਵਿੱਚ ਹੋਈ ਸੀ। 1913 ਵਿੱਚ ਰਾਜਨੀਤਕ ਲਾਬੀ ਬਣਾਉਣ ਲਈ ਕਾਂਗਰਸ ਨੇ ਉਨ੍ਹਾਂ ਨੂੰ ਲੰਡਨ ਭੇਜਿਆ ਸੀ। ਉਥੋਂ ਪਰਤਣ ਮਗਰੋਂ ਸਰੋਜਨੀ ਨਾਇਡੂ ਨੇ ਜਿੱਨਾਹ ਬਾਰੇ ਕਿਹਾ ਸੀ ਕਿ ਉਹ ਹਿੰਦੂ-ਮੁਸਲਿਮ ਏਕਤਾ ਦਾ ਰਾਜਦੂਤ ਹੈ। ਜਿੱਨਾਹ ਉਤੇ ਲੋਕਮਾਨਯ ਤਿਲਕ ਦਾ ਵੀ ਡੂੰਘਾ ਪ੍ਰਭਾਵ ਪਿਆ। ਤਿਲਕ ਦੇ ਵਕੀਲ ਵਜੋਂ ਜਿੱਨਾਹ ਨੇ ਉਹਦੀ ਰਿਹਾਈ ਲਈ ਸਿਰਤੋੜ ਯਤਨ ਕੀਤੇ। ਗੋਖਲੇ ਦਾ ਵਿਅਕਤੀਤਵ ਜਿੱਨਾਹ ਦੇ ਮਨ ਵਿਚ ਬਣ ਰਹੇ ਮੁੱਲਾਂ ਤੇ ਆਦਰਸ਼ਾਂ ਵਰਗਾ ਸੀ। ਜਿੱਨਾਹ ਨੇ ਖੁਦ ਮੰਨਿਆ ਸੀ ਕਿ ਉਹ ਮੁਸਲਿਮ ਗੋਖਲੇ ਬਣਨਾ ਚਾਹੁੰਦਾ ਸੀ। ਗੋਖਲੇ ਨੂੰ ਜਿੱਨਾਹ ਨੇ ਮਹਾਨ ਰਾਜਨੀਤਕ ਰਿਸ਼ੀ ਕਿਹਾ ਸੀ। ਗੋਖਲੇ ਹਿੰਦੁਸਤਾਨ ਵਿੱਚ ਗਾਂਧੀ ਅਤੇ ਜਿੱਨਾਹ ਦੇ ਰਾਜਨੀਤਕ ਜੀਵਨ ਦਾ ਧੁਰਾ ਸੀ। ਇਹ ਕਿਹੋ ਜਿਹਾ ਵਿਰੋਧਾਭਾਸ ਹੈ ਕਿ ਸਮਾਨ ਧੁਰੇ ਤੋਂ ਵਿਕਸਿਤ ਦੋਵਾਂ ਹਸਤੀਆਂ ਦੇ ਰਾਜਨੀਤਕ ਮੁਹਾਵਰਿਆਂ ਦੀਆਂ ਸਮਾਨਾਂਤਰ ਰੇਖਾਵਾਂ ਕਦੇ ਕਿਸੇ ਬਿੰਦੂ ‘ਤੇ ਜਾ ਕੇ ਨਹੀਂ ਮਿਲੀਆਂ। ਉਨ੍ਹਾਂ ਦੀ ਦੂਰੀ ਨੇ ਭਾਰਤੀ ਉਪ ਮਹਾਂਦੀਪ ਦੀ ਤ੍ਰਾਸਦਿਕ ਵੰਡ ਦੀ ਇਬਾਰਤ ਲਿਖ ਦਿੱਤੀ। ਇਸ ਦੇ ਬਾਵਜੂਦ ਜਿੱਨਾਹ ਦੀ ਦਿ੍ਰਸ਼ਟੀ ਭਾਰਤ ਦੀ ਆਜ਼ਾਦੀ ਲਈ ਬੜੀ ਮੁੱਲਵਾਨ ਸੀ। ਮੁਢਲੇ ਰੂਪ ਵਿੱਚ ਉਹ ਨਾ ਤਾਂ ਕੱਟੜ ਮੁਸਲਮਾਨ ਸੀ ਤੇ ਨਾ ਉਹ ਉਨ੍ਹਾਂ ਚੀਜ਼ਾਂ ਤੋਂ ਪ੍ਰਹੇਜ਼ ਕਰਦਾ ਸੀ ਜਿਨ੍ਹਾਂ ਦੀ ਇਸਲਾਮ ਵਿੱਚ ਮਨਾਹੀ ਹੈ।
ਇਸੇ ਦੌਰਾਨ ਵੱਡਾ ਹਾਦਸਾ ਵਾਪਸ ਗਿਆ। ਗਾਂਧੀ ਤੇ ਜਿੱਨਾਹ ਦਾ ਗੁਰੂ ਅਤੇ ਮਿੱਤਰ ਗੋਪਾਲ ਕ੍ਰਿਸ਼ਨ ਗੋਖਲੇ 19 ਫਰਵਰੀ 1915 ਨੂੰ 49 ਸਾਲ ਦੀ ਉਮਰ ਵਿੱਚ ਕਾਲਵੱਸ ਹੋ ਗਿਆ। ਦੋਵਾਂ ਲਈ ਇਹ ਨਿੱਜੀ ਤੌਰ ‘ਤੇ ਦੁੱਖ ਦੀ ਘੜੀ ਸੀ। ਦਸੰਬਰ 1915 ਵਿੱਚ ਜਦੋਂ ਕਾਂਗਰਸ ਦਾ ਸੰਮੇਲਨ ਬੰਬਈ ਵਿੱਚ ਹੋ ਰਿਹਾ ਸੀ ਤਾਂ 11 ਨਵੰਬਰ ਨੂੰ ਜਿੱਨਾਹ ਨੇ ਮੁਸਲਿਮ ਲੀਗ ਨੂੰ ਅਪੀਲ ਜਾਰੀ ਕੀਤੀ ਕਿ ‘ਕੀ ਅਸੀਂ ਆਪਣੇ ਮਤਭੇਦ ਭੁਲਾ ਕੇ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਇੱਕ ਸੰਯੁਕਤ ਮੋਰਚਾ ਨਹੀਂ ਬਣਾ ਸਕਦੇ? ਇਹਦੇ ਨਾਲ ਸਾਡੀ ਕੀਮਤ ਸਾਡੇ ਹਿੰਦੂ ਦੋਸਤਾਂ ਦੀ ਨਿਗਾਹ ਵਿੱਚ ਬਹੁਤ ਵਧ ਜਾਏਗੀ ਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਉਹ ਇਹ ਮਹਿਸੂਸ ਕਰਨਗੇ ਕਿ ਅਸੀਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦੇ ਲਾਇਕ ਹੋ ਗਏ ਹਾਂ।’ ਅਜਿਹੀਆਂ ਦੋਸਤਾਨਾ ਸਥਿਤੀਆਂ ਨੂੰ ਪਲਟਾਉਣ ਲਈ ਜਿੱਥੇ ਦੇਸੀ ਲੀਡਰਾਂ ਨੇ ਬਲਦੀ ਵਿੱਚ ਤੇਲ ਪਾਇਆ, ਉਥੇ ਬਸਤੀਵਾਦੀ ਹਾਕਮ ਦੋ ਕੌਮਾਂ ਦੇ ਸਿਧਾਂਤ ਨੂੰ ਬਲ ਦੇਣ ਲੱਗੇ। ਨਤੀਜਨ ਦੋਵਾਂ ਫਿਰਕਿਆਂ ਵਿੱਚ ਜ਼ਹਿਰ ਘੁਲਣ ਲੱਗਾ ਅਤੇ ਨਫਰਤ ਤੇ ਕੱਟੜਤਾ ਵਧਣ ਕਾਰਨ ਮੁਲਕ ਦੀ ਵੰਡ ਦਾ ਰਾਹ ਮੋਕਲਾ ਹੋ ਗਿਆ।
ਅੱਜ ਫਿਰ ਅੰਧ-ਰਾਸ਼ਟਰਵਾਦੀ ਤਾਕਤਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਲੱਗੀ ਜਿੱਨਾਹ ਦੀ ਤਸਵੀਰ ਦਾ ਵਿਵਾਦ ਖੜ੍ਹਾ ਕਰ ਕੇ ਦੇਸ਼ ਵਿਚਲੀ ਵੰਨ-ਸੁਵੰਨਤਾ ਨੂੰ ਢਾਹ ਲਾ ਰਹੀਆਂ ਹਨ। ਇਸ ਲਈ ਅੱਜ ਦੀ ਪੀੜ੍ਹੀ ਨੂੰ ਉਸ ਇਤਿਹਾਸ ਤੋਂ ਜਾਣੂ ਕਰਾਉਣ ਦੀ ਲੋੜ ਹੈ ਜਿਸ ਵਿੱਚ ਸਾਰਿਆਂ ਨੇ ਇਕੱਠਿਆਂ ਹੋ ਕੇ ਆਜ਼ਾਦੀ ਪ੍ਰਾਪਤੀ ਦੀ ਮਸ਼ਾਲ ਬਾਲੀ ਸੀ। ਜੇ ਅਸੀਂ ਇਤਿਹਾਸ ਤੋਂ ਸਬਕ ਨਾ ਸਿਖਿਆ ਤਾਂ ਨਿਸ਼ਚੇ ਹੀ ਕਈ ਹੋਰ ਵੰਡਾਂ ਦਾ ਰਾਹ ਪੱਧਰਾ ਕਰ ਰਹੇ ਹੋਵਾਂਗੇ।