ਜਿਨਸੀ ਸ਼ੋਸ਼ਣ ਸਬੰਧੀ ਮੁਕੱਦਮੇ ਨੂੰ ਰਫਾ-ਦਫਾ ਕਰਨ ਦੇ ਮਾਮਲੇ ਉੱਤੇ ਵਿਰੋਧੀ ਧਿਰਾਂ ਨੇ ਲਿਬਰਲਾਂ ਨੂੰ ਘੇਰਿਆ


ਓਟਵਾ, 7 ਫਰਵਰੀ (ਪੋਸਟ ਬਿਊਰੋ) : ਕੈਨੇਡੀਅਨ ਹਥਿਆਰਬੰਦ ਸੈਨਾਵਾਂ ਵਿੱਚ ਹੋਣ ਵਾਲੇ ਜਿਨਸੀ ਸ਼ੋਸ਼ਣ ਤੇ ਵਿਤਕਰੇ ਸਬੰਧੀ ਕੀਤੇ ਗਏ ਕਲਾਸ ਐਕਸ਼ਨ ਕੇਸ ਨੂੰ ਫੈਡਰਲ ਸਰਕਾਰ ਵੱਲੋਂ ਰਫਾ ਦਫਾ ਕਰਨ ਦੀ ਕੋਸਿ਼ਸ਼ ਕਰਨ ਦਾ ਪਤਾ ਲੱਗਣ ਤੋਂ ਬਾਅਦ ਕੰਜ਼ਰਵੇਟਿਵਾਂ ਤੇ ਐਨਡੀਪੀ ਵੱਲੋਂ ਬੁੱਧਵਾਰ ਨੂੰ ਲਿਬਰਲਾਂ ਨੂੰ ਪ੍ਰਸ਼ਨ ਕਾਲ ਦੌਰਾਨ ਘੇਰਿਆ ਗਿਆ।
ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਆਖਿਆ ਕਿ ਇਹ ਲਿਬਰਲ ਸਰਕਾਰ ਅਦਾਲਤ ਵਿੱਚ ਇਹ ਤਰਕ ਦੇ ਰਹੀ ਹੈ ਕਿ ਹਥਿਆਰਬੰਦ ਸੈਨਾਵਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਦੀ ਇਨ੍ਹਾਂ ਦੀ ਕੋਈ ਡਿਊਟੀ ਨਹੀਂ ਹੈ। ਉਨ੍ਹਾਂ ਆਖਿਆ ਕਿ ਇਹ ਬਹੁਤ ਹੀ ਸ਼ਰਮਨਾਕ ਹੈ। ਸ਼ੀਅਰ ਨੇ ਅੱਗੇ ਆਖਿਆ ਕਿ ਪ੍ਰਧਾਨ ਮੰਤਰੀ ਇੱਕ ਸਰਕਾਰੀ ਵਕੀਲ ਨੂੰ ਇਸ ਲਈ ਬਲੇਮ ਨਹੀਂ ਕਰ ਸਕਦੇ। ਉਨ੍ਹਾਂ ਆਖਿਆ ਕਿ ਅਸਲ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਕੈਬਨਿਟ ਕਮੇਟੀ ਕਾਇਮ ਕਰਕੇ ਇਸ ਮੁੱਕਦਮੇ ਦੀ ਨਿਗਰਾਨੀ ਦਾ ਜਿ਼ੰਮਾ ਉਸ ਨੂੰ ਸੌਂਪਿਆ। ਇਹ ਸਾਰਾ ਕੁੱਝ ਅਜਿਹੀ ਬਿਆਨਬਾਜ਼ੀ ਨੂੰ ਸਿਆਸੀ ਰੰਗਤ ਦੇਣ ਲਈ ਕੀਤਾ ਗਿਆ। ਸ਼ੀਅਰ ਨੇ ਆਖਿਆ ਕਿ ਕਮੇਟੀ ਦੀ ਕਮਾਨ ਨਿਆਂ ਮੰਤਰੀ ਹੱਥ ਹੈ।
ਇਸ ਉੱਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਆਖਿਆ ਕਿ ਸਤੰਬਰ 2015 ਤੋਂ ਲੈ ਕੇ ਹੁਣ ਤੱਕ ਗਲਤ ਜਿਨਸੀ ਵਿਵਹਾਰ ਕਾਰਨ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਤੋਂ 55 ਮੈਂਬਰਾਂ ਨੂੰ ਬਾਹਰ ਕੀਤਾ ਜਾ ਚੁੱਕਿਆ ਹੈ। ਚੀਫ ਆਫ ਡਿਫੈਂਸ ਸਟਾਫ ਜਨਰਲ ਜੌਨਾਥਨ ਵਾਂਸ ਨੇ ਪਿਛਲੇ ਸਾਲ ਅਪਰੈਲ ਵਿੱਚ ਆਖਿਆ ਸੀ ਕਿ ਜਿਨਸੀ ਦੁਰਵਿਵਹਾਰ ਦਾ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਮਿਲਟਰੀ ਮੈਂਬਰ ਨੂੰ ਉਹ ਬਾਹਰ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਇਲਾਵਾ ਜਿਨਸੀ ਦੁਰਵਿਵਹਾਰ ਰੋਕਣ ਲਈ ਮਿਲਟਰੀ ਵੱਲੋਂ ਆਪਰੇਸ਼ਨ ਆਨਰ ਵੀ ਸੁ਼ਰੂ ਕੀਤਾ ਗਿਆ ਹੈ। ਸੱਜਣ ਨੇ ਆਖਿਆ ਕਿ ਅਸੀਂ ਜਿਨਸੀ ਸ਼ੋਸ਼ਣ ਤੋਂ ਮੁਕਤ ਕੰਮ ਵਾਲੀਆਂ ਥਾਂਵਾਂ ਬਣਾਉਣ ਲਈ ਵਚਨਬੱਧ ਹਾਂ ਤੇ ਆਪਰੇਸ਼ਨ ਆਨਰ ਤਹਿਤ ਇਹ ਸੱਭ ਸਹੀ ਢੰਗ ਨਾਲ ਹੋ ਜਾਵੇਗਾ।
ਇਸ ਦੌਰਾਨ ਐਨਡੀਪੀ ਹਾਊਸ ਲੀਡਰ ਰੁੱਥ ਐਲਨ ਬਰੌਸਿਊ ਨੇ ਵੀ ਲਿਬਰਲਾਂ ਨੂੰ ਲੰਮੇਂ ਹੱਥੀਂ ਲਿਆ। ਕਿਊਬਿਕ ਤੋਂ ਇਸ ਐਮਪੀ ਨੇ ਆਖਿਆ ਕਿ ਇਸ ਮੁੱਕਦਮੇ ਨੂੰ ਰਫਾ ਦਫਾ ਕਰਨ ਦੀ ਕੋਸਿ਼ਸ਼ ਕਰਕੇ ਜਿਹੜੀ ਮਿਸਾਲ ਪ੍ਰਧਾਨ ਮੰਤਰੀ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਉਹ ਗੈਰਜਿ਼ੰਮੇਵਰਾਨਾ ਤੇ ਨਿੰਦਣਯੋਗ ਹੈ। ਇੱਕ ਵਾਰੀ ਫਿਰ ਸੱਜਣ ਨੇ ਇਸ ਦਾ ਜਵਾਬ ਦਿੰਦਿਆਂ ਆਖਿਆ ਕਿ ਅਸੀਂ ਜਿਨਸੀ ਸ਼ੋਸ਼ਣ ਤੋਂ ਮੁਕਤ ਕੰਮ ਵਾਲੀਆਂ ਥਾਂਵਾਂ ਬਣਾਉਣ ਲਈ ਵਚਨਬੱਧ ਹਾਂ ਖਾਸਤੌਰ ਉੱਤੇ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਵਿੱਚ ਇਸ ਤਰ੍ਹਾਂ ਦੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਡੀ ਨਵੀਂ ਡਿਫੈਂਸ ਪਾਲਿਸੀ ਰਾਹੀਂ ਤੇ ਆਪਰੇਸ਼ਨ ਆਨਰ ਸਦਕਾ ਅਸੀਂ ਇਹ ਕੰਮ ਕਰਕੇ ਹੀ ਸਾਹ ਲਵਾਂਗੇ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਆਖਿਆ ਸੀ ਕਿ ਫੈਡਰਲ ਵਕੀਲ ਦੇ ਵਿਚਾਰ ਉਨ੍ਹਾਂ ਦੇ ਜਾਂ ਲਿਬਰਲ ਸਰਕਾਰ ਦੀਆਂ ਮਾਨਤਾਵਾਂ ਨਾਲ ਮੇਲ ਨਹੀਂ ਖਾਂਦੇ। ਟਰੂਡੋ ਨੇ ਆਖਿਆ ਕਿ ਉਨ੍ਹਾਂ ਨੇ ਨਿਆਂ ਮੰਤਰੀ ਤੇ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਨੂੰ ਵਕੀਲਾਂ ਨਾਲ ਤਾਲਮੇਲ ਕਰਨ ਲਈ ਆਖਿਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਸਰਕਾਰੀ ਫਿਲਾਸਫੀ ਨਾਲ ਮੇਲ ਖਾਂਦੀਆਂ ਗੱਲਾਂ ਮੁਤਾਬਕ ਹੀ ਬਿਆਨਬਾਜ਼ੀ ਕਰੀਏ।