ਜਿਨਸੀ ਸ਼ੋਸ਼ਣ ਲਈ ਸਖ਼ਤ ਨਿਯਮ ਜਲਦ ਲਾਗੂ ਕਰਨਾ ਚਾਹੁੰਦੀ ਹੈ ਲਿਬਰਲ ਸਰਕਾਰ : ਹਾਜਦੂ


ਓਟਵਾ, 12 ਫਰਵਰੀ (ਪੋਸਟ ਬਿਊਰੋ) : ਲਿਬਰਲ ਸਰਕਾਰ ਚਾਹੁੰਦੀ ਹੈ ਕਿ ਇਸ ਦੇ ਪ੍ਰਸਤਾਵਿਤ ਸਖ਼ਤ ਨਿਯਮਾਂ ਨੂੰ ਜਲਦ ਲਾਗੂ ਕਰਕੇ ਫੈਡਰਲ ਕੰਮ ਵਾਲੀਆਂ ਥਾਂਵਾਂ ਉੱਤੇ ਜਿਨਸੀ ਸ਼ੋਸ਼ਣ ਆਦਿ ਨੂੰ ਰੋਕਿਆ ਜਾਵੇ।
ਲੇਬਰ ਮੰਤਰੀ ਪੈਟੀ ਹਾਜਦੂ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਦੀ ਹਿਊਮਨ ਰਿਸੋਰਸਿਜ਼ ਕਮੇਟੀ ਸਾਹਮਣੇ ਪੇਸ਼ ਹੋਈ ਤੇ ਉਨ੍ਹਾਂ ਕੰਮ ਵਾਲੀਆਂ ਸੁਰੱਖਿਅਤ ਫੈਡਰਲ ਥਾਂਵਾਂ ਸਬੰਧੀ ਲਿਆਂਦੇ ਆਪਣੇ ਪ੍ਰਸਤਾਵਿਤ ਬਿੱਲ ਦੇ ਸਮਰਥਨ ਵਿੱਚ ਆਪਣਾ ਪੱਖ ਰੱਖਿਆ। ਉਨ੍ਹਾਂ ਆਖਿਆ ਕਿ ਬਿੱਲ ਸੀ-65 ਤਹਿਤ ਆਉਣ ਵਾਲੀਆਂ ਕਈ ਜੌਬਜ਼, ਜਿਨ੍ਹਾਂ ਵਿੱਚੋਂ ਕਈ ਪਾਰਲੀਆਮੈਂਟ ਹਿੱਲ ਨਾਲ ਸਬੰਧਤ ਹਨ, ਵਿੱਚ ਕੰਮ ਤੋਂ ਬਾਅਦ ਵਾਲੇ ਘੰਟਿਆਂ ਵਿੱਚ ਹੋਣ ਵਾਲੀਆਂ ਰਿਸੈਪਸ਼ਨਜ਼, ਲੰਚ, ਈਮੇਲ ਤੇ ਸੋਸ਼ਲ ਮੀਡੀਆ ਵਟਾਂਦਰਾ ਆਦਿ ਸ਼ਾਮਲ ਹੈ ਤੇ ਇੱਥੇ ਹੀ ਗਲਤ ਵਿਵਹਾਰ ਨੂੰ ਰੋਕਣ ਸਬੰਧੀ ਮਾਪਦੰਡ ਤੇ ਨੀਤੀਆਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਹਾਜਦੂ ਨੇ ਆਖਿਆ ਕਿ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ, ਜੇ ਕਿਸੇ ਨੂੰ ਜਿਨਸੀ ਸ਼ੋਸ਼ਣ ਆਦਿ ਸਬੰਧੀ ਪਰੇਸ਼ਾਨੀ ਹੈ, ਪੰਜ ਵਜੇ ਹੀ ਖ਼ਤਮ ਨਹੀਂ ਹੋ ਜਾਂਦੀ। ਉਨ੍ਹਾਂ ਆਖਿਆ ਕਿ ਇਹ ਤਾਂ ਕੁਲੀਗਜ਼ ਜਾਂ ਇੰਪਲਾਇਰ ਤੇ ਇੰਪਲਾਈਜ਼ ਵਿਚਲੇ ਵਿਵਹਾਰ ਨਾਲ ਸਬੰਧਤ ਹੈ ਕਿਉਂਕਿ ਅਜਿਹਾ ਸਾਰਾ ਕੁੱਝ ਅਸੁਰੱਖਿਅਤ ਕੰਮ ਵਾਲੀਆਂ ਥਾਂਵਾਂ ਉੱਤੇ ਵਾਪਰਦਾ ਹੈ। ਜੇ ਕੋਈ ਰਾਤ ਸਮੇਂ ਤੁਹਾਨੂੰ ਦਾਰੂ ਦੇ ਨਸ਼ੇ ਵਿੱਚ ਮੈਸੇਜ ਭੇਜਦਾ ਹੈ ਤਾਂ ਤੁਸੀਂ ਅਗਲੇ ਦਿਨ ਸਵੇਰੇ ਕੰਮ ਵਾਲੀ ਥਾਂ ਉੱਤੇ ਜਾ ਕੇ ਬਿਲਕੁਲ ਨਾਰਮਲ ਢੰਗ ਨਾਲ ਕੰਮ ਕਿਵੇਂ ਸ਼ੁਰੂ ਕਰ ਸਕਦੇ ਹੋਂ।
ਹਾਜਦੂ ਨੇ ਆਖਿਆ ਕਿ ਪਰੇਸ਼ਾਨ ਕੀਤੇ ਜਾਣ ਦੀ ਪਰਿਭਾਸ਼ਾ ਨੂੰ ਜੇ ਕਾਨੂੰਨ ਦੀ ਥਾਂ ਉੱਤੇ ਨਿਯਮਾਂ ਤੱਕ ਹੀ ਸੀਮਤ ਕੀਤਾ ਜਾਵੇ ਤਾਂ ਇਸ ਤਰ੍ਹਾਂ ਦੇ ਮਸਲਿਆਂ ਦਾ ਹੱਲ ਤੇਜ਼ੀ ਨਾਲ ਕੀਤਾ ਜਾਣਾ ਸੰਭਵ ਹੋ ਸਕੇਗਾ। ਇਸ ਲਈ ਉਨ੍ਹਾਂ ਸਾਈਬਰ ਬੁਲਿੰਗ ਦੀ ਉਦਾਹਰਨ ਵੀ ਦਿੱਤੀ। ਇਹ ਬਿੱਲ ਪਿਛਲੇ ਸਾਲ ਦੇ ਅੰਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਇਸ ਤਹਿਤ ਕੰਮ ਵਾਲੀ ਥਾਂ ਉੱਤੇ ਹੋਣ ਵਾਲੀ ਧੱਕੇਸ਼ਾਹੀ, ਪਰੇਸ਼ਾਨੀ ਤੇ ਜਿਨਸੀ ਛੇੜਛਾੜ ਨਾਲ ਬਿਹਤਰ ਢੰਗ ਨਾਲ ਨਜਿੱਠੇ ਜਾਣ ਲਈ ਕਾਮਿਆਂ ਤੇ ਇੰਪਲਾਇਰਜ਼ ਵਾਸਤੇ ਕਾਰਵਾਈ ਕਰਨ ਦੇ ਸਪਸ਼ਟ ਢੰਗ ਤਰੀਕੇ ਦੱਸੇ ਗਏ ਹਨ।
ਪ੍ਰਸਤਾਵਿਤ ਤਬਦੀਲੀਆਂ ਤੇ ਨਵੇਂ ਨਿਯਮਾਂ ਨਾਲ ਪਹਿਲੀ ਵਾਰੀ ਪਾਰਲੀਆਮੈਂਟਰੀ ਸਟਾਫ ਵੀ ਕੈਨੇਡਾ ਦੇ ਲੇਬਰ ਕੋਡ ਤਹਿਤ ਆ ਜਾਵੇਗਾ। ਹਾਜਦੂ ਨੇ ਇਹ ਵੀ ਦੱਸਿਆ ਕਿ ਡਿਪਾਰਟਮੈਂਟ ਕੋਲ ਇਸ ਸਮੇਂ 453 ਜਾਂਚਕਾਰ ਹਨ ਤੇ ਉਨ੍ਹਾਂ ਨੂੰ ਹਰਾਸਮੈਂਟ ਦੇ ਸਬੰਧ ਵਿੱਚ ਟਰੇਨਿੰਗ ਦਿੱਤੀ ਜਾ ਰਹੀ ਹੈ ਤੇ ਉਹ ਵਾਧੂ ਕੰਮ ਦੇ ਬੋਝ ਨੂੰ ਜਰ ਲੈਣਗੇ। ਹਾਜਦੂ ਨੇ ਆਖਿਆ ਕਿ ਉਹ ਚਾਹੁੰਦੀ ਹੈ ਕਿ ਇਹ ਬਿੱਲ ਜੂਨ ਤੱਕ ਕਾਨੂੰਨ ਦੇ ਰੂਪ ਵਿੱਚ ਲਾਗੂ ਹੋ ਜਾਵੇ।