ਜਿਉਗ੍ਰਾਫਿਕ ਮੁਕਾਬਲੇ ਵਿੱਚ ਭਾਰਤੀ-ਅਮਰੀਕੀ ਵਿਦਿਆਰਥੀ ਟਾਪ ਉੱਤੇ ਰਿਹਾ

national geographic b contest
ਵਾਸ਼ਿੰਗਟਨ, 18 ਮਈ (ਪੋਸਟ ਬਿਊਰੋ)- ਭਾਰਤੀ-ਅਮਰੀਕੀ ਬੱਚਾ 14 ਸਾਲਾ ਪ੍ਰਣਯ ਵਰਾਡਾ ਇਸ ਵਾਰੀ ਨੈਸ਼ਨਲ ਜਿਓਗ੍ਰਾਫਿਕ ਬੀ ਮੁਕਾਬਲੇ ਦਾ ਜੇਤੂ ਬਣਿਆ ਹੈ। ਇਸ ਭਾਈਚਾਰੇ ਦੇ ਵਿਦਿਆਰਥੀਆਂ ਦਾ ਮੁਕਾਬਲੇ ਵਿਚ ਦਬਦਬਾ ਕਾਇਮ ਰੱਖਦੇ ਹੋਏ ਵਰਾਡਾ ਨੇ 50,000 ਅਮਰੀਕੀ ਡਾਲਰ ਦਾ ਇਨਾਮ ਜਿੱਤਿਆ ਹੈ। ਵਰਾਡਾ ਨੇ ਇਸ ਮੁਕਾਬਲੇ ਨੂੰ ਜਿੱਤਣ ਦੇ ਤੁਰੰਤ ਬਾਅਦ ਦੱਸਿਆ ਕਿ ਉਹ ਜਿੱਤਣ ਬਾਰੇ ਪੂਰੀ ਤਰ੍ਹਾਂ ਆਸਵੰਦ ਸਨ।
ਟੈਕਸਾਸ ਵਿੱਚ ਰਹਿਣ ਵਾਲਾ ਪ੍ਰਣਯ ਵਰਾਡਾ ਨਾਂਅ ਦਾ ਭਾਰਤੀ ਮੂਲ ਦੇ ਪਰਵਾਰ ਦਾ ਇਹ ਬੱਚਾ ਓਥੇ 8ਵੀਂ ਜਮਾਤ ਵਿੱਚ ਪੜ੍ਹਦਾ ਹੈ। ਉਸ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਏਦਾਂ ਕਰਦੇ ਰਹਿਣ ਪਿੱਛੋਂ ਮਿਲੀ ਜਿੱਤ ਤੋਂ ਸੰਤੁਸ਼ਟੀ ਮਹਿਸੂਸ ਹੋ ਰਹੀ ਹੈ। ਵਰਾਡਾ ਪਿਛਲੇ ਸਾਲ ਇਸ ਮੁਕਾਬਲੇ ਵਿਚ ਦੂਜੇ ਨੰਬਰ ਉੱਤੇ ਰਿਹਾ ਸੀ। ਉਨ੍ਹਾਂ ਨੇ ਇਸ ਵਾਰੀ ਇਕ ਸਵਾਲ ਦੇ ਜਵਾਬ ਵਿਚ ਕੁਨਲੁਨ ਪਹਾੜ ਦੀ ਪਛਾਣ ਕਰ ਕੇ ਇਹ ਮੁਕਾਬਲਾ ਜਿੱਤ ਲਿਆ। ਨਤੀਜੇ ਵਜੋਂ ਉਸ ਨੂੰ ਸਕਾਲਰਸ਼ਿਪ ਵਿੱਚ 50,000 ਅਮਰੀਕੀ ਡਾਲਰ ਅਤੇ ਹੋਰ ਇਨਾਮ ਮਿਲੇ। ਇਸ ਮੁਕਾਬਲੇ ਵਿਚ ਤੀਜੇ ਸਥਾਨ ਉੱਤੇ ਵੀ ਭਾਰਤੀ-ਅਮਰੀਕੀ ਬੱਚਾ ਵੇਦਾ ਭੱਟਾਰਮ ਜੇਤੂ ਰਿਹਾ। ਭੱਟਾਰਮ ਨੂੰ ਸਕਾਲਰਸ਼ਿਪ ਵਿੱਚ 10,000 ਅਮਰੀਕੀ ਡਾਲਰ ਮਿਲੇ। ਇਸ ਸਾਲ ਮੁਕਾਬਲੇ ਦੇ ਆਖਰੀ 10 ਵਿੱਚੋਂ ਬੱਚੇ 6 ਭਾਰਤੀ-ਅਮਰੀਕੀ ਹੀ ਸਨ। ਪਿਛਲੇ ਸਾਲ ਇਸ ਮੁਕਾਬਲੇ ਨੂੰ ਫਲੋਰਿਡਾ ਦੇ ਰਿਸ਼ੀ ਨਾਇਰ ਨੇ ਜਿੱਤਿਆ ਸੀ।