ਜਾਸੂਸੀ ਫਿਲਮਾਂ ਪਸੰਦ ਹਨ : ਅਭੈ ਦਿਓਲ

abhay deol
ਸੰਨ 2005 ਵਿੱਚ ਫਿਲਮ ‘ਸੋਚਾ ਨਾ ਥਾ’ ਨਾਲ ਅਭਿਨੈ ਕਰੀਅਰ ਸ਼ੁਰੂ ਕਰਨ ਵਾਲੇ ਅਭੈ ਦਿਓਲ ਨੇ ‘ਮਨੋਰਮਾ ਸਿਕਸ ਫੀਟ ਅੰਡਰ’ ਅਤੇ ‘ਜ਼ਿੰਦਗੀ ਮਿਲੇਗੀ ਨਾ ਦੋਬਾਰਾ’ ਵਰਗੀਆਂ ਫਿਲਮਾਂ ਵਿੱਚ ਆਪਣੇ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ, ਸਮੀਖਿਅਕਾਂ ‘ਤੇ ਇੱਕ ਵੱਖਰੀ ਛਾਪ ਛੱਡੀ ਸੀ। ‘ਓਏ ਲੱਕੀ ਲੱਕੀ ਓਏ’ ਅਤੇ ‘ਦੇਵ ਡੀ’ ਆਦਿ ਵੱਖਰੀ ਤਰ੍ਹਾਂ ਦੀਆਂ ਫਿਲਮਾਂ ਕਰ ਕੇ ਉਨ੍ਹਾਂ ਨੇ ਸਿੱਧ ਕਰ ਦਿੱਤਾ ਕਿ ਉਨ੍ਹਾਂ ਲਈ ਕਿਸੇ ਵੀ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਮੁਸ਼ਕਲ ਨਹੀਂ ਹੈ। ਪਿਛਲੀ ਵਾਰ ਫਿਲਮ ‘ਹੈਪੀ ਭਾਗ ਜਾਏਗੀ’ ਵਿੱਚ ਦਿਖਾਈ ਦਿੱਤੇ ਅਭੈ ਆਪਣੀ ਆਉਣ ਵਾਲੀ ਫਿਲਮ ‘ਜੇ ਐੱਲ 50’ ਵਿੱਚ ਇੱਕ ਜਾਸੂਸ ਦੇ ਕਿਰਦਾਰ ‘ਚ ਦਿਖਾਈ ਦੇਣਗੇ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਅੰਸ਼ :
* ਤੁਸੀਂ ਵੱਖ-ਵੱਖ ਜਾਨਰ ਦੀਆਂ ਫਿਲਮਾਂ ਲਈ ਪ੍ਰਸਿੱਧ ਹੋ? ਹੁਣ ਤੁਸੀਂ ਇੱਕ ‘ਸਾਇੰਸ ਫਿਕਸ਼ਨ’ ਫਿਲਮ ਕਰ ਰਹੇ ਹੋ?
– ਹਾਂ, ਬਿਲਕੁਲ। ਮੈਨੂੰ ਜਾਸੂਸੀ ਫਿਲਮਾਂ ਪਸੰਦ ਹਨ ਕਿਉਕਿ ਅਜੇ ਤੱਕ ਮੈਂ ਅਜਿਹੀ ਫਿਲਮ ਨਹੀਂ ਕੀਤੀ। ਅਜਿਹੀਆਂ ਫਿਲਮਾਂ ਬਹੁਤ ਘੱਟ ਲਿਖੀਆਂ ਜਾਂਦੀਆਂ ਹਨ ਕਿਉਂਕਿ ਇਨ੍ਹਾਂ ‘ਚ ਵੱਡੇ ਬਜਟ ਦੀ ਲੋੜ ਹੁੰਦੀ ਹੈ, ਪਰ ਇਸ ਦਾ ਅਰਥ ਇਹ ਵੀ ਨਹੀਂ ਕਿ ਚੰਗੇ ਵਿਸ਼ਾ-ਵਸਤੂ ਲਈ ਜ਼ਿਆਦਾ ਖਰਚਾ ਚਾਹੀਦਾ ਹੈ।
* ਤੁਹਾਡੀ ਫਿਲਮ ‘ਜੇ ਐੱਲ 50’ ਦਾ ਕੀ ਅਰਥ ਹੈ?
– ਇਹ ਇੱਕ ਪੈਸੰਜਰ ਏਅਰ ਕਰਾਫਟ ਦਾ ਨੰਬਰ ਹੈ। ਇਸ ਫਿਲਮ ਦੀ ਕਹਾਣੀ ਇਸੇ ਦੁਨੀਆ ਦੀ ਹੈ। ਇਸ ‘ਚ ਮੇਰਾ ਕਿਰਦਾਰ ਇੱਕ ਅਜਿਹੇ ਜਾਸੂਸ ਦਾ ਹੈ, ਜੋ ਸਪੇਸ ਅਤੇ ਟਾਈਮਜ਼ ਵਿੱਚ ਟਰੈਵਲ ਕਰਦਾ ਹੈ ਤਾਂ ਕਿ ਇੱਕ ਰਹੱਸ ਸੁਲਝਾ ਸਕੇ ਜਿਸ ਦਾ ਉਸ ਦੀ ਜ਼ਿੰਦਗੀ ‘ਤੇ ਗਹਿਰਾ ਅਸਰ ਪੈਂਦਾ ਹੈ। ਇਹ ਫਿਲਮ ਅਸਲੀ ਜ਼ਿੰਦਗੀ ‘ਤੇ ਆਧਾਰਤ ਹੈ।
* ਤੁਸੀਂ ਵਾਤਾਵਰਣ ਪ੍ਰੇਮੀ ਹੋ, ਕੀ ਇਸ ਫਿਲਮ ਦੇ ਮਾਧਿਅਮ ਨਾਲ ਕੋਈ ਸੰਦੇਸ਼ ਦੇਣਾ ਚਾਹੋਗੇ?
– ਜ਼ਰੂਰੀ ਨਹੀਂ ਕਿ ਹਰ ਫਿਲਮ ਵਿੱਚ ਕੋਈ ਸੰਦੇਸ਼ ਹੋਵੇ। ਕਿਸੇ ਵਿੱਚ ਹੁੰਦਾ ਹੈ ਕਿਸੇ ਵਿੱਚ ਨਹੀਂ। ਇਸ ਫਿਲਮ ਦਾ ਨਿਰਮਾਣ ਕਿਸੇ ਸੰਦੇਸ਼ ਨੂੰ ਦਿਮਾਗ ਵਿੱਚ ਰੱਖ ਕੇ ਨਹੀਂ ਕੀਤਾ ਗਿਆ, ਪਰ ਮੈਨੂੰ ਯਕੀਨ ਹੈ ਕਿ ਜੋ ਵੀ ਉਸ ਨੂੰ ਦੇਖੇਗਾ, ਉਸ ਨੂੰ ਨਿੱਜੀ ਤੌਰ ‘ਤੇ ਇੱਕ ਸੰਦੇਸ਼ ਮਿਲੇਗਾ।
* ਤੁਹਾਡੀ ਮਨਪਸੰਦ ਸਾਇੰਸ ਫਿਕਸ਼ਨ ਫਿਲਮ ਕਿਹੜੀ ਹੈ?
– ਕਈ ਹਨ, ‘ਬਲੇਡ ਰਨਰ’, ‘ਸਟਾਰ ਵਾਰਸ’, ‘2001 : ਏ ਸਪੇਸ ਓਡਿਸੀ’। ਇਨ੍ਹਾਂ ਨੂੰ ਦੇਖ ਕੇ ਮੈਂ ਵੱਡਾ ਹੋਇਆ ਹਾਂ। ‘ਹਾਸ ਸੋਲੋ, ਰਿਕ ਡੇਕਾਰਡ ਅਤੇ ਮਾਰਟੀ ਮੈਕਫਲਾਈ ਵਰਗੇ ਬਹੁਤ ਸ਼ਾਨਦਾਰ ਕਿਰਦਾਰ ਇਨ੍ਹਾਂ ਫਿਲਮਾਂ ‘ਚ ਹਨ।
* ਕੀ ਤੁਸੀਂ ਕਿਸੇ ਭਾਰਤੀ ਸਾਇੰਸ ਫਿਕਸ਼ਨ ਫਿਲਮ ਦਾ ਨਾਂਅ ਲੈ ਸਕਦੇ ਹੋ, ਜੋ ਸਿਨੇਮਾ ਨੂੰ ਉਚਾਈ ‘ਤੇ ਲੈ ਗਈ ਹੋਵੇ?
– ਹਿੰਦੀ ਵਿੱਚ ਤਾਂ ਨਹੀਂ, ਪਰ ‘ਬਾਹੂਬਲੀ’ ਮੇਰੇ ਵਿਚਾਰ ‘ਚ ਅਜਿਹੀ ਫਿਲਮ ਹੈ, ਜੋ ਭਾਰਤੀ ਸਿਨੇਮਾ ਨੂੰ ਵੱਖਰੇ ਸਿਖਰ ‘ਤੇ ਲੈ ਗਈ ਹੈ। ਕਲਾਸੀਕਲ ਫਿਲਮਾਂ ‘ਚ ‘ਮਿਸਟਰ ਇੰਡੀਆ’ ਵੀ ਮੀਲ ਪੱਥਰ ਹੈ। ਮੈਨੂੰ ਆਸ ਹੈ ਕਿ ਆਧੁਨਿਕ ਫਿਲਮਕਾਰ ਆਪਣੀਆਂ ਫਿਲਮਾਂ ‘ਚ ਵਧੀਆ ਵਿਜ਼ੁਅਲ ਇਫੈਕਟਸ ਦਾ ਇਸਤੇਮਾਲ ਕਰਨਗੇ।
* ਇਸ ਫਿਲਮ ਵਿੱਚ ਕੀ ਕੋਈ ਹਾਲੀਵੁੱਡ ਟੈਕਨੀਸ਼ੀਅਨ ਵੀ ਸ਼ਾਮਲ ਹੈ? ਇਸ ਦੀ ਸ਼ੂਟਿੰਗ ਕਿੱਥੇ ਹੋ ਰਹੀ ਹੈ? ਕੀ ਇਹ ਸੁਪਰ ਹੀਰੋ ਵਾਲੀ ਫਿਲਮ ਹੈ?
– ਫਿਲਹਾਲ ਅਸੀਂ ਕੋਲਕਾਤਾ ਵਿੱਚ ਸ਼ੂਟਿੰਗ ਕਰ ਰਹੇ ਹਾਂ। ਇਹ ਇੱਕ ਕੈਨੇਡੀਅਨ ਪ੍ਰੋਡਕਸ਼ਨ ਹੈ। ਇਸ ਵਿੱਚ ਕੈਨੇਡਾ ਦਾ ਕਰੂਅ ਹੈ ਜਿਸ ‘ਚ ਫਿਲਮ ਦੇ ਨਿਰਦੇਸ਼ਕ ਅਤੇ ਡਾਇਰੈਕਟਰ ਆਫ ਫੋਟੋਗਰਾਫੀ ਵੀ ਸ਼ਾਮਲ ਹਨ ਅਤੇ ਇਹ ਸੁਪਰਹੀਰੋ ਫਿਲਮ ਨਹੀਂ ਹੈ ਸਗੋਂ ਅਸਲੀ ਜ਼ਿੰਦਗੀ ‘ਤੇ ਆਧਾਰਤ ਹੈ। ਉਂਝ ਇਸ ਫਿਲਮ ਵਿੱਚ ਮੈਂ ਸੀ ਬੀ ਆਈ ਦਾ ਜਾਸੂਸ ਬਣਿਆ ਹਾਂ ਜਿਸ ਦੇ ਜੀਵਨ ਨੂੰ ਇੱਕ ਕੇਸ ਬਦਲ ਕੇ ਰੱਖ ਦਿੰਦਾ ਹੈ।