ਜਾਰੀ ਹੈ ਇਤਿਹਾਸ ਬਦਲਣ ਦੀ ਯੋਜਨਾ

-ਡਾਕਟਰ ਵਿਦਵਾਨ ਸਿੰਘ ਸੋਨੀ
ਵੈੱਬ ਅਖਬਾਰ ‘ਦਿ ਵਾਇਰ’ ਦੇ ਇੱਕ ਰੀਵਿਊ ਵਿੱਚ ਲਿਖਿਆ ਗਿਆ ਹੈ ਭਾਰਤ ਦਾ ਇਤਿਹਾਸ ਮੁੜ ਲਿਖਣ ਦੀ ਕਾਹਲੀ ਵਿੱਚ ਕਿ ਮੋਦੀ ਸਰਕਾਰ ਨੇ ਇੱਕ ਕਮੇਟੀ ਬਣਾਈ ਹੈ। ਜਨਵਰੀ 2017 ਦੇ ਪਹਿਲੇ ਹਫਤੇ ਨਵੀਂ ਦਿੱਲੀ ਵਿੱਚ ਇੱਕ ਇਮਾਰਤ ਵਿੱਚ ਜੁੜੇ ਰਾਸ਼ਟਰਵਾਦੀ ਵਿਚਾਰਧਾਰਾ ਦੇ 14 ਵਿਦਵਾਨਾਂ ਨਾਲ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਮਹੇਸ਼ ਸ਼ਰਮਾ ਨੇ ਹਰ ਪੁਰਾਤਨ ਮਹਾਂਕਾਵਿ ਨੂੰ ਇਤਿਹਾਸਕ ਲਿਖਤ ਦੱਸ ਕੇ ਦਾਅਵਾ ਕੀਤਾ ਕਿ ਜੋ ਲੋਕ ਇਨ੍ਹਾਂ ਨੂੰ ਕੇਵਲ ਕਥਾਵਾਂ ਸਮਝਦੇ ਹਨ, ਉਹ ਬਿਲਕੁਲ ਗਲਤ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਮੇਟੀ ਦਾ ਗਠਨ ਕੀਤਾ ਸੀ। ਉਸ ਕਮੇਟੀ ਦਾ ਸੰਖੇਪ ਕਾਰਜ-ਵੇਰਵਾ ਤੇ ਕੁਝ ਮੈਂਬਰਾਂ ਦੇ ਵਿਚਾਰ ਖਬਰ ਏਜੰਸੀ ਨੇ ਛਾਣਬੀਣ ਕਰ ਕੇ ਪ੍ਰਕਾਸ਼ਿਤ ਕੀਤੇ ਹਨ। ਕਮੇਟੀ ਮੈਂਬਰਾਂ ਦੀ ਡਿਊਟੀ ਲਾਈ ਗਈ ਹੈ ਕਿ ਉਹ ਪੁਰਾਤੱਤਵੀ ਖੋਜ ‘ਚੋਂ ਅਜਿਹਾ ਸੁਰਾਗ ਕੱਢਣ, ਜੋ ਇਹ ਸਿੱਧ ਕਰਨ ਕਿ ਹਿੰਦੂ ਇਸ ਧਰਤੀ ਦੇ ਹਜ਼ਾਰਾਂ ਸਾਲ ਪਹਿਲਾਂ ਦੇ ਬਾਸ਼ਿੰਦਿਆਂ ਦੀ ਸੰਤਾਨ ਹਨ। ਇਹ ਵੀ ਸਿੱਧ ਕੀਤਾ ਜਾਵੇ ਕਿ ਪੁਰਾਣੇ ਗ੍ਰੰਥ ਮਿਥਿਹਾਸ ਨਹੀਂ ਹਨ। ਇਸ ਤੱਥ ਨੂੰ ਚੁਣੌਤੀ ਦਿੱਤੀ ਜਾਵੇ ਕਿ ਭਾਰਤ ਕਈ ਸਭਿਅਤਾਵਾਂ ਦਾ ਸੁਮੇਲ ਹੈ। ਇਹ ਸਾਰੀ ਬਹਿਸ ਸ਼ੁਰੂ ਕਰਨ ਪਿੱਛੇ ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦਾ ਹੱਥ ਹੈ।
ਸੱਜੇ ਪੱਖੀ ਹਿੰਦੂ ਸਿਆਸਤਦਾਨ ਹਿੰਦੂਆਂ ਦੀ ਸਭਿਅਕ ਉਤਮਤਾ ਦੀ ਕਾਢ ਕੱਢਣਾ ਚਾਹੁੰਦੇ ਹਨ। ਸਭਿਆਚਾਰ ਬਾਰੇ ਮੰਤਰੀ 14 ਮੈਂਬਰੀ ਕਮੇਟੀ ਦੀ ਅੰਤਿਮ ਰਿਪੋਰਟ ਪਾਰਲੀਮੈਂਟ ਵਿੱਚ ਪੇਸ਼ ਕਰ ਕੇ ਮਾਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਰਾਹੀਂ ਸਕੂਲੀ ਪਾਠ ਪੁਸਤਕਾਂ ਵਿੱਚ ਸੋਧ ਕਰਵਾਏਗਾ। ਕਮੇਟੀ ਦੇ ਚੇਅਰਮੈਨ ਕੇ ਐਨ ਦੀਕਸ਼ਿਤ ਮੁਤਾਬਕ ਹਿੰਦੂ ਗ੍ਰੰਥਾਂ ਵਿਚਲੀਆਂ ਕਥਾਵਾਂ ਨੂੰ ਅਸਲੀਅਤ ਮੰਨ ਕੇ ਇਹ ਸਥਾਪਤ ਕੀਤਾ ਜਾਵੇਗਾ ਕਿ ਭਾਰਤੀ ਸਭਿਅਤਾ ਹਜ਼ਾਰਾਂ ਸਾਲ ਪੁਰਾਣੀ ਹੈ। ਗ੍ਰੰਥਾਂ ਵਿੱਚ ਲਿਖੀਆਂ ਘਟਨਾਵਾਂ ਹਕੀਕਤ ਹਨ ਅਤੇ ਅਸੀਂ ਸਾਰੇ ਉਨ੍ਹਾਂ ਸਮਿਆਂ ਤੋਂ ਸਿੱਧੇ ਉਤਰੇ ਹਾਂ। ਮਿੱਥਿਕ ਦਰਿਆ ਸਰਸਵਤੀ ਦੀ ਅਸਲੀਅਤ ਖੋਜਣਾ ਸਾਡੇ ਲਈ ਬੜਾ ਮਹੱਤਵ ਪੂਰਨ ਹੈ। ਉਹ ਉਨ੍ਹਾਂ ਥਾਵਾਂ ‘ਤੇ ਖੁਦਾਈ ਕਰ ਕੇ ਰਾਮਾਇਣ ਤੇ ਮਹਾਭਾਰਤ ਦੇ ਅਵਸ਼ੇਸ਼ ਖੋਜਣਗੇ (ਜੋ ਸ਼ਾਇਦ ਘੜ ਲਏ ਜਾਣਗੇ?)।
ਮੰਤਰੀ ਮਹੇਸ਼ ਸ਼ਰਮਾ ਨੇ ਪ੍ਰਧਾਨ ਮੰਤਰੀ ਉੱਤੇ ਇਸ ਕਮੇਟੀ ਲਈ ਦਬਾਅ ਪਾਇਆ ਸੀ। ਅੰਦਰਖਾਤੇ ਇਸ ਦਾ ਉਦੇਸ਼ ਮੋਦੀ ਦੀ ਵਿਚਾਰਧਾਰਾ ਉਤਸ਼ਾਹਤ ਕਰਨਾ ਹੈ। ਸਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਦਾ ਸਾਲਾਨਾ ਬਜਟ 2500 ਕਰੋੜ ਰੁਪਏ ਹੈ। ਪਤਾ ਨਹੀਂ ਇਸ ਗੈਰ ਵਿਗਿਆਨਕ ਕੰਮ ਉਤੇ ਮੋਦੀ ਸਰਕਾਰ ਕਿੰਨਾ ਪੈਸਾ ਖਰਾਬ ਕਰੇਗੀ?
ਭਾਵੇਂ ਕਰੋੜਾਂ ਲੋਕਾਂ ਦੀ ਸ੍ਰੀ ਰਾਮ ਅਤੇ ਰਾਮਾਇਣ ਵਿੱਚ ਅਟੁੱਟ ਆਸਥਾ ਅਤੇ ਵਿਸ਼ਵਾਸ ਹੈ ਅਤੇ ਅਜਿਹੀ ਆਸਥਾ ਦਾ ਕੋਈ ਵਿਰੋਧ ਵੀ ਨਹੀਂ, ਫਿਰ ਵੀ ਇਤਿਹਾਸ ਤੇ ਮਿਥਿਹਾਸ ਅੱਡ-ਅੱਡ ਖੇਤਰ ਹਨ। ਇਤਿਹਾਸ ਪ੍ਰਤੀ ਬਾਹਰਮੁਖੀ ਵਿਗਿਆਨਕ ਪਹੁੰਚ ਹੋਣੀ ਚਾਹੀਦੀ ਹੈ। ਭਗਵਾਨ ਰਾਮ ਦਾ ਜਨਮ ਸਾਢੇ ਸੱਤ ਹਜ਼ਾਰ ਸਾਲ ਪਹਿਲਾਂ ਕਿਹਾ ਜਾ ਰਿਹਾ ਹੈ ਤੇ ਕਈਆਂ ਵੱਲੋਂ ਸਾਢੇ ਨੌਂ ਹਜ਼ਾਰ ਸਾਲ ਪਹਿਲਾਂ ਵੀ। ਉਦੋਂ ਹੀ ਰਾਮਾਇਣ ਨਾਲ ਸੰਬੰਧਤ ਘਟਨਾਵਾਂ ਹੋਈਆਂ ਚਾਹੀਦੀਆਂ ਹਨ। ਰਾਮਾਇਣ ਕਾਲ ਵਿੱਚ ਲੋਹੇ ਦੇ ਹਥਿਆਰ, ਰੱਥ, ਘੋੜੇ ਵਗੈਰਾ ਦਿਖਾਏ ਜਾਂਦੇ ਹਨ। ਅਸਲੀਅਤ ਇਹ ਹੈ ਕਿ ਉਸ ਸਮੇਂ ਅਜਿਹਾ ਕੁਝ ਵੀ ਨਹੀਂ ਸੀ, ਕਿਉਂਕਿ ਉਦੋਂ ਸਾਰੀ ਧਰਤੀ ‘ਤੇ ਪੱਥਰ-ਯੁੱਗ ਸੀ। ਕਈ ਲੋਕ ਇਹ ਘਟਨਾਵਾਂ 500 ਸਾਲ ਤੋਂ 100 ਸਾਲ ਈਸਾ ਤੋਂ ਪਹਿਲਾਂ ਦੀਆਂ ਮੰਨਦੇ ਹਨ। ਭਗਵਾਨ ਵਾਲਮੀਕ ਨੂੰ ਭਗਵਾਨ ਰਾਮ ਦਾ ਸਮਕਾਲੀ ਮੰਨਿਆ ਜਾਂਦਾ ਹੈ। ਵਾਲਮੀਕੀ ਰਮਾਇਣ ਦੇ ਪਹਿਲੇ ਰੂਪ ਵਿੱਚ ਰਾਮ ਨੂੰ ਆਦਰਸ਼ ਮਹਾਨ ਵਿਅਕਤੀ ਦਰਸਾਇਆ ਗਿਆ ਸੀ, ਪਰ ਬਾਅਦ ਵਿੱਚ ਬ੍ਰਾਹਮਣਵਾਦ ਨੇ ਹੌਲੀ ਹੌਲੀ ਇਸ ਗ੍ਰੰਥ ਦਾ ਰੂਪ ਬਦਲ ਦਿੱਤਾ। ਰਾਮਾਇਣ ਦੇ ਕਈ ਥਾਵਾਂ ‘ਤੇ ਕਈ ਰੂਪ ਬਦਲ ਕੇ ਲਿਖੇ ਗਏ। ਤੁਲਸੀਦਾਸ ਨੇ ਸੋਲ੍ਹਵੀਂ ਸਦੀ ਵਿੱਚ ਨਵੀਂ ਰਾਮਾਇਣ ਰਚ ਦਿੱਤੀ। ਸੰਸਕ੍ਰਿਤ ਵਿਦਵਾਨ ਔਰਬਿੰਦੋ ਘੋਸ਼ ਭਗਵਾਨ ਵਾਲਮੀਕੀ ਨੂੰ ਈਸਾ ਤੋਂ 100 ਕੁ ਸਾਲ ਪਹਿਲਾਂ ਹੋਇਆ ਮੰਨਦੇ ਹਨ ਅਤੇ ਉਹ ਤੁਲਸੀਦਾਸ ਨੂੰ ਭਗਵਾਨ ਵਾਲਮੀਕੀ ਤੋਂ ਵੱਡਾ ਨਹੀਂ ਸੀ ਮੰਨਦੇ। ਇਹ ਤਾਂ ਆਸਥਾ ਦੀ ਗੱਲ ਹੈ, ਜੋ ਭਾਰਤੀਆਂ ਦੇ ਮਨਾਂ ‘ਚ ਪੱਕੀ ਹੋ ਚੁੱਕੀ ਹੈ, ਪਰ ਪੁਰਾਤੱਤਵ ਵਿਗਿਆਨ ਵਿੱਚ ਕੋਈ ਸਬੂਤ ਨਾ ਮਿਲਣ ਕਰ ਕੇ ਵਿਗਿਆਨਕ ਸੋਚ ਵਾਲੇ ਇਤਿਹਾਸਕਾਰ ਰਾਮਾਇਣ ਦੀਆਂ ਘਟਨਾਵਾਂ ਨੂੰ ਇਤਿਹਾਸਕ ਨਹੀਂ ਮੰਨਦੇ। ਇਸ ਮਹਾਂਕਾਵਿ ਦੇ ਵੀ ਕਈ ਰੂਪ ਹਨ। ਸੰਭਵ ਹੈ ਕਿ ਰਾਮਾਇਣ ਦੀ ਕਥਾ ਨਾਲ ਮਿਲਦੇ ਜੁਲਦੇ ਪਾਤਰ ਹੋਏ ਹੋਣ, ਪਰ ਬਹੁਤ ਫੈਲਾ ਕੇ ਲਿਖੀਆਂ ਕਥਾਵਾਂ ਨਾਲੋਂ ਸੱਚ ਦੀ ਵਿਗਿਆਨਕ ਖੋਜ ਹੋਣੀ ਚਾਹੀਦੀ ਹੈ। ਕੁਝ ਪੁਰਾਤੱਤਵੀ ਸਬੂਤਾਂ ਕਾਰਨ ਔਰਬਿੰਦੋ ਘੋਸ਼ ਤੇ ਹੋਰ ਇਤਿਹਾਸਕਾਰਾਂ ਦਾ ਅੰਦਾਜ਼ਾ ਸਹੀ ਹੈ ਕਿ ਰਾਮਾਇਣ ਵਰਗੇ ਕਿਸੇ ਘਟਨਾਕ੍ਰਮ ਦਾ ਵਾਪਰਨਾ (ਜੋ ਕੁਝ ਅਜਿਹਾ ਹੋਇਆ ਹੈ ਤਾਂ) ਆਰੀਆਂ ਦੇ ਭਾਰਤ ਵਿੱਚ ਆਉਣ ਤੋਂ ਬਹੁਤ ਬਾਅਦ ਵਿੱਚ ਵਾਪਰਿਆ ਹੋਵੇਗਾ, ਜਦੋਂ ਲੋਹੇ ਦੇ ਹਥਿਆਰ, ਰੱਥ ਘੋੜੇ ਆਦਿ ਮੌਜੂਦ ਸਨ। ਅਜਿਹੀ ਘਟਨਾ ਨੂੰ ਸਾਢੇ ਸੱਤ ਹਜ਼ਾਰ ਸਾਲ ਪੁਰਾਣੀ ਵਾਪਰੀ ਦੱਸਣਾ, ਜਦੋਂ ਪੱਥਰ ਯੁੱਗ ਹੀ ਸੀ, ਗਲਤ ਹੈ।
ਇਤਿਹਾਸ ਪੁਨਰ-ਲਿਖਣ ਕਮੇਟੀ ਵਿੱਚ ਸ਼ਾਮਲ ਮੈਂਬਰ ਇਸ ਗੱਲੋਂ ਪੱਕੇ ਹਨ ਕਿ ਆਰੀਆ ਬਾਹਰੋਂ ਨਹੀਂ ਆਏ, ਸਗੋਂ ਹੜੱਪਾ ਸਭਿਅਤਾ ਦੇ ਹੀ ਬਾਸ਼ਿੰਦੇ ਆਰੀਆ ਬਣ ਗਏ। ਜੇ ਹੜੱਪਨ ਲੋਕ ਹੀ ਆਰੀਆ ਹੁੰਦੇ ਤਾਂ ਘੱਟੋ ਘੱਟ ਉਨ੍ਹਾਂ ਦੀ ਵਿਸ਼ੇਸ਼ ਲਿੱਪੀ ਤੇ ਮਹੱਤਵ ਪੂਰਨ ਥਾਵਾਂ ਦਾ ਜ਼ਿਕਰ ਕਿਸੇ ਪੁਰਾਤਨ ਹਿੰਦੂ ਗ੍ਰੰਥ ਵਿੱਚ ਜ਼ਰੂਰ ਹੁੰਦਾ, ਜੋ ਕਿਧਰੇ ਨਹੀਂ ਹੈ। ਅਸਲੀਅਤ ਇਹ ਹੈ ਕਿ ਜਦੋਂ ਹੜੱਪਨ ਉਨਤ ਅਵਸਥਾ ਵਿੱਚ ਪੁੱਜ ਗਏ ਸਨ, ਉਹ ਕੋਈ ਅਗਿਆਤ ਭਾਸ਼ਾ ਬੋਲਦੇ ਸਨ। ਉਨ੍ਹਾਂ ਦੀ ਬਣਾਈ ਗਈ ਆਪਣੀ ਲਿੱਪੀ ਅਜੇ ਤੱਕ ਪੜ੍ਹੀ ਨਹੀਂ ਜਾ ਸਕੀ। ਉਸ ਲਿੱਪੀ ਦਾ ਜ਼ਿਕਰ ਵੀ ਕਿਸੇ ਬਾਅਦ ਵਿੱਚ ਰਚੇ ਗ੍ਰੰਥ ਵਿੱਚ ਨਹੀਂ। ਹੜੱਪਨ ਸਭਿਅਤਾ ਦੇ ਛੇਕੜਲੇ ਪੜਾਅ ਸਮੇਂ ਲੰਬੇ ਕਾਲ ਪੈ ਗਏ ਅਤੇ ਹੜੱਪਨ ਉਜੜ-ਪੁੱਜੜ ਕੇ ਪਾਣੀ ਦੀ ਭਾਲ ਵਿੱਚ ਏਧਰ ਓਧਰ ਖਿੰਡ ਗਏ। ਉਨ੍ਹਾਂ ਦੇ ਬਹੁਤੇ ਕਾਫਲੇ ਉੱਤਰ ਤੇ ਉੱਤਰ-ਪੂਰਬ ਵੱਲ ਗਏ। ਬਹੁਤਿਆਂ ਨੇ ਸ਼ਿਵਾਲਿਕ ਪਹਾੜੀਆਂ ਜਾ ਸ਼ਰਨ ਲਈ। ਉਹ ਆਪਣੀ ਲਿੱਪੀ ਤਾਂ ਗੁਆ ਬੈਠੇ, ਪਰ ਦੂਰ ਦੁਰਾਡੇ ਦਾ ਵਪਾਰ ਖਤਮ ਹੋਣ ਕਰ ਕੇ ਉਨ੍ਹਾਂ ਦਾ ਮੈਟੀਰੀਅਲ ਕਲਚਰ ਵੀ ਨਿੱਘਰ ਗਿਆ। ਉਹ ਲੋਕ ਨਿਰਾਸ਼ ਹੋ ਕੇ ਪੱਥਰ ਦੇ ਸੰਦ ਵਰਤਣ ਲੱਗ ਪਏ, ਜਿਨ੍ਹਾਂ ਦੇ ਸਬੂਤ ਸ਼ਿਵਾਲਕ ਪਹਾੜੀਆਂ ਵਿੱਚੋਂ ਕੋਈ ਤਿੰਨ ਦਰਜਨ ਥਾਵਾਂ ਤੋਂ ਮਿਲ ਚੁੱਕੇ ਹਨ।
ਸੋਚਣਾ ਬਣਦਾ ਹੈ ਕਿ ਇੰਨੇ ਨਿੱਘਰ ਚੁੱਕੇ ਹੜੱਪਨ, ਘੋੜਿਆਂ ਰੱਥਾਂ ਵਾਲੇ ਉਹ ਲੜਾਕੂ ਕਿਵੇਂ ਬਣ ਗਏ, ਜੋ ਕਥਿਤ ਰਾਸ਼ਟਰਵਾਦੀ ਉਨ੍ਹਾਂ ਨੂੰ ਸਿੱਧ ਕਰਨਾ ਚਾਹੁੰਦੇ ਹਨ? ਦਰਅਸਲ ਹੋਇਆ ਇਹ ਕਿ ਜਦੋਂ ਆਰੀਅਨ ਮੱਧ ਏਸ਼ੀਆ ਵਿੱਚੋਂ ਭਾਰਤੀ ਉਪ ਮਹਾਂਦੀਪ ਵਿੱਚ ਦਾਖਲ ਹੋਏ, ਉਨ੍ਹਾਂ ਨੇ ਨਿਘਾਰ ਅਵਸਥਾ ਵਿੱਚ ਆ ਚੁੱਕੇ ਹੜੱਪਨਾਂ ਨੂੰ ਬਿਨਾਂ ਵਿਰੋਧ ਆਪਣੇ ਅਧੀਨ ਕਰ ਲਿਆ। ਉਨ੍ਹਾਂ ਨੂੰ ਗੁਲਾਮ ਬਣਾ ਲਿਆ ਜਾਂ ਕਹਿ ਲਓ ਕਿ ਪਛੜਿਆ ਵਰਗ ਬਣਨ ਵੱਲ ਸੇਧਿਤ ਕਰ ਦਿੱਤਾ। ਕੋਈ ਕਿਧਰੇ ਮਾੜੀਆਂ ਮੋਟੀਆਂ ਲੜਾਈਆਂ ਹੋਈਆਂ ਹੋਣਗੀਆਂ, ਪਰ ਉਨ੍ਹਾਂ ਦਾ ਪੱਕਾ ਪੁਰਾਤੱਤਵੀ ਸਬੂਤ ਨਹੀਂ ਮਿਲਦਾ। ਇਥੇ ਕੁਝ ਸੈਂਕੜੇ ਸਾਲ ਇਤਿਹਾਸ ਦਾ ਅਸਪੱਸ਼ਟ ਯੁੱਗ ਰਿਹਾ, ਜਿਸ ਨੂੰ ਡਾਰਕ ਪੀਰੀਅਡ ਵੀ ਕਿਹਾ ਜਾਂਦਾ ਹੈ।
ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਭਾਰਤ ਦੀ ਸਭਿਅਤਾ ਨੂੰ ਕੇਵਲ ‘ਹਿੰਦੂ ਸਭਿਅਤਾ’ ਕਹਿਣਾ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। 1950 ਵਿੱਚ ਬਣੇ ਭਾਰਤ ਦੇ ਸੰਵਿਧਾਨ ਵਿੱਚ ਸਰਬ ਧਰਮ ਏਕਤਾ ਵਾਲਾ ਸੰਕਲਪ ਸੰਮਿਲਿਤ ਹੈ, ਪਰ ਸੱਜੇ ਪੰਥੀ ਰਾਸ਼ਟਰਵਾਦੀ ਇਸ ਨੂੰ ਕੇਵਲ ਇੱਕ ਧਰਮ ਦੀ ਉਚਤਾ ਵਾਲਾ ਦੇਸ਼ ਬਣਾਉਣਾ ਚਾਹੁੰਦੇ ਹਨ। ਇਸ ਦਾ ਟਾਕਰਾ ਕਰਨ ਲਈ ਵਿਗਿਆਨਕ ਸੋਚ ਵਾਲੇ ਇਤਿਹਾਸਕਾਰਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।