ਜਾਪਾਨ ਵਰਗਾ ਆਧੁਨਿਕ ਦੇਸ਼ ਬਣਨ ਲਈ ਸਮਾਜ ਨੂੰ ਖੁਦ ਬਦਲਣਾ ਹੋਵੇਗਾ

-ਆਕਾਰ ਪਟੇਲ
ਭਾਰਤ ਨੇ ਆਪਣੀ ਬੁਲੇਟ ਟਰੇਨ ਯੋਜਨਾ ਨੂੰ ਲਾਗੂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੁੰਬਈ-ਅਹਿਮਦਾਬਾਦ ਪਾਥ-ਵੇਅ ‘ਤੇ ਜ਼ਮੀਨ ਹਾਸਲ ਕਰਨ ਦੇ ਸੰਬੰਧ ਵਿੱਚ ਸਮੱਸਿਆਵਾਂ ਆਉਣ ਦੀਆਂ ਰਿਪੋਰਟਾਂ ਮਿਲੀਆਂ ਹਨ, ਪਰ ਫਿਰ ਵੀ ਸਾਨੂੰ ਆਸ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਨੂੰ ਹੱਲ ਕਰ ਲਿਆ ਜਾਵੇਗਾ। ਇਹ ਲੇਖ ਇਸ ਮਾਨਤਾ ਦੇ ਆਧਾਰ ਉਤੇ ਲਿਖਿਆ ਜਾ ਰਿਹਾ ਹੈ ਕਿ ਰੇਲ ਪ੍ਰੋਜੈਕਟ ਸੱਚਮੁੱਚ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਸ ਆਕਾਰ ਦੇ ਪ੍ਰੋਜੈਕਟ ਵਿੱਚ ਕੁਝ ਸਮੱਸਿਆਵਾਂ ਦਾ ਆਉਣਾ ਅਟੱਲ ਹੈ, ਪਰ ਆਸ ਕਰਨੀ ਚਾਹੀਦੀ ਹੈ ਕਿ ਇਹ ਛੋਟੀਆਂ-ਮੋਟੀਆਂ ਹੀ ਹੋਣਗੀਆਂ। ਜੇ ਸਭ ਕੁਝ ਠੀਕ ਠਾਕ ਚੱਲਦਾ ਹੈ ਤਾਂ ਅਸੀਂ ਖੁਦ ਹੀ ਸਾਲਾਂ ਵਿੱਚ ਵਿਦੇਸ਼ੀ ਸਹਾਇਤਾ ਤੇ ਟੈਕਨਾਲੋਜੀ ਦੇ ਬਲ ‘ਤੇ ਬੁਲੇਟ ਟਰੇਨ ਨੂੰ ਦੌੜਦੀ ਹੋਏ ਦੇਖਾਂਗੇ।
ਜਾਪਾਨ ਪਿਛਲੇ ਪੰਜਾਹ ਸਾਲਾਂ ਤੋਂ ਬੁਲੇਟ ਟਰੇਨ ਨੂੰ ਚਲਾ ਰਿਹਾ ਹੈ ਤੇ ਪੂਰਾ ਦੇਸ਼ ਉਨ੍ਹਾਂ ਦੇ ਦਾਇਰੇ ‘ਚ ਆਉਂਦਾ ਹੈ। ਕੁਝ ਸਾਲ ਪਹਿਲਾਂ ਜਾਪਾਨ ਦੇ ਦੂਰ-ਦੁਰਾਡੇ ਉੱਤਰ-ਪੂਰਬੀ ਰਾਜ ਹੱਕਾਏਡੋ ਤੱਕ ਵੀ ਬੁਲੇਟ ਟਰੇਨ ਪਹੁੰਚਾ ਦਿੱਤੀ ਗਈ ਸੀ। ਅਜਿਹਾ ਸਮੁੰਦਰ ਦੇ ਹੇਠਾਂ ਸੁਰੰਗ ਬਣਾਉਣ ਕਾਰਨ ਸੰਭਵ ਹੋਇਆ ਸੀ।
ਮੈਂ ਦੋ ਵਾਰ ਜਾਪਾਨ ਗਿਆ ਅਤੇ ਲੰਮੀ ਮਿਆਦ ਤੱਕ ਉਥੇ ਰੁਕਦਾ ਰਿਹਾ ਹਾਂ। ਮੇਰੇ ਵਿਚਾਰ ਅਨੁਸਾਰ ਜਾਪਾਨ ਦੁਨੀਆ ਵਿੱਚ ਇੱਕੋ-ਇੱਕ ਅਤਿ-ਵਿਕਸਿਤ ਸਮਾਜ ਹੈ। ਇਹ ਬਿਨਾਂ ਸ਼ੱਕ ਲੋੜ ਨਾਲੋਂ ਵੱਧ ਵਿਕਸਿਤ ਹੈ ਅਤੇ ਚੀਨ ਨਾਲੋਂ ਤਾਂ ਯਕੀਨੀ ਕਈ ਗੁਣਾ ਵੱਧ ਵਿਕਸਿਤ ਹੈ। ‘ਵਿਕਸਿਤ’ ਤੋਂ ਮੇਰਾ ਭਾਵ ਇਹ ਹੈ ਕਿ ਇਸ ਦੇ ਨਾਗਰਿਕ ਬਹੁਤ ਆਧੁਨਿਕ ਹਨ। ਉਨ੍ਹਾਂ ਦੇ ਆਧੁਨਿਕ ਹੋਣ ਕਾਰਨ ਹੀ ਉਨ੍ਹਾਂ ਦੀ ਟੈਕਨਾਲੋਜੀ ਵੀ ਆਧੁਨਿਕ ਹੈ, ਨਾ ਕਿ ਟੈਕਨਾਲੋਜੀ ਆਧੁਨਿਕ ਹੋਣ ਦੇ ਕਾਰਨ ਉਹ ਆਧੁਨਿਕ ਹਨ। ਜਾਪਾਨ ਇਸ ਲਈ ਆਧੁਨਿਕ ਨਹੀਂ ਕਿ ਲੋਕ ਬਹੁਤ ਲੁਭਾਉਣੇ ਗੈਜੇਟਸ ਵਰਤਦੇ ਹਨ।
ਦੂਜੀ ਮਹੱਤਵ ਪੂਰਨ ਗੱਲ ਇਹ ਹੈ ਕਿ ਜਾਪਾਨ ਅੰਗਰੇਜ਼ੀ ਵਿੱਚ ਕੰਮਕਾਜ ਕਰਨ ਕਰ ਕੇ ਆਧੁਨਿਕ ਨਹੀਂ ਹੈ। ਅਸਲੀਅਤ ਇਹ ਹੈ ਕਿ ਜਾਪਾਨ ਵਿੱਚ ਲਗਭਗ ਕੋਈ ਅੰਗਰੇਜ਼ੀ ਨਹੀਂ ਬੋਲਦਾ ਤੇ ਉਥੇ ਯਾਤਰਾ ਕਰ ਚੁੱਕਾ ਹਰ ਵਿਅਕਤੀ ਇਸ ਤੱਥ ਨੂੰ ਪ੍ਰਮਾਣਿਤ ਕਰੇਗਾ, ਇਸ ਦੇ ਬਾਵਜੂਦ ਜਾਪਾਨ ਦੀ ਯਾਤਰਾ ਕਰਨ ਵਾਲਿਆਂ ਨੂੰ ਓਥੋਂ ਦਾ ਤਜਰਬਾ ਆਸਾਨੀ ਨਾਲ ਹਾਸਲ ਕਰਨ ਵਿੱਚ ਸਮੱਸਿਆ ਨਹੀਂ ਆਉਂਦੀ ਕਿਉਂਕਿ ਉਥੋਂ ਦੇ ਲੋਕ ਆਧੁਨਿਕ ਹਨ। ਉਨ੍ਹਾਂ ਦੀ ਆਧੁਨਿਕਤਾ ਉਨ੍ਹਾਂ ਦੇ ਡਿਜ਼ਾਈਨ ਅਤੇ ਸੱਭਿਆਚਾਰ ‘ਚੋਂ ਝਲਕਦੀ ਹੈ। ਸੈਲਾਨੀਆਂ ਲਈ ਇੱਕ ਤੋਂ ਦੂਜੀ ਜਗ੍ਹਾ ਜਾਣ ਲਈ ਜਾਪਾਨ ਦੁਨੀਆ ਦਾ ਸਭ ਤੋਂ ਸੁਖਦਾਈ ਤੇ ਆਸਾਨ ਦੇਸ਼ ਹੈ ਕਿਉਂਕਿ ਜਾਪਾਨੀ ਲੋਕ ਡਿਜ਼ਾਈਨ ਵਿੱਚ ਸ੍ਰੇਸ਼ਠਤਾ ‘ਤੇ ਹੀ ਫੋਕਸ ਕਰਦੇ ਹਨ।
ਮੈਂ ਕੁਝ ਉਦਾਹਰਣਾਂ ਦੇਣਾ ਚਾਹੁੰਦਾ ਹਾਂ। ਜਾਪਾਨ ਵਿੱਚ ਬਹੁਤ ਸਾਰੇ ਵਾਸ਼ ਬੇਸਿਨ ਟਾਇਲਟ ਲਈ ਪਾਣੀ ਦੇ ਟੱਬ ਦੇ ਤੌਰ ‘ਤੇ ਵੀ ਵਰਤੇ ਜਾਂਦੇ ਹਨ, ਭਾਵ ਤੁਸੀਂ ਹੱਥ-ਮੂੰਹ ਧੋਂਦੇ ਹੋਏ ਜੋ ਪਾਣੀ ਵਰਤਦੇ ਹੋ, ਉਹ ਪਾਣੀ ਜਮ੍ਹਾ ਕੀਤਾ ਜਾਂਦਾ ਹੈ। ਇਹ ਕਿੰਨੀ ਆਸਾਨ ਧਾਰਨਾ ਹੈ, ਇਸ ਨਾਲ ਸ਼ਾਇਦ ਟਾਇਲਟ ‘ਚ ਵਰਤੇ ਜਾਣ ਵਾਲੇ ਪਾਣੀ ਦੀ ਤੀਹ ਤੋਂ ਚਾਲੀ ਫੀਸਦੀ ਤੱਕ ਬੱਚਤ ਹੁੰਦੀ ਹੈ, ਪਰ ਮੈਂ ਦੁਨੀਆ ਵਿੱਚ ਇੱਕ ਵੀ ਸਮਾਜ ਅਜਿਹਾ ਨਹੀਂ ਦੇਖਿਆ, ਜਿਸ ਨੂੰ ਇਹ ਸਾਧਾਰਨ ਜਿਹਾ ਵਿਚਾਰ ਸੁੱਝਿਆ ਹੋਵੇ ਅਤੇ ਉਸ ਨੇ ਇਸ ‘ਤੇ ਕਾਰਵਾਈ ਕੀਤੀ ਹੋਵੇ।
ਜਾਪਾਨ ਬੁਲੇਟ ਟਰੇਨ (ਸ਼ਿਨਕਾਂਸਨ) ਵਿੱਚ ਤੁਹਾਡੀ ਸੀਟ ਦੇ ਸਾਹਮਣੇ, ਭਾਵ ਤੁਹਾਡੇ ਅੱਗੇ ਬੈਠੇ ਯਾਤਰੀ ਦੀ ਬੈਕਰੈਸਟ ਦੇ ਪਿੱਛੇ ਧਾਤੂ ਦੀ ਇੱਕ ਛੋਟੀ ਜਿਹੀ ਗੋਲਕ ਲੱਗੀ ਹੁੰਦੀ ਹੈ। ਇਸ ਵਿੱਚ ਤੁਸੀਂ ਆਪਣੀ ਟਿਕਟ ਪਾਉਣੀ ਹੁੰਦੀ ਹੈ ਤਾਂ ਕਿ ਜੇ ਕੰਡਕਟਰ ਦੇ ਆਉਣ ‘ਤੇ ਤੁਸੀਂ ਸੌਂ ਰਹੇ ਹੋਵੋ ਤਾਂ ਉਸ ਨੂੰ ਟਿਕਟ ਚੈੱਕ ਕਰਨ ਲਈ ਤੁਹਾਨੂੰ ਜਗਾਉਣ ਦੀ ਲੋੜ ਨਾ ਪਵੇ। ਇਹ ਇੱਕ ਬਹੁਤ ਵਿਵੇਕਸ਼ੀਲ ਤੇ ਘੱਟ ਖਰਚੀਲੀ ਕਲਪਨਾ ਹੈ, ਜੋ ਤੁਹਾਡੀ ਨੀਂਦ ਅਤੇ ਕੰਡਕਟਰ ਦੇ ਸਮੇਂ ਦਾ ਨੁਕਸਾਨ ਕਰਦੀ ਹੈ।
ਰੇਲ ਗੱਡੀਆਂ ‘ਚ ਸੀਟਾਂ ਨੂੰ ਇੱਕ-ਦੂਜੇ ਦੇ ਸਾਹਮਣੇ ਲਿਆਉਣ ਲਈ ਆਸਾਨੀ ਨਾਲ ਮੋੜਿਆ ਜਾ ਸਕਦਾ ਹੈ, ਭਾਵ ਕਿ ਜੇ ਛੇ ਲੋਕਾਂ ਦਾ ਪਰਵਾਰ ਇਕੱਠੇ ਯਾਤਰਾ ਕਰ ਰਿਹਾ ਹੈ ਤਾਂ ਉਹ ਤਿੰਨ ਸੀਟਾਂ ਨੂੰ ਉਲਟਾ ਘੁਮਾ ਕੇ ਆਹਮੋ-ਸਾਹਮਣੇ ਹੋ ਕੇ ਬੈਠ ਸਕਦਾ ਹੈ। ਇਹ ਵੀ ਕਿੰਨੀ ਆਸਾਨ ਅਤੇ ਗਜ਼ਬ ਦੀ ਕਲਪਨਾ ਹੈ।
ਮੈਂ ਦੁਨੀਆ ਦੇ ਕਈ ਦੇਸ਼ਾਂ ਦੀ ਯਾਤਰਾ ਕੀਤੀ, ਪਰ ਮੈਂ ਕਿਤੇ ਵੀ ਜਾਪਾਨੀਆਂ ਵਰਗੀ ਕਾਰਜ ਕੁਸ਼ਲਤਾ ਅਤੇ ਡਿਜ਼ਾਈਨ ਦੀ ਗੁਣਵੱਤਾ ਨਹੀਂ ਦੇਖੀ। ਜਾਪਾਨੀ ਲਾਗਤਾਰ ਆਪਣੇ ਉਤਪਾਦਾਂ ਅਤੇ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਦੇ ਛੋਟੇ ਤੋਂ ਛੋਟੇ ਤਰੀਕੇ ਸੋਚਦੇ ਰਹਿੰਦੇ ਹਨ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਜਾਪਾਨੀਆਂ ਦਾ ਇਹ ਰੁਖ ਅਮਰੀਕਾ ਦੇ ਇੱਕ ਮਾਹਰ ਨੇ ਆਪਣੇ ਦੇਸ਼ ਵਿੱਚ ਇੰਪੋਰਟ ਕੀਤਾ ਸੀ। ਮੇਰੇ ਲਈ ਇਸ ਗੱਲ ‘ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ। ਮੈਨੂੰ ਇਸ ਗੱਲ ‘ਤੇ ਸ਼ੱਕ ਨਹੀਂ ਕਿ ਡੈਮਿੰਗ ਨਾਂਅ ਦਾ ਇੱਕ ਮੈਨੇਜਮੈਂਟ ਕੰਸਲਟੈਂਟ ਜਾਪਾਨ ਵਿੱਚ ਆਇਆ ਸੀ ਤਾਂ ਕਿ ਉਨ੍ਹਾਂ ਦੇ ਉਦਯੋਗ ਨੂੰ ਕੁਝ ਤਕਨੀਕਾਂ ਸਿਖਾ ਸਕੇ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਨਾਲ ਠੋਸ ਸੁਧਾਰ ਦੀ ਇਹ ਜਾਪਾਨੀ ਸੰਸਕ੍ਰਿਤੀ ਅਤੇ ਰਵੱਈਆ (ਜਿਸ ਨੂੰ ਜਾਪਾਨੀ ਭਾਸ਼ਾ ਵਿੱਚ ਕਾਇਜਨ ਕਿਹਾ ਜਾਂਦਾ ਹੈ) ਅਨੰਤਕਾਲ ਤੋਂ ਜਾਪਾਨੀ ਸਮਾਜ ‘ਚ ਮੌਜੂਦ ਹੈ।
165 ਸਾਲ ਪਹਿਲਾਂ ਤੱਕ ਜਾਪਾਨੀ ਸ਼ਾਸਕਾਂ ਨੇ ਜਾਪਾਨ ਦੇ ਦਰਵਾਜ਼ੇ ਜਾਣਬੁੱਝ ਕੇ ਬਾਹਰੀ ਦੁਨੀਆ ਲਈ ਬੰਦ ਕੀਤੇ ਹੋਏ ਸਨ। ਏਸ਼ੀਅਨ ਮਾਪਦੰਡਾਂ ਤੋਂ ਦੇਖਿਆ ਜਾਵੇ ਤਾਂ ਉਸ ਜ਼ਮਾਨੇ ਵਿੱਚ ਵੀ ਜਾਪਾਨ ਕਾਫੀ ਖੁਸ਼ਹਾਲ ਸੀ। ਇਸ ਨੇ ਭਾਰਤ ਤੋਂ ਚੰਗੀ ਨਸਲ ਦੇ ਚੌਲਾਂ ਦਾ ਬੀਜ ਮੰਗਵਾਇਆ ਤੇ ਲੋੜ ਨਾਲੋਂ ਵੱਧ ਚੌਲ ਪੈਦਾ ਕਰਨ ਦੇ ਸਮਰੱਥ ਹੋ ਗਿਆ, ਪਰ ਜਾਪਾਨ ਨੇ ਜੋ ਵੱਡੀਆਂ-ਵੱਡੀਆਂ ਛਾਲਾਂ ਮਾਰੀਆਂ ਹਨ, ਉਹ ਲਗਭਗ ਸਾਰੀਆਂ ਦੀਆਂ ਸਾਰੀਆਂ ਪਿਛਲੀ ਇੱਕ ਸ਼ਤਾਬਦੀ ਦੌਰਾਨ ਹੀ ਦੇਖਣ ਨੂੰ ਮਿਲੀਆਂ ਹਨ।
ਦੁਨੀਆ ਦੇ 50 ਫੀਸਦੀ ਤੋਂ ਵੱਧ ਬੁਲੇਟ ਟਰੇਨ ਯਾਤਰੀ ਜਾਪਾਨੀ ਹਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਪੰਜਾਹ ਸਾਲਾਂ ਦੌਰਾਨ ਉਸ ਦੀਆਂ ਬੁਲੇਟ ਟਰੇਨਾਂ ਵਿੱਚ ਹਾਦਸਾ ਦਰ ਜ਼ੀਰੋ ਹੈ, ਭਾਵ ਕਿ ‘ਸ਼ਿਨਕਾਂਸਨ’ ਵਿੱਚ ਕਰੋੜਾਂ ਲੋਕਾਂ ਦੇ ਸਫਰ ਕਰਨ ਦੇ ਬਾਵਜੂਦ ਹੁਣ ਤੱਕ ਰੇਲ ਹਾਦਸੇ ਵਿੱਚ ਇੱਕ ਵੀ ਯਾਤਰੀ ਦੀ ਜਾਨ ਨਹੀਂ ਗਈ। ਇਹ ਨਾ ਚਮਤਕਾਰ ਹੈ ਅਤੇ ਨਾ ਚੰਗੀ ਕਿਸਮ। ਇਹ ਸਭ ਕੁਝ ਸੋਚਿਆ-ਸਮਝਿਆ ਹੈ ਅਤੇ ਠੋਸ ਯਤਨਾਂ, ਬੁੱਧੀ ਦੀ ਵਰਤੋਂ ਅਤੇ ਸਾਵਧਾਨੀ ਦੀ ਪੈਦਾਵਾਰ ਹੈ।
ਬੁਲੇਟ ਟਰੇਨ ਆਪਣੇ-ਆਪ ਵਿੱਚ ਆਧੁਨਿਕਤਾ ਨਹੀਂ। ਇਹ ਆਧੁਨਿਕਤਾ ਦਾ ਉਤਪਾਦ ਹੈ। ਅਸੀਂ ਇਹੀ ਉਤਪਾਦ ਜਾਪਾਨ ਤੋਂ ਦਰਾਮਦ ਕਰਨ ਦਾ ਯਤਨ ਕਰ ਰਹੇ ਹਾਂ ਤੇ ਜੇ ਅਸੀਂ ਇਸ ਵਿੱਚ ਸਫਲ ਹੁੰਦੇ ਹਾਂ ਤਾਂ ਸਾਡੀ ਖੁਸ਼ਕਿਸਮਤੀ ਹੀ ਹੋਵੇਗੀ। ਪਰ ਇਹ ਆਧੁਨਿਕਤਾ ਉਹੋ ਜਿਹੀ ਚੀਜ਼ ਨਹੀਂ ਹੈ, ਜਿਸ ਨੂੰ ਬੋਤਲ ਵਿੱਚ ਬੰਦ ਕਰ ਕੇ ਕਿਸੇ ਦੂਜੇ ਦੇਸ਼ ਵਿੱਚ ਭੇਜ ਦਿੱਤਾ ਜਾਵੇ।
ਸਾਡੇ ਕੋਲ ਜੋ ਵੀ ਸੰਸਕ੍ਰਿਤਕ ਤੌਰ ‘ਤੇ ਮੁਹੱਈਆ ਉਪਕਰਣ ਹਨ, ਉਨ੍ਹਾਂ ਦੇ ਹੀ ਬਲਬੂਤੇ ਸਾਨੂੰ ਇਹ ਆਧੁਨਿਕਤਾ ਵਿਕਸਿਤ ਕਰਨੀ ਪਵੇਗੀ ਅਤੇ ਜੇ ਸਾਡੇ ਕੋਲ ਅਜਿਹੇ ਉਪਕਰਣ ਨਹੀਂ, ਤਾਂ ਸਾਨੂੰ ਕਿਸੇ ਨਾ ਕਿਸੇ ਢੰਗ ਨਾਲ ਇਨ੍ਹਾਂ ਦੀ ਸਿਖਿਆ ਲੈਣੀ ਪਵੇਗੀ। ਮੈਂ ਮੌਜੂਦਾ ਜਾਂ ਕਿਸੇ ਹੋਰ ਸਰਕਾਰ ਦੀ ਆਲੋਚਨਾ ਨਹੀਂ ਕਰ ਰਿਹਾ, ਪਰ ਮੇਰੇ ਦਿਮਾਗ ਵਿੱਚ ਰੁਕ ਰੁਕ ਕੇ ਇਹ ਵਿਚਾਰ ਆਉਂਦਾ ਹੈ ਕਿ ਅਸੀਂ ਇਸ ਭਰਮ ਵਿੱਚ ਹਾਂ ਕਿ ਆਧੁਨਿਕਤਾ ਨੇ ਇਨ੍ਹਾਂ ਖਿਡੌਣਿਆਂ ਨੂੰ ਹਾਸਲ ਕਰ ਕੇ ਹੀ ਅਸੀਂ ਇੱਕ ਆਧੁਨਿਕ ਰਾਸ਼ਟਰ ਬਣ ਜਾਵਾਂਗੇ। ਇਹ ਸੱਚਾਈ ਨਹੀਂ ਹੈ। ਆਧੁਨਿਕ ਬਣਨ ਲਈ ਸਮਾਜ ਨੂੰ ਆਪਣਾ ਆਪ ਜ਼ਰੂਰ ਹੀ ਬਦਲਣਾ ਪਵੇਗਾ ਅਤੇ ਇਹ ਕੰਮ ਨਾ ਤਾਂ ਕੋਈ ਕੰਸਲਟੈਂਟ ਕਰ ਸਕਦਾ ਹੈ ਅਤੇ ਨਾ ਹੀ ਕੋਈ ਸਰਕਾਰ।