ਜਾਪਾਨ ਦੇ ਪ੍ਰਧਾਨ ਮੰਤਰੀ ਸਿ਼ੰਜੋ ਐਬੇ ਨਾਲ ਮੋਦੀ ਵੱਲੋਂ ਗੁਜਰਾਤ ਵਿੱਚ ਰੋਡ ਸ਼ੋਅ

PM Modi and Japan PM's roadshowਅਹਿਮਦਾਬਾਦ, 13 ਸਤੰਬਰ, (ਪੋਸਟ ਬਿਊਰੋ)- ਦੋ ਦਿਨਾ ਯਾਤਰਾ ਲਈ ਭਾਰਤ ਆਏ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਅੱਜ ਏਥੇ ਜ਼ੋਰਦਾਰ ਸਵਾਗਤ ਕੀਤਾ ਗਿਆ। ਉਹ ਅਹਿਮਦਾਬਾਦ ਅਤੇ ਮੁੰਬਈ ਵਿਚਕਾਰ ਪਹਿਲੀ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ 12ਵੀਂ ਭਾਰਤ-ਜਾਪਾਨ ਸਿਖਰ ਵਾਰਤਾ ਵਿੱਚ ਸ਼ਾਮਲ ਹੋਣਗੇ ਅਤੇ ਨਾਲ ਹੀ ਕਈ ਹੋਰ ਮਹੱਤਵ ਪੂਰਨ ਪ੍ਰੋਗਰਾਮਾਂ ਵਿੱਚ ਹਿੱਸਾ ਵੀ ਲੈਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਹਵਾਈ ਅੱਡੇ ਉਤੇ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਤੋਂ ਬਾਅਦ ਸਿ਼ੰਜੋ ਆਬੇ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਜਣੇ ਨਰਿੰਦਰ ਮੋਦੀ ਨਾਲ ਖੁੱਲ੍ਹੀ ਜੀਪ ਵਿੱਚ 8 ਕਿਲੋਮੀਟਰ ਦੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਤੇ ਸਾਬਰਮਤੀ ਆਸ਼ਰਮ ਗਏ, ਜਿੱਥੇ ਉਨ੍ਹਾਂ ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ ਕੁਝ ਸਮਾਂ ਬਿਤਾਇਆ। ਰੋਡ ਸ਼ੋਅ ਦੌਰਾਨ ਪੂਰੇ ਰਸਤੇ ਵਿੱਚ ਦੋਵੇਂ ਆਗੂ ਸੜਕ ਦੇ ਕਿਨਾਰੇ ਖੜੀ ਹੋਈ ਭੀੜ ਤੇ ਰਵਾਇਤੀ ਨ੍ਰਿਤ ਸੰਗੀਤ ਦਾ ਪ੍ਰਦਰਸ਼ਨ ਕਰਦੇ ਕਲਾਕਾਰਾਂ ਵਲ ਹੱਥ ਹਿਲਾ ਕੇ ਉਨ੍ਹਾਂ ਦਾ ਧੰਨਵਾਦ ਕਰਦੇ ਵੇਖੇ ਗਏ। ਦੋਵਾਂ ਦੇਸ਼ਾਂ ਵਿਚਕਾਰ ਗੂੜ੍ਹੀ ਹੁੰਦੀ ਮਿੱਤਰਤਾ ਦੇ ਪ੍ਰਗਟਾਵੇ ਵਜੋਂ ਸਿ਼ੰਜੋ ਆਬੇ ਨੇ ਕੁੜਤਾ-ਪਜਾਮਾ ਤੇ ਨੀਲੀ ਨਹਿਰੂ ਜੈਕੇਟ ਅਤੇ ਉਨ੍ਹਾਂ ਦੀ ਪਤਨੀ ਨੇ ਲਾਲ ਰੰਗ ਦੀ ਸਲਵਾਰ-ਕਮੀਜ਼ ਪਾਈ ਹੋਈ ਸੀ। ਕਿਸੇ ਦੂਸਰੇ ਦੇਸ਼ ਦੇ ਮੁਖੀ ਨਾਲ ਨਰਿੰਦਰ ਮੋਦੀ ਪਹਿਲੀ ਵਾਰ ਸਾਂਝਾ ਰੋਡ ਸ਼ੋਅ ਕਰ ਰਹੇ ਸਨ। ਇਸ ਰੋਡ ਸ਼ੋਅ ਤੋਂ ਬਾਅਦ ਨਰਿੰਦਰ ਮੋਦੀ ਨੇ ਸਿ਼ੰਜੋ ਆਬੇ ਨਾਲ 16ਵੀਂ ਸ਼ਤਾਬਦੀ ਦੀ ਪ੍ਰਸਿੱਧ ਮਸਜਿਦ ਸਿਡੀ ਸਈਦ ਨੀ ਜਾਲੀ ਦਾ ਦੌਰਾ ਵੀ ਕੀਤਾ।
ਭਾਰਤ ਦੀ ਯਾਤਰਾ ਸ਼ੁਰੂ ਕਰਦਿਆਂ ਸਿ਼ੰਜੋ ਆਬੇ ਨੇ ਭਾਰਤ ਨਾਲ ਅਪਣੇ ਦੇਸ਼ ਦੇ ਸੰਬੰਧਾਂ ਨੂੰ ਬੇਹੱਦ ਮਹੱਤਵ ਪੂਰਨ ਅਤੇ ਵਿਸ਼ੇਸ਼ ਦੱਸਿਆ ਅਤੇ ਕਿਹਾ ਕਿ ਜਾਪਾਨ, ਭਾਰਤ ਦੇ ਤੇਜ਼ ਆਰਥਕ ਵਿਕਾਸ ਵਿੱਚ ਅਪਣਾ ਸਹਿਯੋਗ ਜਾਰੀ ਰੱਖੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਦੇ ਰਿਸ਼ਤੇ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਸਮਰੱਥਾ ਵਾਲੇ ਹਨ। ਅਹਿਮਦਾਬਾਦ ਅਤੇ ਮੁੰਬਈ ਵਿਚਕਾਰ ਬੁਲੇਟ ਟਰੇਨ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਚੱਲਣ ਨਾਲ ਦੋਵਾਂ ਸ਼ਹਿਰਾਂ ਵਿਚਕਾਰ ਸਫ਼ਰ ਦੇ ਸਮੇਂ ਵਿੱਚ ਕਾਫ਼ੀ ਕਮੀ ਆਵੇਗੀ। ਜਾਪਾਨ ਤੇਜ਼ ਗਤੀ ਵਾਲੇ ਰੇਲ ਨੈੱਟਵਰਕ ਦੇ ਖੇਤਰ ਵਿੱਚ ਇਕ ਮੋਢੀ ਦੇਸ਼ ਹੈ ਅਤੇ ਇਸ ਦੀ ਸ਼ਿੰਕਕੇਨਸੇਨ ਬੁਲੇਟ ਰੇਲ ਦੁਨੀਆਂ ਦੀ ਸੱਭ ਤੋਂ ਤੇਜ਼ ਚੱਲਣ ਵਾਲੀਆਂ ਰੇਲ ਗੱਡੀਆਂ ਵਿੱਚੋਂ ਇਕ ਹੈ।