ਜਾਪਾਨ ਦੇ ਖਜ਼ਾਨਾ ਮੰਤਰੀ ਉੱਤੇ ਘੋਟਾਲਾ ਛਿਪਾਉਣ ਦਾ ਦੋਸ਼ ਲੱਗਾ


ਟੋਕੀਓ, 13 ਮਾਰਚ (ਪੋਸਟ ਬਿਊਰੋ)- ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਅਤੇ ਉਨ੍ਹਾਂ ਦੇ ਸਹਿਯੋਗੀ ਖਜ਼ਾਨਾ ਮੰਤਰੀ ਟਾਰੋ ਓਸੋ ਇਸ ਵਕਤ ਇੱਕ ਘੋਟਾਲੇ ਉਤੇ ਪਰਦਾ ਪਾਉਣ ਦੇ ਦੋਸ਼ਾਂ ਵਿੱਚ ਘਿਰ ਗਏ ਹਨ। ਇਸ ਘੋਟਾਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਨਿਸ਼ਾਨੇ ‘ਤੇ ਹਨ।
ਸਾਹਮਣੇ ਆਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਜਾਪਾਨ ਦੇ ਖਜ਼ਾਨਾ ਮੰਤਰਾਲੇ ਦੇ ਰਿਕਾਰਡ ਤੋਂ ਪ੍ਰਧਾਨ ਮੰਤਰੀ, ਉਨ੍ਹਾਂ ਦੀ ਪਤਨੀ ਤੇ ਵਿੱਤ ਮੰਤਰੀ ਦੇ ਬਾਰੇ ਟਿੱਪਣੀ ਹਟਾ ਲਈ ਗਈ ਹੈ। ਇਹ ਕੇਸ ਇੱਕ ਸਕੂਲ ਸੰਚਾਲਕ ਨੂੰ ਸਰਕਾਰੀ ਜ਼ਮੀਨ ਵੇਚਣ ਨਾਲ ਸੰਬੰਧਤ ਹੈ। ਪ੍ਰਧਾਨ ਮੰਤਰੀ ਦੀ ਪਤਨੀ ਦੀ ਮਿਲੀਭੁਗਤ ਨਾਲ ਜ਼ਮੀਨ ਦਾ ਇਹ ਸੌਦਾ ਹੋਇਆ ਸੀ। ਇਸ ਕੇਸ ਉੱਤੇ ਪਰਦਾ ਪਾਉਣ ਦੇ ਦੋਸ਼ ਨਾਲ ਸਿ਼ੰਜੋ ਅਬੇ ਉੱਤੇ ਅਸਰ ਪੈ ਸਕਦਾ ਹੈ ਅਤੇ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲ ਡੀ ਪੀ) ਦੇ ਨੇਤਾ ਦੇ ਰੂਪ ਵਿੱਚ ਸਿ਼ੰਜੋ ਅਬੇ ਤੀਸਰੇ ਕਾਰਜਕਾਲ ਦੀਆਂ ਉਨ੍ਹਾਂ ਦੀਆਂ ਉਮੀਦਾਂ ਉਤੇ ਪਾਣੀ ਫਿਰ ਸਕਦਾ ਹੈ। ਸਤੰਬਰ ਵਿੱਚ ਐੱਲ ਡੀ ਪੀ ਨੇਤਾ ਲਈ ਹੋਣ ਵਾਲੀਆਂ ਚੋਣਾਂ ਵਿੱਚ ਜੇਤੂ ਹੋਣ ਉੱਤੇ ਉਸ ਦੇ ਜਾਪਾਨ ਦਾ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਸਾਫ ਹੋ ਸਕਦਾ ਹੈ। ਵਿੱਤ ਮੰਤਰਾਲੇ ਦੇ ਬਦਲੇ ਹੋਏ ਦਸਤਾਵੇਜ਼ ‘ਤੇ ਸਿ਼ੰਜੋ ਅਬੇ ਨੇ ਕਿਹਾ, ਇਸ ਕਾਰਨ ਸਾਰੇ ਪ੍ਰਸ਼ਾਸਨ ਦਾ ਭਰੋਸਾ ਉਠ ਸਕਦਾ ਹੈ। ਪ੍ਰਸ਼ਾਸਨ ਦਾ ਮੁਖੀ ਹੋਣ ਦੇ ਨਾਤੇ ਮੈਂ ਪੂਰੀ ਤਰ੍ਹਾਂ ਜਵਾਬਦੇਹੀ ਮਹਿਸੂਸ ਕਰਦਾ ਹਾਂ। ਮੈਂ ਸਾਰੇ ਲੋਕਾਂ ਤੋਂ ਮੁਆਫੀ ਮੰਗਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਾਰੇ ਸਬੂਤਾਂ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ।