ਜਾਪਾਨ ਚੋਣਾਂ ਵਿੱਚ ਸਿ਼ੰਜੋ ਅਬੇ ਦੀ ਪਾਰਟੀ ਨੂੰ 465 ਵਿੱਚੋਂ 300 ਸੀਟਾਂ ਮਿਲਣ ਦਾ ਅਨੁਮਾਨ

shinjo abey
ਟੋਕੀਓ, 12 ਅਕਤੂਬਰ (ਪੋਸਟ ਬਿਊਰੋ)- ਜਾਪਾਨ ਵਿਚ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਕੀਤੇ ਗਏ ਸਰਵੇਖਣਾਂ ਅਨੁਸਾਰ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੀ ਪਾਰਟੀ ਦੋ-ਤਿਹਾਈ ਬਹੁਮਤ ਨਾਲ ਵੱਡੀ ਜਿੱਤ ਹਾਸਲ ਕਰ ਸਕਦੀ ਹੈ। ਦੂਜੇ ਪਾਸੇ ਟੋਕੀਓ ਦੀ ਲੋਕਪ੍ਰਿਆ ਗਵਰਨਰ ਯੂਰਿਕੋ ਕੋਈਕੇ ਦੀ ਪਾਰਟੀ ਚੋਣ ਜਿੱਤਣ ਦੀ ਰੇਸ ਤੋਂ ਬਾਹਰ ਦੱਸੀ ਜਾਂਦੀ ਹੈ।
ਵਰਨਣ ਯੋਗ ਹੈ ਕਿ ਜਾਪਾਨ ਦੀ 465 ਮੈਂਬਰੀ ਪਾਰਲੀਮੈਂਟ ਲਈ 22 ਅਕਤੂਬਰ ਨੂੰ ਚੋਣ ਕਰਵਾਈ ਜਾ ਰਹੀ ਹੈ। ਇਸ ਵਿੱਚ ਪ੍ਰਧਾਨ ਮੰਤਰੀ ਸਿ਼ੰਜੋ ਅਬੇ ਦੀ ਲਿਬਰਲ ਡੈਮੋਕਰੇਟਿਕ ਪਾਰਟੀ ਅਤੇ ਉਨ੍ਹਾਂ ਦੇ ਗੱਠਜੋੜ ਭਾਈਵਾਲ ਕੋਮੀਤੋ ਦੀ ਪਾਰਟੀ ਨੂੰ 465 ਵਿਚੋਂ 300 ਸੀਟਾਂ ਮਿਲ ਸਕਦੀਆਂ ਹਨ। ਸਰਵੇ ਵਿਚ ਸਿ਼ੰਜੋ ਅਬੇ ਦੀ ਪਾਰਟੀ ਨੂੰ ਆਪਣੇ ਸਿਰ ਬਹੁਮਤ ਮਿਲਣ ਦੀ ਸੰਭਾਵਨਾ ਦੇ ਨਾਲ ਆਸ ਕੀਤੀ ਜਾ ਰਹੀ ਹੈ ਕਿ ਜੇ ਸਿ਼ੰਜੋ ਅਬੇ ਇਸ ਵਾਰ ਪਾਰਲੀਮੈਂਟ ਦੀਆਂ ਦੋ-ਤਿਹਾਈ ਸੀਟਾਂ ਜਿੱਤ ਜਾਂਦੇ ਹਨ ਤਾਂ ਉਹ ਜਾਪਾਨ ਦੇ ਸੰਵਿਧਾਨ ਵਿਚ ਸੋਧ ਵੀ ਕਰ ਸਕਦੇ ਹਨ।
ਜਾਪਾਨ ਦਾ ਸਿਆਸੀ ਮਾਹੌਲ ਬਦਲਣ ਦੇ ਨਾਲ ਡੈਮੋਕਰੇਟਿਕ ਪਾਰਟੀ ਦੀ ਚਮਕ ਫਿੱਕੀ ਕਰਨ ਵਾਲੀ ਮੁੱਖ ਵਿਰੋਧੀ ਕੋਈਕੇ ਦੀ ‘ਪਾਰਟੀ ਆਫ਼ ਹੋਪ’ ਨੂੰ ਸਿਰਫ 60 ਸੀਟਾਂ ਮਿਲਣ ਦੀ ਸੰਭਾਵਨਾ ਦੱਸੀ ਗਈ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਤੋਂ ਹਟਣ ਦੇ ਕਾਰਨ ਕੋਈਕੇ ਦੇ ਸਮੱਰਥਕਾਂ ਦੀ ਗਿਣਤੀ ਘਟ ਗਈ ਹੈ। ਸਿ਼ੰਜੋ ਅਬੇ ਨੂੰ ਖਿੱਲਰੀ ਹੋਈ ਵਿਰੋਧੀ ਧਿਰ ਦਾ ਚੋਣ ਵਿਚ ਲਾਭ ਹੋ ਸਕਦਾ ਹੈ। ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਉੱਤਰੀ ਕੋਰੀਆ ਨਾਲ ਤਨਾਅ ਦੇ ਦੌਰਾਨ ਆਪਣੀ ਸੱਤਾ ਮਜ਼ਬੂਤ ਕਰਨ ਲਈ ਸਮੇਂ ਤੋਂ ਪਹਿਲਾਂ ਚੋਣ ਦਾ ਐਲਾਨ ਕਰ ਦਿੱਤਾ ਸੀ।