ਜਾਨਲੇਵਾ ਹਮਲੇ ਦੇ ਦੋਸ਼ ਹੇਠ ਪੰਜਾਬੀ ਨੂੰ 17 ਸਾਲ ਦੀ ਕੈਦ

17 years jail
ਲੰਡਨ, 5 ਅਗਸਤ (ਪੋਸਟ ਬਿਊਰੋ)- ਵੁਲਵਰਹੈਂਪਟਨ ਦੀ ਅਦਾਲਤ ਨੇ ਸੈਮਸਨ ਮਸੀਹ ‘ਤੇ ਜਾਨਲੇਵਾ ਹਮਲਾ ਕਰਨ ਵਾਲੇ 22 ਸਾਲਾ ਮਨਵੀਰ, ਵਾਸੀ ਗਰੀਨ ਲੇਨ, ਵਾਲਸਾਲ ਨੂੰ 17 ਸਾਲ ਕੈਦ ਅਤੇ ਉਸ ਦੀ ਮਾਂ 43 ਸਾਲਾ ਬਲਬੀਰ ਕੌਰ ਵਾਸੀ ਐਲਫਰੈਡ ਗੰਨ ਹਾਊਸ, ਥਾਮਸਨ ਰੋਡ, ਓਲਡਬਰੀ ਨੂੰ 11 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਬਲਬੀਰ ਕੌਰ ਨੇ ਆਪਣੇ ਪੁੱਤਰ ਨੂੰ ਸੈਮਸਨ ਮਸੀਹ ‘ਤੇ ਹਮਲਾ ਕਰਨ ਲਈ ਉਕਸਾਇਆ ਸੀ। ਬੀਤੇ ਵਰ੍ਹੇ 12 ਅਕਤੂਬਰ ਨੂੰ ਜਦੋਂ ਚਾਰ ਹੋਰ ਸਾਥੀਆਂ ਸਮੇਤ ਮਸੀਹ ‘ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ ਤਾਂ ਉਹ ਗੰਭੀਰ ਜ਼ਖਮੀ ਹੋ ਗਿਆ। ਮਸੀਹ ਦੀ ਇਸ ਹਮਲੇ ਵਿੱਚ ਜਾਨ ਬਚ ਗਈ, ਪਰ ਉਹ ਕਈ ਦਿਨ ਕੋਮਾ ਵਿੱਚ ਰਿਹਾ ਸੀ।
ਅਦਾਲਤ ਨੂੰ ਦੱਸਿਆ ਗਿਆ ਕਿ ਬਲਬੀਰ ਕੌਰ ਆਪਣੇ ਪ੍ਰੇਮੀ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ, ਜਦ ਕਿ ਮਸੀਹ ਸਿਰਫ ਜਿਣਸੀ ਰਿਸ਼ਤੇ ਤੱਕ ਰੁਚੀ ਰੱਖਦਾ ਸੀ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਮਨਵੀਰ ਆਪਣੀ ਮਾਂ ਨੂੰ ਬੇਹੱਦ ਪਿਆਰ ਕਰਦਾ ਸੀ। ਬਲਬੀਰ ਕੌਰ ਨੇ ਮਨਵੀਰ ਨੂੰ ਮਸੀਹ ਦੇ ਖਿਲਾਫ ਭੜਕਾਇਆ ਸੀ। ਅਦਾਲਤ ਵਿੱਚ ਬਲਬੀਰ ਕੌਰ ਅਤੇ ਮਨਵੀਰ ਸਿੰਘ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਗਲਤ ਕਿਹਾ ਹੈ। ਅਦਾਲਤ ਨੇ ਬਲਬੀਰ ਕੌਰ ਨੂੰ ਇਸ ਕੇਸ ਵਿੱਚ 11 ਸਾਲ ਕੈਦ ਅਤੇ ਮਨਵੀਰ ਸਿੰਘ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਵਿੱਚੋਂ ਦੋ ਤਿਹਾਈ ਸਜ਼ਾ ਉਸ ਨੂੰ ਜੇਲ ਵਿੱਚ ਕੱਟਣੀ ਪਵੇਗੀ।