ਜਾਗਰਤੀ ਮੁਹਿੰਮ ‘ਵੀ ਆਰ ਸਿੱਖਸ’ ਨੇ ਅਮਰੀਕੀ ਐਵਾਰਡ ਜਿਤਿਆ


ਵਾਸ਼ਿੰਗਟਨ, 22 ਮਾਰਚ, (ਪੋਸਟ ਬਿਊਰੋ)- ਅਮਰੀਕਾ ਵਿਚ ਸਿੱਖਾਂ ਬਾਰੇ ਜਾਗਰੂਗਤਾ ਫੈਲਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਵੀ ਆਰ ਸਿੱਖਸ’ ਨੂੰ ਸਿਖਰਲਾ ਅਮਰੀਕੀ ਐਵਾਰਡ ਮਿਲੇਗਾ। ਇਹ ਮੁਹਿੰਮ ਗੈਰ-ਲਾਭਕਾਰੀ ਜਥੇਬੰਦੀ ਨੈਸ਼ਨਲ ਸਿੱਖ ਕੈਂਪੇਨ (ਐਨ ਐਸ ਸੀ) ਵਲੋਂ ਸ਼ੁਰੂ ਕੀਤੀ ਗਈ ਸੀ।
ਵਰਨਣ ਯੋਗ ਹੈ ਕਿ ਪਿਛਲੇ ਅਪ੍ਰੈਲ ਵਿਚ ਸਿੱਖਾਂ ਨੇ ਅਮਰੀਕਾ ਵਿਚ ਘੱਟ ਗਿਣਤੀਆਂ ਪ੍ਰਤੀ ਭਰਮ-ਭੁਲੇਖੇ ਦੂਰ ਕਰਨ ਅਤੇ ਜਾਗਰੂਕਤਾ ਫੈਲਾਉਣ ਲਈ ‘ਵੀ ਆਰ ਸਿੱਖਸ’ ਮੁਹਿੰਮ ਸ਼ੁਰੂ ਕੀਤੀ ਸੀ। ਅਮਰੀਕਾ ਵਿਚਲੇ ਸਿੱਖਾਂ ਨੇ ਕਿਹਾ ਸੀ ਕਿ ਉਹ ਦੇਸ਼ ਵਿਚ ਘੱਟ ਗਿਣਤੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਪਹਿਲੀ ਕੋਸ਼ਿਸ਼ ਉੱਤੇ ਸੁਖਾਵੀਂ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਇਕ ਹੋਰ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕਰਨਗੇ। ਸਿੱਖ ਜਥੇਬੰਦੀ ਨੇ ਕਿਹਾ ਹੈ ਕਿ ਨੈਸ਼ਨਲ ਸਿੱਖ ਕੈਂਪੇਨ (ਐਨ ਐਸ ਸੀ) ਦੇਸ਼ ਵਿਚ 9 ਕਰੋੜ 20 ਲੱਖ ਲੋਕਾਂ ਵਿਚਕਾਰ ਸੁਖਾਵੀਂ ਰਾਏ ਤਿਆਰ ਕਰ ਸਕੀ ਹੈ।
ਅਪਣੀ ਦੂਜੀ ਮੁਹਿੰਮ ਲਈ ਐਨ ਐਸ ਸੀ ਵੱਲੋਂ ਹਾਲੀਵੁੱਡ ਦੀ ਇਕ ਮੀਡੀਆ ਕੰਪਨੀ ਤੋਂ ਰਚਨਾਤਮਕ ਵੀਡੀਉ ਬਣਾਉਣ ਅਤੇ ਇਕ ਪ੍ਰਸਿੱਧ ਫ਼ਿਲਮ ਕੰਪਨੀ ਨੂੰ ਡਾਕੂਮੈਂਟਰੀ ਬਣਾਉਣ ਦੇ ਸੰਬੰਧ ਵਿਚ ਗੱਲਬਾਤ ਕੀਤੀ ਗਈ ਹੈ। ਮੁਹਿੰਮ ਦੇ ਸਹਿ ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਰਾਜਵੰਤ ਸਿੰਘ ਨੇ ਕਿਹਾ ਕਿ ਇਸ ਨੂੰ ਅਮਰੀਕਾ ਵਿਚ ਵੱਡਾ ਐਵਾਰਡ ਹਾਸਲ ਹੋਣਾ ਸਿੱਖਾਂ ਲਈ ਵੱਡੇ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਪਿਛਲੇ ਸਮੇਂ ਦੌਰਾਨ ਸਿੱਖਾਂ ਨੂੰ ਨਸਲੀ ਟਿਪਣੀਆਂ, ਹਮਲਿਆਂ ਅਤੇ ਪੱਖਪਾਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਅਮਰੀਕੀ ਲੋਕਾਂ ਵਿਚ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਲਈ 1.3 ਮਿਲੀਅਨ ਡਾਲਰ ਇਕੱਠੇ ਹੋਏ ਸਨ ਜਿਸ ਵਿਚ ਸਿੱਖਾਂ ਨੇ ਵੱਡੇ ਪੱਧਰ ਉੱਤੇ ਸਹਿਯੋਗ ਕੀਤਾ, ਇਸ ਤੋਂ ਬਾਅਦ ਕੁੱਝ ਸਹਿਯੋਗ ਹਿੰਦੂਆਂ ਵਲੋਂ ਕੀਤਾ ਗਿਆ।