ਜਾਅਲੀ ਵੀਜ਼ਾ ਲਗਵਾ ਕੇ 18.50 ਲੱਖ ਰੁਪਏ ਦੀ ਠੱਗੀ ਮਾਰ ਲਈ

fake visa
ਮੋਗਾ, 20 ਮਾਰਚ (ਪੋਸਟ ਬਿਊਰੋ)- ਇਥੇ ਥਾਣਾ ਸਿਟੀ ਦੱਖਣੀ ਤੇ ਥਾਣਾ ਬੱਧਨੀ ਕਲਾਂ ਪੁਲਸ ਨੇ ਜਪਾਨ ਤੇ ਕੈਨੇਡਾ ਦਾ ਜਾਅਲੀ ਵੀਜ਼ਾ ਲਵਾ ਕੇ 18æ50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਟਰੈਵਲ ਏਜੰਟਾਂ ਵਿਰੁੱਧ ਧੋਖਾ ਦੇਣ ਦਾ ਇੱਕ ਕੇਸ ਦਰਜ ਕੀਤਾ ਹੈ।
ਇਸ ਸੰਬੰਧ ਵਿੱਚ ਦਰਜ ਕੇਸ ਦੇ ਜਾਂਚ ਅਧਿਕਾਰੀ ਏ ਐਸ ਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਤਖਾਣਵੱਧ ਦੀ ਸ਼ਿਕਾਇਤ ਉਤੇ ਰਾਕੇਸ਼ ਕੁਮਾਰ ਭੰਡਾਰੀ ਤੇ ਉਸ ਦੀ ਪਤਨੀ ਪ੍ਰੀਤੀ ਭੰਡਾਰੀ ਵਾਸੀ ਨਿਊ ਟਾਊਨ, ਮੋਗਾ ਦੇ ਖਿਲਾਫ ਜਾਪਾਨ ਭੇਜਣ ਦਾ ਜਾਅਲੀ ਵੀਜ਼ਾ ਲਵਾ ਕੇ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਸ ਦੇ ਮੁਤਾਬਕ ਜ਼ਿਲਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਨੂੰ ਜਾਅਲੀ ਵੀਜ਼ਾ ਵਿਖਾ ਕੇ ਦਿੱਲੀ ਲੈ ਗਏ ਤੇ ਕਈ ਦਿਨ ਉਥੇ ਰੱਖਿਆ। ਪੀੜਤ ਨੂੰ ਕਿਸੇ ਤਰ੍ਹਾਂ ਸ਼ੱਕ ਹੋ ਗਿਆ ਕਿ ਉਸ ਦਾ ਵੀਜ਼ਾ ਜਾਅਲੀ ਹੈ। ਉਨ੍ਹਾਂ ਇਸ ਬਾਰੇ ਪੜਤਾਲ ਕੀਤੀ ਤਾਂ ਉਸ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਤੋਂ ਹਾਸਲ ਕੀਤੀ ਰਕਮ ਦਾ ਚੈਕ ਦੇ ਦਿੱਤਾ ਜੋ ਬੈਂਕ ਖਾਤੇ ਵਿੱਚ ਰਕਮ ਨਾ ਹੋਣ ਕਾਰਨ ਬਾਊਂਸ ਹੋ ਗਿਆ। ਇਸ ਸ਼ਿਕਾਇਤ ਦੀ ਡੀ ਐਸ ਪੀ (ਆਈ) ਵੱਲੋਂ ਕੀਤੀ ਪੜਤਾਲ ਵਿੱਚ ਦੋਸ਼ ਸਾਬਤ ਹੋਣ ਪਿੱਛੋਂ ਠੱਗ ਜੋੜੇ ਖਿਲਾਫ ਥਾਣਾ ਸਿਟੀ ਦੱਖਣੀ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਸ ਤਰ੍ਹਾਂ ਥਾਣਾ ਬੱਧਨੀ ਕਲਾਂ ਨੇ ਕੁਲਦੀਪ ਸਿੰਘ ਪੁੱਤਰ ਚੰਦ ਸਿੰਘ ਵਾਸੀ ਬੱਧਨੀ ਖੁਰਦ ਦੀ ਸ਼ਿਕਾਇਤ ਉਤੇ ਪ੍ਰਾਈਮ ਥਿੰਕ ਇਮੀਗਰੇਸ਼ਨ ਸੋਢੀ ਨਗਰ ਜ਼ੀਰਾ ਰੋਡ, ਮੋਗਾ ਦੇ ਸੰਚਾਲਕ ਖਿਲਾਫ ਗੁਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਦੇ ਖਿਲਾਫ ਧੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 8.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਧੋਖਾਧੜੀ ਦੇ ਜਾਂਚ ਅਧਿਕਾਰੀ ਏ ਐਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਸਥਾਨਕ ਨੈਸਲੇ ਫੈਕਟਰੀ ਵਿੱਚੋਂ ਸੇਵਾ ਮੁਕਤ ਮੁਲਾਜ਼ਮ ਹੈ। ਉਸ ਨੇ ਆਪਣੀ ਧੀ ਨੂੰ ਕੈਨੇਡਾ ਭੇਜਣ ਲਈ ਮੁਲਜ਼ਮਾਂ ਨਾਲ ਦੋ ਵਰ੍ਹੇ ਪਹਿਲਾਂ ਸਾਲ 2015 ‘ਚ ਗੱਲਬਾਤ ਕੀਤੀ ਸੀ। ਪੀੜਤ ਨੇ ਦੋਸ਼ ਲਾਇਆ ਕਿ ਦੋਸ਼ੀਆਂ ਨੇ ਉਸ ਦੀ ਧੀ ਨੂੰ ਤਿੰਨ ਮਹੀਨੇ ਵਿੱਚ ਵਰਕ ਪਰਮਿਟ ਦੇ ਆਧਾਰ ‘ਤੇ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ ਸੀ, ਪਰ ਮੁਲਜ਼ਮਾਂ ਨੇ ਜਾਅਲੀ ਵੀਜ਼ਾ ਅਤੇ ਜਾਅਲੀ ਆਫਰ ਲੈਟਰ ਦੇ ਦਿੱਤਾ। ਇਸ ਧੋਖਾਧੜੀ ਦਾ ਪਤਾ ਲੱਗਣ ਉਤੇ ਪੀੜਤ ਨੇ ਜ਼ਿਲਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ ਉਤੇ ਡੀ ਐਸ ਪੀ ਨਿਹਾਲ ਸਿੰਘ ਵਾਲਾ ਵੱਲੋਂ ਜਾਂਚ ਕੀਤੀ ਗਈ। ਮੁਢਲੀ ਜਾਂਚ ਵਿੱਚ ਦੋਸ਼ ਸਾਬਤ ਹੋਣ ਬਾਅਦ ਮੁਲਜ਼ਮ ਜੋੜੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।