ਜਾਅਲੀ ਟੈਲੀਫੋਨ ਐਕਸਚੇਂਜ ਦੇ ਕੇਸ ਵਿੱਚ ਮਾਰਨ ਭਰਾਵਾਂ ਉੱਤੇ ਦੋਸ਼ ਤੈਅ ਹੋਣਗੇ

maran brothers
ਚੇਨਈ, 9 ਸਤੰਬਰ (ਪੋਸਟ ਬਿਊਰੋ)- ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਗੈਰ ਕਾਨੂੰਨੀ ਤੌਰ ਉੱਤੇ ਟੈਲੀਫੋਨ ਐਕਸਚੇਂਜ ਚਲਾਉਣ ਦੇ ਕੇਸ ਵਿੱਚ ਮਾਰਨ ਭਰਾਵਾਂ ਦੇ ਖਿਲਾਫ ਸੀ ਬੀ ਆਈ ਕੋਰਟ ਤਿੰਨ ਅਕਤੂਬਰ ਨੂੰ ਦੋਸ਼ ਤੈਅ ਕਰੇਗੀ। ਸਾਬਕਾ ਕੇਂਦਰੀ ਮੰਤਰੀ ਦਿਆਨਿਧੀ ਮਾਰਨ ਅਤੇ ਚਾਰ ਹੋਰ ਲੋਕ ਸੀ ਬੀ ਆਈ ਜੱਜ ਐਸ ਨਟਰਾਜਨ ਦੇ ਸਾਹਮਣੇ ਪੇਸ਼ ਹੋਏ, ਪਰ ਦਿਆਨਿਧੀ ਭਰਾ ਤੇ ਕਲਾਨਿਧੀ ਮਾਰਨ ਨੇ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਨਿੱਜੀ ਤੌਰ ‘ਤੇ ਪੇਸ਼ੀ ਤੋਂ ਛੋਟ ਹਾਸਲ ਕਰ ਲਈ ਸੀ।
ਇਹ ਕੇਸ ਕੇਂਦਰੀ ਮੰਤਰੀ ਹੁੰਦਿਆਂ ਦਿਆਨਿਧੀ ਮਾਰਨ ਦੇ ਸਰਕਾਰੀ ਘਰ ਵਿੱਚੋਂ ਸਾਲ 2004 ਤੋਂ 2007 ਦੇ ਵਿਚਾਲੇ ਭਾਰਤੀ ਟੈਲੀਫੋਨ ਨਿਗਮ ਲਿਮਿਟਿਡ (ਬੀ ਐਸ ਐਨ ਐਲ) ਦੀਆਂ ਤਾਰਾਂ ਵਰਤ ਕੇ ਦੀ 764 ਹਾਈ ਸਪੀਡ ਡਾਟਾ ਲਾਈਨਾਂ ਦੀ ਦੁਰਵਰਤੋਂ ਨਾਲ ਜੁੜਿਆ ਹੈ। ਓਦੋਂ ਦਿਆਨਿਧੀ ਮਾਰਨ ਕੇਂਦਰੀ ਟੈਲੀਕਮਾ ਮੰਤਰੀ ਸੀ। ਸੀ ਬੀ ਆਈ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਡਾਟਾ ਲਾਈਨਾਂ ਦੀ ਦੁਰਵਰਤੋਂ ‘ਸਨ ਟੀ ਵੀ’ ਵਾਸਤੇ ਕੀਤਾ ਗਈ ਸੀ ਅਤੇ ਇਸ ਦੀ ਬਿਲਿੰਗ ਨਹੀਂ ਹੋਈ, ਜਿਸ ਕਾਰਨ ਸਰਕਾਰ ਖਜ਼ਾਨੇ ਨੂੰ ਲਗਭਗ 1.78 ਕਰੋੜ ਰੁਪਏ ਦਾ ਨੁਕਸਾਨ ਹੋਇਆ। ‘ਸਨ ਟੀ ਵੀ’ ਦੀ ਮਾਲਕੀ ਕਲਾਨਿਧੀ ਮਾਰਨ ਦੇ ਕੋਲ ਹੈ।
ਇਸ ਤੋਂ ਪਹਿਲਾਂ ਦੋਵਾਂ ਭਰਾਵਾਂ ਨੇ ਅਦਾਲਤ ਵਿੱਚ ਇਹ ਕਿਹਾ ਸੀ ਕਿ ਉਨ੍ਹਾਂ ਖਿਲਾਫ ਦੋਸ਼ ਤੈਅ ਕਰਨ ਦੀ ਕਾਰਵਾਈ ਟਾਲ ਦਿੱਤੀ ਜਾਵੇ, ਕਿਉਂਕਿ ਸੀ ਬੀ ਆਈ ਵੱਲੋਂ ਦਾਖਲ ਕਈ ਦਸਤਾਵੇਜ਼ ਸਪੱਸ਼ਟ ਨਹੀਂ ਹਨ। ਇਸ ਮਗਰੋਂ ਕੋਰਟ ਨੇ 11 ਅਗਸਤ ਨੂੰ ਸੀ ਬੀ ਆਈ ਨੂੰ ਨਿਰਦੇਸ਼ ਦਿੱਤੇ ਕਿ ਉਹ ਦਿਆਨਿਧੀ ਮਾਰਨ ਨੂੰ ਕੇਸ ਨਾਲ ਜੁੜੇ ਦਸਤਾਵੇਜ਼ਾਂ ਦੀਆਂ ਟਾਈਪ ਕੀਤੀਆਂ ਹੋਈਆਂ ਕਾਪੀਆਂ ਹਾਸਲ ਕਰਾਵੇ।