ਜ਼ੀਰੇ ਦੇ ਮੌਜੂਦਾ ਤੇ ਸਾਬਕਾ ਵਿਧਾਇਕ ਦਾ ਫ਼ਲੈਟ ਦਾ ਝਗੜਾ ਚੰਡੀਗੜ੍ਹ ਪੁਲਿਸ ਕੋਲ ਜਾ ਪੁੱਜਾ


ਚੰਡੀਗੜ੍ਹ, 8 ਫਰਵਰੀ, (ਪੋਸਟ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿਚ ਸਰਕਾਰ ਬਣੀ ਨੂੰ ਹੁਣ ਤੱਕ 11 ਮਹੀਨੇ ਹੋ ਗਏ ਹਨ, ਪਰ ਇਸ ਦੇ 77 ਵਿਧਾਇਕਾਂ ਵਿਚੋਂ ਸਿਰਫ 9 ਮੰਤਰੀਆਂ ਦੇ ਨਾਲ ਸਪੀਕਰ ਅਤੇ ਡਿਪਟੀ ਸਪੀਕਰ ਨੂੰ ਛੱਡ ਕੇ ਬਾਕੀ 66 ਕਾਂਗਰਸੀ ਵਿਧਾਇਕਾਂ ਦੇ ਨਾਲ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਦੇ ਬਹੁਤੇ ਵਿਧਾਇਕ ਸੈਕਟਰ 3, 4 ਤੇ 39 ਦੇ ਸਰਕਾਰੀ ਫ਼ਲੈਟਾਂ ਬਾਰੇ ਝਗੜੇ ਵਿੱਚ ਪਏ ਹੋਏ ਹਨ।
ਇਸ ਵਕਤ ਕਾਂਗਰਸ ਪਾਰਟੀ ਵਿਧਾਇਕ ਇਹ ਦੋਸ਼ ਲਾ ਰਹੇ ਹਨ ਕਿ ਪਿਛਲੇ 11 ਮਹੀਨੇ ਤੋਂ ਉਹ ਰਿਹਾਇਸ਼ੀ ਫ਼ਲੈਟ ਤੋਂ ਬਿਨਾਂ ਗੁਜ਼ਾਰਾ ਕਰ ਰਹੇ ਹਨ ਤੇ ਹਾਰੇ ਹੋਏ ਅਕਾਲੀ ਵਿਧਾਇਕ ਫ਼ਲੈਟ ਨਹੀਂ ਛੱਡ ਰਹੇ। ਜ਼ੀਰਾ ਹਲਕੇ ਤੋਂ ਪੁਰਾਣੇ ਅਕਾਲੀ ਵਿਧਾਇਕ ਹਰੀ ਸਿੰਘ ਜ਼ੀਰਾ ਨੂੰ 24 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਆਏ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਦੋਸ਼ ਲਾਇਆ ਕਿ ਸੈਕਟਰ ਚਾਰ ਵਿਚ ਐਮ ਐਲ ਏ ਹੋਸਟਲ ਨੇੜੇ ਫ਼ਲੈਟ ਨੰਬਰ 41 ਉਸ ਨੂੰ ਅਲਾਟ ਹੋਇਆ ਹੈ, ਪਰ ਹਰੀ ਸਿੰਘ ਜ਼ੀਰਾ ਦੇ ਬੰਦਿਆਂ ਨੇ ਇਸ ਦੇ ਗੇਟ ਉੱਤੇ ਫਿਰ ਜਿੰਦਰਾ ਲਾ ਦਿਤਾ, ਲੋਹੇ ਦਾ ਸ਼ੈੱਡ ਕੱਟਿਆ ਤੇ ਸਾਮਾਨ ਚੋਰੀ ਕੀਤਾ, ਬਿਜਲੀ ਦੀਆਂ ਤਾਰਾਂ ਤੋਂ ਕੁੰਡੀ ਕੁਨੈਕਸ਼ਨ ਚਲਾਏ, ਪਾਣੀ-ਬਿਜਲੀ ਦੇ ਵਾਧੂ ਬਿਲ ਨਹੀਂ ਦਿਤੇ ਅਤੇ ਉਲਟਾ ਸਾਡੇ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਕਰ ਦਿਤੀ ਹੈ। ਕੁਲਬੀਰ ਸਿੰਘ ਜ਼ੀਰਾ ਨੇ ਮੰਗ ਕੀਤੀ ਕਿ ਵਿਧਾਨ ਸਭਾ ਸਪੀਕਰ ਇਸ ਸਾਰੇ ਝਗੜੇ ਦੀ ਜਾਂਚ ਕਰਵਾਉਣ।
ਇਸ ਦੌਰਾਨ ਵਿਧਾਨ ਸਭਾ ਸਕੱਤਰੇਤ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਵਿਧਾਇਕ ਕੁਲਬੀਰ ਜ਼ੀਰਾ ਨੂੰ ਸੈਕਟਰ 39 ਵਿਚ ਫ਼ਲੈਟ ਅਲਾਟ ਕੀਤਾ ਗਿਆ ਸੀ, ਪਰ ਉਸ ਨੇ ਕਬਜ਼ਾ ਨਹੀਂ ਲਿਆ, ਹੁਣ 25 ਜਨਵਰੀ ਨੂੰ ਇਸ ਸੈਕਟਰ ਚਾਰ ਵਾਲੇ ਫ਼ਲੈਟ ਨੰਬਰ 41 ਦੀ ਚਿੱਠੀ ਦਿਤੀ ਤਾਂ ਉਸ ਨੇ ਸੱਤ ਫ਼ਰਵਰੀ ਨੂੰ ਇਸ ਦਾ ਕਬਜ਼ਾ ਲੈ ਲਿਆ। ਇਹ ਫ਼ਲੈਟ ਪਿਛਲੇ ਸਾਲ 18 ਮਈ ਨੂੰ ਸਾਬਕਾ ਅਕਾਲੀ ਵਿਧਾਇਕ ਹਰੀ ਸਿੰਘ ਜ਼ੀਰਾ ਨੇ ਖਾਲੀ ਕੀਤਾ ਸੀ ਤੇ ਰੀਕਾਰਡ ਅਨੁਸਾਰ ਕਾਂਗਰਸ ਦੇ ਸੀਨੀਅਰ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਦਿਤਾ ਗਿਆ ਸੀ, ਪਰ ਉਹ ਇਸ ਵਿਚ ਨਹੀਂ ਰਹੇ ਤੇ ਅਲਾਟਮੈਂਟ ਰੱਦ ਹੋਣ ਪਿੱਛੋਂ ਕੁਲਬੀਰ ਸਿੰਘ ਜ਼ੀਰਾ ਦੇ ਨਾਂਅ ਅਲਾਟ ਕਰ ਦਿਤਾ ਗਿਆ।
ਵਰਨਣ ਯੋਗ ਹੈ ਕਿ ਕਿਸੇ ਵੀ ਚੁਣੇ ਹੋਏ ਵਿਧਾਇਕ ਨੂੰ ਸਰਕਾਰੀ ਫ਼ਲੈਟ ਦਾ ਕਿਰਾਇਆ 350 ਰੁਪਏ ਦੇਣਾ ਪੈਂਦਾ ਹੈ। ਕਈ ਵਿਧਾਇਕਾਂ ਦੀਆ ਨਿਜੀ ਕੋਠੀਆਂ ਚੰਡੀਗੜ੍ਹ ਅਤੇ ਮੋਹਾਲੀ ਵਿਚ ਹੋਣ ਦੇ ਬਾਵਜੂਦ ਸੀਨੀਅਰ ਲੀਡਰ ਸਰਕਾਰੀ ਰਿਹਾਇਸ਼ ਅਲਾਟ ਕਰਵਾ ਕੇ ਅਪਣੇ ਰਿਸ਼ਤੇਦਾਰਾਂ, ਸਕੇ-ਸਬੰਧੀਆਂ, ਦੋਸਤਾਂ ਜਾਂ ਚਹੇਤਿਆਂ ਨੂੰ ਦੇ ਦਿੰਦੇ ਹਨ। ਜਦੋਂ ਕਿਸੇ ਵਿਧਾਇਕ ਨੂੰ ਫ਼ਲੈਟ ਮਿਲ ਜਾਵੇ ਤਾਂ ਐਮ ਐਲ ਏ ਹੋਸਟਲ ਵਿਚ ਉਸ ਨੂੰ ਸਸਤੇ ਰੇਟ 250 ਰੁਪਏ ਮਹੀਨੇ ਉੱਤੇ ਕਮਰਾ ਨਹੀਂ ਮਿਲ ਸਕਦਾ, ਪਰ ਕਈ ਕਾਂਗਰਸੀ ਵਿਧਾਇਕਾਂ ਨੇ ਫ਼ਲੈਟ ਦੇ ਨਾਲ ਹੋਸਟਲ ਕਮਰਾ ਵੀ ਰਖਿਆ ਹੋਇਆ ਹੈ।
ਪੰਜਾਬ ਦੇ ਹਿੱਸੇ ਵਿੱਚ ਸੈਕਟਰ ਤਿੰਨ ਤੇ ਚਾਰ ਦੇ ਫ਼ਲੈਟਾਂ ਦੀ ਮੁਰੰਮਤ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਕੋਲ ਸੀ, ਪਰ ਹੁਣ ਪੰਜਾਬ ਸਰਕਾਰ ਦੇ ਆਪਣੇ ਕੋਲ ਹੈ ਅਤੇ ਸਪੀਕਰ ਹੀ ਅਲਾਟਮੈਂਟ ਜਾਂ ਮੁਰੰਮਤ, ਫ਼ਰਨੀਚਰ ਵਗੈਰਾ ਦਾ ਲੈਣ-ਦੇਣ ਕਰ ਸਕਦਾ ਹੈ। ਅੱਜ ਸ਼ਾਮ ਸੈਕਟਰ ਤਿੰਨ ਦੀ ਪੁਲਿਸ ਚੌਕੀ ਤੋਂ ਕੁਝ ਮੁਲਾਜ਼ਮ ਫ਼ਲੈਟ ਨੰਬਰ 41 ਬਾਰੇ ਜਾਂਚ ਕਰਨ ਗਏ ਸਨ। ਉਨ੍ਹਾਂ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਉਥੇ ਹਾਜ਼ਰ ਹੋਰ ਤਿੰਨ ਕਾਂਗਰਸੀ ਵਿਧਾਇਕਾਂ ਪਰਮਿੰਦਰ ਸਿੰਘ ਪਿੰਕੀ, ਬਰਿੰਦਰਜੀਤ ਸਿੰਘ ਪਾਹੜਾ ਅਤੇ ਦਵਿੰਦਰ ਸਿੰਘ ਘੁਬਾਇਆ ਨਾਲ ਵੀ ਗੱਲਬਾਤ ਕੀਤੀ ਤੇ ਹਾਲਾਤ ਬਾਰੇ ਪੁੱਛਿਆ। ਹੁਣ ਇਹ ਝਗੜਾ ਚੰਡੀਗੜ੍ਹ ਪੁਲਸ ਕੋਲ ਪਹੁੰਚਦਾ ਜਾਪਦਾ ਹੈ।