ਜਹਾਜ਼ ਵਿੱਚ ਸਵਾਰ ਮੁਸਾਫਰ ਨੇ ਬੰਬ ਸ਼ਬਦ ਵਰਤਿਆ ਤਾਂ ਗ੍ਰਿਫਤਾਰ ਕੀਤਾ ਗਿਆ


ਕੋਚੀ, 14 ਨਵੰਬਰ (ਪੋਸਟ ਬਿਊਰੋ)- ਜੈੱਟ ਏਅਰਵੇਜ਼ ਦੇ ਇੱਕ ਕਰਮਚਾਰੀ ਨੇ ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ ਆਈ ਏ ਐੱਲ) ਉੱਤੇ ਇੱਕ ਵਿਅਕਤੀ ਨੂੰ ‘ਹੈਪੀ ਬੰਬ’ ਸ਼ਬਦ ਦੀ ਵਰਤੋਂ ਕਰਦੇ ਸੁਣਿਆ, ਜਿਸ ਪਿੱਛੋਂ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੈਟ ਏਅਰਵੇਜ਼ ਦੇ ਕਰਮਚਾਰੀ ਨੇ ਕਲਿੰਸ ਵਰਗੀਜ਼ ਨਾਂਅ ਦੇ ਯਾਤਰੀ ਨੂੰ ਇਹ ਕਹਿੰਦੇ ਸੁਣਿਆ ਕਿ ਉਸ ਕੋਲ ਇੱਕ ਹੈਪੀ ਬੰਬ ਹੈ। ਵਰਗੀਜ਼ ਕੇਰਲਾ ਰਾਜ ਦੇ ਤਿ੍ਰਚੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਗਰਾਊਂਡ ਸਟਾਫ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ, ਜਿਨ੍ਹਾਂ ਨੇ ਇਸ ਬਾਰੇ ਸੀ ਆਈ ਐੱਸ ਐੱਫ ਅਤੇ ਘਰੇਲੂ ਟਰਮੀਨਲ ਦੀ ਮੈਨੇਜਮੈਂਟ ਨੂੰ ਦੱਸਿਆ। ਵਰਗੀਜ਼ ਨੇ ਜੈੱਟ ਏਅਰਵੇਜ਼ ਦੀ ਕੋਚੀ ਤੋਂ ਮੁੰਬਈ ਦੀ ਉਡਾਣ ਵਿੱਚ ਸਵਾਰ ਹੋਣਾ ਸੀ। ਉਸ ਨੂੰ ਉਤਾਰ ਲਿਆ ਗਿਆ ਅਤੇ ਉਸ ਦੇ ਸਾਮਾਨ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਅਤੇ ਬਾਅਦ ਵਿੱਚ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਪੁੱਛਗਿੱਛ ਦੌਰਾਨ ਵਰਗੀਜ਼ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਫੇਸਬੁਕ ਚੈਟ ‘ਤੇ ਮੁੰਬਈ ਵਿੱਚ ਆਪਣੇ ਇੱਕ ਦੋਸਤ ਲਈ ਖੁਸ਼ੀ ਜ਼ਾਹਰ ਕਰ ਰਿਹਾ ਸੀ।