ਜਹਾਜ਼ ਵਾਲੇ ਤੇਲ ਦੇ ਮੁੱਲ ਵਧੇ, ਹਵਾਈ ਸਫਰ ਮਹਿੰਗਾ ਹੋਵੇਗਾ


ਜਲੰਧਰ, 11 ਜੁਲਾਈ (ਪੋਸਟ ਬਿਊਰੋ)- ਹਵਾਈ ਯਾਤਰਾ ਕਰਨ ਵਾਲੇ ਲੋਕਾਂ ਦੀ ਜੇਬ ‘ਤੇ ਬੋਝ ਵਧਣ ਵਾਲਾ ਹੈ, ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਹਵਾਈ ਸਫਰ ਮਹਿੰਗਾ ਹੋ ਸਕਦਾ ਹੈ। ਪਿਛਲੇ ਇੱਕ ਸਾਲ ਵਿੱਚ ਜਹਾਜ਼ ਵਾਲਾ ਤੇਲ (ਏ ਟੀ ਐੱਫ) ਦੀਆਂ ਕੀਮਤਾਂ ਵਿੱਚ 20,298 ਰੁਪਏ ਪ੍ਰਤੀ ਕਿਲੋਲੀਟਰ ਵਾਧਾ ਹੋ ਚੁੱਕਾ ਹੈ। ਇਸ ਦੇ ਤਹਿਤ ਕੰਪਨੀਆਂ ਹਵਾਈ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਸਕਦੀਆਂ ਹਨ।
ਵਰਨਣ ਯੋਗ ਹੈ ਕਿ ਜਹਾਜ਼ਾਂ ਦੇ ਤੇਲ ਦੀ ਕੀਮਤ ਵਿੱਚ ਜੂਨ 2017 ਤੋਂ ਵਾਧਾ ਹੋ ਰਿਹਾ ਹੈ। ਜੂਨ 2017 ਵਿੱਚ ਇਸ ਦੀ ਕੀਮਤ 49,730 ਰੁਪਏ ਪ੍ਰਤੀ ਕਿਲੋਲੀਟਰ ਸੀ ਅਤੇ ਜੂਨ 2018 ਵਿੱਚ ਇਹ ਵਧ ਕੇ 70,028 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ। ਜੂਨ 2017 ਵਿੱਚ ਜਹਾਜ਼ ਤੇਲ ‘ਚ ਸੱਤ ਫੀਸਦੀ ਦਾ ਵਾਧਾ ਹੋਇਆ ਸੀ, ਜਿਸ ਤੋਂ ਬਾਅਦ ਕੀਮਤਾਂ 70,028 ਰੁਪਏ ਪ੍ਰਤੀ ਕਿਲੋਲੀਟਰ ਦੇ ਪੱਧਰ ‘ਤੇ ਪਹੁੰਚ ਗਈਆਂ ਸਨ। ਮਈ 2018 ਨੂੰ ਜਹਾਜ਼ ਤੇਲ ਦੀਆਂ ਕੀਮਤਾਂ ‘ਚ 3,890 ਰੁਪਏ ਪ੍ਰਤੀ ਕਿਲੋਲੀਟਰ ਦੀ ਦਰ ਨਾਲ ਵਾਧਾ ਕੀਤਾ ਗਿਆ। ਇਸ ਤਰ੍ਹਾਂ ਇੱਕ ਕਿਲੋਲੀਟਰ ਦੇ ਹਿਸਾਬ ਜਹਾਜ਼ ਤੇਲ ਦੀ ਕੀਮਤ 23 ਰੁਪਏ ਤੱਕ ਵੱਧ ਰਹੀ ਹੈ।
ਹਵਾਈ ਕਿਰਾਏ ‘ਤੇ ਜਹਾਜ਼ ਤੇਲ ਦੀਆਂ ਕੀਮਤਾਂ ਦਾ ਜ਼ਿਆਦਾ ਅਸਰ ਇਸ ਲਈ ਪੈ ਰਿਹਾ ਹੈ ਕਿਉਂਕਿ ਭਾਰਤ ‘ਚ ਏਅਰਲਾਈਨਸ ਆਪਰੇਸ਼ਨ ਦੀ ਕੁੱਲ ਲਾਗਤ ਦਾ ਪੰਜਾਹ ਫੀਸਦੀ ਹਿੱਸਾ ਜਹਾਜ਼ ਤੇਲ ਦਾ ਹੁੰਦਾ ਹੈ। ਜੈੱਟ ਏ ਟੀ ਐੱਫ ਦੇ ਮੁੱਲ ਵਧਦੇ ਜਾਣ ਦਾ ਅਸਰ ਮੰਗ ਉੱਤੇ ਵੀ ਪਵੇਗਾ। ਮੌਜੂਦਾ ਸਮੇਂ ਵਿੱਚ ਦਿੱਲੀ ਵਿੱਚ ਜਹਾਜ਼ ਤੇਲ ਦੀ ਕੀਮਤ 70,028 ਰੁਪਏ ਪ੍ਰਤੀ ਕਿਲੋਲੀਟਰ, ਮੁੰਬਈ ਵਿੱਚ 69,603 ਰੁਪਏ, ਕੋਲਕਾਤਾ ‘ਚ 74,599 ਰੁਪਏ ਅਤੇ ਚੇਨਈ ‘ਚ 70,751 ਰੁਪਏ ਪ੍ਰਤੀ ਕਿਲੋਲੀਟਰ ਹੈ। ਇਸ ਨਾਲ ਹਵਾਈ ਟਿਕਟਾਂ ਮਹਿੰਗੀਆਂ ਹੋ ਸਕਦੀਆਂ ਹਨ।