ਜਸਟਿਨ ਟਰੂਡੋ:ਸੈਕਸੁਅਲ ਅਸਾਟਲ ਬਾਰੇ ਖੁਦ ਦੇ ਮਾਪਦੰਡਾਂ ਨੂੰ ਨਿਭਾਵੇ

ਮੀਡੀਆ ਵਿੱਚ ਖਬਰਾਂ ਛਾਈਆਂ ਪਈਆਂ ਹਨ ਕਿ ਸਾਲ 2000 ਵਿੱਚ 28 ਕੁ ਸਾਲਾ ਇੱਕ ਨੌਜਵਾਨ ਨੇ ਇੱਕ ਪਾਰਟੀ ਵਿੱਚ ਰਿਪੋਰਟਿੰਗ ਕਰਨ ਆਈ ਨੌਜਵਾਨ ਪੱਤਰਕਾਰ ਲੜਕੀ ਦੇ ਅੰਗਾਂ ਨੂੰ ਗਲਤ ਤਰੀਕੇ ਨਾਲ ਫੜਿਆ ਸੀ। ਐਨਾ ਹੀ ਨਹੀਂ ਸਗੋਂ ਇਹ ਪਤਾ ਲੱਗਣ ਉੱਤੇ ਕਿ ਉਹ ਇੱਕ ਕੌਮੀ ਅਖਬਾਰ (ਨੈਸ਼ਨਲ ਪੋਸਟ) ਦੇ ਬਰਾਂਚ ਨਾਲ ਸਬੰਧਿਤ ਕਮਿਉਨਿਟੀ ਅਖਬਾਰ ਦੀ ਪੱਤਰਕਾਰ ਹੈ ਤਾਂ ਨੌਜਵਾਨ ਦਾ ਆਖਣਾ ਸੀ ਕਿ ਜੇ ਮੈਨੂੰ ਤੇਰੇ ਪੱਤਰਕਾਰ ਹੋਣ ਦਾ ਪਤਾ ਹੁੰਦਾ ਤਾਂ ਮੈਂ ਅਜਿਹਾ ਕਦਾਚਿਤ ਨਾ ਕਰਦਾ। ਉਸ ਪੱਤਰਕਾਰ ਨੇ ਇਸ ਘਟਨਾ ਬਾਰੇ ਆਪਣੇ ਪਬਲਿਸ਼ਰ ਅਤੇ ਐਡੀਟਰ ਨਾਲ ਗੱਲ ਕੀਤੀ ਅਤੇ ਉਸ ਘਟਨਾ ਬਾਬਤ ਇੱਕ ਐਡੀਟੋਰੀਅਲ ਲਿਖ ਕੇ ਛਾਪਿਆ। ਐਡੀਟੋਰੀਅਲ ਨੂੰ ਨਾਮ ਦਿੱਤਾ ‘ਓਪਨ ਆਈਜ਼’ (ਅੱਖਾਂ ਖੋਲੋ)।

ਔਰਤਾਂ ਨਾਲ ਸਹੀ ਸਲੀਕਾ ਵਰਤਣ ਬਾਬਤ ਜਿਸ ਨੌਜਵਾਨ ਨੂੰ ‘ਅੱਖਾਂ ਖੋਲਣ ਦੀ ਨਸੀਹਤ ਦਿੱਤੀ ਗਈ ਸੀ, ਉਹ ਹੋਰ ਕੋਈ ਨਹੀਂ ਸਗੋਂ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਨ। ਜਸਟਿਨ ਟਰੂਡੋ ਮਹਿਜ਼ ਸਾਬਕਾ ਪ੍ਰਧਾਨ ਮੰਤਰੀ ਦਾ ਬੇਟਾ ਨਹੀਂ ਸੀ ਸਗੋਂ ਇੱਕ ਮਸ਼ਹੂਰ ਅਤੇ ਅਮੀਰ ਪਰਿਵਾਰ ਨਾਲ ਸਬੰਧਿਤ ਸੀ। ਅਜਿਹੇ ਪਰਿਵਾਰਾਂ ਵਾਲੇ ਲੋਕਾਂ ਨੂੰ ਪਬਲਿਕ ਵਿੱਚ ਸਹੀ ਢੰਗ ਨਾਲ ਵਰਤਾਓ ਕਰਨ ਦੀ ਸਿਖਲਾਈ ਮੁੱਢ ਤੋਂ ਹੀ ਦਿੱਤੀ ਜਾਂਦੀ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਪਬਲਿਕ ਨੂੰ ਇਹਨਾਂ ਸਖਸਿ਼ਅਤਾਂ ਤੋਂ ਚੰਗਾ ਵਰਤਾਅ ਕੀਤੇ ਜਾਣ ਦੀ ਆਸ ਹੁੰਦੀ ਹੈ। ਜੇ ਉਹ ਵਿਅਕਤੀ ਸਕੂਲ ਅਧਿਆਪਕ ਹੋਵੇ ਤਾਂ ਤਵੱਕੋ ਹੋਰ ਵੀ ਵੱਧ ਹੋ ਜਾਂਦੀ ਹੈ। ਜੇ ਉਹ ਵਿਅਕਤੀ ਬਾਅਦ ਵਿੱਚ ਕੈਨੇਡਾ ਦਾ ਪ੍ਰਧਾਨ ਮੰਤਰੀ ਬਣ ਜਾਵੇ ਅਤੇ ਆਪਣੀ ਵਜ਼ਾਰਤ ਵਿੱਚ ਔਰਤਾਂ ਨੂੰ 50% ਸਥਾਨ ਦੇ ਕੇ ਵਿਸ਼ਵ ਭਰ ਵਿੱਚ ਖੁਦ ਲਈ ਇੱਕ ਵਿਸ਼ੇਸ਼ ਅਕਸ ਪੈਦਾ ਕਰਨ ਵਾਲਾ ਹੋਵੇ ਤਾਂ ਕੀਤੀ ਜਾਣ ਵਾਲੀ ਤੱਵਕੋ ਹੋਰ ਵੀ ਵੱਧ ਹੋ ਜਾਂਦੀ ਹੈ।

ਹੈਰਾਨੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਘਟਨਾ ਬਾਰੇ ਕੁੱਝ ਵੀ ਸਪੱਸ਼ਟ ਤਰੀਕੇ ਬੋਲਣ ਲਈ ਤਿਆਰ ਨਹੀਂ ਹਨ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਅਤੇ ਪ੍ਰਧਾਨ ਮੰਤਰੀ ਵੱਲੋਂ ਮਹਿਜ਼ ਐਨਾ ਆਖਣਾ ਕਿ ਉਸਨੂੰ ਇਸ ਘਟਨਾ ਬਾਰੇ ਕੁੱਝ ਚੇਤਾ ਨਹੀਂ ਹੈ, ਮਸਲੇ ਦਾ ਹੱਲ ਨਹੀਂ ਹੈ। ਪ੍ਰਧਾਨ ਮੰਤਰੀ ਵੱਲੋਂ ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਕਿ ਉਸਨੇ ਬ੍ਰਿਟਿਸ਼ ਕੋਲੰਬੀਆ ਦੇ ਕੈ੍ਰਸਟਨ ਵੈਲੀ ਅਡਵਾਂਸ ਅਖਬਾਰ ਦੀ ਪੱਤਰਕਾਰ ਦੇ ਅੰਗਾਂ ਨੂੰ ਨਹੀਂ ਛੇੜਿਆ। ਕਿਸੇ ਵਾਰਦਾਤ ਵਿੱਚ ਸ਼ਾਮਲ ਨਾ ਹੋਣਾ ਅਤੇ ਉਸ ਬਾਰੇ ਚੇਤਾ ਨਾ ਹੋਣਾ ਦੋ ਵੱਖਰੀਆਂ ਗੱਲਾਂ ਹਨ। ਪ੍ਰਧਾਨ ਮੰਤਰੀ ਲਈ ਸਪੱਸ਼ਟੀਕਰਨ ਦੇਣਾ ਲਾਜ਼ਮੀ ਬਣਦਾ ਹੈ ਕਿਉਂਕਿ ਉਹ ਖੁਦ ਹੋਰਾਂ ਨੂੰ ਥੋੜੇ ਜਿੰਨੇ ਸ਼ੱਕ ਦੀ ਬੁਨਿਆਦ ਉੱਤੇ ਸਖ਼ਤ ਸਜ਼ਾਵਾਂ ਦੇਣ ਲਈ ਮਸ਼ਹੂਰ ਹਨ। ਉਹ ਔਰਤਾਂ ਪ੍ਰਤੀ ਅਸਹਿਸ਼ੀਲਤਾ ਦੀ ‘ਜ਼ੀਰੋ ਟਾਲਰੈਂਸ’ ਪਾਲਸੀ ਦੇ ਘੜਤਾ ਅਤੇ ਪਾਲਣਹਾਰੇ ਹਨ। ਪਾਲਣਹਾਰੇ ਨੂੰ ਉਹੋ ਹੀ ਮਾਪਦੰਡ ਅਪਨਾਉਣ ਦੀ ਲੋੜ ਹੁੰਦੀ ਹੈ ਜੋ ਉਹ ਹੋਰਾਂ ਉੱਤੇ ਲਾਗੂ ਕਰਦਾ ਹੋਵੇ।

ਜੋ ਸੁਆਲ ਪ੍ਰਧਾਨ ਮੰਤਰੀ ਕੋਲੋਂ ਅੱਜ ਪੁੱਛਿਆ ਜਾ ਰਿਹਾ ਹੈ, ਉਹ ਅੱਜ ਤੋਂ 18 ਸਾਲ ਪਹਿਲਾਂ ਸਾਲ 2000 ਵਿੱਚ ਉਸ ਘਟਨਾ (ਜੋ ਹਾਲੇ ਸਾਬਤ ਨਹੀਂ ਹੋਈ ਹੈ) ਤੋਂ ਬਾਅਦ ਲਿਖੇ ਐਡੀਟੋਰੀਅਲ ਵਿੱਚ ਵੀ ਪੁੱਛਿਆ ਗਿਆ ਸੀ। ਬਕੌਲ ਉਸ ਐਡੀਟੋਰੀਅਲ “ਕੀ ਪ੍ਰਧਾਨ ਮੰਤਰੀ ਦੇ ਪੁੱਤਰ ਨੂੰ ਪਤਾ ਨਹੀਂ ਹੋਣਾ ਚਾਹੀਦਾ ਕਿ ਪਬਲਿਕ ਵਿੱਚ ਘੁਲਣ ਮਿਲਣ ਵੇਲੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ? ਕੀ ਉਸਨੇ (ਆਪਣੇ ਪਿਤਾ ਨਾਲ ਬਿਤਾਏ) ਲੰਬੇ ਪਬਲਿਕ ਲਾਈਫ ਦੇ ਅਨੁਭਵ ਤੋਂ ਨਹੀਂ ਸਿੱਖਿਆ ਕਿ ਨੌਜਵਾਨ ਲੜਕੀਆਂ ਦੇ ਅੰਗਾਂ ਨੂੰ ਫੜਨਾ ਸਹੀ ਵਰਤਾਓ ਨਹੀਂ ਹੁੰਦਾ, ਬੇਸ਼ੱਕ ਉਹ ਲੜਕੀ ਕੋਈ ਵੀ ਹੋਵੇ, ਕਿਸੇ ਵੀ ਪੇਸ਼ੇ ਨਾਲ ਸਬੰਧਿਤ ਹੋਵੇ ਅਤੇ ਕਿਸੇ ਵੀ ਥਾਂ ਉੱਤੇ ਮੌਜੂਦ ਹੋਵੇ?’ ਸਾਲ 2000 ਵਿਚ ਲਿਖਿਆ ਐਡੀਟੋਰੀਅਲ ਇਸ ਦੋ ਸ਼ਬਦੀ ਵਿਆਖਿਆ ਨਾਲ ਬੰਦ ਕੀਤਾ ਗਿਆ ਸੀ “ਜਿਵੇਂ ਦਾ ਪਿਤਾ, ਉਵੇਂ ਦਾ ਬੇਟਾ”। ਚੇਤੇ ਰਹੇ ਕਿ ਜਸਟਿਨ ਟਰੂਡੋ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਪੀਅਰੇ ਟਰੂਡੋ ਬਾਰੇ ਮਸ਼ਹੂਰ ਸੀ ਕਿ ਉਸਦੇ ਕਈ ਔਰਤਾਂ ਨਾਲ ਸਬੰਧ ਰਹੇ ਸਨ।

ਕਿਸੇ ਵੀ ਪਿਤਾ ਦੇ ਇਖਲਾਕ ਬਾਰੇ ਗੱਲ ਕਰਕੇ ਉਸਦੇ ਬੇਟੇ ਦੇ ਇਖਲਾਕ ਦੀ ਗੱਲ ਨਹੀਂ ਕੀਤੀ ਜਾ ਸਕਦੀ। ਪਰ ਅੱਜ ਸੁਆਲ ਸਿਰਫ਼ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖੁਦ ਪੈਦਾ ਕੀਤੇ ਮਾਪਦੰਡਾਂ ਉੱਤੇ ਪਹਿਰਾ ਦੇਣ ਜਾਂ ਨਾ ਦੇਣ ਬਾਰੇ ਹੈ। ਟਰੂਡੋ ਹੋਰਾਂ ਨੇ ਆਪਣੇ ਸਾਥੀ ਮੰਤਰੀ ਕੈਂਟ ਹੈਰ ਨੂੰ ਸੈਕਸੁਅਲ ਅਸਾਲਟ ਬਾਰੇ ਲੱਗੇ ਇਲਜ਼ਾਮਾਂ ਬਦਲੇ ਸਜ਼ਾ ਦਿੱਤੀ, ਦਰਸ਼ਨ ਕੰਗ ਨੂੰ ਖੂੰਜੇ ਲਾਈਨ ਲਾਇਆ, 2014 ਵਿੱਚ ਦੋ ਲਿਬਰਲ ਐਮ ਪੀਆਂ ਨੂੰ ਕਾਕਸ ਚੋਂ; ਬਾਹਰ ਕੱਢਿਆ ਸੀ। ਪ੍ਰਧਾਨ ਮੰਤਰੀ ਦੀ ਨੈਤਿਕ ਜੁੰਮੇਵਾਰੀ ਬਣਦੀ ਹੈ ਕਿ ਖੁਦ ਘੜੇ ਮਾਪਦੰਡਾਂ ਨੂੰ ਖੁਦ ਉੱਤੇ ਲਾਗੂ ਕਰੇ ਬੇਸ਼ੱਕ ਅਜਿਹਾ ਕਰਨਾ ਕਿੰਨਾ ਵੀ ਔਖਾ ਕਿਉਂ ਨਾ ਹੋਵੇ। ਸਿਧਾਂਤਾਂ ਨੂੰ ਨਿਭਾਉਣਾ ਆਖਰ ਕਦੋਂ ਸੌਖਾ ਹੋਇਆ ਕਰਦਾ ਹੈ?