ਜਵਾਲਾਮੁਖੀ ਦੀ ਸਵਾਹ ਵਿੱਚੋਂ ਛੋਟੀ ਜਿਹੀ ਬੱਚੀ ਜਿੰਦਾ ਮਿਲੀ


ਗਵਾਟੇਮਾਲਾ, 6 ਜੂਨ (ਪੋਸਟ ਬਿਊਰੋ)- ਗਵਾਟੇਮਾਲਾ ਵਿੱਚ ਕਈਂ ਦਿਨ ਤੋਂ ਸਰਗਰਮ ਰਹੇ ਜਵਾਲਾਮੁਖੀ ‘ਵੋਲੇਕਨ ਡੀ ਫਿਊਗੋ’ ਵਿਚ ਧਮਾਕੇ ਨਾਲ ਅੱਜ ਤੱਕ 73 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਲੋਕ ਲਾਪਤਾ ਹੋਣ ਦੇ ਨਾਲ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਇਸ ਦੌਰਾਨ ਇਕ ਮਾਸੂਮ ਬੱਚੀ ਕਈ ਘੰਟਿਆਂ ਤੱਕ ਜਵਾਲਾਮੁਖੀ ਵਿਚੋਂ ਨਿਕਲੀ ਸੁਆਹ ਹੇਠਾਂ ਦੱਬੇ ਰਹੇ ਇੱਕ ਘਰ ਵਿਚੋਂ ਜਿਊਂਦੀ ਮਿਲਣ ਨਾਲ ਹਰ ਕੋਈ ਹੈਰਾਨ ਹੋ ਗਿਆ ਹੈ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਗਵਾਟੇਮਾਲਾ ਵਿਚ ਜਵਾਲਾਮੁਖੀ ਧਮਾਕੇ ਤੋਂ ਬਾਅਦ ਇਲਾਕੇ ਵਿਚ ਜਵਾਲਾਮੁਖੀ ਦੀ ਸੁਆਹ ਫੈਲੀ ਹੋਈ ਸੀ। ਇਸ ਦੀ ਲਪੇਟ ਵਿਚ ਕਈ ਘਰ ਆ ਗਏ ਅਤੇ ਇਨ੍ਹਾਂ ਵਿਚੋਂ ਇਕ ਘਰ ਅਜਿਹਾ ਸੀ, ਜੋ ਪੂਰੀ ਤਰ੍ਹਾਂ ਨਾਲ ਸੁਆਹ ਨਾਲ ਢੱਕ ਚੁੱਕਾ ਸੀ। ਉਥੇ ਰੈਸਕਿਊ ਆਪਰੇਸ਼ਨ ਦੌਰਾਨ ਪੁਲਸ ਅਫਸਰ ਨੂੰ ਸੁਆਹ ਹੇਠਾਂ ਦੱਬੇ ਘਰ ਵਿਚ ਇਕ ਬੱਚੀ ਜਿਊਂਦੀ ਦਿਖਾਈ ਦਿੱਤੀ। ਇਸ ਘਰ ਤੱਕ ਪਹੁੰਚਣਾ ਆਸਾਨ ਨਹੀਂ ਸੀ, ਪਰ ਪੁਲਸ ਅਫਸਰ ਪੌੜੀ ਦੇ ਸਹਾਰੇ ਘਰ ਤੱਕ ਕਿਸੇ ਤਰ੍ਹਾਂ ਪੁੱਜਾ ਤੇ ਬਹਾਦਰੀ ਦਿਖਾਉਂਦੇ ਹੋਏ ਉਸ ਬੱਚੀ ਨੂੰ ਘਰੋਂ ਜਿੰਦਾ ਬਾਹਰ ਕੱਢਣ ਵਿਚ ਕਾਮਯਾਬ ਰਿਹਾ। ਇਸ ਰੈਸਕਿਊ ਆਪਰੇਸ਼ਨ ਵਿਚ ਚਮਤਕਾਰ ਵਾਲੀ ਗੱਲ ਇਹ ਸੀ ਕਿ ਪੂਰਾ ਘਰ ਸੁਆਹ ਨਾਲ ਢਕਿਆ ਹੋਇਆ ਸੀ, ਪਰ ਬੱਚੀ ਉੱਤੇ ਥੋੜ੍ਹੀ ਜਿਹੀ ਵੀ ਸੁਆਹ ਨਹੀਂ ਪਈ।