ਜਲ੍ਹਿਆਂਵਾਲਾ ਬਾਗ ਵਿੱਚ ਦਾਦੇ ਦੀ ਮੌਤ ਲਈ ਹਾਈ ਕੋਰਟ ਵਿੱਚ ਮੁਆਵਜ਼ੇ ਦਾ ਕੇਸ

hc 2
ਚੰਡੀਗੜ੍ਹ, 1 ਜੁਲਾਈ (ਪੋਸਟ ਬਿਊਰੋ)- ਅੰਮ੍ਰਿਤਸਰ ਵਿੱਚ ਸਾਲ 1919 ਵਿੱਚ ਵਾਪਰੇ ਜਲ੍ਹਿਆਂਵਾਲਾ ਬਾਗ ਕਾਂਡ ਦੀ ਗੂੰਜ ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਈ, ਜਦੋਂ ਇਕ ਸੁਤੰਤਰਤਾ ਸੈਨਾਨੀ ਦੇ ਵਾਰਸ ਨੇ ਇਸ ਕਾਂਡ ਦੌਰਾਨ ਆਪਣੇ ਦਾਦੇ ਦੀ ਮੌਤ ਲਈ ਮੁਆਵਜ਼ੇ ਦੀ ਮੰਗ ਕਰ ਦਿੱਤੀ।
ਇਸ ਕੇਸ ਵਿੱਚ ਪਟੀਸ਼ਨਰ ਮੋਹਨ ਸਿੰਘ ਦਾ ਕਹਿਣਾ ਹੈ ਕਿ ਉਹ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਵਿੱਚ ਮਾਰੇ ਗਏ ਈਸ਼ਰ ਸਿੰਘ ਦਾ ਪੋਤਾ ਹੈ ਅਤੇ ਉਸ ਨੂੰ ਇਸ ਮਾਮਲੇ ਵਿੱਚ ਮੁਆਵਜ਼ਾ ਦਿਵਾਇਆ ਜਾਵੇ। ਉਸ ਨੇ ਕਿਹਾ ਕਿ ਉਸ ਦਾ ਦਾਦਾ ਵੀ 15-16 ਹੋਰ ਪਿੰਡ ਵਾਸੀਆਂ ਨਾਲ ਜਲ੍ਹਿਆਂਵਾਲਾ ਬਾਗ ਦੇ ਇਕੱਠ ਵਿੱਚ ਸ਼ਾਮਲ ਹੋਣ ਗਿਆ ਸੀ ਤੇ ਉਥੇ ਗੋਲੀਬਾਰੀ ਕਾਰਨ ਉਸ ਦੀ ਮੌਤ ਹੋ ਗਈ। ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੇ ਆਜ਼ਾਦੀ ਪਿੱਛੋਂ ਸੁਤੰਤਰਤਾ ਸੈਨਾਨੀਆਂ ਤੇ ਉਨ੍ਹਾਂ ਦੇ ਵਾਰਸਾਂ ਦੇ ਲਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ, ਪਰ ਸਕੀਮ ਲਾਗੂ ਕਰਦੀਆਂ ਏਜੰਸੀਆਂ ਦੀ ਨਾਂਹ ਪੱਖੀ ਮਾਨਸਿਕਤਾ ਕਾਰਨ ਇਨ੍ਹਾਂ ਸਕੀਮਾਂ ਦਾ ਲਾਭ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਲ੍ਹਿਆਂਵਾਲਾ ਬਾਗ ਦੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਪਟੀਸ਼ਨਰ ਨੇ ਖੁਦ ਸੁਤੰਤਰਤਾ ਸੈਨਾਨੀ ਤੇ ਪੀੜਤ ਦੱਸਿਆ। ਉਸ ਨੇ ਕਿਹਾ ਕਿ ‘ਭਾਰਤ ਛੱਡੋ ਅੰਦੋਲਨ’ ਵੇਲੇ ਉਹ 20 ਅਕਤੂਬਰ 1942 ਤੋਂ 24 ਜੁਲਾਈ 1943 ਤੱਕ ਲਾਹੌਰ ਜੇਲ ਵਿੱਚ ਰਿਹਾ। ਉਸ ਨੂੰ ‘ਸੁਤੰਤਰਤਾ ਸੈਨਿਕ ਸਨਮਾਨ ਪੈਨਸ਼ਨ ਸਕੀਮ’ ਅਧੀਨ ਪੈਨਸ਼ਨ ਮਿਲਦੀ ਹੈ, ਪਰ ਇਹ ਪੈਨਸ਼ਨ ਦਸੰਬਰ 2007 ਵਿੱਚ ਇਸ ਆਧਾਰ ਉਤੇ ਵਾਪਸ ਲੈ ਲਈ ਕਿ ਉਹ ਜੇਲ ਵਿੱਚ ਹਾਜ਼ਰੀ ਦਾ ਸਬੂਤ ਪੇਸ਼ ਨਹੀਂ ਕਰ ਸਕਿਆ। ਉਸ ਨੇ ਇਸ ਤੋਂ ਬਾਅਦ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿਸ ਨੇ ਉਸ ਦੀ ਰਿੱਟ ਪਟੀਸ਼ਨ ਮਨਜ਼ੂਰ ਕਰ ਲਈ ਸੀ।