ਜਲ੍ਹਿਆਂਵਾਲਾ ਬਾਗ ਕਾਂਡ ਵਿੱਚ ਕਸ਼ਮੀਰੀਆਂ ਦਾ ਬਲੀਦਾਨ


-ਸੰਜੇ ਨਹਾਰ
13 ਅਪ੍ਰੈਲ 1919 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਪੈਂਦੇ ਜਲ੍ਹਿਆਂਵਾਲਾ ਬਾਗ ਵਿੱਚ ਅੰਗਰੇਜ਼ਾਂ ਨੇ ਸੈਂਕੜੇ ਲੋਕਾਂ ਨੂੰ ਮਾਰ ਦਿੱਤਾ ਸੀ। ਉਸ ਹੱਤਿਆ ਕਾਂਡ ਦੀ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਅਸਾਧਾਰਨ ਮਹੱਤਤਾ ਹੈ। ਇਸ ਤੋਂ ਬਾਅਦ ਸਾਰਾ ਦੇਸ਼ ਬ੍ਰਿਟਿਸ਼ ਰਾਜ ਦੇ ਵਿਰੁੱਧ ਉਠ ਖੜ੍ਹਾ ਹੋਇਆ ਅਤੇ ਬ੍ਰਿਟਿਸ਼ ਸੱਤਾ ਦੀ ਪੁੱਠੀ ਗਿਣਤੀ ਸ਼ੁਰੂ ਹੋਈ। 13 ਅਪ੍ਰੈਲ 2018 ਨੂੰ ਇਸ ਘਟਨਾ ਦਾ ਸ਼ਤਾਬਦੀ ਵਰ੍ਹਾ ਸ਼ੁਰੂ ਹੋ ਰਿਹਾ ਹੈ। 13 ਅਪ੍ਰੈਲ 1919 ਨੂੰ ਵਿਸਾਖੀ ਸੀ। ਸਾਰੇ ਜਾਣਦੇ ਹਨ ਕਿ ਪੰਜਾਬ ਅਤੇ ਆਸਪਾਸ ਦੇ ਰਾਜਾਂ ‘ਚ ਇਹ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। 1699 ਨੂੰ ਇਸੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ ਪੰਥ’ ਦੀ ਸਾਜਨਾ ਕੀਤੀ ਸੀ।
ਇਸੇ ਪਵਿੱਤਰ ਦਿਨ ਨੂੰ ਹੀ ਜਲ੍ਹਿਆਂਵਾਲਾ ਬਾਗ ਕਾਂਡ ਵਿੱਚ ਹੋਏ ਘਿਨਾਉਣੇ ਕਤਲ ਕਾਂਡ ਵਿੱਚ ਸਿੱਖਾਂ ਤੇ ਪੰਜਾਬੀ ਭਰਾਵਾਂ ਨੇ ਜੋ ਬਲੀਦਾਨ ਦਿੱਤਾ, ਉਹ ਦੇਸ਼ ਹੀ ਨਹੀਂ ਸਗੋਂ ਦੁਨੀਆ ਦੇ ਇਤਿਹਾਸ ਵਿੱਚ ਦਰਜ ਹੈ, ਪਰ ਇਥੇ ਇੱਕ ਹੋਰ ਗੱਲ ਵੀ ਨਾ ਭੁੱਲੀ ਜਾਵੇ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਸ਼ਮੀਰ ਵਿੱਚ ਸਿੱਖਾਂ ਦਾ ਰਾਜ ਸੀ। ਉਦੋਂ ਤੋਂ ਕਸ਼ਮੀਰੀਆਂ ਤੇ ਸਿੱਖ-ਪੰਜਾਬੀ ਲੋਕਾਂ ਵਿਚਾਲੇ ਗੂੜ੍ਹਾ ਰਿਸ਼ਤਾ ਬਣਿਆ ਸੀ। ਲੋਕ ਇਧਰੋਂ-ਉਧਰੋਂ ਖੁੱਲ੍ਹ ਕੇ ਆਇਆ-ਜਾਇਆ ਕਰਦੇ ਸਨ। ਜਿਸ ਤਰ੍ਹਾਂ ਕਸ਼ਮੀਰ ਵਿੱਚ ਕਈ ਸਿੱਖ ਪੰਜਾਬੀ ਪਰਵਾਰ ਵਸੇ ਹੋਏ ਹਨ, ਉਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਕਸ਼ਮੀਰੀ ਲੋਕ ਵੀ ਪੰਜਾਬ ਵਿੱਚ ਵਸੇ ਹੋਏ ਸਨ। ਕਿਹਾ ਜਾਂਦਾ ਹੈ ਕਿ 20ਵੀਂ ਸਦੀ ਦੇ ਸ਼ੁਰੂ ਵਿੱਚ 21 ਹਜ਼ਾਰ ਤੋਂ ਵੱਧ ਕਸ਼ਮੀਰੀ ਪੰਜਾਬ ‘ਚ ਰਹਿ ਰਹੇ ਸਨ। ਸੁਭਾਵਿਕ ਤੌਰ ‘ਤੇ ਪੰਜਾਬ ਦੇ ਆਜ਼ਾਦੀ ਸੰਗਰਾਮ ਨੂੰ ਨਵੀਂ ਦਿਸ਼ਾ ਦੇਣ ਵਾਲੀ ਇਸ ਘਟਨਾ ਸਮੇਂ ਜਲ੍ਹਿਆਂਵਾਲਾ ਬਾਗ ਵਿੱਚ ਜਿਨ੍ਹਾਂ ਲੋਕਾਂ ਨੇ ਬਲੀਦਾਨ ਦਿੱਤਾ, ਉਨ੍ਹਾਂ ‘ਚ ਕਈ ਕਸ਼ਮੀਰੀ ਸਨ। ਬਦਕਿਸਮਤੀ ਨਾਲ ਇਸ ਦੀ ਕੋਈ ਖਾਸ ਚਰਚਾ ਹੁੰਦੀ ਦਿਖਾਈ ਨਹੀਂ ਦਿੰਦੀ, ਪਰ ਇਹ ਸੱਚ ਹੈ।
ਭਾਰਤ, ਖਾਸ ਕਰ ਕੇ ਪੰਜਾਬ ਅਤੇ ਬੰਗਾਲ ਵਿੱਚ ਅੰਗਰੇਜ਼ਾਂ ਵਿਰੁੱਧ ਲਗਾਤਾਰ ਚਲਾਏ ਜਾਣ ਵਾਲੇ ਅੰਦੋਲਨ ਨੂੰ ਦਬਾਉਣ ਲਈ ਉਨ੍ਹਾਂ ਦੇ ਨੇਤਾਵਾਂ ਨੂੰ ਬਿਨਾਂ ਕਿਸੇ ਅਪਰਾਧ ਦੇ ਜੇਲ੍ਹਾਂ ‘ਚ ਡੱਕਣਾ, ਪ੍ਰਸਾਰ ਮਾਧਿਅਮਾਂ ‘ਤੇ ਪਾਬੰਦੀ ਲਾਉਣਾ, ਬਿਨਾਂ ਸੁਣਵਾਈ ਦੇ ਦੋਸ਼ੀ ਕਰਾਰ ਦੇਣਾ ਆਦਿ ਕਈ ਕਾਨੂੰਨ ਸਨ, ਜੋ ਭਾਰਤੀਆਂ ਦੇ ਮੂਲ ਅਧਿਕਾਰਾਂ ‘ਤੇ ਡਾਕਾ ਮਾਰਨ ਲਈ ਬਣਾਏ ਗਏ ਸਨ। ਇਸੇ ਤਰ੍ਹਾਂ ਇੱਕ ‘ਰੋਲਟ ਐਕਟ’ ਸੀ, ਜਿਸ ਵਿਰੁੱਧ ਮਹਾਤਮਾ ਗਾਂਧੀ ਨੇ ਸਾਰੇ ਭਾਰਤੀਆਂ ਨੂੰ ਅੰਦੋਲਨ ਛੇੜਨ ਦਾ ਸੱਦਾ ਦਿੱਤਾ ਸੀ। ਡਾਕਟਰ ਸੱਤਪਾਲ ਤੇ ਸੈਫੂਦੀਨ ਕਿਚਲੂ ਨਾਂਅ ਦੇ ਦੋ ਪੰਜਾਬੀ ਆਗੂਆਂ ਨੇ ਪੰਜਾਬ ‘ਚ ਇੱਕ ਅੰਦੋਲਨ ਚਲਾਇਆ ਸੀ। 10 ਅਪ੍ਰੈਲ 1919 ਨੂੰ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਅੰਗਰੇਜ਼ਾਂ ਵੱਲੋਂ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ। ਇਸ ਗ੍ਰਿਫਤਾਰੀ ਅਤੇ ਰੋਲਟ ਐਕਟ ਦਾ ਵਿਰੋਧ ਪ੍ਰਗਟਾਉਣ ਲਈ ਡਾਕਟਰ ਮੁਹੰਮਦ ਬਸ਼ੀਰ ਨੇ 13 ਅਪ੍ਰੈਲ 1919 ਨੂੰ ਜਲ੍ਹਿਆਵਾਲਾ ਬਾਗ ‘ਚ ਸਭਾ ਦਾ ਆਯੋਜਨ ਕੀਤਾ। ਲਾਲਾ ਕਨ੍ਹਈਆ ਲਾਲ ਭਾਟੀਆ ਉਸ ਸਭਾ ਦੇ ਪ੍ਰਧਾਨ ਸਨ। ਮਿਲਦੀ ਜਾਣਕਾਰੀ ਅਨੁਸਾਰ ਉਸ ਸਭਾ ‘ਚ 1000 ਤੋਂ ਵੱਧ ਕਸ਼ਮੀਰੀ ਵੀ ਸਨ। ਸੈਫੂਦੀਨ ਕਿਚਲੂ ਇੱਕ ਕਸ਼ਮੀਰੀ ਮੁਸਲਿਮ ਪਰਵਾਰ ‘ਚੋਂ ਸਨ। ਉਨ੍ਹਾਂ ਦੇ ਪਿਤਾ ਪਸ਼ਮੀਨੇ ਸ਼ਾਲ ਅਤੇ ਕੇਸਰ ਦਾ ਕਾਰੋਬਾਰ ਕਰਦੇ ਸਨ। ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਤੋਂ ਆਇਆ ਕਿਚਲੂ ਪਰਵਾਰ ਮੂਲ ਤੌਰ ‘ਤੇ ਕਸ਼ਮੀਰੀ ਪੰਡਿਤ ਸੀ। 18ਵੀਂ ਸਦੀ ਦੇ ਅਖੀਰ ਵਿੱਚ ਉਨ੍ਹਾਂ ਨੇ ਇਸਲਾਮ ਕਬੂਲਿਆ ਸੀ। ਸੈਫੂਦੀਨ ਕਿਚਲੂ ਨੂੰ ਆਪਣੇ ਬ੍ਰਾਹਮਣ ਮੂਲ ਅਤੇ ਭਾਰਤੀ ਹੋਣ ‘ਤੇ ਮਾਣ ਸੀ।
ਡਾਕਟਰ ਸੱਤਪਾਲ ਤੇ ਸੈਫੂਦੀਨ ਕਿਚਲੂ ਦੀ ਗ੍ਰਿਫਤਾਰੀ ‘ਤੇ ਨਾਰਾਜ਼ਗੀ ਪ੍ਰਗਟਾਉਣ ਲਈ ਇਕੱਠੀ ਹੋਈ ਭੀੜ ‘ਤੇ ਜਨਰਲ ਡਾਇਰ ਨੇ ਅੰਨ੍ਹੇਵਾਹ ਗੋਲੀਆਂ ਚਲਵਾਈਆਂ। ਬ੍ਰਿਟਿਸ਼ ਸਰਕਾਰ ਨੇ ਇਸ ਗੋਲੀਕਾਂਡ ਵਿੱਚ ਮਰਨ ਵਾਲਿਆਂ ਦੀ ਜੋ ਸੂਚੀ ਜਾਰੀ ਕੀਤੀ, ਉਸ ਵਿੱਚ 379 ਮ੍ਰਿਤਕਾਂ ਦੇ ਨਾਂਅ ਸਨ। ਅੰਮ੍ਰਿਤਸਰ ਦੇ ਜ਼ਿਲ੍ਹਾ ਕੁਲੈਕਟਰ ਆਫਿਸ ਵਿੱਚ 484 ਮ੍ਰਿਤਕਾਂ ਦੀ ਸੂਚੀ ਹੈ। ਜਲ੍ਹਿਆਂਵਾਲਾ ਬਾਗ ਦੇ ਅਜਾਇਬਘਰ ਵਿੱਚ 379 ਮ੍ਰਿਤਕਾਂ ਦੀ ਸੂਚੀ ਵਿੱਚ 14 ਕਸ਼ਮੀਰੀਆਂ ਦੇ ਨਾਂਅ ਹਨ। ਕਈ ਇਤਿਹਾਸਕਾਰਾਂ ਦੀ ਰਾਏ ਮੁਤਾਬਕ ਕੁੱਲ ਮ੍ਰਿਤਕਾਂ ਤੇ ਉਨ੍ਹਾਂ ਵਿੱਚ ਕਸ਼ਮੀਰੀਆਂ ਦੀ ਗਿਣਤੀ ਇਸ ਨਾਲੋਂ ਕਿਤੇ ਜ਼ਿਆਦਾ ਸੀ। ਪੰਡਿਤ ਮਦਨ ਮੋਹਨ ਮਾਲਵੀਆ ਨੇ ਇਹ ਅੰਕੜਾ 1300 ਤੋਂ ਵੱਧ ਦੱਸਿਆ ਸੀ ਤਾਂ ਅੰਮ੍ਰਿਤਸਰ ਦੇ ਤੱਤਕਾਲੀ ਸਿਵਲ ਸਰਜਨ ਡਾਕਟਰ ਸਮਿਥਨ ਨੇ ਇਹ ਗਿਣਤੀ 1800 ਤੋਂ ਜ਼ਿਆਦਾ ਦੱਸੀ ਸੀ।
ਅੱਜ ਕਿਹਾ ਜਾ ਰਿਹਾ ਹੈ ਕਿ ਕਸ਼ਮੀਰੀ ਲੋਕ ਭਾਰਤ ਦੇ ਨਾਲ ਨਹੀਂ, ਉਹ ਦੇਸ਼ ਧਰੋਹੀ ਹਨ, ਇਨ੍ਹਾਂ ਸੱਪਾਂ ਨੂੰ ਦੁੱਧ ਨਾ ਪਿਲਾਓ ਤੇ ਘੁੰਮਣ-ਫਿਰਨ ਲਈ ਕਸ਼ਮੀਰ ਕੋਈ ਨਾ ਜਾਵੇ। ਇਹ ਪ੍ਰਚਾਰ ਸੋਸ਼ਲ ਮੀਡੀਆ ‘ਤੇ ਕਰਨ ਵਾਲੇ ਲੋਕ ਦੇਸ਼ ਦੀ ਆਜ਼ਾਦੀ ਲਈ ਕਸ਼ਮੀਰੀਆਂ ਦੇ ਯੋਗਦਾਨ ਅਤੇ ਜਲ੍ਹਿਆਂਵਾਲਾ ਬਾਗ ਵਿੱਚ ਦਿੱਤੇ ਬਲੀਦਾਨ ਨੂੰ ਭੁੱਲਦੇ ਨਜ਼ਰ ਆ ਰਹੇ ਹਨ। 1919 ਤੋਂ ਬਾਅਦ ਵੀ ਆਜ਼ਾਦੀ ਅੰਦੋਲਨ ਵਿੱਚ ਕਈ ਕਸ਼ਮੀਰੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਸਨ। ਇਸ ਦਾ ਨਿਰਪੱਖ ਅਧਿਐਨ ਹੋਣਾ ਜ਼ਰੂਰੀ ਹੈ। ਜਦੋਂ ਭਾਰਤ ਨੂੰ ਆਜ਼ਾਦੀ ਮਿਲੀ, ਉਦੋਂ ਭਾਸ਼ਾ, ਧਰਮ, ਭੂਗੋਲਿਕ ਸਥਿਤੀ ਅਤੇ ਖੁਦ ਫੈਸਲਾ ਲੈਣ ਦਾ ਅਧਿਕਾਰ ਦੇ ਮੁੱਦਿਆਂ ‘ਤੇ ਕਸ਼ਮੀਰੀ ਲੋਕ ਚਾਹੁੰਦੇ ਤਾਂ ਪਾਕਿਸਤਾਨ ਨਾਲ ਮਿਲ ਸਕਦੇ ਸਨ, ਪਰ ਅਜਿਹਾ ਨ ਕਰ ਕੇ ਉਨ੍ਹਾਂ ਨੇ ਭਾਰਤ ਨਾਲ ਜ਼ਿਆਦਾ ਨੇੜਤਾ ਦਿਖਾਈ। ਪਿਛਲੇ 28 ਸਾਲਾਂ ਤੋਂ ਪਾਕਿਸਤਾਨ ਵੱਲੋਂ ਕਸ਼ਮੀਰ ਵਾਦੀ ਵਿੱਚ ਚਲਾਈਆਂ ਜਾ ਰਹੀਆਂ ਅੱਤਵਾਦੀ ਸਰਗਰਮੀਆਂ ‘ਚ ਦੇਸ਼ ਲਈ ਮਾਰੇ ਗਏ ਕਸ਼ਮੀਰੀ ਮੁਸਲਿਮ ਪੁਲਸ ਮੁਲਾਜ਼ਮਾਂ ਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਗਿਣਤੀ 3000 ਤੋਂ ਜ਼ਿਆਦਾ ਹੈ।
ਅਸਲ ‘ਚ ਸ਼ਹੀਦਾਂ ਦਾ ਨਾ ਕੋਈ ਧਰਮ ਹੁੰਦਾ ਹੈ, ਨਾ ਜਾਤ, ਫਿਰ ਵੀ ਜਦੋਂ ਅਸੀਂ ਕਿਸੇ ਸੂਬੇ ਦੇ ਲੋਕਾਂ ਨੂੰ ਦੇਸ਼ਧ੍ਰੋਹੀ ਕਹਿੰਦੇ ਹਾਂ ਤਾਂ ਅਸੀਂ ਉਥੋਂ ਦੀ ਮੌਜੂਦਾ ਸਥਿਤੀ ਦੇ ਕਾਰਨਾਂ ਤੇ ਉਥੇ ਵਿਦੇਸ਼ੀ ਦਖਲ ਵਰਗੀਆਂ ਗੱਲਾਂ ਦਾ ਅਧਿਐਨ ਕੀਤੇ ਬਿਨਾਂ ਹੀ ਟਿੱਪਣੀ ਕਰ ਦਿੰਦੇ ਹਾਂ। ਇਸੇ ਕਾਰਨ ਉਥੇ ਵੱਖਵਾਦ ਦੀ ਭਾਵਨਾ ਤੇਜ਼ ਹੋ ਜਾਂਦੀ ਹੈ।
ਪਿਛਲੇ ਦਿਨੀਂ ਮੁੱਖ ਮੰਤਰ ਿਮਹਿਬੂਬਾ ਮੁਫਤੀ ਨੇ ਕਿਹਾ ਕਿ ‘ਸਾਨੂੰ ਇਸ ਦੇਸ਼ ਨੇ ਆਪਣੇ ਤੋਂ ਦੂਰ ਕੀਤਾ ਹੋਇਆ ਹੈ, ਇਕੱਲਾ ਛੱਡ ਦਿੱਤਾ ਹੈ।’ ਉਦੋਂ ਕੋਈ ਸੰਗਠਨ ਜਾਂ ਨੇਤਾ ਇਹ ਕਹਿਣ ਨੂੰ ਅੱਗੇ ਨਹੀਂ ਆਇਆ ਕਿ ਅਸੀਂ ਸਾਰੇ ਇੱਕ ਹਾਂ, ਸਾਰਾ ਦੇਸ਼ ਕਸ਼ਮੀਰੀਆਂ ਦੇ ਨਾਲ ਹੈ।
ਹੁਣ ਜਦੋਂ ਜਲ੍ਹਿਆਂਵਾਲਾ ਬਾਗ ਕਾਂਡ ਦਾ ਸ਼ਤਾਬਦੀ ਵਰ੍ਹਾ ਸ਼ੁਰੂ ਹੋਣ ਜਾ ਰਿਹਾ ਹੈ, ਸਾਨੂੰ ਚਾਹੀਦਾ ਹੈ ਕਿ ਇਸ ਕਾਂਡ ਵਿੱਚ ਸ਼ਹੀਦ ਹੋਏ ਕਸ਼ਮੀਰੀਆਂ ਨੂੰ ਵੀ ਯਾਦ ਨਾ ਕਰਨਾ ਭੁੱਲੀਏ। ਇਸੇ ਘਟਨਾ ਤੋਂ ਬਾਅਦ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਰਾ ਦੇਸ਼ ਇੱਕ ਹੋ ਕੇ ਅੰਗਰੇਜ਼ਾਂ ਵਿਰੁੱਧ ਉਠ ਖੜ੍ਹਾ ਹੋਇਆ ਸੀ। ਰਬਿੰਦਰਨਾਥ ਟੈਗੋਰ ਨੇ ‘ਸਰ’ ਦਾ ਖਿਤਾਬ ਮੋੜ ਦਿੱਤਾ, ਲੱਖਾਂ ਨੌਜਵਾਨਾਂ ਨੇ ਦੇਸ਼ ਲਈ ਆਪਣਾ ਘਰ-ਬਾਰ ਛੱਡ ਦਿੱਤਾ। ਸ਼ਹੀਦ ਭਗਤ ਸਿੰਘ ਅਤੇ ਊਧਮ ਸਿੰਘ ਵਰਗਿਆਂ ਨੇ ਮਿਸਾਲੀ ਕੁਰਬਾਨੀਆਂ ਦਿੱਤੀਆਂ। ਮੂਲ ਕਸ਼ਮੀਰੀ ਸੈਫੂਦੀਨ ਕਿਚਲੂ ਨੇ ਸਾਰਾ ਜੀਵਨ ਦੇਸ਼ ਲੇਖੇ ਲਾ ਦਿੱਤਾ। ਕਸ਼ਮੀਰੀ ਮੁਸਲਮਾਨਾਂ ਨੂੰ ਭਾਰਤ ਦੀ ਮੁੱਖ ਧਾਰਾ ਵਿੱਚ ਲਿਆਉਣ ‘ਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਇਸ ਮੌਕੇ ਦੇਸ਼ ਉਨ੍ਹਾਂ ਦੇ ਇਸ ਯੋਗਦਾਨ ਦਾ ਸਤਿਕਾਰ ਕਰੇ ਤਾਂ ਇਹ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।

ਸਾਕਾ ਜਲ੍ਹਿਆਂ ਵਾਲੇ ਬਾਗ ਦਾ
-ਡਾ. ਮੁਹੰਮਦ ਸ਼ਫੀਕ
ਜਲ੍ਹਿਆਂ ਵਾਲਾ ਬਾਗ ਅੰਮ੍ਰਿਤਸਰ ਸ਼ਹਿਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਉਹ ਸਥਾਨ ਹੈ, ਜਿਥੇ 13 ਅਪ੍ਰੈਲ 1919 ਨੂੰ ਅੰਗਰੇਜ਼ ਸਰਕਾਰ ਦੇ ਫੌਜੀ ਅਧਿਕਾਰੀ ਜਨਰਲ ਡਾਇਰ ਨੇ ਨਿਹੱਥੇ ਪੰਜਾਬੀਆਂ ਦੇ ਇਕੱਠ ‘ਤੇ ਗੋਲੀ ਚਲਵਾਈ ਸੀ, ਇਸ ਦਿਨ ਲੋਕ ਸ੍ਰੀ ਹਰਿਮੰਦਰ ਸਾਹਿਬ ਵਿਸਾਖੀ ਮਨਾਉਣ ਇਕੱਠੇ ਹੋਏ ਸਨ। ਖੁਸ਼ਵੰਤ ਸਿੰਘ ਅਨੁਸਾਰ ਹਰ ਸਾਲ ਵਾਂਗ ਇਸ ਸਾਲ ਦੀ ਘੋੜ ਦੌੜ ਆਦਿ ਕਈ ਪ੍ਰਕਾਰ ਦੀਆਂ ਖੇਡਾਂ ਏਥੇ ਹੋਣੀਆਂ ਸਨ, ਜਿਸ ਕਾਰਨ ਲੋਕ ਦੁਪਹਿਰ ਸਮੇਂ ਆਰਾਮ ਕਰਨ ਲਈ ਬਾਗ ਵਿੱਚ ਇਕੱਠੇ ਹੋਏ ਸਨ। ਸਥਾਨਕ ਕਾਂਗਰਸੀ ਲੀਡਰਾਂ ਨੇ ਇਸ ਸਾਲ ਜਲ੍ਹਿਆਂ ਵਾਲਾ ਬਾਗ ਵਿੱਚ ਜਲਸਾ ਕਰਨ ਦਾ ਫੈਸਲਾ ਕੀਤਾ, ਜਿਸ ਬਾਰੇ 12 ਅਪ੍ਰੈਲ ਨੂੰ ਮੁਨਾਦੀ ਕਰਵਾ ਦਿੱਤੀ ਗਈ ਸੀ।
ਇਸ ਜਲਸੇ ਦਾ ਪ੍ਰਯੋਜਨ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨਾ ਸੀ, ਕਿਉਂਕਿ ਰੋਲੈਟ ਐਕਟ ਦੇ ਵਿਰੁੱਧ ਦੇਸ਼ ਭਰ ਵਿੱਚ ਅੰਦੋਲਨ ਨੂੰ ਦਬਾਉਣ ਲਈ ਅੰਗਰੇਜ਼ ਸਰਕਾਰ ਨੇ ਕਈ ਸਖਤ ਕਦਮ ਚੁੱਕੇ ਅਤੇ ਉਘੇ ਨੇਤਾਵਾਂ ਨੂੰ ਨਜ਼ਰਬੰਦ ਕਰ ਲਿਆ ਸੀ। ਪੰਜਾਬ ਵਿੱਚ ਡਾ. ਸਤਪਾਲ ਅਤੇ ਡਾ. ਕਿਚਲੂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਦੇ ਵਿਰੋਧ ਵਿੱਚ 9 ਅਪ੍ਰੈਲ 1919 ਨੂੰ ਹਿੰਦੂ, ਸਿੱਖ ਤੇ ਮੁਸਲਮਾਨਾਂ ਨੇ ਸਾਂਝਾ ਜਲੂਸ ਕੱਢਿਆ ਅਤੇ ਇਨ੍ਹਾਂ ਦੋਵਾਂ ਨੇਤਾਵਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਜਲੂਸ ਉਤੇ ਸਰਕਾਰ ਨੇ ਗੋਲੀ ਚਲਾ ਦਿੱਤੀ, ਜਿਸ ਦੇ ਸਿੱਟੇ ਵਜੋਂ ਲੋਕਾਂ ਵਿੱਚ ਰੋਹ ਭੜਕ ਉਠਿਆ ਅਤੇ ਜਲ੍ਹਿਆਂ ਵਾਲਾ ਬਾਗ ਵਿੱਚ 4.30 ਵਜੇ ਜਲਸਾ ਕੀਤਾ ਗਿਆ। ਦੁਪਹਿਰ ਇਕ ਵਜੇ ਦੇ ਕਰੀਬ ਇਸ ਦੀ ਖਬਰ ਜਨਰਲ ਡਾਇਰ ਨੂੰ ਮਿਲ ਗਈ। ਉਸ ਨੇ ਸੁਣਦੇ ਸਾਰ ਆਪਣੇ ਫੌਜੀ ਦਸਤਿਆਂ ਨਾਲ ਬਾਗ ਵੱਲ ਕੂਚ ਕਰ ਦਿੱਤਾ। ਚਾਰ ਚੁਫੇਰਿਓਂ ਉਚੇ ਘਰਾਂ ਨਾਲ ਘਿਰੇ ਇਸ ਬਾਗ ਵਿੱਚ ਵੜਨ ਲਈ ਇਕ ਤੰਗ ਜਿਹੀ ਗਲੀ ਸੀ, ਜਿਸ ਤੋਂ ਡਾਇਰ ਆਪਣੇ ਫੌਜੀਆਂ ਸਮੇਤ ਅੰਦਰ ਆ ਗਿਆ। ਡਾਇਰ ਨੇ ਅੰਦਰ ਵੜਦਿਆਂ ਹੀ ਬਿਨਾਂ ਕਿਸੇ ਐਲਾਨ ਦੇ ਗੋਲੀ ਚਲਵਾ ਦਿੱਤੀ। ਲੋਕ ਦਹਿਸ਼ਤ ਕਾਰਨ ਬਾਹਰ ਨਿਕਲਣ ਲਈ ਇਧਰ ਉਧਰ ਭੱਜਣ ਲੱਗੇ, ਪਰ ਕੋਈ ਰਸਤਾ ਨਾ ਮਿਲਿਆ। ਸਰਕਾਰੀ ਸੂਤਰਾਂ ਅਨੁਸਾਰ ਇਸ ਮੌਕੇ 381 ਲੋਕ ਮਰੇ ਤੇ 1290 ਜ਼ਖਮੀ ਹੋਏ, ਪਰ ਗੈਰ ਸਰਕਾਰੀ ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ 700 ਤੇ ਜ਼ਖਮੀਆਂ ਦੀ ਗਿਣਤੀ 1400 ਤੋਂ 2000 ਸੀ। ਕਈ ਘਬਰਾਹਟ ਨਾਲ ਖੂਹ ਵਿੱਚ ਛਾਲਾਂ ਮਾਰ ਕੇ ਮਰ ਗਏ। ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ। ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਇਸ ਘਟਨਾ ਨੂੰ ‘ਝਨਾ ਦੀ ਰਾਤ’ ਵਿੱਚ ਇਉਂ ਲਿਖਿਆ ਹੈ:
ਬੁਰਜ ਸ਼ਹੀਦਾਂ ਦੇਖਦੇ ਵਡ ਬਲੀ ਨਿਰਾਸੇ।
ਜਲ੍ਹਿਆਂ ਵਾਲੇ ਬਾਗ ਦੇ ਉਹ ਸ਼ੇਰ ਪਿਆਸੇ।
ਇਸ ਸਾਕੇ ਨੇ ਭਾਰਤ ਵਾਸੀਆਂ ਦੇ ਮਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਬ੍ਰਿਟੇਨ ਸਰਕਾਰ ਵਿਰੁੱਧ ਉਨ੍ਹਾਂ ਦੀ ਵਿਦਰੋਹ ਦੀ ਭਾਵਨਾ ਭੜਕ ਉਠੀ। ਉਨ੍ਹਾਂ ਨੇ ਪੁਲਾਂ, ਡਾਕਖਾਨਿਆਂ ਤੇ ਹੋਰ ਸਰਕਾਰੀ ਇਮਾਰਤਾਂ ਨੂੰ ਅੱਗਾਂ ਲਾ ਦਿੱਤੀਆਂ। ਟੈਲੀਫੋਨ ਤੇ ਤਾਰ ਘਰਾਂ ਦੀਆਂ ਤਾਰਾਂ ਕੱਟ ਦਿੱਤੀਆਂ, ਜਿਸ ਕਾਰਨ ਅੰਗਰੇਜ਼ ਸਰਕਾਰ ਨੇ ਪਹਿਲਾਂ ਅੰਮ੍ਰਿਤਸਰ ਵਿੱਚ ਤੇ ਫਿਰ ਇਸ ਦੇ ਨਾਲ ਦੇ ਜ਼ਿਲਿਆਂ ਵਿੱਚ ਮਾਰਸ਼ਲ ਲਾਅ ਲਾ ਦਿੱਤਾ। ਇਸ ਸਾਕੇ ਨੂੰ ਸੁਨਾਮ ਦੇ ਜੰਮਪਲ ਊਧਮ ਸਿੰਘ ਨੇ ਅੱਖੀਂ ਦੇਖਿਆ ਤੇ ਉਸ ਨੇ ਲਾਸ਼ਾਂ ਦੇ ਢੇਰ ਵਿੱਚ ਖੜੇ ਹੋ ਕੇ ਪ੍ਰਣ ਕੀਤਾ ਕਿ ਉਹ ਇਸ ਦਾ ਬਦਲਾ ਲਵੇਗਾ। ਉਹ ਕ੍ਰਾਂਤੀਕਾਰੀਆਂ ਵਿੱਚ ਜਾ ਰਲਿਆ। ਵੀਹ ਸਾਲ ਉਹ ਬਦਲਾ ਲੈਣ ਲਈ ਮੌਕਾ ਭਾਲਦਾ ਰਿਹਾ ਅਤੇ ਅਖੀਰ 13 ਮਾਰਚ 1940 ਨੂੰ ਇੰਡੀਆ ਹਾਊਸ ਵਿੱਚ ਲੈਕਚਰ ਦੇ ਰਹੇ ਸਰ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਆਪਣਾ ਪ੍ਰਣ ਪੂਰਾ ਕੀਤਾ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ। 15 ਅਗਸਤ 1947 ਨੂੰ ਦੇਸ਼ ਦੇ ਆਜ਼ਾਦ ਹੋਣ ਪਿੱਛੋ ਭਾਰਤ ਸਰਕਾਰ ਨੇ ਜਲ੍ਹਿਆਂ ਵਾਲੇ ਬਾਗ ਨੂੰ ਖਰੀਦ ਕੇ ਰਾਸ਼ਟਰੀ ਯਾਦਗਾਰੀ ਸਮਾਰਕ ਉਸਾਰਨ ਦੀ ਯੋਜਨਾ ਬਣਾਈ। ਇਸ ਕੰਮ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ 5,65,000 ਰੁਪਏ ਵਿੱਚ ਇਹ ਜਗ੍ਹਾ ਖਰੀਦ ਲਈ।
ਇਸ ਮੈਦਾਨ ਵਿੱਚ ਇਕ ਚੌਰਸ ਥੜ੍ਹਾ ਬਣਾ ਕੇ ਇਸ ਉਤੇ ਯਾਦਗਾਰੀ ਸਤੂਪ ਬਣਾਇਆ ਗਿਆ ਜਿਸ ਦੇ ਆਸ ਪਾਸ ਪੱਥਰ ਦੇ ਚਾਰ ਚਾਨਣ ਮੁਨਾਰੇ ਹਨ। ਇਹ ਸਤੂਪ ਜੈਪੁਰ ਤੋਂ ਲਿਆਂਦੇ ਲਾਲ ਪੱਥਰ ਦੇ 300 ਟੁਕੜਿਆਂ ਦਾ ਬਣਿਆ ਹੋਇਆ ਹੈ। ਉਸ ਸਮੇਂ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ 1961 ਵਿੱਚ ਇਸ ਦਾ ਉਦਘਾਟਨ ਕੀਤਾ। ਇਥੇ ਇਕ ਆਰਟ ਗੈਲਰੀ ਵੀ ਬਣਾਈ ਗਈ ਹੈ। ਮਹਾਤਮਾ ਗਾਂਧੀ ਨੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਕਿਹਾ ਸੀ ਕਿ ਡਾਇਰ ਨੂੰ ਉਹ ਸਜ਼ਾ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਹ ਤਾਂ ਸਿਰਫ ਸਿਸਟਮ ਨੂੰ ਬਦਲਣਾ ਚਾਹੁੰਦੇ ਹਨ, ਜਿਸ ਨੇ ਡਾਇਰ ਨੂੰ ਜਨਮ ਦਿੱਤਾ। ਅੱਠ ਜੁਲਾਈ 1920 ਨੂੰ ਕਰਨਲ ਜ਼ੋਸੀਅਰ ਸੀ ਵੈਜਫੁਡ ਨੇ ਲੰਡਨ ਵਿੱਚ ਜੱਲ੍ਹਿਆਂ ਵਾਲਾ ਬਾਗ ਬਾਰੇ ਹੋਈ ਬਹਿਸ ਵਿੱਚ ਕਿਹਾ ਸੀ, ‘ਬ੍ਰਿਟੇਨ ਦੇ ਇਤਿਹਾਸ ਵਿੱਚ ਪਹਿਲਾਂ ਕਿਧਰੇ ਅਜਿਹੀ ਘਟਨਾ ਨਹੀਂ ਵਾਪਰੀ। ਹਿੰਦੁਸਤਾਨ ਨਾਲ ਸਾਡੇ ਸਰਬਾਂਗੀ ਰਿਸ਼ਤਿਆਂ ਵਿੱਚ ਅਜਿਹੀ ਚੀਜ਼ ਅੱਜ ਤੋਂ ਪਹਿਲਾਂ ਨਹੀਂ ਲੱਭਦੀ। ਉਥੇ ਯਾਦਗਾਰੀ ਸਮਾਧੀ ਉਸਾਰੀ ਜਾਏਗੀ। ਉਸ ਦੇ ਦਰਸ਼ਨਾਂ ਨੂੰ ਹਰ ਸਾਲ ਹਜ਼ਾਰਾਂ ਹਿੰਦੁਸਤਾਨੀ ਆਇਆ ਕਰਨਗੇ। ਜਦੋਂ ਅਸੀਂ ਮਨੁੱਖ ਵਾਦੀ ਦਿ੍ਰਸ਼ਟੀਕੋਣ ਦੀ ਗੱਲ ਕਰਾਂਗੇ ਤਾਂ ਇਹ ਖੂਨੀ ਦਾਸਤਾਨ ਸਾਡੇ ਮੂੰਹ ‘ਤੇ ਮਾਰੀ ਜਾਏਗੀ।’
ਫਰਵਰੀ 2013 ਨੂੰ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਡੇਵਿਟ ਕੈਮਰੋਨ ਜਲ੍ਹਿਆਂ ਵਾਲਾ ਬਾਗ ਆਇਆ ਤੇ ਉਸ ਨੇ ਇਸ ਨੂੰ ਬ੍ਰਿਟੇਨ ਦੇ ਇਤਿਹਾਸ ਦਾ ਸ਼ਰਮਨਾਕ ਕਾਰਾ ਦੱਸਿਆ ਸੀ। ਅਜੋਕੇ ਸਮੇਂ ਵਿੱਚ ਅੰਗਰੇਜ਼ ਸਰਕਾਰ ਵੱਲੋਂ ਇਸ ਸਬੰਧੀ ਮੁਆਫੀ ਮੰਗਣ ‘ਤੇ ਜ਼ੋਰ ਦਿੱਤਾ ਗਿਆ ਹੈ, ਜਿਸ ਬਾਰੇ ਛੇ ਦਸੰਬਰ 2017 ਨੂੰ ਲੰਡਨ ਦੇ ਮੇਅਰ ਸਦੀਕ ਖਾਨ ਨੇ ਕਿਹਾ ਕਿ ਅੰਗਰੇਜ਼ ਸਰਕਾਰ ਇਸ ਸਬੰਧੀ ਮੁਆਫੀ ਮੰਗਦੀ ਹੈ, ਜੋ ਜ਼ਰੂਰੀ ਹੈ। ਡਾ. ਗੰਡਾ ਸਿੰਘ ਦੇ ਅਨੁਸਾਰ ਜਲ੍ਹਿਆਂ ਵਾਲਾ ਬਾਗ ਦੇ ਸਾਕੇ ਨੇ ਭਾਰਤੀਆਂ ਨੂੰ ਹਲੂਣ ਦਿੱਤਾ। ਉਹ ਆਜ਼ਾਦੀ ਪ੍ਰਾਪਤ ਕਰਨ ਲਈ ਇਕ ਹੋ ਗਏ। ਜ਼ਲ੍ਹਿਆਂ ਵਾਲਾ ਬਾਗ ਦੇ ਸਾਕੇ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਊਧਮ ਸਿੰਘ ਜਿਹੇ ਯੋਧਿਆਂ ਨੂੰ ਆਜ਼ਾਦੀ ਦੀ ਚਿਣਗ ਲਗਾਈ। ਅੱਜ ਇਹ ਬਾਗ ਭਾਰਤ ਦੀ ਆਜ਼ਾਦੀ ਲਈ ਕੀਤੀ ਲੜਾਈ ਅਤੇ ਕੁਰਬਾਨੀ ਦਾ ਪ੍ਰਤੀਕ ਬਣ ਗਿਆ ਹੈ।