ਜਲਾਵਤਨ ਕੀਤੇ ਗਏ ਚੀਨੀ ਅਰਬਪਤੀ ਨੇ ਅਮਰੀਕਾ ਤੋਂ ਸ਼ਰਨ ਮੰਗੀ

guo wanguii
ਬੀਜਿੰਗ, 8 ਸਤੰਬਰ (ਪੋਸਟ ਬਿਊਰੋ)- ਚੀਨ ਦੇ ਜਲਾਵਤਨ ਕੀਤੇ ਗਏ ਅਰਬਪਤੀ ਗੁਓ ਵੇਂਗੁਈ ਨੇ ਅਮਰੀਕਾ ਤੋਂ ਸਿਆਸੀ ਸ਼ਰਨ ਮੰਗੀ ਹੈ। ਉਨ੍ਹਾਂ ਨੇ ਇਸ ਮਕਸਦ ਦੀ ਅਰਜ਼ੀ ਦਿੱਤੀ ਹੈ।
ਵੇਂਗੁਈ ਨੇ ਚੀਨ ਵਿੱਚ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂਆਂ ਉੱਤੇ ਭਿ੍ਰਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ। ਨਿਊਯਾਰਕ ਟਾਈਮਸ ਨੇ ਵਾਸ਼ਿੰਗਟਨ ਵਿੱਚ ਰਹਿਣ ਵਾਲੇ ਵਕੀਲ ਥਾਮਸ ਰੇਗਲੈਂਡ ਦੇ ਹਵਾਲੇ ਨਾਲ ਦੱਸਿਆ ਕਿ ਵੇਂਗੁਈ ਸੈਰ ਸਪਾਟਾ ਵੀਜ਼ੇ ਉੱਤੇ ਨਿਊਯਾਰਕ ‘ਚ ਰਹਿ ਰਹੇ ਹਨ। ਉਨ੍ਹਾਂ ਦੇ ਵੀਜ਼ੇ ਦੀ ਮਿਆਦ ਇਸ ਸਾਲ ਖਤਮ ਹੋ ਰਹੀ ਹੈ। ਉਨ੍ਹਾਂ ਸ਼ਰਨ ਮੰਗੀ ਹੈ, ਕਿਉਂਕਿ ਚੀਨੀ ਪ੍ਰਸ਼ਾਸਨ ਉਨ੍ਹਾਂ ਦਾ ਸਿਆਸੀ ਦੁਸ਼ਮਣ ਬਣ ਚੁੱਕਾ ਹੈ।
ਬੀਜਿੰਗ ‘ਚ ਰੋਜ਼ਾਨਾ ਬ੍ਰੀਫਿੰਗ ਦੌਰਾਨ ਜਦੋਂ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਸਾਲ 2014 ਵਿੱਚ ਚੀਨ ਛੱਡਣ ਵਾਲੇ ਵੇਂਗੁਈ ਉਥੋਂ ਦੀ ਸਰਕਾਰ ਲਈ ਖਤਰਾ ਬਣ ਕੇ ਉਭਰੇ ਹਨ। ਉਨ੍ਹਾਂ ਨੇ ਟਵਿੱਟਰ ਤੇ ਵੀਡੀਓ ਬਲਾਗ ਤੋਂ ਕਮਿਊਨਿਸਟ ਪਾਰਟੀ ਦੇ ਚੋਟੀ ਦੇ ਅਗੂਆਂ ਦੇ ਖਿਲਾਫ ਭਿ੍ਰਸ਼ਟਾਚਾਰ ਦੇ ਕੇਸ ਪੇਸ਼ ਕੀਤੇ ਹਨ। ਵੇਂਗੁਈ ਦਾ ਮਕਸਦ 18 ਅਕਤੂਬਰ ਤੋਂ ਹੋਣ ਵਾਲੇ ਕਮਿਊਨਿਸਟ ਪਾਰਟੀ ਦੇ ਮਹੱਤਵ ਪੂਰਨ ਸੰਮੇਲਨ ਨੂੰ ਨਾਕਾਮ ਕਰਨਾ ਹੈ। ਇਹ ਸੰਮੇਲਨ ਹਰ ਪੰਜ ਸਾਲ ਬਾਅਦ ਹੁੰਦਾ ਹੈ। ਚੀਨ ਦੀ ਬੇਨਤੀ ਉੱਤੇ ਇੰਟਰਪੋਲ ਨੇ ਇਸ ਸਾਲ ਅਪ੍ਰੈਲ ‘ਚ ਵੇਂਗੁਈ ਦੀ ਗ੍ਰਿਫਤਾਰੀ ਲਈ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਚੀਨ ਨੇ ਉਨ੍ਹਾਂ ‘ਤੇ ਰਿਸ਼ਵਤਖੋਰੀ, ਧੋਖਾਦੇਹੀ ਤੇ ਗਬਨ ਦੇ ਦੋਸ਼ ਲਾਏ ਹਨ। ਚੀਨੀ ਨਾਗਰਿਕਾਂ ਤੇ ਕੁਝ ਕੰਪਨੀਆਂ ਨੇ ਵੇਂਗੁਈ ਦੇ ਖਿਲਾਫ ਅਮਰੀਕੀ ਅਦਾਲਤ ‘ਚ ਵੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੋਇਆ ਹੈ।