ਜਰੂਰੀ ਹੈ ਪੈਰਾਲੀਗਲਾਂ ਨੂੰ ਫੈਮਲੀ ਲਾਅ ਦੀ ਪਰਵਾਨਗੀ ਦੇਣਾ

zzzzzzzz-300x1111ਉਂਟੇਰੀਓ ਦੇ ਅਟਾਰਨੀ ਜਨਰਲ ਮਹਿਕਮੇ ਅਤੇ ਲਾਅ ਸੁਸਾਇਟੀ ਆਫ ਅੱਪਰ ਕੈਨੇਡਾ ਦੇ ਹੁਕਮਾਂ ਉੱਤੇ ਉਂਟੇਰੀਓ ਸੁਪਰੀਮ ਕੋਰਟ ਦੀ ਸਾਬਕਾ ਜੱਜ ਐਨੇਮਰੀ ਬੋਂਕਾਲੋ ਵੱਲੋਂ ਤਿਆਰ ਕੀਤੀ ਰਿਪੋਰਟ ਵਿੱਚ ਸਿਫ਼ਾਰਸ਼ ਕੀਤੀ ਗਈ ਹੈ ਕਿ ਉਂਟੇਰੀਓ ਵਿੱਚ ਪੈਰਾਲੀਗਲਾਂ ਨੂੰ ਟਰੇਨਿੰਗ ਦੇਣ ਤੋਂ ਬਾਅਦ ਫੈਮਲੀ ਲਾਅ ਦੀ ਪ੍ਰੈਕਟਿਸ ਕਰਨ ਦੀ ਇਜ਼ਾਜਤ ਦੇਣੀ ਚਾਹੀਦੀ ਹੈ। ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜਿੱਥੇ ਵਕੀਲਾਂ ਦੀਆਂ ਵੱਡੀਆਂ ਬਾਰ ਐਸੋਸੀਏਸ਼ਨਾਂ ਅਤੇ ਵੱਡੀ ਪ੍ਰੈਕਟਿਸ ਵਾਲੇ ਵਕੀਲਾਂ ਵੱਲੋਂ ਪੈਰਾਲੀਗਲਾਂ ਨੂੰ ਫੈਮਲੀ ਲਾਅ ਦੀ ਇਜ਼ਾਜਤ ਦੇਣ ਦੀ ਵਿਰੋਧਤਾ ਕੀਤੀ ਗਈ ਹੈ, ਉੱਥੇ ਗੈਰ-ਮੁਨਾਫਾ ਚੈਰਟੀ ਸੰਸਥਾਵਾਂ, ਨਿੱਕੀ ਪ੍ਰੈਕਟਿਸ ਵਾਲੇ ਵਕੀਲਾਂ, ਕਮਿਉਨਿਟੀ ਆਗੂਆਂ ਅਤੇ ਕਨੂੰਨੀ ਸੇਵਾਵਾਂ ਵਿੱਚ ਮਦਦ ਦੇਣ ਵਾਲੀਆਂ ਸੰਸਥਾਵਾਂ ਵੱਲੋਂ ਪੈਰਾਲੀਗਲਾਂ ਦੇ ਫੈਮਲੀ ਲਾਅ ਪ੍ਰੈਕਟਿਸ ਕਰਨ ਦਾ ਸਮਰੱਥਨ ਕੀਤਾ ਜਾ ਰਿਹਾ ਹੈ।

ਗੈਰ-ਮੁਨਾਫਾ ਸੰਸਥਾਵਾਂ ਅਤੇ ਕਮਿਉਨਿਟੀ ਆਗੂਆਂ ਦਾ ਪੈਰਾਲੀਗਲਾਂ ਨੂੰ ਸਮਰੱਥਨ ਦੇਣਾ ਸਮਝ ਆਉਂਦਾ ਹੈ। ਉਂਟੇਰੀਓ ਦੇ ਅਟਾਰਨੀ ਜਨਰਲ ਮਹਿਕਮੇ ਦੇ ਅੰਕੜਿਆਂ ਮੁਤਾਬਕ 2014-15 ਵਿੱਚ ਫੈਮਲੀ ਲਾਅ ਦੇ 57% ਕੇਸਾਂ ਵਿੱਚ ਲੋਕਾਂ ਨੇ ਕਿਸੇ ਵਕੀਲ ਦੀ ਸਹਾਇਤਾ ਲੈਣ ਦੀ ਥਾਂ ਆਪਣੇ ਕੇਸ ਖੁਦ ਹੀ ਅਦਾਲਤ ਵਿੱਚ ਲੜਨ ਲਈ ਅਰਜ਼ੀਆਂ ਦਿੱਤੀਆਂ। 2012 ਤੋਂ 2015 ਵਿੱਚ ਖੁਦ ਕੇਸ ਲੜਨ ਵਾਲਿਆਂ ਦੀ ਸਾਲਾਨਾ ਗਿਣਤੀ 21 ਹਜ਼ਾਰ ਤੋਂ ਵੱਧ ਬਣਦੀ ਹੈ। ਫੈਮਲੀ ਨਾਲ ਸੰਬਧਿਤ ਕੇਸਾਂ ਵਿੱਚ ਵਕੀਲ ਨਾ ਕਰਨ ਦਾ ਸੱਭ ਤੋਂ ਵੱਡਾ ਕਾਰਣ ਵਕੀਲਾਂ ਦੀ ਮਹਿੰਗੀ ਫੀਸ ਹੈ। ਫੈਮਲੀ ਲਾਅ ਦਾ ਪਰਿਵਾਰਾਂ ਦੀ ਬਣਤਰ ਅਤੇ ਸਮਾਜ ਦੀ ਸਮਰੱਥਾ ਉੱਤੇ ਬਹੁਤ ਗਹਿਰਾ ਅਸਰ ਪੈਂਦਾ ਹੈ। ਜਦੋਂ ਪਤੀ ਪਤਨੀ ਜਾਂ ਪਰਿਵਾਰ ਵਿੱਚ ਬੱਚਿਆਂ ਨੂੰ ਲੈ ਕੇ ਝਗੜੇ ਹੁੰਦੇ ਹਨ ਤਾਂ ਸਮਾਜ ਦਾ ਬੁਨਿਆਦੀ ਢਾਂਚਾ ਹਿੱਲ ਜਾਂਦਾ ਹੈ। ਜੇਕਰ ਇਹ ਸਪੱਸ਼ਟ ਹੈ ਕਿ ਲੋਕ ਫੈਮਲੀ ਲਾਅ ਦੀਆਂ ਸੇਵਾਵਾਂ ਮੰਹਿਗੀਆਂ ਹੋਣ ਕਾਰਣ ਨਹੀਂ ਲੈ ਪਾ ਰਹੇ ਤਾਂ ਬਦਲਵਾਂ ਰਸਤਾ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ। ਨਿਆਂ ਸਿਸਟਮ ਦਾ ਪਹਿਲਾ ਨੇਮ ਪਬਲਿਕ ਨੂੰ ‘ਇਨਸਾਫ਼ ਤੱਕ ਅਰਥ ਭਰਪੂਰ ਪਹੁੰਚ’ (meaningful access to justice) ਪ੍ਰਦਾਨ ਕਰਨਾ ਹੈ। ਇਨਸਾਫ਼ ਤੱਕ ਅਰਥ ਭਰਪੂਰ ਪਹੁੰਚ ਤੋਂ ਭਾਵ ਹੈ ਕਿ ਸਾਡਾ ਅਦਾਲਤੀ ਸਿਸਟਮ (ੳ) ਪਬਲਿਕ ਦੀ ਜੇਬ ਦੇ ਮੇਚ ਦਾ ਹੋਵੇ (ਅ) ਲੋਕਾਂ ਨੂੰ ਸਮੇਂ ਸਿਰ ਮਿਲ ਸਕੇ ( ੲ) ਆਮ ਵਿਅਕਤੀ ਲਈ ਇਸਨੂੰ ਸਮਝਣਾ ਸੌਖਾ ਹੋਵੇ ਅਤੇ (ਸ) ਇਸਨੂੰ ਹਾਸਲ ਕਰਨਾ ਆਸਾਨ ਹੋਵੇ।

ਜਦੋਂ ਮਹਿੰਗੇ ਵਕੀਲਾਂ ਦੀਆਂ ਸੇਵਾਵਾਂ ਹਾਸਲ ਕਰਨਾ ਪਬਲਿਕ ਦੀ ਪਹੁੰਚ ਤੋਂ ਬਾਹਰ ਹੋਵੇ ਤਾਂ ਉੱਪਰਲੇ ਸਾਰੇ ਆਸ਼ੇ ਧਰੇ ਧਰਾਏ ਰਹਿ ਜਾਂਦੇ ਹਨ। ਜਦੋਂ ਲੋਕ ਆਪਣੇ ਕੇਸ ਖੁਦ ਹੀ ਲੜਨ (self representation) ਦਾ ਫੈਸਲਾ ਕਰਦੇ ਹਨ ਤਾਂ ਜਾਣੇ ਅਣਜਾਣੇ ਇਸਨਾਫ ਨਾਲ ਅਨਿਆ ਹੁੰਦਾ ਹੈ। ਕਨੂੰਨੀ ਕੇਸਾਂ ਦੀ ਛਾਣਬੀਣ ਕਰਨ ਵਾਲੀ ਕੰਪਨੀ Loom Analytics ਦੀ ਰਿਪੋਰਟ ਮੁਤਾਬਕ ਖੁਦ ਕੇਸ ਲੜਨ ਵਾਲੇ ਲੋਕਾਂ ਨੂੰ ਅਕਸਰ ਅਦਾਲਤ ਵਿੱਚ ਹਾਰ ਵੇਖਣੀ ਪੈਂਦੀ ਹੈ। ਫੈਮਲੀ ਕੋਰਟ ਵਿੱਚ ਕਿਸੇ ਨਿਰਦੋਸ਼ ਧਿਰ ਦੀ ਹਾਰ ਹੋਣ ਦਾ ਇਵਜ਼ਾਨਾ ਪੂਰੇ ਸਮਾਜ ਨੁਕਸਾਨ ਭਰਨਾ ਪੈਂਦਾ ਹੈ।  Loom Analyticsਵੱਲੋਂ ਜਾਂਚੇ ਗਏ 844 ਕੇਸਾਂ ਵਿੱਚੋਂ ਖੁਦ ਲੜਨ ਵਾਲਿਆਂ ਨੂੰ 720 ਕੇਸਾਂ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ।

ਜਿਹਨਾਂ ਕਨੂੰਨ ਦੇ ਖੇਤਰਾਂ ਵਿੱਚ ਪੈਰਾਲੀਗਲ ਸੇਵਾਵਾਂ ਦੇਂਦੇ ਹਨ, ਪਾਇਆ ਗਿਆ ਹੈ ਕਿ 74% ਲੋਕ ਉਹਨਾਂ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਹੁੰਦੇ ਹਨ ਜਦੋਂ ਕਿ 91% ਦਾ ਅਨੁਭਵ ਹੈ ਕਿ ਜੇਕਰ ਉਹਨਾਂ ਨੇ ਪੈਰਾਲੀਗਲ ਦੀ ਸੇਵਾ ਨਾ ਲਈ ਹੁੰਦੀ ਤਾਂ ਉਹ ਹੱਤਾਸ਼ ਹੋ ਗਏ ਹੁੰਦੇ। ਸਹੀ ਹੈ ਕਿ ਪੈਰਾਲੀਗਲ ਵਕੀਲਾਂ ਵਰਗੀ ਕਨੂੰਨੀ ਮੁਹਾਰਤ ਨਹੀਂ ਰੱਖਦੇ ਲੇਕਿਨ ਆਮ ਕੇਸਾਂ ਨੂੰ ਲੜਨ ਲਈ ਉਹਨਾਂ ਕੋਲ ਚੋਖਾ ਅਨੁਭਵ ਅਤੇ ਸਿੱਖਿਆ ਹੁੰਦੀ ਹੈ।

ਫੈਮਲੀ ਲਾਅ ਵਿੱਚ ਕੇਸ ਹਾਰਨ ਦਾ ਨਤੀਜਾ ਸਿਰਫ਼ ਪਰਿਵਾਰ ਦਾ ਟੁੱਟਣਾ ਨਹੀਂ ਸਗੋਂ ਇਸ ਤੋਂ ਬਾਅਦ ਮਾਨਸਿਕ ਬਿਮਾਰੀਆਂ, ਦਿਲ ਦੇ ਦੌਰੇ, ਨੌਕਰੀ ਦੀ ਯੋਗਤਾ ਦਾ ਖਤਮ ਹੋ ਜਾਣਾ, ਬਿਜਨਸ ਚਲਾਉਣ ਦੀ ਇੱਛਾ ਦਾ ਖਤਮ ਹੋਣਾ ਅਤੇ ਅਜਿਹੀਆਂ ਹੋਰ ਚੰਦਰੀਆਂ ਅਲਾਮਤਾਂ ਦਾ ਨੁਕਸਾਨ ਵੀ ਸਮਾਜ ਨੂੰ ਚੁੱਕਣਾ ਪੈਂਦਾ ਹੈ। ਕਿਉਂਕਿ ਪੈਰਾਲੀਗਲ ਕਨੂੰਨ ਦੇ ਕਈ ਖੇਤਰਾਂ ਵਿੱਚ ਪਹਿਲਾਂ ਹੀ ਸੇਵਾਵਾਂ ਦੇਂਦੇ ਹਨ, ਫੈਮਲੀ ਲਾਅ ਨੂੰ ਕੁੱਝ ਬੱਝਵੀਂ ਹੱਦ ਤੱਕ ਉਹਨਾਂ ਦੇ ਹੱਥਾਂ ਵਿੱਚ ਦੇਣਾ ਸਮੇਂ ਦੀ ਲੋੜ ਹੈ। ਲਾਅ ਸੁਸਾਇਟੀ ਦੇ ਖਜਾਨਚੀ ਪਾਲ ਸ਼ਬਾਸ(Paul Schabas) ਦਾ ਆਖਣਾ ਸਹੀ ਹੈ ਕਿ ਉਂਟੇਰੀਓ ਵਿੱਚ ਪਰਿਵਾਰਾਂ ਨੂੰ ਇਨਸਾਫ਼ ਦੇਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਦਾ ਹੁਣ ਸਹੀ ਸਮਾਂ ਆ ਚੁੱਕਾ ਹੈ। ਪੈਰਾਲੀਗਲਾਂ ਨੂੰ ਫੈਮਲੀ ਲਾਅ ਪ੍ਰੈਕਟਿਸ ਕਰਨ ਦੀ ਇਜ਼ਾਜਤ ਦੇਣਾ ਇਸ ਦਿਸ਼ਾ ਵਿੱਚ ਸਹੀ ਕਦਮ ਹੋਵੇਗਾ।