ਜਰਮਨ ਰੇਲਵੇ ਤੋਂ ਬਹੁਤ ਕੁਝ ਸਿੱਖ ਸਕਦੀ ਹੈ ਭਾਰਤੀ ਰੇਲਵੇ


– ਅਭਿਸ਼ੇਕ ਜੀ ਦਸਤੀਦਾਰ
ਜੂਨ ਵਿੱਚ ਭਾਰਤੀ ਰੇਲਵੇ ਦੇ ਪ੍ਰੋਬੇਸ਼ਨਰ ਦੁਨੀਆ ‘ਚ ਸਭ ਤੋਂ ਆਧੁਨਿਕ ਅਤੇ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਰੇਲ ਪ੍ਰਣਾਲੀਆਂ ‘ਚੋਂ ਇੱਕ ਅਤੇ ਯੂਰਪ ਦੀ ਸਭ ਤੋਂ ਵੱਡੀ ਰੇਲ ਪ੍ਰਣਾਲੀ ਡੋਏਸ਼ ਬਾਹਨ (ਡੀ ਬੀ) ਦਾ ਅਧਿਐਨ ਕਰਨ ਲਈ ਬਰਲਿਨ (ਜਰਮਨੀ) ਜਾ ਰਹੇ ਹਨ। ਇਹ ਪ੍ਰੋਬੇਸ਼ਨਰ ਜਰਮਨੀ ਵਿੱਚ ਪੰਜ ਦਿਨ ਰਹਿਣਗੇ। ਇਸ ਦੌਰਾਨ ਉਹ ਡੀ ਬੀ ਦੇ ਸੰਚਾਲਨ, ਇੰਜੀਨੀਅਰਿੰਗ ਅਤੇ ਮਨੁੱਖੀ ਸੋਮਿਆਂ ਦੀ ਮੈਨੇਜਮੈਂਟ ਬਾਰੇ ਜਾਣਨਗੇ। ਇਹ ਕੰਮ ਭਾਰਤੀ ਰੇਲਵੇ ਨੇ ਅਜੇ ਤੱਕ ਨਹੀਂ ਕੀਤਾ। ਆਖਿਰ ਇਸ ਕੰਮ ਲਈ ਜਰਮਨੀ ਅਤੇ ਇਸ ਦੀ ਡੀ ਬੀ ਕੰਪਨੀ ਨੂੰ ਹੀ ਕਿਉਂ ਚੁਣਿਆ ਗਿਆ?
ਜਰਮਨੀ ਟੈਕਨਾਲੋਜੀ ਨੂੰ ਹਾਸਲ ਕਰਨ ਅਤੇ ਉਸ ਨਾਲ ਕਾਰੋਬਾਰ ਕਰਨ ਦਾ ਭਾਰਤੀ ਰੇਲਵੇ ਦਾ ਰਿਸ਼ਤਾ ਕਈ ਦਹਾਕੇ ਪੁਰਾਣਾ ਹੈ। ਲਗਭਗ ਤਿੰਨ ਦਹਾਕੇ ਪਹਿਲਾਂ ਭਾਰਤ ਨੇ ਓਦੋਂ ਦੇ ਪੱਛਮੀ ਜਰਮਨੀ ਦੀ ਰਾਜਧਾਨੀ ਬੋਨ ਵਿੱਚ ਇੱਕ ਰੇਲਵੇ ਸਲਾਹਕਾਰ ਨੂੰ ਤੈਨਾਤ ਕੀਤਾ ਸੀ, ਜਿਸ ਨੂੰ ਜਰਮਨ ਦੇ ਏਕੀਕਰਨ ਤੋਂ ਬਾਅਦ ਬਰਲਿਨ ਭੇਜ ਦਿੱਤਾ ਗਿਆ। ਇਸ ਸਲਾਹਕਾਰ ਦੇ ਅਹੁਦੇ ‘ਤੇ ਆਮ ਤੌਰ ‘ਤੇ ਇੰਡੀਅਨ ਰੇਲਵੇ ਸਰਵਿਸ ਆਫ ਮਕੈਨੀਕਲ ਇੰਜੀਨੀਅਰਸ ਦਾ ਕੋਈ ਅਫਸਰ ਤੈਨਾਤ ਹੁੰਦਾ ਸੀ, ਜੋ ਪੂਰੇ ਯੂਰਪ ਵਿੱਚ ਰੇਲਵੇ ਨਾਲ ਜੁੜੀਆਂ ਭਾਰਤੀ ਸਰਗਰਮੀਆਂ ਦਾ ਨੋਡਲ ਅਫਸਰ ਹੁੰਦਾ ਸੀ।
ਭਾਰਤ ਵਿੱਚ ਰੇਲ ਯਾਤਰੀਆਂ ਲਈ ਵਰਤੇ ਜਾਣ ਵਾਸਤੇ ਲਿੰਕ ਹਾਫਮੈਨ ਬੁਸ਼ (ਐੱਲ ਐੱਚ ਬੀ) ਡੱਬੇ ਸੰਨ 2000 ਵਿੱਚ ਜਰਮਨੀ ਤੋਂ ਮੰਗਵਾਏ ਗਏ ਸਨ। ਬੇਸ਼ੱਕ ਟੈਕਨਾਲੋਜੀ, ਸੰਚਾਲਨ ਤੇ ਕਾਰਜਕੁਸ਼ਲਤਾ ਦੇ ਪੱਖ ਤੋਂ ਦੋਵਾਂ ਦੇਸ਼ਾਂ ਦੀ ਰੇਲਵੇ ਵੱਖ-ਵੱਖ ਤਰ੍ਹਾਂ ਦੀ ਹੈ, ਫਿਰ ਵੀ ਮੋਟੇ ਤੌਰ ‘ਤੇ ਦੋਵਾਂ ਵਿੱਚ ਕੁਝ ਸਮਾਨਤਾਵਾਂ ਵੀ ਹਨ। ਦੋਵੇਂ ਡੀਜ਼ਲ ਤੇ ਬਿਜਲੀ ਨਾਲ ਚੱਲਦੀਆਂ ਹਨ। ਬੇਸ਼ੱਕ ਜਰਮਨੀ ਵਿੱਚ ਸਾਰੀਆਂ ਪ੍ਰਮੁੱਖ ਰੇਲ ਲਾਈਨਾਂ ਦਾ ਬਿਜਲੀਕਰਨ ਹੋ ਚੁੱਕਾ ਹੈ, ਤਾਂ ਵੀ ਕੁਝ ਸਾਲ ਪਹਿਲਾਂ ਤੱਕ ਚਾਲੀ ਫੀਸਦੀ ਰੂਟਾਂ ਦਾ ਬਿਜਲੀਕਰਨ ਨਹੀਂ ਹੋਇਆ ਸੀ। ਭਾਰਤ ਵਾਂਗ ਹੀ ਜਰਮਨੀ ਵਿੱਚ ਯਾਤਰੀ ਅਤੇ ਮਾਲ ਗੱਡੀਆਂ ਲਈ ਇੱਕੋ ਰੇਲਵੇ ਟਰੈਕ ਵਰਤਿਆ ਜਾਂਦਾ ਹੈ। ਜਰਮਨੀ ਵਿੱਚ ਸਬ ਅਰਬਨ ਰੇਲ ਨੈੱਟਵਰਕ ਬਹੁਤ ਮਜ਼ਬੂਤ ਹੈ ਅਤੇ ਅੰਤਰ-ਸ਼ਹਿਰੀ ਰੇਲਾਂ ਉਥੋਂ ਦੇਲੋਕਾਂ ਦੇ ਜੀਵਨ ਨਾਲ ਬਹੁਤ ਡੂੰਘੀਆਂ ਜੁੜੀਆਂ ਹੋਈਆਂ ਹਨ। ਇਹ ਕਈ ਅਰਥਾਂ ਵਿੱਚ ਭਾਰਤ ਵਾਂਗ ਹੀ ਹੈ।
ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਜਰਮਨ ਰੇਲਵੇ ਪ੍ਰਣਾਲੀ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਰੇਲ ਪ੍ਰਣਾਲੀਆਂ ‘ਚੋਂ ਇੱਕ ਹੈ, ਫਿਰ ਵੀ ਜਾਪਾਨ ਤੇ ਫਰਾਂਸ ਦੇ ਨਾਲ-ਨਾਲ ਇਹ ਵਿਆਪਕ ਤੌਰ ‘ਤੇ ਆਧੁਨਿਕ ਵੀ ਹੈ। ਜਰਮਨੀ ਵਿੱਚ ਸਭ ਤੋਂ ਪਹਿਲੀ ਰੇਲ 1853 ਵਿੱਚ ਚਾਲੂ ਹੋਈ ਸੀ। ਡੋਏਸ਼ ਰੀਖਸਬਾਹਨ ਨਾਮੀ ਸਾਬਕਾ ਰੇਲ ਕੰਪਨੀ 1920 ਵਿੱਚ ਸਥਾਪਤ ਕੀਤੀ ਗਈ ਸੀ ਅਤੇ ਨਵੀਂ ਡੋਏਸ਼ ਬੂਦੇਸ਼ਬਾਹਨ ਨਾਮੀ ਕੰਪਨੀ 1949 ਵਿੱਚ ਪੱਛਮੀ ਜਰਮਨੀ ਲਈ ਬਣਾਈ ਗਈ ਸੀ। ਮੌਜੂਦਾ ਡੋਬੇਸ਼ਬਾਹਨ ਏ ਜੀ ਨਾਮੀ ਕੰਪਨੀ 1994 ‘ਚ ਦੋਵਾਂ ਜਰਮਨੀਆਂ ਦੇ ਇੱਕ ਹੋਣ ਤੋਂ ਬਾਅਦ ਬਣਾਈ ਗਈ ਸੀ ਤੇ ਇਸ ਨੂੰ ਅਧਿਕਾਰਤ ਤੌਰ ‘ਤੇ ਜਵਾਨ ਕੰਪਨੀ ਕਿਹਾ ਜਾਂਦਾ ਹੈ।
ਡੀ ਬੀ ਕੰਪਨੀ ਆਪਣਾ ਕੰਮ ਬਹੁਤ ਸਾਰੀਆਂ ਆਜ਼ਾਦ ਕਾਰੋਬਾਰੀ ਇਕਾਈਆਂ ਜਾਂ ਸਹਾਇਕ ਕੰਪਨੀਆਂ ਦੇ ਰਾਹੀਂ ਕਰਦੀ ਹੈ, ਜਿਨ੍ਹਾਂ ਦੇ ਦਫਤਰ ਨਾ ਸਿਰਫ ਪੂਰੇ ਯੂਰਪ, ਸਗੋਂ ਦੁਨੀਆ ਭਰ ‘ਚ ਹਨ। ਇਹ ਸਹਾਇਕ ਕੰਪਨੀਆਂ ਊਰਜਾ, ਸੜਕੀ ਆਵਾਜਾਈ, ਕੌਮਾਂਤਰੀ ਰੇਲ ਯਾਤਰਾ, ਲਾਜਿਸਟਿਕਸ ਤੇ ਬੁਨਿਆਦੀ ਢਾਂਚੇ ਵਰਗੇ ਕੰਮ ਕਰਦੀਆਂ ਹਨ। ਡੀ ਬੀ ਕੰਪਨੀ ਦੇ ਤਿੰਨ ਮੁੱਖ ਅੰਗ ਹਨ: ਯਾਤਰੀ ਕਾਰੋਬਾਰੀ ਲਈ ਡੀ ਬੀ ਬਾਹਨ (ਜਿਸ ਵਿੱਚ ਬੁਲੇਟ ਟਰੇਨ ਤੇ ਆਲ ਯੂਰਪੀਨ ਸੇਵਾਵਾਂ ਸ਼ਾਮਲ ਹਨ), ਲਾਜਿਸਟਿਕਸ ਹੱਲ ਲਈ ਡੀ ਬੀ ਸ਼ੈਂਕਰ ਅਤੇ ਸਟੇਸ਼ਨ ਅਤੇ ਟਰੈਕਾਂ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਡੀ ਬੀ ਨੈਟਜ਼ੇ। ਇੱਕ ਚੌਥੀ ਕੰਪਨੀ ਹੈ ਅਰਿਵਾ, ਜੋ ਮੂਲ ਤੌਰ ਉੱਤੇ ਅੱਸੀ ਸਾਲ ਪੁਰਾਣੀ ਇੱਕ ਬ੍ਰਿਟਿਸ਼ ਬਹੁ-ਕੌਮੀ ਟਰਾਂਸਪੋਰਟ ਕੰਪਨੀ ਸੀ, ਜਿਸ ਨੂੰ ਡੀ ਬੀ ਨੇ 2010 ਵਿੱਚ ਅਕਵਾਇਰ ਕੀਤਾ ਸੀ। ਇਹ ਕੰਪਨੀ ਹਰ ਰੋਜ਼ 24189 ਯਾਤਰੀ ਗੱਡੀਆਂ ਚਲਾਉਂਦੀ ਹੈ ਅਤੇ ਇਹ ਗਿਣਤੀ ਭਾਰਤ ਤੋਂ ਵੱਧ ਹੈ। ਅਰਿਵਾ ਸਾਲ ਵਿੱਚ 256.4 ਕਰੋੜ ਮੁਸਾਫਰਾਂ ਨੂੰ ਸੇਵਾ ਦਿੰਦੀ ਹੈ, ਪਰ ਇਸ ਦੇ ਮੁਲਾਜ਼ਮਾਂ ਦੀ ਗਿਣਤੀ ਸਿਰਫ ਤਿੰਨ ਲੱਖ 10 ਹਜ਼ਾਰ ਹੈ, ਜਿਹੜੀ ਭਾਰਤੀ ਮੁਲਾਜ਼ਮਾਂ ਦੇ ਮੁਕਾਬਲੇ ਬਹੁਤ ਨਿਗੂਣੀ ਹੈ।
ਬਰਲਿਨ ਦਾ ਮੁੱਖ ਰੇਲਵੇ ਸਟੇਸ਼ਨ ਲਾਭ ਕਮਾਉਣ ਵਾਲਾ ਇੱਕ ਵੱਖਰਾ ਕੇਂਦਰ ਹੈ, ਜੋ ਕਮਰਸ਼ੀਅਲ ਥਾਂ ਨੂੰ ਕਿਰਾਏ ਉਤੇ ਦੇ ਕੇ ਜਾਂ ਹੋਰ ਗੈਰ-ਕਿਰਾਇਆ ਕਮਾਈ ਦੇ ਪੱਖੋਂ ਆਪਣਾ ਖਰਚ ਖੁਦ ਕੱਢਦਾ ਹੈ। ਡੀ ਬੀ ਦੀ ਹਾਈ ਸਪੀਡ ਰੇਲ ਸੇਵਾ (ਜਿਸ ਦਾ ਨਾਂਅ ਆਈ ਸੀ ਈ ਹੈ) ਸ਼ਾਇਦ ਭਾਰਤੀ ਰੰਗਰੂਟਾਂ ਨੂੰ ਇਹ ਸਿੱਖਣ ਦਾ ਮੌਕਾ ਦੇਵੇਗੀ ਕਿ ਬੁਲੇਟ ਟਰੇਨ ਕਿਵੇਂ ਚਲਾਈ ਜਾਂਦੀ ਹੈ। ਰੇਲਵੇ ਰੰਗਰੂਟਾਂ ਦੇ ਦੌਰੇ ਦੇ ਯੋਜਨਾਕਾਰਾਂ ਦਾ ਮੰਨਣਾ ਹੈ ਕਿ ਆਪਣੀਆਂ ਅੱਖਾਂ ਨਾਲ ਇਹ ਦੇਖਣਾ ਅਹਿਮ ਹੋਵੇਗਾ ਕਿ ਡੀ ਬੀ ਵਰਗਾ ਵਿਸ਼ਾਲ ਆਕਾਰ ਦਾ ਰੇਲ ਨੈਟਵਾਰਕ ਜਨਤਕ ਜੀਵਨ ਨਾਲ ਕਿਵੇਂ ਅਭੇਦ ਹੁੰਦਾ ਹੈ।
ਡੀ ਬੀ ਕੰਪਨੀ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ‘ਚੋਂ ਇੰਟਰਨੈੱਟ ਦੀ ਚੋਣ ਕਰਦੀ ਹੈ। ਵੱਖ-ਵੱਖ ਸਹਾਇਕ ਕੰਪਨੀਆਂ ਵਿੱਚ ਵੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਥੋੜ੍ਹੀ ਮਿਆਦ ਦੀ ਇੰਟਰਸ਼ਿਪ ਹੁੰਦੀ ਹੈ। ਭਾਰਤੀ ਰੇਲਵੇ ਵੀ ਅਜਿਹੀ ਇੰਟਰਨਸ਼ਿਪ ਲਈ ਆਪਣੇ ਬੂਹੇ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ।
ਜਿਸ ਤਰ੍ਹਾਂ ਜਰਮਨ ਕੰਪਨੀ ਗਾਹਕ ਸੰਤੁਸ਼ਟੀ, ਸਮਾਂਬੱਧਤਾ, ਸਾਫ-ਸਫਾਈ, ਕਾਰੋਬਾਰੀ ਰਣਨੀਤੀਆਂ ਦੇ ਮਾਮਲੇ ਵਿੱਚ ਇੱਕ ਸੰਸਾਰਕ ਪੈਮਾਨਾ ਬਣ ਚੁੱਕੀ ਹੈ, ਉਸ ਦੀ ਪਛਾਣ ਹਾਸਲ ਕਰਨ ਲਈ ਭਾਰਤੀ ਰੇਲਵੇ ਨੂੰ ਖੁਦ ਦੀ ਸਫਲਤਾ ਦੀ ਕਹਾਣੀ ਦੀ ਇਬਾਰਤ ਲਿਖਣ ਵਿੱਚ ਸਹਾਇਤਾ ਮਿਲੇਗੀ।