ਜਰਮਨੀ ਦੀ ਚਾਂਸਲਰ ਨੇ ਚੀਨ ਨੂੰ ਬਾਲਕਨ ਬਾਰੇ ਚਿਤਾਵਨੀ ਦਿੱਤੀ


ਬਰਲਿਨ, 22 ਫਰਵਰੀ (ਪੋਸਟ ਬਿਊਰੋ)- ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਸ ਨੂੰ ਪੱਛਮੀ ਬਾਲਕਨ ਵਿਚ ਆਪਣੇ ਨਿਵੇਸ਼ਾਂ ਨੂੰ ਸਿਆਸੀ ਮੰਗਾਂ ਨਾਲ ਨਹੀਂ ਜੋੜਨਾ ਚਾਹੀਦਾ। ਉਨ੍ਹਾਂ ਨੇ ਕਿਹਾ, ‘ਮੈਨੂੰ ਇਸ ਗੱਲ ਉੱਤੇ ਕੋਈ ਰੋਸ ਨਹੀਂ ਕਿ ਚੀਨ ਵਪਾਰ ਤੇ ਨਿਵੇਸ਼ ਕਰਨਾ ਚਾਹੁੰਦਾ ਹੈ। ਅਸੀਂ ਮੁਕਤ ਵਪਾਰ ਲਈ ਵਚਨਬੱਧ ਹਾਂ, ਪਰ ਇਹ ਰਵਾਇਤੀ ਰੂਪ ਵਿਚ ਹੋਣਾ ਚਾਹੀਦਾ ਹੈ ਤੇ ਖੁੱਲ੍ਹਾਪਣ ਸਿਰਫ ਇਕ ਤਰਫਾ ਨਹੀਂ, ਸਾਰੇ ਪੱਖਾਂ ਵੱਲੋਂ ਹੋਣਾ ਚਾਹੀਦਾ ਹੈ।’ ਇਸ ਦੇ ਨਾਲ ਮਰਕੇਲ ਨੇ ਜ਼ੋਰ ਦਿੱਤਾਾ ਕਿ ਸਵਾਲ ਇਹ ਹੈ ਕਿ ਕੀ ਆਰਥਿਕ ਸੰਬੰਧ ਰਾਜਨੀਤਕ ਸਵਾਲਾਂ ਨਾਲ ਜੁੜੇ ਹਨ। ਅਜਿਹਾ ਮੁਕਤ ਵਪਾਰ ਦੇ ਬਾਰੇ ਬਿਲਕੁਲ ਨਹੀਂ ਹੋਣਾ ਚਾਹੀਦਾ।
ਵਰਨਣ ਯੋਗ ਹੈ ਕਿ ਚੀਨ ਨੇ ਏਸ਼ੀਆ ਅਤੇ ਯੂਰਪ ਨੂੰ ਸੜਕੀ ਰਸਤੇ ਜੋੜਨ ਲਈ ‘ਨਿਊ ਸਿਲਕ ਰੋਡਸ’ ਵਾਸਤੇ ਇੱਕ ਪਹਿਲ ਉੱਤੇ ਵੱਡੇ ਪੱਧਰ ਵਿੱਚ ਨਿਵੇਸ਼ ਕੀਤਾ ਹੈ। ਇਸ ਸਥਿਤੀ ਵਿਚ ਯੂਰਪ ਵਾਸੀਆਂ ਨੂੰ ਚੀਨ ਦੇ ਵੱਧਦੇ ਸਿਆਸੀ ਪ੍ਰਭਾਵ ਦਾ ਡਰ ਸਤਾ ਰਿਹਾ ਹੈ। ਮੈਕੇਡੋਨੀਆ ਵਿਚ ਚੀਨ ਨੇ ਹਾਈਵੇ ਉਸਾਰੀ ਦੇ ਕੰਮ ਵਿਚ ਵੀ ਨਿਵੇਸ਼ ਕੀਤਾ ਹੈ। ਬੀਤੇ ਦਿਨੀਂ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਆਪਣੇ ਦੇਸ਼ ਨੂੰ ਆਧੁਨਿਕ ਬਣਾਉਣ ਵਿਚ ਮਦਦ ਕਰਨ ਲਈ ਚੀਨੀ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਹਾਲ ਵਿਚ ਹੀ ਚੀਨ ਦੌਰੇ ਮੌਕੇ ਜ਼ਾਹਰ ਕੀਤਾ ਸੀ ਕਿ ਕੁਝ ਯੂਰਪੀ ਦੇਸ਼ ਚੀਨੀ ਹਿੱਤਾਂ ਲਈ ਕੁਝ ਜ਼ਿਆਦਾ ਖੁੱਲ੍ਹੇ ਹੋਏ ਹਨ। ਬੀਤੇ ਸਾਲ ਜਰਮਨੀ ਦੇ ਵਿਦੇਸ਼ ਮੰਤਰੀ ਨੇ ਪੈਰਿਸ ਵਿਚ ਕਿਹਾ ਸੀ ਕਿ ਜੇ ਅਸੀਂ ਚੀਨ ਦੇ ਸੰੰਬੰਧ ਵਿਚ ਕੋਈ ਯੂਰਪੀ ਰਣਨੀਤੀ ਤਿਆਰ ਨਹੀਂ ਕਰਦੇ ਤਾਂ ਉਹ ਯੂਰਪ ਨੂੰ ਵੰਡਣ ਵਿਚ ਸਫਲ ਹੋ ਜਾਵੇਗਾ।