ਜਪਾਨ ਵਿੱਚ ਆਇਆ ਜ਼ਬਰਦਸਤ ਭੂਚਾਲ, 3 ਹਲਾਕ, ਸੈਂਕੜੇ ਜ਼ਖ਼ਮੀ

ਟੋਕੀਓ, 18 ਜੂਨ (ਪੋਸਟ ਬਿਊਰੋ) : ਜਪਾਨ ਵਿੱਚ ਓਸਾਕਾ ਨੇੜੇ ਆਏ ਜ਼ਬਰਦਸਤ ਭੂਚਾਲ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਹੋਰ ਜ਼ਖ਼ਮੀ ਹੋ ਗਏ। ਸੋਮਵਾਰ ਨੂੰ ਪੱਛਮੀ ਜਪਾਨ ਵਾਸੀ ਮਲਬਾ ਸਾਫ ਕਰਦੇ ਨਜ਼ਰ ਆਏ।
ਰਿਕਟਰ ਪੈਮਾਨੇ ਉੱਤੇ ਭੂਚਾਲ ਦੀ ਗਤੀ 6.1 ਮਾਪੀ ਗਈ। ਇਸ ਕਾਰਨ ਕਈ ਇਮਾਰਤਾਂ ਤੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਤੇ ਕਈ ਥਾਂਵਾਂ ਉੱਤੇ ਪਾਣੀ ਤੇ ਗੈਸ ਸਪਲਾਈ ਠੱਪ ਹੋ ਗਈ। ਓਸਾਕਾ ਆਉਣ ਜਾਣ ਵਾਲੀਆਂ ਉਡਾਨਾਂ ਨੂੰ ਵੀ ਰੋਕ ਦਿੱਤਾ ਗਿਆ ਤੇ ਸਾਰਾ ਦਿਨ ਟਰੇਨਜ਼ ਤੇ ਹੋਰ ਆਵਾਜਾਈ ਲੱਗਭਗ ਠੱਪ ਰਹੀ। ਸ਼ਾਮ ਵੇਲੇ ਬੁਲੇਟ ਟਰੇਨਜ਼ ਤੇ ਕੁੱਝ ਲੋਕਲ ਟਰੇਨਜ਼ ਦੁਬਾਰਾ ਸ਼ੁਰੂ ਹੋਈਆਂ। ਸਟੇਸ਼ਨਾਂ ਉੱਤੇ ਲੋਕਾਂ ਦੀ ਕਾਫੀ ਭੀੜ ਸੀ ਤੇ ਸਾਰੇ ਹੀ ਘਰ ਜਾਣ ਲਈ ਕਾਹਲੇ ਪਏ ਹੋਏ ਸਨ। ਪੈਦਲ ਜਾਣ ਵਾਲਿਆਂ ਨਾਲ ਵੀ ਪੁਲ ਤੇ ਸਾਈਡਵਾਕਸ ਭਰ ਗਏ।
ਕਈ ਲੋਕਾਂ ਨੇ ਤਾਂ ਘਰਾਂ ਨੂੰ ਜਾਣ ਦੀ ਥਾਂ ਨੇੜਲੇ ਸੈ਼ਲਟਰਜ਼ ਵਿੱਚ ਹੀ ਪਨਾਹ ਲਈ। ਆਪਣੇ ਸਕੂਲ ਦੀ ਕੰਧ ਡਿੱਗ ਜਾਣ ਕਾਰਨ 9 ਸਾਲਾਂ ਦੀ ਬੱਚੀ ਉਸ ਹੇਠਾਂ ਦੱਬ ਕੇ ਮਾਰੀ ਗਈ। ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਉਹ ਆਪਣੇ 80ਵਿਆਂ ਵਿੱਚ ਸਨ। ਫਾਇਰ ਐਂਡ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਨੇ ਆਖਿਆ ਕਿ 307 ਜ਼ਖ਼ਮੀਆਂ ਦਾ ਹਸਪਤਾਲਾਂ ਵਿੱਚ ਇਲਾਜ ਕੀਤਾ ਗਿਆ। ਬਹੁਤੇ ਜ਼ਖ਼ਮੀ ਓਸਾਕਾ ਵਿੱਚ ਹੀ ਸਨ।
ਜਪਾਨ ਦੀ ਮੀਟੀਓਰੋਲੌਜੀਕਲ ਏਜੰਸੀ ਦਾ ਕਹਿਣਾ ਹੈ ਕਿ ਭੂਚਾਲ ਓਸਾਕਾ ਤੋਂ ਉੱਤਰ ਵੱਲ ਸਵੇਰੇ 8:00 ਵਜੇ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ 13 ਕਿਲੋਮੀਟਰ ਹੇਠਾਂ ਦੱਸਿਆ ਜਾਂਦਾ ਹੈ।