ਜਨ ਗਣਨਾ ਟੀਮ ਉੱਤੇ ਹਮਲਾ, ਲਾਹੌਰ ਵਿੱਚ ਪੰਜ ਫੌਜੀ ਜਵਾਨਾਂ ਸਣੇ ਸੱਤ ਮੌਤਾਂ

Fullscreen capture 462017 82340 AMਲਾਹੌਰ, 5 ਅਪਰੈਲ, (ਪੋਸਟ ਬਿਊਰੋ)- ਪਾਕਿਸਤਾਨ ਦੇ ਲਾਹੌਰ ਵਿੱਚ ਅੱਜ ਮਰਦਮ ਸ਼ੁਮਾਰੀ ਕਰਨ ਵਾਲੀ ਟੀਮ ਦੀ ਸੁਰੱਖਿਆ ਲਈ ਤਾਇਨਾਤ ਦਸਤੇ ਨੂੰ ਨਿਸ਼ਾਨਾ ਬਣਾ ਕੇ ਤਾਲਿਬਾਨ ਵੱਲੋਂ ਕੀਤੇ ਫ਼ਿਦਾਈਨ ਹਮਲੇ ਵਿੱਚ ਪੰਜ ਫ਼ੌਜੀ ਜਵਾਨਾਂ ਸਣੇ ਸੱਤ ਲੋਕ ਮਾਰੇ ਗਏ ਤੇ 19 ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਉਜ਼ਬੇਕ ਦਿਖਾਈ ਦੇਂਦੇ ਫਿਦਾਈਨ ਹਮਲਾਵਰ ਨੇ ਫ਼ੌਜੀ ਵੈਨ ਨੇੜੇ ਪੁੱਜ ਕੇ ਖ਼ੁਦ ਨੂੰ ਉਡਾ ਦਿੱਤਾ। ਰਿਪੋਰਟ ਵਿੱਚ ਕਿਹਾ ਗਿਆ ਹੈ, ‘ਜਾਪਦਾ ਹੈ ਕਿ 22 ਤੋਂ 24 ਸਾਲ ਦੇ ਕਰੀਬ ਉਮਰ ਦਾ ਫਿਦਾਈਨ ਹਮਲਾਵਰ ਉਥੇ ਮੌਜੂਦ ਸੀ ਤੇ ਉਸ ਨੂੰ ਜਨ ਗਣਨਾ ਵਾਲੀ ਟੀਮ ਦੇ ਆਉਣ ਦਾ ਵੀ ਪਤਾ ਸੀ।’ ਫ਼ੌਜੀ ਵੈਨ ਦੇ ਜ਼ਖ਼ਮੀ ਡਰਾਈਵਰ ਮੁਹੰਮਦ ਉਸਮਾਨ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਉਸ ਨੇ ਉਸ ਖ਼ਾਸ ਥਾਂ ਵੈਨ ਕਿਉਂ ਰੋਕੀ।
ਦੂਸਰੇ ਪਾਸੇ ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਲਈ ਹੈ। ਪਾਕਿਸਤਾਨ ਦੀ ਪੰਜਾਬ ਪੁਲੀਸ ਦੀ ਰਿਪੋਰਟ ਮੁਤਾਬਕ ‘ਫਿਦਾਈਨ ਹਮਲਾਵਰ ਉਜ਼ਬੇਕ ਜਾਪਦਾ ਸੀ, ਜੋ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਵਿੱਚ ਦਾਖ਼ਲ ਹੋਇਆ ਹੋ ਸਕਦਾ ਹੈ।’
ਇਸ ਘਟਨਾ ਤੋਂ ਬਾਅਦ ਪਾਕਿ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਸੁਰੱਖਿਆ ਬੰਦੋਬਸਤ ਕਰੜੇ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਦੇ ਬੁਲਾਰੇ ਮਲਿਕ ਮੁਹੰਮਦ ਖ਼ਾਨ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਫ਼ੌਜੀ ਹਸਪਤਾਲ ਤੇ ਲਾਹੌਰ ਦੇ ਜਨਰਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਤਿੰਨਾਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਪਾਕਿਸਤਾਨ ਏਅਰ ਫ਼ੋਰਸ ਦਾ ਇਕ ਅਫ਼ਸਰ ਵੀ ਮ੍ਰਿਤਕਾਂ ਵਿੱਚ ਸ਼ਾਮਲ ਹੈ, ਜੋ ਘਟਨਾ ਵੇਲੇ ਆਪਣੀ ਪਤਨੀ ਅਤੇ ਪੁੱਤਰ ਸਣੇ ਮੋਟਰ ਸਾਈਕਲ ਉੱਤੇ ਓਥੋਂ ਲੰਘ ਰਿਹਾ ਸੀ। ਉਸ ਦੀ ਪਤਨੀ ਤੇ ਪੁੱਤਰ ਜ਼ਖ਼ਮੀ ਹਨ।
ਦੂਸਰੇ ਪਾਸੇ ਪਾਕਿਸਤਾਨ ਦੇ ਗੜਬੜ ਵਾਲੇ ਰਾਜ ਬਲੋਚਿਸਤਾਨ ਵਿੱਚ ਅੱਜ ਮੋਟਰ ਸਾਈਕਲ ਸਵਾਰ ਇਕ ਹਮਲਾਵਰ ਨੇ ਚਾਰ ਮਜ਼ਦੂਰ ਗੋਲੀਆਂ ਮਾਰ ਕੇ ਮਾਰ ਦਿੱਤੇ। ਇਹ ਮਜ਼ਦੂਰ ਇਕ ਹਾਈਵੇ ਦਾ ਕੰਮ ਕਰ ਰਹੇ ਸਨ, ਜੋ ਚੀਨ-ਪਾਕਿਸਤਾਨ ਇਕਨਾਮਿਕ ਕੌਰੀਡੋਰ (ਸੀ ਪੀ ਈ ਸੀ) ਦਾ ਹਿੱਸਾ ਹੈ। ‘ਐਕਸਪ੍ਰੈੱਸ ਟ੍ਰਿਬਿਊਨ’ ਮੁਤਾਬਕ ਮ੍ਰਿਤਕ ਮਜ਼ਦੂਰ ਸਿੰਧ ਸੂਬੇ ਦੇ ਗ਼ੋਟਕੀ ਇਲਾਕੇ ਨਾਲ ਸਬੰਧਤ ਸਨ। ਹਮਲੇ ਦੀ ਕਿਸੇ ਗਰੁੱਪ ਨੇ ਜ਼ਿੰਮੇਵਾਰੀ ਨਹੀਂ ਲਈ।