ਜਨਰਲ ਸਮਾਜ ਦੇ ਦਬਾਅ ਕਾਰਨ ਅੰਬੇਡਕਰ ਸੈਨਾ ਦਾ ਪ੍ਰਧਾਨ ਸੁਮਨ ਗ੍ਰਿਫ਼ਤਾਰ


ਫਗਵਾੜਾ, 30 ਅਪਰੈਲ, (ਪੋਸਟ ਬਿਊਰੋ)- ਇਸ ਕਸਬੇ ਵਿੱਚ ਪਿਛਲੇ ਹਫਤੇ ਪੈਦਾ ਹੋਏ ਤਨਾਅ ਦੇ ਦੌਰਾਨ ਗੋਲੀ ਨਾਲ ਜ਼ਖਮੀ ਹੋਏ ਇੱਕ ਦਲਿਤ ਨੌਜਵਾਨ ਬੌਬੀ ਦੀ ਮੌਤ ਅਤੇ ਉਸ ਦੇ ਅੰਤਮ ਸੰਸਕਾਰ ਤੋਂ ਅਗਲੇ ਦਿਨ ਅੱਜ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਹਰਭਜਨ ਸੁਮਨ ਨੂੰ ਪੁਲੀਸ ਨੇ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਸੂੰਢ ਕਾਲੋਨੀ ਦੇ ਪਵਨ ਕੁਮਾਰ ਦੀ ਸ਼ਿਕਾਇਤ ਉੱਤੇ ਹੋਈ ਹੈ, ਜਿਸ ਨੇ ਸੁਮਨ ਉੱਤੇ ਰੋਹਿਤ ਅਤੇ ਅੱਧਾ ਦਰਜਨ ਹੋਰ ਲੋਕਾਂ ਸਮੇਤ ਕੱਲ ਉਸ ਦੇ ਘਰ ਜਬਰੀ ਦਾਖ਼ਲ ਹੋ ਕੇ ਉਸ ਨੂੰ ਜ਼ਖ਼ਮੀ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਦੋਸ਼ੀਆਂ ਵਿਰੁੱਧ ਧਾਰਾ 323, 452, 120-ਬੀ ਦਾ ਕੇਸ ਦਰਜ ਕੀਤਾ ਹੈ। ਸੁਮਨ ਨੂੰ ਗ੍ਰਿਫਤਾਰੀ ਦੇ ਬਾਅਦ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ 14 ਦਿਨ ਦੀ ਜੁਡੀਸ਼ਲ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ।
ਵਰਨਣ ਯੋਗ ਹੈ ਕਿ ਬੀਤੀ 13 ਅਪਰੈਲ ਦੀ ਰਾਤ ਨੂੰ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ ਦੇ ਕੇਸ ਵਿੱਚ ਪੁਲਸ ਨੂੰ ਹਰਭਜਨ ਸੁਮਨ ਦੀ ਲੋੜ ਸੀ। ਉਸ ਝੜਪ ਵਿੱਚ ਚਾਰ ਨੌਜਵਾਨ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿੱਚੋਂ ਇਕ ਜਸਵੰਤ ਉਰਫ਼ ਬੌਬੀ ਨੇ ਐਤਵਾਰ ਤੜਕੇ ਡੀ ਐਮ ਸੀ ਹਸਪਤਾਲ ਲੁਧਿਆਣਾ ਵਿੱਚ ਦਮ ਤੋੜ ਦਿੱਤਾ ਸੀ। ਉਸ ਦੇ ਅੰਤਮ ਸਸਕਾਰ ਪਿੱਛੋਂ ਪੁਲੀਸ ਨੇ ਦਲਿਤ ਆਗੂ ਹਰਭਜਨ ਸੁਮਨ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮੌਕੇ ਸੁਮਨ ਦੇ ਸਮਰਥਕਾਂ ਨੇ ਫਗਵਾੜਾ ਵਿੱਚ ਐੱਸ ਪੀ ਦਫ਼ਤਰ ਦੇ ਬਾਹਰ ਟਾਊਨ ਹਾਲ ਵਿਖੇ ਧਰਨਾ ਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਪਰ ਬਾਅਦ ਵਿੱਚ ਐਸ ਪੀ, ਪੀ ਐਸ ਭੰਡਾਲ ਦੇ ਦਖ਼ਲ ਨਾਲ ਧਰਨਾ ਖ਼ਤਮ ਕਰ ਦਿੱਤਾ ਗਿਆ।
ਜਨਰਲ ਸਮਾਜ ਮੰਚ ਵੱਲੋਂ ਹਰਭਜਨ ਸੁਮਨ ਅਤੇ 14 ਹੋਰ ਦਲਿਤ ਕਾਰਕੁਨਾਂ ਨੂੰ 13 ਅਪਰੈਲ ਦੀ ਹਿੰਸਾ ਦੇ ਕੇਸ ਵਿੱਚ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਪਰ ਪੁਲੀਸ ਨੇ ਉਸ ਨੂੰ ਇੱਕ ਵੱਖਰੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ, ਜਿਹੜਾ ਇਸ ਐਤਵਾਰ ਨੂੰ ਵਾਪਰੇ ਇੱਕ ਝਗੜੇ ਨਾਲ ਸਬੰਧਤ ਹੈ। ਇਸ ਮੌਕੇ ਪੁਲੀਸ ਨੇ ਸ਼ਹਿਰ ਵਿੱਚ ਭਾਰੀ ਫੋਰਸ ਲਾਈ ਕੀਤੀ ਹੋਈ ਹੈ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।