ਜਨਰਲ ਮੁਸ਼ੱਰਫ ਦੇ ਖਿਲਾਫ ਦੇਸ਼ ਧ੍ਰੋਹ ਦਾ ਕੇਸ ਚਲਾਉਣ ਦੇ ਲਈ ਸਜ਼ਾ ਮਿਲ ਰਹੀ ਹੈ: ਸ਼ਰੀਫ


ਇਸਲਾਮਾਬਾਦ, 24 ਮਈ (ਪੋਸਟ ਬਿਊਰੋ)- ਅਹੁਦੇ ਦੇ ਅਯੋਗ ਕਰਾਰ ਦਿੱਤੇ ਗਏ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਜਵਾਬਦੇਹੀ ਅਦਾਲਤ ਵਿੱਚ ਇਹ ਦਾਅਵਾ ਕੀਤਾ ਕਿ ਜਨਰਲ ਮੁਸ਼ੱਰਫ ਦੇ ਖਿਲਾਫ ਕੇਸ ਸ਼ੁਰੂ ਕਰਨ ਦੇ ਕਾਰਨ ਉਨ੍ਹਾਂ ਦੇ ਖਿਲਾਫ ਭਿ੍ਰਸ਼ਟਾਚਾਰ ਦੇ ਮਾਮਲੇ ਸ਼ੁਰੂ ਕਰ ਦਿੱਤੇ ਗਏ ਸਨ।
ਨੈਸ਼ਨਲ ਅਕਾਊਟੀਬਿਲਟੀ ਬਿਊਰੋ ਦੇ ਖਿਲਾਫ ਜਵਾਬਦੇਹੀ ਅਦਾਲਤ ਵਿਚ ਨਵਾਜ਼ ਸ਼ਰੀਫ ਨੇ ਆਖਿਆ ਕਿ ਫੌਜੀ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਦੇ ਖਿਲਾਫ ਦੇਸ਼ ਧ੍ਰੋਹ ਦਾ ਕੇਸ ਸ਼ੁਰੂ ਕਰਨ ਦੇ ਕਾਰਨ ਉਨ੍ਹਾਂ ਦੇ ਖਿਲਾਫ ਭਿ੍ਰਸ਼ਟਾਚਾਰ ਦੇ ਮਾਮਲੇ ਚਲਾਏ ਗਏ ਹਨ। ਨਵਾਜ਼ ਸ਼ਰੀਫ ਨੇ ਕਿਹਾ ਕਿ ਦੇਸ਼ ਧ੍ਰੋਹ ਦਾ ਕੇਸ ਸ਼ੁਰੂ ਕਰਨ ਦੀੇ ਉਨ੍ਹਾਂ ਨੂੰ ਸਜ਼ਾ ਮਿਲ ਰਹੀ ਹੈ। ਨਵਾਜ਼ ਤੇ ਉਨ੍ਹਾਂ ਦੇ ਪਰਵਾਰ ਦੇ ਮੈਂਬਰਾਂ ਨੂੰ 28 ਜੁਲਾਈ 2017 ਪਨਾਮਾ ਪੇਪਰ ਲੀਕੇਜ ਕੇਸ ਦੇ ਫੈਸਲੇ ‘ਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਐਨ ਬੀ ਏ ਵੱਲੋਂ ਦਾਇਰ ਤਿੰਨ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਦੇ ਅੰਗਰੇਜ਼ੀ ਅਖਬਾਰ ਡਾਨ ਦੇ ਅਨੁਸਾਰ ਪਾਕਿਸਤਾਨ ਮੁਸਲਿਮ ਲੀਗ ਦੇ ਪ੍ਰਧਾਨ ਨਵਾਜ਼ ਸ਼ਰੀਫ ਨੂੰ ਕਿਹਾ ਗਿਆ ਹੈ ਕਿ ਅਪਰਾਧਕ ਵਿਵਸਥਾ ਦੀ ਧਾਰਾ 342 ਹੇਠ ਐਵਨਫੀਲਡ ਮਾਮਲੇ ‘ਚ ਆਪਣਾ ਆਖਰੀ ਬਿਆਨ ਦਰਜ ਕਰਾਉਣ। ਜਦ ਨਵਾਜ਼ ਸ਼ਰੀਫ ਤੋਂ ਪੁੱਛਿਆ ਗਿਆ ਕਿ ਐਵਨਫੀਲਡ ਕੇਸ ਉਨ੍ਹਾਂ ਖਿਲਾਫ ਕਿਉਂ ਦਰਜ ਕਰਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਨਰਲ ਮੁਸ਼ੱਰਫ ਦੇ ਖਿਲਾਫ ਕੇਸ ਸ਼ੁਰੂ ਕਰਨ ਵੇਲੇ ਚਿਤਾਵਨੀ ਦਿੱਤੀ ਗਈ ਸੀ। ਨਵਾਜ਼ ਸ਼ਰੀਫ ਨੇ ਇਹ ਦਾਅਵਾ ਕੀਤਾ ਕਿ ਇਕ ਖੁਫੀਆ ਏਜੰਸੀ ਦੇ ਮੁਖੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਅਸਤੀਫਾ ਦੇ ਦਿਓ ਜਾਂ ਲੰਬੀ ਛੁੱਟੀ ‘ਤੇ ਚਲੇ ਜਾਓ। ਨਵਾਜ਼ ਨੇ ਇਹ ਵੀ ਕਿਹਾ ਕਿ ਇਹ ਧਮਕੀ ਕਿਸੇ ਏਜੰਸੀ ਦੇ ਮੁਖੀ ਵੱਲੋਂ ਦੇਸ਼ ਦੇ ਮੁਖੀ ਨੂੰ ਤੀਸਰੀ ਦੁਨੀਆ ਦੇ ਦੇਸ਼ਾਂ ਵਿੱਚ ‘ਚ ਵੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਤਹਿਰੀਕ-ਏ-ਇਨਸਾਫ ਪਾਰਟੀ ਅਤੇ ਪਾਕਿਸਤਾਨ ਆਵਾਮੀ ਤਹਿਰੀਕ ਦੋਵੇਂ ਉਨ੍ਹਾਂ ਦੇ ਖਿਲਾਫ ਸਾਜ਼ਿਸ਼ ਰਚ ਰਹੇ ਹਨ। ਨਵਾਜ਼ ਸ਼ਰੀਫ ਨੇ ਕਿਹਾ ਕਿ ਦੇਸ਼ ਧ੍ਰੋਹ ਦਾ ਕੇਸ ਦਰਜ ਹੋਣ ਤੋਂ ਪਹਿਲਾਂ ਉਹ ਇਮਰਾਨ ਖਾਨ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਕਦੇ ਅਸਤੀਫੇ ਦੀ ਮੰਗ ਨਹੀਂ ਕੀਤੀ, ਪਰ ਮੁਸ਼ੱਰਫ ਦੇ ਖਿਲਾਫ ਕੇਸ ਦਰਜ ਹੋਣ ਦੇ ਬਾਅਦ ਹੈਰਾਨੀ ਦੀ ਗੱਲ ਹੈ ਉਹ ਲੰਡਨ ‘ਚ ਤਾਹਿਰੁਲ ਕਾਦਰੀ ਨੂੰ ਮਿਲੇ, ਜਿਥੇ ਉਨ੍ਹਾਂ ਨੇ ਉਨ੍ਹਾਂ ਦੀ ਸਰਕਾਰ ਦੇ ਖਿਲਾਫ ਧਰਨੇ ਉੱਤੇ ਬੈਠਣ ਦਾ ਫੈਸਲਾ ਕੀਤਾ। ਸ਼ਰੀਫ ਨੇ ਹਥਿਆਰਬੰਦ ਫੌਜਾਂ ਦੀ ਕੁਰਬਾਨੀ ਦੀ ਸ਼ਲਾਘਾ ਕੀਤੀ ਤੇ ਨੇ ਕਿਹਾ ਕਿ ਕਿਸੇ ਇਕ ਦੀ ਗਲਤੀ ਕਾਰਨ ਪੂਰੀ ਫੌਜ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ।