ਜਨਰਲ ਬਾਜਵਾ ਨੇ ਭਾਰਤ ਨਾਲ ਗੱਲਬਾਤ ਦਾ ਪੱਖ ਪੂਰਿਆ


ਇਸਲਾਮਾਬਾਦ, 16 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ (57) ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਕਸ਼ਮੀਰ ਅਤੇ ਹੋਰ ਝਗੜਿਆਂ ਦਾ ਸ਼ਾਂਤੀ ਪੂਰਵਕ ਹੱਲ ਵਿਆਪਕ ਤੇ ਅਰਥ ਭਰਪੂਰ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ।
ਬਾਜਵਾ ਨੇ ਇਹ ਗੱਲ ਕਾਕੁਲ ‘ਚ ਕੱਲ੍ਹ ਪਾਕਿਸਤਾਨ ਮਿਲਟਰੀ ਅਕੈਡਮੀ ਦੇ ਰੰਗਰੂਟਾਂ ਦੀ ਪਾਸਿੰਗ ਆਊਟ ਪਰੇਡ ਦੌਰਾਨ ਦਿੱਤੇ ਭਾਸ਼ਣ ਵਿੱਚ ਆਖੀ। ਉਨ੍ਹਾਂ ਕਿਹਾ, ‘ਪਾਕਿਸਤਾਨ ਅਜਿਹੀ ਵਾਰਤਾ ਕਰਨ ਲਈ ਵਚਨਬੱਧ ਹੈ, ਪਰ ਇਹ ਖੁਦ ਮੁਖਤਿਆਰ ਬਰਾਬਰੀ, ਮਰਿਆਦਾ ਅਤੇ ਸਨਮਾਨ ਦੇ ਆਧਾਰ ‘ਤੇ ਹੋਵੇ।’ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ ਬਾਜਵਾ ਨੇ ਕੈਡੇਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਸ਼ਾਂਤੀ ਪਸੰਦ ਦੇਸ਼ ਹੈ ਅਤੇ ਉਹ ਆਪਣੇ ਗੁਆਂਢੀਆਂ ਸਮੇਤ ਸਾਰੇ ਦੇਸ਼ਾਂ ਨਾਲ ਸ਼ਾਂਤੀ ਪੂਰਵਕ ਸਹਿ ਹੋਂਦ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਦੀ ਇਸ ਇੱਛਾ ਨੂੰ ਕਿਸੇ ਦੀ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦੀਆਂ। ‘ਸਾਡੀਆਂ ਬਹਾਦਰ ਸੈਨਾਵਾਂ ਕਿਸੇ ਵੀ ਚੁਣੌਤੀ ਦਾ ਮੂੰਹ ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ।’ ਜਨਰਲ ਬਾਜਵਾ ਨੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸਵੈ ਨਿਰਣੇ ਦੇ ਮੂਲ ਹੱਕ ਲਈ ਸਿਆਸੀ ਅਤੇ ਨੈਤਿਕ ਹਮਾਇਤ ਦੇਣ ਦੀ ਗੱਲ ਦੁਹਰਾਈ ਤੇ ਕਿਹਾ, ‘ਪਾਕਿਸਤਾਨ ਨੇ ਦੇਸ਼ ‘ਚੋਂ ਅੱਤਵਾਦ ਅਤੇ ਕੱਟੜਤਾ ਖਤਮ ਕਰਨ ਲਈ ਹੰਭਲੇ ਮਾਰੇ ਹਨ, ਜਿਸ ਦੇ ਨਤੀਜੇ ਆਉਣ ਲੱਗ ਪਏ ਹਨ। ਅਸੀਂ ਕਿਸੇ ਮਜਬੂਰੀ ਵੱਸ ਇਹ ਕਦਮ ਨਹੀਂ ਉਠਾ ਰਹੇ ਸਗੋਂ ਪਾਕਿਸਤਾਨ ਨੂੰ ਸੁਰੱਖਿਅਤ, ਖੁਸ਼ਹਾਲ ਅਤੇ ਤਰੱਕੀ ਪਸੰਦ ਮੁਲਕ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।’ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਨੂੰ ਅੰਦਰੋਂ ਕਮਜ਼ੋਰ ਕਰਨ ਲਈ ਉਨ੍ਹਾਂ ‘ਤੇ ‘ਹਾਈਬ੍ਰਿਡ ਜੰਗ’ ਥੋਪੀ ਗਈ ਹੈ ਕਿਉਂਕਿ ਦੁਸ਼ਮਣ ਜਾਣਦਾ ਹੈ ਕਿ ਉਹ ਆਹਮੋ ਸਾਹਮਣੇ ਦੀ ਜੰਗ ‘ਚ ਉਨ੍ਹਾਂ ਨੂੰ ਮਾਤ ਨਹੀਂ ਦੇ ਸਕਦਾ ਹੈ।