ਜਦ ਵੀ ਚੁੱਕ ਕੇ ਵੇਖੀਏ

-ਮਹਿੰਦਰ ਸਿੰਘ ਮਾਨ

ਜਦ ਵੀ ਚੁੱਕ ਕੇ ਵੇਖੀਏ ਅਖਬਾਰ ਨੂੰ,
ਲੜ ਕੇ ਮਰਦਾ ਵੇਖੀਏ ਸੰਸਾਰ ਨੂੰ।

ਭਾਰ ਫਿਰ ਹਲਕਾ ਲੱਗਣ ਲੱਗ ਪੈਂਦਾ ਹੈ,
ਸਾਰੇ ਰਲ ਕੇ ਚੁੱਕੀਏ ਜੇ ਭਾਰ ਨੂੰ।

ਵਾਰਨੀ ਕੀ ਜਾਨ ਉਸ ਨੇ ਯਾਰ ਤੋਂ,
ਸਮਝਦਾ ਹੈ ਖੇਡ ਜਿਹੜਾ ਪਿਆਰ ਨੂੰ।

‘ਕੱਲਾ ਉਹ ਸ਼ਿੰਗਾਰ ਹੀ ਕਰਦੀ ਨਹੀਂ,
ਬਹੁਤ ਕੁਝ ਹੈ ਕਰਨਾ ਪੈਂਦਾ ਨਾਰ ਨੂੰ।

ਇਸ ਦੇ ਅੱਗੇ ਫੇਲ ਸਭ ਹਥਿਆਰ ਨੇ,
ਸਮਝੀ ਨਾ ਜਾਓ ਨਿਕੰਮਾ ਪਿਆਰ ਨੂੰ।

ਜਿਸ ਦੀਆਂ ਝਿੜਕਾਂ ਰੁਆ ਸਨ ਦਿੰਦੀਆਂ,
ਨੈਣ ਤਰਸਣ ਅੱਜ ਉਹਦੇ ਦੀਦਾਰ ਨੂੰ।

ਉਸ ਨੇ ਜੀਵਨ ਵਿੱਚ ਤਰੱਕੀ ਕੀਤੀ ਹੈ,
ਜਿਸ ਨੇ ਦੁਸ਼ਮਣ ਸਮਝਿਆ ਹੰਕਾਰ ਨੂੰ।