ਜਦੋਂ ਸੱਦਾ ਪੱਤਰ ਪਾੜ ਸੁੱਟਣ ਦਾ ਮਨ ਕੀਤਾ..

-ਮਹਿੰਦਰ ਸਿੰਘ ‘ਦੋਸਾਂਝ’
ਇਹ ਗੱਲ ਚਾਰ ਸਤੰਬਰ 2003 ਦੀ ਹੈ। ਉਸ ਦਿਨ ਭਾਰਤ ਦੇ ਰਾਸ਼ਟਰਪਤੀ ਡਾ. ਏ ਪੀ ਜੇ ਅਬਦੁੱਲ ਕਲਾਮ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਆਉਣਾ ਸੀ। ਇਸ ਤੋਂ ਪਹਿਲਾਂ ਦੋ ਸਤੰਬਰ ਨੂੰ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਦੇ ਦੋ ਵੱਡੇ ਅਧਿਕਾਰੀ ਮੈਨੂੰ ਰਾਸ਼ਟਰਪਤੀ ਨਾਲ ਖਾਣੇ ਵਾਸਤੇ ਸੱਦਾ ਦੇਣ ਲਈ ਆਏ। ਉਨ੍ਹਾਂ ਨੇ ਮੈਨੂੰ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਿਰਪਾਲ ਸਿੰਘ ਵੱਲੋਂ ਇਕ ਖੂਬਸੂਰਤ ਸੱਦਾ ਪੱਤਰ ਦਿੱਤਾ। ਇਸ ਸੱਦਾ ਪੱਤਰ ਦੇ ਨਾਲ ਯੂਨੀਵਰਸਿਟੀ ਦੇ ਗੇਟ ਨੰਬਰ ਇਕ ਤੋਂ ਡਾ. ਸੁਖਦੇਵ ਸਿੰਘ ਭਵਨ ਤੱਕ ਦਾ ਨਕਸ਼ਾ ਵੀ ਦਿੱਤਾ ਤਾਂ ਕਿ ਮੈਨੂੰ ਕੋਈ ਔਖ ਨਾ ਹੋਵੇ। ਯੂਨੀਵਰਸਿਟੀ ‘ਚ ਦਾਖਲਾ ਆਸਾਨ ਬਣਾਉਣ ਵਾਲਾ ਸਟਿੱਕਰ ਵੀ ਦਿੱਤਾ।
ਚਾਰ ਸਤੰਬਰ ਨੂੰ ਮੈਨੂੰ ਸਟਿਕਰ ਲੱਗੀ ਗੱਡੀ ਵਿੱਚ ਸਵੇਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪਹੁੰਚ ਗਿਆ ਕਿਉਂਕਿ ਮੈਂ ਨੁਮਾਇਸ਼ ਕਰਨ ਵਾਸਤੇ ਆਪਣੇ ਫਾਰਮ ਦੀ ਖੋਜ ਨਾਲ ਸਬੰਧਤ ਸਮੱਗਰੀ ਵੀ ਦੇਣੀ ਸੀ ਤੇ ਖੇਤੀ ਜਿਣਸਾਂ ਦੇ ਮੁਕਾਬਲਿਆਂ ਲਈ ਆਪਣੇ ਫਾਰਮ ਦੀਆਂ ਖੇਤੀ ਜਿਣਸਾਂ ਦੇ ਨਮੂਨੇ ਦੇਣੇ ਸਨ ਤੇ ਨਾਲ ਹੀ ਕਿਸਾਨ ਮੇਲਾ ਵੀ ਵੇਖਣਾ ਸੀ। ਆਪਣੀ ਗੱਡੀ ਯੂਨੀਵਰਸਿਟੀ ਦੇ ਦੋ ਨੰਬਰ ਗੇਟ ਨੇੜੇ ਪਾਰਕਿੰਗ ਵਿੱਚ ਲਾ ਕੇ ਅਤੇ ਆਪਣੇ ਫਾਰਮ ਦੀ ਸਾਰੀ ਸਮੱਗਰੀ ਤੇ ਖੇਤੀ ਜਿਣਸਾਂ ਦੇ ਨਮੂਨੇ ਨਿਸ਼ਚਿਤ ਥਾਵਾਂ ‘ਤੇ ਪੁਚਾ ਕੇ ਮੈਂ ਮੇਲੇ ਦੇ ਸਟਾਲਾਂ ਦਾ ਚੱਕਰ ਲਾਇਆ। ਜਦੋਂ ਡੇਢ ਵਜੇ ਦੇ ਕਰੀਬ ਮੈਂ ਆਪਣੀ ਗੱਡੀ ਕੋਲ ਆਇਆ ਤਾਂ ਉਥੇ ਗੱਡੀਆਂ ਦੀ ਭਾਰੀ ਭੀੜ ਵਿੱਚ ਮੇਰੀ ਗੱਡੀ ਫਸੀ ਹੋਈ ਸੀ। ਗੱਡੀ ਕੱਢਣ ਲਈ ਕੋਈ ਚਾਰਾ ਨਜ਼ਰ ਨਹੀਂ ਆਇਆ। ਮੈਂ ਸੋਚਿਆ, ਪੈਦਲ ਹੀ ਸੁਖਦੇਵ ਸਿੰਘ ਭਵਨ ਪਹੁੰਚ ਜਾਂਦਾ ਹਾਂ।
ਇਉਂ ਪੈਦਲ ਹੀ ਯੂਨੀਵਰਸਿਟੀ ਦੇ ਮਾਰਕੀਟ ਵਾਲੇ ਪਾਸੇ ਤੋਂ ਲੰਘ ਕੇ ਜਦੋਂ ਮੈਂ ਸੁਖਦੇਵ ਸਿੰਘ ਭਵਨ ਦੇ ਕਰੀਬ ਆਇਆ ਤਾਂ ਅੱਗੇ ਭਾਰੀ ਪੁਲਸ ਫੋਰਸ ਰਾਹ ਰੋਕੀ ਖੜੀ ਸੀ। ਰਾਸ਼ਟਰਪਤੀ ਨਾਲ ਖਾਣੇ ਲਈ ਸੱਦੇ ਹੋਏ ਲੋਕ ਆਪਣੀਆਂ ਗੱਡੀਆਂ ਵਿੱਚੋਂ ਉਤਰ ਕੇ ਇਕ ਪ੍ਰਭਾਵਸ਼ਾਲੀ ਪੁਲਸ ਅਫਸਰ ਨੂੰ ਅੱਗੇ ਜਾਣ ਲਈ ਜ਼ੋਰਦਾਰ ਬੇਨਤੀਆਂ ਕਰ ਰਹੇ ਸਨ ਤੇ ਖਾਣੇ ਦੇ ਪੀ ਏ ਯੂ ਵੱਲੋਂ ਮਿਲੇ ਸੱਦਾ ਪੱਤਰ ਵਿਖਾ ਰਹੇ ਸਨ, ਪਰ ਪੁਲਸ ਅਫਸਰ ਵਤੀਰੇ ਵਿੱਚ ਕੋਈ ਢਿੱਲ ਨਹੀਂ ਸੀ ਦਿਖਾ ਰਿਹਾ। ਇਸੇ ਦੌਰਾਨ ਮੈਂ ਅੱਗੇ ਖੜੇ ਪੁਲਸ ਅਫਸਰ ਨੂੰ ਬੇਨਤੀ ਸਹਿਤ ਆਖਿਆ, ‘ਬਾਕੀ ਤਾਂ ਸਭ ਕਾਰਾਂ ਵਾਲੇ ਵੱਡੇ ਲੋਕ ਹਨ, ਮੇਰਾ ਗਰੀਬ ਦਾ ਵੀ ਸੋਚੋ! ਮੇਰੇ ਕੋਲ ਵੀ ਅੱਗੇ ਜਾਣ ਲਈ ਸੱਦਾ ਪੱਤਰ ਹੈ।’
ਅੱਗੇ ਜਾਣ ਵਾਲੇ ਬੰਦਿਆਂ ਨੇ ਮੈਨੂੰ ਅਣਗੌਲਿਆ ਕਰਨ ਦੇ ਮੰਤਵ ਨਾਲ ਕਿਹਾ, ‘ਛੱਡੋ ਜੀ, ਥੁਆਡੀ ਹੋਰ ਗੱਲ ਹੈ।’ ਇਉਂ ਮੇਰੀ ਗੱਲ ਕਿਸੇ ਨੇ ਨਾ ਸੁਣੀ। ਅਖੀਰ ਪੁਲਸ ਅਫਸਰ ਨੇ ਸਭ ਨੂੰ ਕਿਹਾ, ‘ਸਾਡਾ ਅਧਿਕਾਰਤ ਐਸ ਪੀ ਦੋ ਨੰਬਰ ਗੇਟ ਉੱਤੇ ਹੈ, ਉਸ ਨੂੰ ਮਿਲ ਕੇ ਵੇਖ ਲਓ।’ ਮੇਰੇ ਨਾਲ ਦੇ ਸਾਰੇ ਸੱਜਣ ਕਾਰਾਂ ਵਿੱਚ ਬੈਠ ਕੇ ਦੋ ਨੰਬਰ ਗੇਟ ਵੱਲ ਨੂੰ ਚੱਲ ਪਏ। ਮੈਂ ਉਥੇ ਖੜਾ ਰਹਿ ਗਿਆ। ਕੁਝ ਚਿਰ ਬਾਅਦ ਦੋ ਨੰਬਰ ਗੇਟ ਤੋਂ ਇਕ ਬੰਦਾ ਮੁੜ ਕੇ ਆਇਆ ਤਾਂ ਉਸ ਤੋਂ ਪਤਾ ਲੱਗਾ ਕਿ ‘ਸੁਖਦੇਵ ਸਿੰਘ ਭਵਨ ਲਈ ਪ੍ਰਵੇਸ਼ ਚਾਰ ਨੰਬਰ ਗੇਟ ਰਾਹੀਂ ਹੋਵੇਗਾ। ਦੋ ਨੰਬਰ ਗੇਟ ਵਿੱਚੋਂ ਬਾਹਰ ਨਿਕਲ ਕੇ ਤੇ ਸ਼ਹਿਰ ਵਿੱਚੋਂ ਹੋ ਕੇ ਚਾਰ ਨੰਬਰ ਗੇਟ ਤੱਕ ਪਹੁੰਚਣਾ ਹੋਵੇਗਾ।’
ਮੈਂ ਤੇਜ਼ ਕਦਮਾਂ ਨਾਲ ਚਾਰ ਨੰਬਰ ਗੇਟ ਵੱਲ ਨੂੰ ਚੱਲ ਪਿਆ। ਥਾਂ-ਥਾਂ ਪੁਲਸ ਦੇ ਨਾਕੇ ਸਨ, ਉਪਰੋਂ ਸਤੰਬਰ ਦੀ ਧੁੱਪ ਅਤੇ ਹੁੰਮਸ ਸੀ, ਪਰ ਮੈਂ ਤੁਰਿਆ ਗਿਆ। ਅੱਧਾ ਕੁ ਪੈਂਡਾ ਤੈਅ ਕਰਕੇ ਮੇਰਾ ਮਨ ਕੀਤਾ ਕਿ ‘ਛੱਡੋ ਰਾਸ਼ਟਰਪਤੀ ਨਾਲ ਖਾਣੇ ਦੀ ਇੱਛਾ।’ ਜਜ਼ਬਾਤੀ ਮਨ ਨਾਲ ਮੈਂ ਸੋਚਿਆ ਕਿ ਇਸ ਸੱਦਾ ਪੱਤਰ ਨੂੰ ਇਥੇ ਪਾੜ ਕੇ ਸੁੱਟ ਦੇਵਾਂ ਤੇ ਵਾਪਸ ਚਲਾ ਜਾਵਾਂ। ਫਿਰ ਗੰਭੀਰਤਾ ਨਾਲ ਸੋਚਿਆ ਕਿ ਯੂਨੀਵਰਸਿਟੀ ਨੇ ਕਿੰਨੇ ਮਾਣ ਸਤਿਕਾਰ ਨਾਲ ਮੈਨੂੰ ਸੱਦਿਆ ਹੈ। ਇਸ ਤਰ੍ਹਾਂ ਤਾਂ ਯੂਨੀਵਰਸਿਟੀ ਦੇ ਪਿਆਰ ਸਤਿਕਾਰ ਦਾ ਨਿਰਾਦਰ ਹੋਵੇਗਾ। ਰਸਤੇ ਵਿੱਚ ਪੁਲਸ ਨੇ ਮੈਨੂੰ ਫੇਰ ਰੋਕ ਲਿਆ ਤੇ ਮੈਂ ਆਪਣਾ ਸੱਦਾ ਪੱਤਰ ਕੱਢ ਕੇ ਦਿਖਾਇਆ ਤਾਂ ਇਕ ਪੁਲਸ ਅਧਿਕਾਰੀ ਮੈਨੂੰ ਕਹਿਣ ਲੱਗਾ, ‘ਇਥੋਂ ਪੈਦਲ ਅੱਗੇ ਜਾਣ ਦੀ ਆਗਿਆ ਨਹੀਂ ਹੈ, ਗੱਡੀ ਰਾਹੀਂ ਹੀ ਅੱਗੇ ਜਾਣ ਦੀ ਆਗਿਆ ਹੈ।’
ਪਤਾ ਨਹੀਂ ਉਹ ਕੌਣ ਸੀ, ਉਹ ਅਚਾਨਕ ਆਇਆ। ਉਸ ਨੇ ਪੁਲਸ ਵਾਲਿਆਂ ਨੂੰ ਦਬਕਾ ਮਾਰ ਕੇ ਕਿਹਾ ਕਿ ਉਹ ਯੂ ਐਨ ਓ ਦੇ ਐਵਾਰਡੀ ਨਾਲ ਕਿਹੋ ਜਿਹਾ ਸਲੂਕ ਕਰ ਰਿਹਾ ਹੈ, ਨਾਲ ਮੈਨੂੰ ਅੰਦਰ ਜਾਣ ਦਾ ਇਸ਼ਾਰਾ ਕੀਤਾ। ਮੈਂ ਅੰਦਰ ਲੰਘਿਆ ਤਾਂ ਮੈਨੂੰ ਇਉਂ ਜਾਪਿਆ ਜਿਵੇਂ ਇਥੇ ਬੈਠੇ ਖੇਤੀ ਯੂਨੀਵਰਸਿਟੀ ਦੇ ਅਧਿਕਾਰੀ ਤੇ ਕਰਮਚਾਰੀ ਸਾਰਾ ਪਰਵਾਰ ਹੀ ਮੇਰਾ ਸੀ। ਸੁਭਾਗਵਸ ਮੇਰੇ ਨਾਮ ਵਾਲੀ ਨੇਮ ਪਲੇਟ ਉਸ ਮੇਜ਼ ‘ਤੇ ਪਈ ਸੀ, ਜਿਹੜਾ ਰਾਸ਼ਟਰਪਤੀ, ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਰਾਜਪਾਲ ਦੇ ਮੇਜ਼ ਦੇ ਨਾਲ ਲੱਗਾ ਹੋਇਆ ਸੀ। ਯੂਨੀਵਰਸਿਟੀ ਦੇ ਇਕ ਉਚ ਅਧਿਕਾਰੀ ਨੇ ਮਾਣ ਭਰੇ ਸ਼ਬਦਾਂ ਨਾਲ ਮੇਰੀ ਜਾਣ ਪਛਾਣ ਰਾਸ਼ਟਰਪਤੀ ਨਾਲ ਕਰਵਾਈ। ਰਾਸ਼ਟਰਪਤੀ ਕਲਾਮ ਉਠ ਕੇ ਪਿਆਰ ਨਾਲ ਮੇਰਾ ਹੱਥ ਘੁੱਟ ਕੇ ਉਤਸ਼ਾਹ ਨਾਲ ਮੈਨੂੰ ਮਿਲੇ। ਉਨ੍ਹਾਂ ਮੇਰਾ ਹੱਥ ਛੱਡਿਆ ਤਾਂ ਮੈਂ ਉਨ੍ਹਾਂ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਆਖਿਆ, ‘ਪੰਜਾਬ ਦੇ ਜੱਟ ਸਰਦਾਰੋਂ ਕਾ ਮਿਲਣ ਐਸੇ!’ ਉਹ ਹੱਸ ਪਏ। ਇਹ ਮਿਲਣੀ ਮੇਰੇ ਲਈ ਨਿੱਘੀ ਯਾਦ ਬਣ ਗਈ।