ਜਦੋਂ ਸਵੇਰ ਵੇਲੇ ਦੀ ਸੁਗੰਧ ਬਦਲ ਗਈ..

-ਮੁਨੀਸ਼ ਗਰਗ
ਆਪਣੇ ਕੁਝ ਕੰਮਕਾਰ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਬਠਿੰਡੇ ਜਾਣਾ ਪਿਆ। ਬੱਸ ਅੱਡੇ ਉਤੇ ਇਕ ਪ੍ਰਾਈਵੇਟ ਬੱਸ ਕਾਊਂਟਰ ਉਤੇ ਤਿਆਰ ਖੜੀ ਸੀ, ਸਵਾਰੀਆਂ ਬੱਸ ਵਿੱਚ ਬੈਠ ਰਹੀਆਂ ਸਨ। ਮੈਂ ਅਖਬਾਰ ਖਰੀਦ ਕੇ ਬੱਸ ਵਿੱਚ ਬੈਠ ਗਿਆ। ਅਖਬਾਰਾਂ ਵਾਲਾ ਹਾਕਰ ਅਖਬਾਰਾਂ ਦੇ ਕਈ ਬੰਡਲ ਡਰਾਈਵਰ ਦੇ ਕੋਲ ਰੱਖ ਗਿਆ। ਕੰਡਕਟਰ ਨੇ ਬੱਸ ਵਿੱਚ ਲੱਗੀਆਂ ਤਸਵੀਰਾਂ ਅੱਗੇ ਧੂਫ ਬੱਤੀ ਕਰਕੇ ਐਲ ਈ ਡੀ ਉਤੇ ਕੀਰਤਨ ਚਲਾ ਦਿੱਤਾ। ਅਗਰਬੱਤੀ ਦੀ ਭਿੰਨੀ-ਭਿੰਨੀ ਖੁਸ਼ਬੋ ਪੂਰੀ ਬੱਸ ‘ਚ ਫੈਲ ਗਈ। ਡਰਾਈਵਰ ਨੇ ਸਟੀਅਰਿੰਗ ਨੂੰ ਮੱਥਾ ਟੇਕ ਕੇ ਬੱਸ ਤੋਰ ਲਈ।
ਬੱਸ ਅੰਦਰਲਾ ਮਾਹੌਲ ਸਕੂਨ ਵਾਲਾ ਸੀ। ਕੁਝ ਕੀਰਤਨ ਸਰਵਣ ਕਰਨ ਲੱਗ ਪਏ, ਕੁਝ ਅਖਬਾਰ ਪੜ੍ਹ ਰਹੇ ਸਨ। ਨੌਜਵਾਨ ਵਰਗ ਮੋਬਾਈਲਾਂ ਵਿੱਚ ਮਸਤ ਸੀ। ਡਰਾਈਵਰ ਬੱਸ ਸਟੌਂਪਾਂ ਅਤੇ ਢਾਣੀਆਂ ‘ਤੇ ਬੱਸ ਹੌਲੀ ਕਰਕੇ ਅਖਬਾਰਾਂ ਦੇ ਬੰਡਲ ਫੜਾਉਂਦਾ ਤੇ ਰਾਹ ਵਿੱਚ ਪੈਂਦੇ ਧਾਰਮਿਕ ਸਥਾਨਾਂ ਅੱਗੇ ਹਾਰਨ ਵਜਾ ਕੇ ਉਨ੍ਹਾਂ ਪ੍ਰਤੀ ਸਤਿਕਾਰ ਅਦਾ ਕਰਦਾ। ਇਕ ਢਾਣੀ ਵਿੱਚੋਂ ਉਸ ਨੇ ਲੱਸੀ ਦੀ ਬੋਤਲ ਵੀ ਫੜੀ। ਰਸਤੇ ਵਿੱਚ ਵਿਦਿਆਰਥੀ ਵੀ ਬੱਸ ਵਿੱਚ ਚੜ੍ਹਦੇ ਰਹੇ, ਜਿਨ੍ਹਾਂ ਨੇ ਸਕੂਲ ਜਾਂ ਕਾਲਜ ਜਾਣਾ ਸੀ। ਵਿਦਿਆਰਥੀਆਂ ਦੇ ਖਿੜਖਿੜਾਉਂਦੇ ਚਿਹਰੇ ਤੇ ਆਪਸੀ ਹਾਸੇ ਠੱਠੇ ਨੇ ਮੈਨੂੰ ਕਾਲਜ ਦੇ ਦਿਨ ਯਾਦ ਕਰਵਾ ਦਿੱਤੇ। ਇਕ ਅੱਡੇ ਉਤੇ ਰਿਸ਼ਤੇਦਾਰ ਨੂੰ ਚੜ੍ਹਾਉਣ ਆਈ ਬੇਬੇ ਨੇ ਗੜਵੀ ਵਿੱਚੋਂ ਪਾਣੀ ਦੀ ਘੁੱਟ ਰਿਸ਼ਤੇਦਾਰ ਨੂੰ ਪਿਲਾ ਕੇ ਬਾਕੀ ਦਾ ਪਾਣੀ ਜਦੋਂ ਬੱਸ ਦੇ ਟਾਇਰਾਂ ‘ਤੇ ਡੋਲ੍ਹਿਆ ਤਾਂ ਮੈਂ ਹਾਸਾ ਨਾ ਰੋਕ ਸਕਿਆ। ਇਸ ਖੁਸ਼ਨੁਮਾ ਮਾਹੌਲ ਵਿੱਚ ਸ਼ਹਿਰ ਕਦੋਂ ਆ ਗਿਆ, ਪਤਾ ਹੀ ਨਹੀਂ ਲੱਗਿਆ।
ਬੱਸ ਤੋਂ ਉਤਰ ਕੇ ਮੈਂ ਆਪਣੇ ਕੰਮਾਂ ਵਿੱਚ ਮਸਰੂਫ ਹੋ ਗਿਆ। ਸਾਰੇ ਕੰਮ ਨਿਬੇੜ ਕੇ ਭੂਆ ਘਰ ਚਲਾ ਗਿਆ। ਕੁਝ ਸਮਾਂ ਉਥੇ ਗੁਜ਼ਾਰਨ ਤੋਂ ਬਾਅਦ ਭੂਆ ਦਾ ਲੜਕਾ ਬੱਸ ਅੱਡੇ ਛੱਡ ਗਿਆ। ਜਾਣ ਲਈ ਆਖਰੀ ਬੱਸ ਕਾਉਂਟਰ ਉਤੇ ਖੜੀ ਸੀ। ਕੁਦਰਤੀ ਬੱਸ ਵੀ ਉਹੀ ਸੀ, ਜਿਸ ਉਤੇ ਸਵੇਰੇ ਸਫਰ ਕੀਤਾ ਸੀ। ਬੱਸ ਮਿੱਥੇ ਸਮੇਂ ਉਤੇ ਚੱਲ ਪਈ। ਬੱਸ ਅੰਦਰ ਕਾਫੀ ਭੀੜ ਸੀ। ਬੱਸ ਅੰਦਰੋਂ ਆ ਰਹੀ ਬਦਬੋ ਤੋਂ ਲੱਗਦਾ ਸੀ, ਕੁਝ ਸਵਾਰੀਆਂ ਦੀ ਘੁੱਟ ਛਿੱਟ ਲੱਗੀ ਹੋਈ ਸੀ। ਸਰਦੀ ਦੇ ਦਿਨ ਹੋਣ ਕਾਰਨ ਹਨੇਰਾ ਹੋਣਾ ਸ਼ੁਰੂ ਹੋ ਗਿਆ। ਘਰ ਪਹੁੰਚਣ ਦੀ ਤਾਂਘ ਸਵਾਰੀਆਂ ਦੇ ਚਿਹਰੇ ‘ਤੇ ਸਾਫ ਝਲਕ ਰਹੀ ਸੀ। ਸਵਾਰੀਆਂ ਨੂੰ ਉਨ੍ਹਾਂ ਦੇ ਮੁਕਾਮ ‘ਤੇ ਉਤਾਰਦੀ ਹੋਈ ਬੱਸ ਆਪਣੀ ਮੰਜ਼ਿਲ ਵੱਲ ਵਧ ਰਹੀ ਸੀ।
ਰਸਤੇ ਵਿੱਚ ਪੈਂਦੇ ਠੇਕੇ ਅੱਗੇ ਡਰਾਈਵਰ ਨੇ ਹਾਰਨ ਵਜਾਇਆ ਤੇ ਕਾਰਿੰਦਾ ਸ਼ਰਾਬ ਦੀ ਬੋਤਲ ਫੜਾ ਗਿਆ। ਉਸੇ ਵੇਲੇ ਮੁਸਾਫਿਰਾਂ ਦਾ ਚਿਹਰਾ ਉਤਰ ਗਿਆ। ਡਰਾਈਵਰ ਤੇ ਕੰਡਕਟਰ ਨੇ ਚੱਲਦੀ ਬੱਸ ਵਿੱਚ ਸਟੀਲ ਦੇ ਗਿਲਾਸ ਵਿੱਚ ਪੀਣੀ ਸ਼ੁਰੂ ਕਰ ਦਿੱਤੀ। ਐਲ ਈ ਡੀ ਉਤੇ ਪੰਜਾਬੀ ਗਾਇਕਾਂ ਦੇ ਚੱਕਵੇਂ ਗਾਣੇ ਵੀ ਚਲਾ ਦਿੱਤੇ। ਇਕ ਸ਼ਖਸ ਨੇ ਉਨ੍ਹਾਂ ਨੂੰ ਸਮਝਾਇਆ ਅਤੇ ਮਾੜੇ ਗਾਣੇ ਵਜਾਉਣ ਤੋਂ ਵਰਜਿਆ। ਇਹ ਵੀ ਕਿਹਾ ਕਿ ਚੱਲਦੀ ਬੱਸ ਵਿੱਚ ਸ਼ਰਾਬ ਪੀਣਾ ਸਵਾਰੀਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣਾ ਹੈ। ਕੰਡਕਟਰ ਦਾ ਜਵਾਬ ਸੀ, ‘ਬਾਬੂ, ਡਰਨ ਦੀ ਲੋੜ ਨਹੀਂ, ਇਹ ਸਾਡਾ ਰੋਜ਼ ਦਾ ਕੰਮ ਐ।’ ਕੁਝ ਅਗਾਂਹ ਜਾ ਕੇ ਬੱਸ ਵਿੱਚ ਦੋ ਕੁੜੀਆਂ ਤੋਂ ਇਲਾਵਾ ਚਾਰ ਪੰਜ ਸਵਾਰੀਆਂ ਰਹਿ ਗਈਆਂ। ਕੁੜੀਆਂ ਸਹਿਮੀਆਂ ਹੋਈਆਂ ਸਨ। ਉਹ ਆਪਣੀ ਸੀਟ ਛੱਡ ਕੇ ਬਜ਼ੁਰਗ ਜੋੜੇ ਕੋਲ ਬਹਿ ਗਈਆਂ। ਥੋੜ੍ਹਾ ਅੱਗੇ ਜਾ ਕੇ ਬਜ਼ੁਰਗ ਜੋੜਾ ਆਪਣੀ ਢਾਣੀ ਦੇ ਮੋੜ ‘ਤੇ ਉਤਰ ਗਿਆ। ਕੁੜੀਆਂ ਦਾ ਡਰ ਵਧ ਗਿਆ। ਉਨ੍ਹਾਂ ਦਬੀ ਆਵਾਜ਼ ਵਿੱਚ ਮੈਨੂੰ ਪੁੱਛਿਆ। ਮੈਂ ਤਸੱਲੀ ਦਿੱਤੀ ਕਿ ਬੱਸ ਦਾ ਆਖਰੀ ਪੜਾਓ ਹੀ ਮੇਰੀ ਮੰਜ਼ਿਲ ਹੈ। ਉਹ ਮੇਰੇ ਨਾਲ ਦੀ ਸੀਟ ‘ਤੇ ਆ ਕੇ ਬੈਠ ਗਈਆਂ। ਦਰਅਸਲ ਉਹ ਕੰਡਕਟਰ ਤੇ ਡਰਾਈਵਰ ਦੇ ਸ਼ਰਾਬ ਪੀਣ ਅਤੇ ਮਾੜੇ ਗਾਣਿਆਂ ਤੋਂ ਸਹਿਮੀਆਂ ਹੋਈਆਂ ਸਨ। ਮੈਂ ਫਿਰ ਹੌਸਲਾ ਦਿੱਤਾ ਕਿ ਉਨ੍ਹਾਂ ਨੂੰ ਘਰ ਤੱਕ ਛੱਡ ਕੇ ਆਵਾਂਗਾ। ਉਹ ਨੌਕਰੀ ਦਾ ਕੋਈ ਟੈਸਟ ਦੇਣ ਗਈਆਂ ਸਨ, ਜੋ ਪੰਜ ਵਜੇ ਸਮਾਪਤ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਆਖਰੀ ਬੱਸ ਵਿੱਚ ਆਉਣਾ ਪਿਆ ਸੀ। ਥੋੜ੍ਹੇ ਚਿਰ ਨੂੰ ਅਸੀਂ ਆਪਣੇ ਕਸਬੇ ਪਹੁੰਚ ਗਏ। ਬੱਸ ਅੱਡੇ ਉਤੇ ਕੁੜੀਆਂ ਦੇ ਮਾਪੇ ਉਨ੍ਹਾਂ ਨੂੰ ਲੈਣ ਆਏ ਹੋਏ ਸਨ।
ਘਰ ਜਾਂਦਿਆਂ ਮੈਂ ਸੋਚਦਾ ਰਿਹਾ ਸੀ ਕਿ ਬੱਸ ਵਿੱਚ ਸਵੇਰ ਅਤੇ ਸ਼ਾਮ ਦੇ ਵਕਤ ਸਫਰ ਕਰਨ ਵਿੱਚ ਕਿੰਨਾ ਵੱਡਾ ਫਰਕ ਹੈ। ਸਵੇਰ ਵੇਲੇ ਸਵਾਰੀਆਂ ਖੁਸ਼ ਤੇ ਸ਼ਾਮ ਵਕਤ ਸਹਿਮ ਤੇ ਘਰ ਪਹੁੰਚਣ ਦੀ ਕਾਹਲ। ਸਵੇਰੇ ਕੀਰਤਨ ਅਤੇ ਸ਼ਾਮ ਨੂੰ ਅਸ਼ਲੀਲ ਗੀਤ। ਸਵੇਰ ਵੇਲੇ ਲੱਸੀ ਅਤੇ ਸ਼ਾਮ ਨੂੰ ਸ਼ਰਾਬ ਦੀ ਬੋਤਲ। ਉਂਜ ਤਸੱਲੀ ਇਹ ਸੀ ਕਿ ਬੱਸ ਵਿੱਚ ਸ਼ਰਾਬ ਪੀਣ ਅਤੇ ਮਾੜੇ ਗਾਣਿਆਂ ਦਾ ਕਿਸੇ ਨੇ ਤਾਂ ਵਿਰੋਧ ਕੀਤਾ।