ਜਦੋਂ ਸਵੀਪਰ ਪੋਲਿੰਗ ਅਫਸਰ ਲੱਗਿਆ

-ਮਾਸਟਰ ਰਾਮ ਦਾਸ ਨਸਰਾਲੀ

1994 ਵਿੱਚ ਸਕੂਲ ਸਿੱਖਿਆ ਵਿਭਾਗ ‘ਚ ਬਤੌਰ ਮਾਸਟਰ ਲੱਗਣ ਤੋਂ ਲੈ ਕੇ ਹੁਣ ਤੱਕ ਪੰਜਾਬ ‘ਚ ਜਿੰਨੀਆਂ ਵੀ ਚੋਣਾਂ ਹੋਈਆਂ, ਭਾਵੇਂ ਉਹ ਲੋਕ ਸਭਾ, ਵਿਧਾਨ ਸਭਾ, ਬਲਾਕ ਸੰਮਤੀ, ਨਗਰ ਪਾਲਿਕਾ, ਨਗਰ ਨਿਗਮ, ਪੰਚਾਇਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ, ਹਰ ਚੋਣ ਵਿੱਚ ਮੈਂ ਪ੍ਰੀਜ਼ਾਈਡਿੰਗ ਅਫਸਰ ਵਜੋਂ ਡਿਊਟੀ ਦਿੱਤੀ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਲਈ 14 ਜਨਵਰੀ ਨੂੰ ਪ੍ਰਾਪਤ ਹੋਈਆਂ ਚੋਣ ਡਿਊਟੀਆਂ ‘ਚ ਮੇਰੇ ਸਕੂਲ ਦੇ ਸਾਰੇ ਮਾਸਟਰਾਂ ਤੇ ਮਿਸਟ੍ਰੈਸਾਂ ਦੀਆਂ ਡਿਊਟੀਆਂ ਲੱਗ ਗਈਆਂ, ਪਰ ਮੇਰੀ ਡਿਊਟੀ ਨਹੀਂ ਲੱਗੀ। ਮੈਨੂੰ ਲੱਗਿਆ ਕਿ ਸ਼ਾਇਦ ਸਕੂਲ ਇੰਚਾਰਜ ਹੋਣ ਕਰਕੇ ਮੇਰੀ ਡਿਊਟੀ ਨਾ ਲੱਗੀ ਹੋਵੇ, ਪਰ 19 ਜਨਵਰੀ ਨੂੰ ਕਲੱਸਟਰ ਸਕੂਲ ਈਸੜੂ ਰਾਹੀਂ ਮੈਨੂੰ ਬਤੌਰ ਪ੍ਰੀਜ਼ਾਈਡਿੰਗ ਅਫਸਰ ਚੋਣ ਡਿਊਟੀ ਲੱਗਣ ਦੇ ਆਰਡਰ ਮਿਲ ਗਏ। ਆਰਡਰਾਂ ਮੁਤਾਬਕ 20 ਜਨਵਰੀ ਨੂੰ ਮੇਰੀ ਰਿਹਰਸਲ ਬੱਚਤ ਭਵਨ ਲੁਧਿਆਣਾ ਵਿਖੇ ਸੀ। ਦੂਜੇ ਦਿਨ ਮੈਂ ਬੱਚਤ ਭਵਨ ਲੁਧਿਆਣਾ ਪਹੁੰਚ ਗਿਆ। ਚੋਣ ਅਮਲੇ ਦੇ ਕਰਮਚਾਰੀ ਤਹਿਸੀਲਦਾਰ ਵੱਖ-ਵੱਖ ਟੇਬਲਾਂ ‘ਤੇ ਚੋਣ ਡਿਊਟੀ ਵਾਲੇ ਮੁਲਾਜ਼ਮਾਂ ਤੋਂ ਹਾਜ਼ਰੀ ਲਗਵਾ ਰਹੇ ਸਨ। ਤਹਿਸੀਲ ਵਾਲੇ ਟੇਬਲ ‘ਤੇ ਹਾਜ਼ਰੀ ਲਗਾਉਣ ਉਪਰੰਤ ਜਦੋਂ ਮੈਂ ਚੋਣ ਅਮਲੇ ਦੇ ਮੁਲਾਜ਼ਮਾਂ ਤੋਂ ਰਿਹਰਸਲ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ‘ਹਾਜ਼ਰੀ ਲੱਗ ਗਈ, ਜਾਓ, ਕੋਈ ਰਿਹਰਸਲ ਨਹੀਂ ਹੋਣੀ, ਅਗਲੀ ਰਿਹਰਸਲ ਕਿੱਥੇ ਹੋਣੀ ਆ, ਤੁਹਾਨੂੰ ਨਵੇਂ ਚੋਣ ਡਿਊਟੀ ਆਰਡਰ ਜਲਦੀ ਮਿਲ ਜਾਣਗੇ।’
27 ਜਨਵਰੀ ਨੂੰ ਮਿਲੇ ਚੋਣ ਡਿਊਟੀ ਆਰਡਰਾਂ ਮੁਤਾਬਕ 28 ਜਨਵਰੀ ਨੂੰ ਮੇਰੀ ਰਿਹਰਸਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਸੀ। ਮੇਰੀ 62 ਨੰਬਰ ਪਾਰਟੀ ਵਿੱਚ ਮੇਰੇ ਨਾਲ ਸਹਾਇਕ ਪ੍ਰੀਜ਼ਾਈਡਿੰਗ ਅਫਸਰ ਮੈਡਮ ਸਮੀਤ ਕੌਰ ਤੇ ਦੋ ਪੋਲਿੰਗ ਅਫਸਰ ਮੈਡਮ ਰੇਖਾ ਟਾਂਕ ਅਤੇ ਯੂਨੀਅਨ ਬੈਂਕ ਆਫ ਇੰਡੀਆ ਲਤਾਲਾ ਦਾ ਹੈਲਪਰ ਜੋਗਿੰਦਰ ਸਿੰਘ ਲੱਗੇ ਸਨ। ਰਿਹਰਸਲ ਸਥਾਨ ‘ਤੇ ਮੇਰੀ ਪੋਲਿੰਗ ਪਾਰਟੀ ਦੇ ਮੈਡਮ ਰੇਖਾ ਟਾਂਕ ਅਤੇ ਜੋਗਿੰਦਰ ਸਿੰਘ ਹੀ ਹਾਜ਼ਰ ਹੋਏ। ਕਾਫੀ ਦੇਰ ਉਡੀਕਣ ਮਗਰੋਂ ਸਹਾਇਕ ਪ੍ਰੀਜ਼ਾਈਡਿੰਗ ਅਫਸਰ ਮੈਡਮ ਸਮੀਤ ਕੌਰ ਨਾਲ ਫੌਨ ‘ਤੇ ਸੰਪਰਕ ਕਰਨ ‘ਤੇ ਪਤਾ ਲੱਗਿਆ ਕਿ ਉਨ੍ਹਾਂ ਆਪਣੀ ਡਿਊਟੀ ਕਟਵਾ ਲਈ ਹੈ। ਹਾਜ਼ਰੀ ਲਾਉਣ ਸਮੇਂ ਮੈਨੂੰ ਜੋਗਿੰਦਰ ਸਿੰਘ ਨੇ ਦੱਸਿਆ, ‘ਉਹ ਆਪਣੀ ਵੀਹ ਸਾਲ ਦੀ ਸੇਵਾ ਵਿੱਚ ਪਹਿਲੀ ਵਾਰ ਚੋਣ ਡਿਊਟੀ ਦੇ ਰਿਹਾ ਹੈ ਤੇ ਉਹ ਬੈਂਕ ਵਿੱਚ ਬਤੌਰ ਸਵੀਪਰ ਸੇਵਾ ਨਿਭਾ ਰਿਹਾ ਹੈ। ਉਹ ਸਿਰਫ ਦੋ ਜਮਾਤਾਂ ਪੜ੍ਹਿਆ ਹੋਇਆ ਹੈ। ਆਪਣਾ ਨਾਂ ਲਿਖਣ ਤੋਂ ਇਲਾਵਾ ਉਹ ਨਾ ਕੁਝ ਲਿਖ ਸਕਦਾ ਹੈ ਤੇ ਨਾ ਪੜ੍ਹ ਸਕਦਾ ਹੈ।’ ਉਸ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਮੇਰੇ ਹੱਥਾਂ ਦੇ ਤੋਤੇ ਉਡ ਗਏ।
ਪੋਲਿੰਗ ਅਫਸਰ ਜੋਗਿੰਦਰ ਸਿੰਘ ਦੇ ਪੜ੍ਹਨ ਲਿਖਣ ਤੋਂ ਕੋਰਾ ਹੋਣ ਕਾਰਨ ਉਸ ਦੀ ਡਿਊਟੀ ਕਟਾਉਣ ਸਬੰਧੀ ਜਦੋਂ ਮੈਂ ਟ੍ਰੇਨਿੰਗ ਦੇ ਰਹੇ ਚੋਣ ਅਮਲੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਐਸ ਡੀ ਐਮ ਨੂੰ ਮਿਲਣ ਲਈ ਕਿਹਾ। ਜਦੋਂ ਮੈਂ ਜੋਗਿੰਦਰ ਸਿੰਘ ਦੀ ਡਿਊਟੀ ਕਟਵਾਉਣ ਲਈ ਐਸ ਡੀ ਐਮ ਨੂੰ ਮਿਲਣ ਬਾਰੇ ਉਨ੍ਹਾਂ ਦੇ ਸੇਵਾਦਾਰ ਨੂੰ ਦੱਸਿਆ ਤਾਂ ਉਸ ਨੇ ਮੈਨੂੰ ਨਾਇਬ ਤਹਿਸੀਲਦਾਰ ਨੂੰ ਮਿਲਣ ਨੂੰ ਕਿਹਾ। ਮੈਂ ਸਾਰੀ ਗੱਲ ਨਾਇਬ ਤਹਿਸੀਲਦਾਰ ਨੂੰ ਦੱਸੀ ਤਾਂ ਉਨ੍ਹਾਂ ਮੈਨੂੰ ਜੋਗਿੰਦਰ ਸਿੰਘ ਤੋਂ ਵੋਟਰਾਂ ਦੇ ਸਿਆਹੀ ਲਾਉਣ ਦਾ ਕੰਮ ਲੈਣ ਦੀ ਸਲਾਹ ਦਿੱਤੀ। ਜਦੋਂ ਮੈਂ ਉਨ੍ਹਾਂ ਨੂੰ ਸਿਆਹੀ ਲਾਉਣ ਤੋਂ ਇਲਾਵਾ ਪੋਲਿੰਗ ਅਫਸਰ ਵੱਲੋਂ ਹੋਰ ਪੜ੍ਹਨ ਲਿਖਣ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣ ਬਾਰੇ ਦੱਸਿਆ ਤਾਂ ਉਨ੍ਹਾਂ ਜੋਗਿੰਦਰ ਸਿੰਘ ਦੀ ਡਿਊਟੀ ਕਟਾਉਣ ਲਈ ਲਿਖਤੀ ਬਿਨੈ ਪੱਤਰ ਸਾਹਮਣੇ ਬੈਠੀ ਮੈਡਮ ਬਲਜੀਤ ਕੌਰ ਨੂੰ ਦੇਣ ਲਈ ਕਿਹਾ। ਮੈਂ ਉਸ ਸਮੇਂ ਜੋਗਿੰਦਰ ਸਿੰਘ ਦੀ ਡਿਊਟੀ ਕੱਟਣ ਲਈ ਲਿਖਤੀ ਬਿਨੈ ਪੱਤਰ ਮੈਡਮ ਬਲਜੀਤ ਕੌਰ ਨੂੰ ਦੇ ਦਿੱਤਾ। ਮੇਰੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ, ਜਦੋਂ ਤਿੰਨ ਫਰਵਰੀ ਨੂੰ 10 ਵਜੇ ਆਈ ਟੀ ਆਈ ਸਮਰਾਲਾ ਵਿਖੇ ਹਾਜ਼ਰੀ ਲਾਉਣ ਸਮੇਂ ਮੈਨੂੰ ਪਤਾ ਲੱਗਾ ਕਿ ਜੋਗਿੰਦਰ ਸਿੰਘ ਦੀ ਡਿਊਟੀ ਕੱਟੀ ਨਹੀਂ ਗਈ। ਬੜੀ ਚਿੰਤਾ ਹੋਈ ਕਿ ਅਨਪੜ੍ਹ ਪੋਲਿੰਗ ਅਫਸਰ ਨਾਲ ਵੋਟਾਂ ਪੁਆਉਣ ਵਰਗਾ ਅਹਿਮ ਕੰਮ ਕਿਸ ਤਰ੍ਹਾਂ ਨੇਪਰੇ ਚੜ੍ਹੇਗਾ। ਆਪਣੀ ਪੋਲਿੰਗ ਪਾਰਟੀ ‘ਚ ਸਹਾਇਕ ਪ੍ਰੀਜ਼ਾਈਡਿੰਗ ਅਫਸਰ ਲਗਵਾਉਣ ‘ਤੇ ਜੋਗਿੰਦਰ ਸਿੰਘ ਦੀ ਥਾਂ ਰਿਜ਼ਰਵ ਸਟਾਫ ਵਿੱਚੋਂ ਪੋਲਿੰਗ ਅਫਸਰ ਲੈਣ ਲਈ ਮੈਂ ਚੋਣਾਂ ਵਿੱਚ ਬਤੌਰ ਮਾਸਟਰ ਟ੍ਰੇਨਰ ਸਮਰਾਲੇ ਡਿਊਟੀ ਨਿਭਾ ਰਹੇ ਆਪਣੇ ਮਿੱਤਰ ਰਾਮੇਸ਼ਪਾਲ ਭੋਲੇਕੇ ਤੋਂ ਵੀ ਸਿਫਾਰਸ਼ ਪੁਆਈ, ਪਰ ਸਫਲਤਾ ਨਹੀਂ ਮਿਲੀ। 11 ਵਜੇ ਪੂਰੇ ਸਟਾਫ ਵਾਲੀਆਂ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਵੰਡਣੀ ਸ਼ੁਰੂ ਕਰ ਦਿੱਤੀ।
ਮੇਰੀ ਪੋਲਿੰਗ ਪਾਰਟੀ ਵਿੱਚ ਸਹਾਇਕ ਪ੍ਰੀਜ਼ਾਈਡਿੰਗ ਅਫਸਰ ਨਾ ਹੋਣ ਕਾਰਨ ਮੈਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ। ਸਟੇਜ ਤੋਂ ਵਾਰ-ਵਾਰ ਪੂਰੀਆਂ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਵੰਡਣ ਪਿੱਛੋਂ ਅਧੂਰੀਆਂ ਪੋਲਿੰਗ ਪਾਰਟੀ ਰਿਜ਼ਰਵ ਸਟਾਫ ‘ਚੋਂ ਪੂਰੀਆਂ ਕਰਨ ਉਪਰੰਤ ਚੋਣ ਸਮੱਗਰੀ ਵੰਡਣ ਦੀ ਗੱਲ ਆਖੀ ਜਾ ਰਹੀ ਸੀ। ਐਸ ਡੀ ਐਮ ਪੋਲਿੰਗ ਪਾਰਟੀ ਨੂੰ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਤੇ ਕਿਸੇ ਕਿਸਮ ਦੀ ਟੈਨਸ਼ਨ ਨਾ ਲੈਣ ਲਈ ਵਾਰ-ਵਾਰ ਕਹਿ ਰਹੇ ਸਨ। ਇਸੇ ਦੌਰਾਨ 12 ਕੁ ਵਜੇ ਜੋਗਿੰਦਰ ਸਿੰਘ ਵੀ ਬੈਗ ਚੁੱਕੀ ਆ ਹਾਜ਼ਰ ਹੋਇਆ। ਆਉਂਦਿਆਂ ਹੀ ਉਹ ਮੈਨੂੰ ਡਿਊਟੀ ਕਟਵਾਉਣ ਲਈ ਬੇਨਤੀ ਕਰਨ ਲੱਗਾ। ਮੈਂ ਵੀ ਅਨਪੜ੍ਹ ਹੋਣ ਕਾਰਨ ਉਸ ਦੀ ਚੋਣ ਡਿਊਟੀ ਕੱਟੇ ਜਾਣ ਦਾ ਭਰੋਸਾ ਦਿੱਤਾ। ਡੇਢ ਕੁ ਵਜੇ ਪੂਰੇ ਪੋਲਿੰਗ ਸਟਾਫ ਵਾਲੀਆਂ ਪਾਰਟੀਆਂ ਨੂੰ ਚੋਣ ਸਮੱਗਰੀ ਵੰਡਣ ਉਪਰੰਤ ਅਧੂਰੀਆਂ ਪੋਲਿੰਗ ਪਾਰਟੀਆਂ ਪੂਰੀਆਂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ। ਆਪਣੀ 62 ਨੰਬਰ ਪੋਲਿੰਗ ਪਾਰਟੀ ਦੀ ਵਾਰੀ ਆਉਣ ‘ਤੇ ਜਦੋਂ ਮੈਂ ਜੋਗਿੰਦਰ ਸਿੰਘ ਨੂੰ ਨਾਲ ਲੈ ਕੇ ਪੋਲਿੰਗ ਪਾਰਟੀਆਂ ਪੂਰੀਆਂ ਕਰ ਰਹੇ ਅਮਲੇ ਦੇ ਮੁਖੀ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨੂੰ ਜੋਗਿੰਦਰ ਸਿੰਘ ਦੇ ਅਨਪੜ੍ਹ ਹੋਣ ਕਾਰਨ ਉਸ ਦੀ ਥਾਂ ਨਵਾਂ ਪੋਲਿੰਗ ਅਫਸਰ ਲਾਉਣ ਦੀ ਬੇਨਤੀ ਕੀਤੀ ਤਾਂ ਨਾਇਬ ਤਹਿਸੀਲਦਾਰ ਨੇ ਜੋਗਿੰਦਰ ਸਿੰਘ ਤੋਂ ਉਸ ਨੂੰ ਮਿਲਦੀ ਤਨਖਾਹ ਬਾਰੇ ਪੁੱਛਿਆ। ਜਦੋਂ ਜੋਗਿੰਦਰ ਸਿੰਘ ਨੇ ਆਪਣੀ ਤਨਖਾਹ ਵੀਹ ਹਜ਼ਾਰ ਦੱਸੀ ਤਾਂ ਨਾਇਬ ਤਹਿਸੀਲਦਾਰ ਸਾਹਿਬ ਨੇ ਕਿਹਾ ਕਿ ‘ਇਹ ਤਾਂ ਕਲਰਕਾਂ ਤੋਂ ਵੀ ਜ਼ਿਆਦਾ ਤਨਖਾਹ ਲੈਂਦਾ ਹੈ, ਇਹਦੀ ਡਿਊਟੀ ਨਹੀਂ ਕੱਟੀ ਜਾ ਸਕਦੀ।’
ਮੇਰੇ ਵਾਰ-ਵਾਰ ਬੇਨਤੀ ਕਰਨ ‘ਤੇ ਵੀ ਜਦੋਂ ਜੋਗਿੰਦਰ ਸਿੰਘ ਦੀ ਥਾਂ ਨਵਾਂ ਪੋਲਿੰਗ ਅਫਸਰ ਨਾ ਮਿਲਿਆ ਤਾਂ ਮੈਂ ਉਸ ਨੂੰ ਨਾਲ ਲੈ ਕੇ ਐਸ ਡੀ ਐਮ ਨੂੰ ਮਿਲ ਕੇ ਉਸ ਦੇ ਅਨਪੜ੍ਹ ਹੋਣ ਕਾਰਨ ਪੋਲਿੰਗ ਡਿਊਟੀ ਨਿਭਾਉਣ ਵਿੱਚ ਅਸਮਰੱਥ ਹੋਣ ਬਾਰੇ ਦੱਸਿਆ ਤਾਂ ਮੈਡਮ ਨੇ ਮੱਥੇ ਉੱਤੇ ਹੱਥ ਰੱਖ ਲਿਆ। ਮੈਡਮ ਨੇ ਉਸੇ ਵੇਲੇ ਆਪਣੇ ਸਹਾਇਕ ਨੂੰ ਡਿਊਟੀ ਕੱਟ ਕੇ ਉਸ ਦੀ ਥਾਂ ਨਵਾਂ ਪੋਲਿੰਗ ਅਫਸਰ ਲਾਉਣ ਦਾ ਹੁਕਮ ਦਿੱਤਾ। ਐਸ ਡੀ ਐਮ ਦਾ ਹੁਕਮ ਮਿਲਦੇ ਹੀ ਮੇਰੀ 62 ਨੰਬਰ ਪਾਰਟੀ ‘ਚ ਮੈਡਮ ਪ੍ਰੀਤੀ ਰਾਣੀ ਨੂੰ ਸਹਾਇਕ ਪ੍ਰੀਜ਼ਾਈਡਿੰਗ ਅਫਸਰ ਅਤੇ ਰਿਸ਼ਵਦੀਪ ਨੂੰ ਪੋਲਿੰਗ ਅਫਸਰ ਨਿਯੁਕਤ ਕਰਕੇ ਪੋਲਿੰਗ ਪਾਰਟੀ ਪੂਰੀ ਕਰ ਦਿੱਤੀ ਗਈ। ਪੋਲਿੰਗ ਪਾਰਟੀ ਪੂਰੀ ਹੋਣ ਪਿੱਛੋਂ ਅਸੀਂ ਚਾਈਂ-ਚਾਈਂ ਚੋਣ ਸਮੱਗਰੀ ਲੈ ਕੇ ਅਲਾਟ ਹੋਈ ਬੱਸ ‘ਚ ਸਵਾਰ ਹੋ ਗਏ। ਬੱਸ ਵਿੱਚ ਪਹਿਲਾਂ ਹੀ ਚੋਣ ਸਮੱਗਰੀ ਲਈ ਬੈਠੀਆਂ ਤਿੰਨ ਪੋਲਿੰਗ ਪਾਰਟੀਆਂ ਸਾਡੇ ਆਉਣ ਦਾ ਉਡੀਕ ਰਹੀਆਂ ਸਨ। ਇਸ ਤਰ੍ਹਾਂ ਚਾਰ ਪੋਲਿੰਗ ਪਾਰਟੀਆਂ ਨੂੰ ਲੈ ਕੇ ਬੱਸ ਆਪਣੀ ਮੰਜ਼ਿਲ ਵੱਲ ਚੱਲ ਪਈ। ਇਕ ਪੋਲਿੰਗ ਪਾਰਟੀ ਨੂੰ ਪਿੰਡ ਬਲਾਲਾ ਤੇ ਦੋ ਪੋਲਿੰਗ ਪਾਰਟੀਆਂ ਨੂੰ ਪਿੰਡ ਲੋਪੋਂ ਉਤਾਰਨ ਉਪਰੰਤ ਸਾਡੀ ਪੋਲਿੰਗ ਪਾਰਟੀ ਨੂੰ ਪਿੰਡ ਮਹਿਮੂਦਾਂ ਪਹੁੰਚਾ ਦਿੱਤਾ, ਜਿਥੇ ਦੂਜੇ ਦਿਨ ਚਾਰ ਫਰਵਰੀ ਨੂੰ ਅਸੀਂ ਵੋਟਾਂ ਪੁਆਉਣ ਦਾ ਕਾਰਜ ਕਰਨਾ ਸੀ।