ਜਦੋਂ ਮੋਦੀ ਤੇ ਮਮਤਾ ਦੋ ਵਿਰੋਧੀ ਹੁੰਦੇ ਹੋਏ ‘ਦੋਸਤਾਂ’ ਵਾਂਗ ਮਿਲੇ

-ਰੋਮਿਤਾ ਦੱਤਾ
ਪਿਛਲਾ ਹਫਤਾ ਬੜਾ ਹੈਰਾਨ ਕਰਨ ਵਾਲਾ ਸੀ। ਕਰਨਾਟਕ ਵਿੱਚ ਵਿਰੋਧੀ ਧਿਰ ਦੀ ਏਕਤਾ ਦੇ ਵਿਸ਼ਾਲ ਪ੍ਰਦਰਸ਼ਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇੱਕ ਦੂਜੇ ਦੀ ਸੰਗਤ ਵਿੱਚ ਸਹਿਜ ਮਹਿਸੂਸ ਨਹੀਂ ਕਰ ਸਕਣਗੇ। ਫਿਰ ਵੀ ਬਾਅਦ ਵਿੱਚ ਜੋ ਸ਼ਾਂਤੀ ਨਿਕੇਤਨ ਵਿੱਚ ਦੇਖਣ ਨੂੰ ਮਿਲਿਆ, ਉਸ ਨੇ ਇਨ੍ਹਾਂ ਸਾਰੇ ਖਦਸ਼ਿਆਂ ਨੂੰ ਝੂਠ ਸਿੱਧ ਕਰ ਦਿੱਤਾ। ਪਹਿਲਾਂ ਮੰਚ ਉੱਤੇ ਤੇ ਬਾਅਦ ਵਿੱਚ ਜਿਸ ਤਰ੍ਹਾਂ ਦੀ ਮਧੁਰਤਾ ਦੇਖਣ ਨੂੰ ਮਿਲੀ, ਉਸ ਨੇ ਦੋਵਾਂ ਦੇ ਪੂਰੀ ਤਰ੍ਹਾਂ ਵੱਖਰੀ ਕਿਸਮ ਦੇ ਸਮੀਕਰਨ ਬਣਦੇ ਦਿਖਾਏ ਹਨ। ਮਮਤਾ ਬੈਨਰਜੀ ਨੇ ਨਾ ਸਿਰਫ ਮੋਦੀ ਦਾ ਸਵਾਗਤ ਕੀਤਾ, ਸਗੋਂ ‘ਉਤਰੀਆ’ ਅਤੇ ਪੀਲੇ ਫੁੱਲ ਵੀ ਉਨ੍ਹਾਂ ਨੂੰ ਭੇਟ ਕੀਤੇ। ਬੰਗਾਲ ਨਾਲ ਸੰਬੰਧਤ ਆਪਣੇ ਪਾਰਟੀ ਆਗੂਆਂ ਤੋਂ ਕਾਫੀ ਦੂਰ ਖੜ੍ਹੇ ਮੋਦੀ ਨੇ ਜਦੋਂ ਮਮਤਾ ਨੂੰ ਆਪਣੇ ਸਵਾਗਤ ਲਈ ਤਿਆਰ ਦੇਖਿਆ, ਉਹ ਕਈ ਕਦਮ ਚੱਕ ਕੇ ਅੱਗੇ ਆਏ। ਹੈਲੀਪੈਡ ‘ਤੇ ਕਾਫੀ ਚਿੱਕੜ ਸੀ ਅਤੇ ਮੋਦੀ ਨੇ ਮਮਤਾ ਨੂੰ ਪੈਰ ਸੰਭਾਲ ਕੇ ਰੱਖਣ ਲਈ ਇਸ਼ਾਰਾ ਕੀਤਾ।
ਸ਼ਾਂਤੀ ਨਿਕੇਤਨ ਵਿੱਚ ਬੰਗਲਾ ਦੇਸ਼ ਭਵਨ ਦਾ ਉਦਘਾਟਨ ਕਰਦੇ ਸਮੇਂ ਮੋਦੀ ਅਤੇ ਉਨ੍ਹਾਂ ਨਾਲ ਖੜ੍ਹੀ ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਫੋਟੋ ਖਿੱਚਣ ਲਈ ਜਦੋਂ ਫੋਟੋਗਰਾਫਰ ਆਪਣੇ ਕੈਮਰੇ ਫੋਕਸ ਕਰ ਰਹੇ ਸਨ ਤਾਂ ਮੋਦੀ ਨੇ ਮਮਤਾ ਬੈਨਰਜੀ ਨੂੰ ਇਸ਼ਾਰਾ ਕੀਤਾ ਕਿ ਉਹ ਵੀ ਨੇੜੇ ਆ ਜਾਵੇ, ਐਨ ਉਸੇ ਸਮੇਂ ਗਵਰਨਰ ਕੇਸਰੀ ਨਾਥ ਤਿ੍ਰਪਾਠੀ ਵੀ ਫੋਟੋਗਰਾਫਰ ਤੇ ਮੋਦੀ ਦੇ ਵਿਚਾਲੇ ਆ ਗਏ ਤਾਂ ਮਮਤਾ ਫਟਾਫਟ ਥੋੜ੍ਹੀ ਜਿਹੀ ਪਾਸੇ ਹੋ ਗਈ ਤਾਂ ਕਿ ਫੋਟੋ ਵਿੱਚ ਆ ਸਕੇ।
ਇੱਕ ਜਾਂ ਦੋ ਦਿਨ ਪਹਿਲਾਂ ਹੀ ਮਮਤਾ ਤੇਲ ਦੀਆਂ ਕੀਮਤਾਂ ਅਤੇ ‘ਦੇਸ਼ੀਕੋਟਮ’ ਐਵਾਰਡਾਂ ਨੂੰ ਸਿਰਫ ਇਸ ਆਧਾਰ ‘ਤੇ ਰੋਕਣ ਕਿ ਉਸ ਸੂਚੀ ਵਿੱਚ ਤਿ੍ਰਣਮੂਲ ਕਾਂਗਰਸ ਨਾਲ ਸੰਬੰਧਤ ਬੁੱਧੀਜੀਵੀਆਂ ਵਿੱਚੋਂ ਇੱਕ ਦਾ ਨਾਂਅ ਸ਼ਾਮਲ ਸੀ, ਨੂੰ ਲੈ ਕੇ ਮੋਦੀ ਉੱਤੇ ਵਰ੍ਹੀ ਸੀ। ਇਥੋਂ ਤੱਕ ਕਿ ਬੰਗਾਲ ਦੀ ਧਰਤੀ ‘ਤੇ ਮੋਦੀ ਦੇ ਕਦਮ ਰੱਖਣ ਤੋਂ ਇੱਕ ਦਿਨ ਪਹਿਲਾਂ ਤੱਕ ਮਮਤਾ ਬੈਨਰਜੀ ਉਨ੍ਹਾਂ ਦੀ ਤਿੱਖੀ ਆਲੋਚਕ ਸੀ।
ਸ਼ਾਂਤੀ ਨਿਕੇਤਨ ਵਿੱਚ ਕਿਉਂਕਿ ਭਾਜਪਾ ਤੇ ਤਿ੍ਰਣਮੂਲ ਕਾਂਗਰਸ ਦੋਵਾਂ ਪਾਰਟੀਆਂ ਦੇ ਝੰਡੇ ਲਹਿਰਾ ਰਹੇ ਸਨ, ਇਸ ਲਈ ਤਣਾਅ ਸਪੱਸ਼ਟ ਨਜ਼ਰ ਆ ਰਿਹਾ ਸੀ। ਪੂਰੇ ਮਹਾਨਗਰ ਵਿੱਚ ਮਮਤਾ ਦੇ ਮੁਸਕਰਾਉਂਦੇ ਚਿਹਰੇ ਵਾਲੀਆਂ ਤਸਵੀਰਾਂ ਦਿਖਾਈ ਦੇ ਰਹੀਆਂ ਸਨ, ਜਦ ਕਿ ਭਾਜਪਾ ਨੇ ਆਪਣੇ ਘਾਗ ਨੇਤਾ ਦਾ ਸਵਾਗਤ ਕਰਨ ਲਈ ਸਮਰਥਕਾਂ ਤੇ ਨੇਤਾਵਾਂ ਨੂੰ ਟਰੱਕਾਂ ਵਿੱਚ ਭਰ ਕੇ ਲਿਆਉਣ ਦਾ ਪ੍ਰਬੰਧ ਕੀਤਾ ਹੋਇਆ ਸੀ। ਫਿਰ ਵੀ ਦੋਵਾਂ ਵਿਚਾਲੇ ਜੇ ਕੋਈ ਚੀਜ਼ ਗੈਰ-ਹਾਜ਼ਰ ਸੀ ਤਾਂ ਉਹ ਸੀ ਵੈਰ-ਭਾਵਨਾ। ਇਹ ਯਕੀਨ ਕਰ ਸਕਣਾ ਮੁਸ਼ਕਲ ਸੀ ਕਿ ਸਿਰਫ ਦੋ ਦਿਨ ਪਹਿਲਾਂ ਹੀ ਸਮੁੱਚੀ ਵਿਰੋਧੀ ਧਿਰ ਨਾਲ ਮੋਦੀ ਵਿਰੁੱਧ ਇਕਜੁੱਟਤਾ ਦਿਖਾਉਣ ਵਾਲੀ ਮਮਤਾ ਅਜਿਹਾ ਵੀ ਕਰ ਸਕਦੀ ਹੈ।
ਇਸ ਤਾਜ਼ਾ ਸੁਹਿਰਦਤਾ ਕਾਰਨ ਖੱਬੀਆਂ ਪਾਰਟੀਆਂ ਨੂੰ ਮੁੜ ਅਜਿਹਾ ਸ਼ੱਕ ਪ੍ਰਗਟਾਉਣ ਦਾ ਮੌਕਾ ਮਿਲ ਗਿਆ ਹੈ ਕਿ ਮੋਦੀ ਤੇ ‘ਦੀਦੀ’ ਵਿਚਾਲੇ ਕੋਈ ਖਿਚੜੀ ਪੱਕ ਰਹੀ ਹੈ। ਅਸਲ ਵਿੱਚ ਕੁਝ ਹਫਤੇ ਪਹਿਲਾਂ ਮਮਤਾ ਬੈਨਰਜੀ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਉਣ ਦੇ ਲਈ ਇੱਕ ਅਜਿਹੇ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਸੀ, ਜਿਸ ਦੀ ਪ੍ਰਧਾਨਗੀ ਮੋਦੀ ਨੇ ਕੀਤੀ ਸੀ। ਉਸ ਮੌਕੇ ਮੋਦੀ ਨੇ ਪੰਚਾਇਤੀ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਨੂੰ ਲੈ ਕੇ ਬਹੁਤ ਤਿੱਖੇ ਸ਼ਬਦ ਵਰਤੇ ਸਨ। ਮਮਤਾ ਬੈਨਰਜੀ ਨੇ ਨਿੱਜੀ ਤੌਰ ‘ਤੇ ਮੋਦੀ ਦੀਆਂ ਗੱਲਾਂ ਨੂੰ ਨਕਾਰਨ ਤੋਂ ਪ੍ਰਹੇਜ਼ ਕੀਤਾ ਸੀ। ਇਸ ਦੀ ਥਾਂ ਉਨ੍ਹਾਂ ਨੇ ਭਾਜਪਾ ਦੇ ਸੂਬਾਈ ਆਗੂਆਂ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਮੋਦੀ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ। ਇਸ ਸਥਿਤੀ ਵਿੱਚ ਇਹ ਸਵਾਲ ਉਠਣਾ ਸੁਭਾਵਿਕ ਹੈ ਕਿ ਦੋਵਾਂ ਵਿਚਾਲੇ ਕੀ ਚੱਲ ਰਿਹਾ ਹੈ?
ਪਿਛਲੇ ਛੇ-ਸੱਤ ਮਹੀਨਿਆਂ ਦੌਰਾਨ ਪਾਰਲੀਮੈਂਟ ਵਿੱਚ ਯੂ ਪੀ ਏ ਗੱਠਜੋਵ ਨੇ ਮੋਦੀ ਸਰਕਾਰ ਨੂੰ ਪ੍ਰੇਸ਼ਾਨ ਕਰਨ ਲਈ ਜਿੰਨੇ ਵੀ ਅਹਿਮ ਸਿਆਸੀ ਮੁੱਦੇ ਚੁੱਕੇ, ਮਮਤਾ ਬੈਨਰਜੀ ਦੀ ਤਿ੍ਰਣਮੂਲ ਕਾਂਗਰਸ ਨੇ ਉਨ੍ਹਾਂ ਵਿੱਚ ਹਿੱਸਾ ਨਹੀਂ ਲਿਆ। ਭਾਰਤ ਦੇ ਚੀਫ ਜਸਟਿਸ ਵਿਰੁੱਧ ਮਹਾਦੋਸ਼ ਦੀ ਮੰਗ ‘ਤੇ ਵੀ ਮਮਤਾ ਨੇ ਦਸਖਤ ਨਹੀਂ ਕੀਤੇ ਸਨ ਤੇ ਨਾ ਬੇਭਰੋਸਗੀ ਮਤੇ ਵੇਲੇ ਵੋਟਿੰਗ ਵਿੱਚ ਹਿੱਸਾ ਲਿਆ ਸੀ, ਹਾਲਾਂਕਿ ਸਿਆਸੀ ਰੈਲੀਆਂ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਮਮਤਾ ਐਨ ਡੀ ਏ ਅਤੇ ਮੋਦੀ ਵਿਰੁੱਧ ਭੜਾਸ ਜ਼ਰੂਰ ਕੱਢਦੀ ਰਹੀ ਹੈ।
ਮਮਤਾ ਦੀ ਇਸ ਨੀਤੀ ‘ਤੇ ਟਿੱਪਣੀ ਕਰਦਿਆਂ ਸੀ ਪੀ ਆਈ ਐਮ ਦੇ ਸੂਬਾਈ ਆਗੂ ਰੇਬਿਨ ਦੇਬ ਦਾ ਕਹਿਣਾ ਹੈ ਕਿ ‘ਇਹ ਵੋਟ ਬੈਂਕ ਦਾ ਧਰੁਵੀਕਰਨ ਅਤੇ ਭਾਜਪਾ ਦੀ ਸਹਾਇਤਾ ਕਰਨ ਦੇ ਨਾਲ ਧਾਰਮਿਕ ਵੰਡ ਦੇ ਆਧਾਰ ‘ਤੇ ਆਪਣੀ ਪਾਰਟੀ ਲਈ ਵੱਧ ਤੋਂ ਵੱਧ ਸੀਟਾਂ ਜਿੱਤਣ ਦੀ ਰਣਨੀਤੀ ਤੋਂ ਇਲਾਵਾ ਕੁਝ ਨਹੀਂ। ਜੇ ਮਮਤਾ ਦੇ ਇਰਾਦੇ ਨੇਕ ਹੁੰਦੇ ਤਾਂ ਉਨ੍ਹਾਂ ਦੀ ਪਾਰਟੀ ਦੇ ਬਹੁਤ ਸਾਰੇ ਨੇਤਾਵਾਂ ਨੂੰ ਸੀ ਬੀ ਆਈ ਵਾਲਿਆਂ ਨੇ ਚੁੱਕ ਲਿਆ ਹੁੰਦਾ।’ ਬੇਸ਼ੱਕ ਪੰਚਾਇਤੀ ਚੋਣਾਂ ਤੋਂ ਬਾਅਦ ਭਾਜਪਾ ਦੇ ਕੌਮੀ ਆਗੂ ਕੈਲਾਸ਼ ਵਿਜੇਵਰਗੀਯ ਦਹਾੜਦੇ ਰਹੇ ਹਨ ਕਿ ਸੂਬਾ ਸਰਕਾਰ ਦੇ ਬਹੁਤ ਸਾਰੇ ਮੰਤਰੀ ਛੇਤੀ ਹੀ ਜੇਲ੍ਹ ਪਹੁੰਚਣਗੇ, ਤਦ ਵੀ ਇਹ ਕੋਰੀ ਧਮਕੀ ਤੋਂ ਇਲਾਵਾ ਕੁਝ ਨਹੀਂ ਸੀ। ਲਗਭਗ ਇੱਕ ਮਹੀਨੇ ਤੋਂ ਸੀ ਬੀ ਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਠੰਢੀ ਪਈ ਹੋਈ ਹੈ। ਬੰਗਾਲ ਵਿੱਚ ਕਿਸੇ ਸਿਆਸੀ ਵਿਅਕਤੀ ਨੂੰ ਨਾ ਸੰਮਨ ਭੇਜੇ ਗਏ ਹਨ ਅਤੇ ਨਾ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਭਾਜਪਾ ਵੀ ਮਮਤਾ ਬੈਨਰਜੀ ਨੂੰ ਨਾਰਾਜ਼ ਕਰਨ ਲਈ ਤਿਆਰ ਨਹੀਂ, ਕਿਉਂਕਿ ਉਹ ਮਮਤਾ ਨੂੰ ਮੋਦੀ ਦਾ ਗੰਭੀਰਤਾ ਨਾਲ ਵਿਰੋਧ ਕਰਨ ਦਾ ਮੌਕਾ ਨਹੀਂ ਦੇਣਾ ਚਾਹੁੰਦੀ। 2019 ਦੀਆਂ ਆਮ ਚੋਣਾਂ ਵਿੱਚ ਐਨ ਡੀ ਏ ਗੱਠਜੋੜ ਨੂੰ ਆਪਣੀਆਂ ਕਾਫੀ ਸੀਟਾਂ ਘਟਣ ਦੀ ਆਸ ਹੈ, ਇਸ ਲਈ ਭਾਜਪਾ ਨਵੇਂ ਸਹਿਯੋਗੀਆਂ ਦੀ ਭਾਲ ਕਰ ਰਹੀ ਹੈ ਜਾਂ ਇੰਝ ਕਹਿ ਲਓ ਕਿ ਆਪਣਾ ਬੇੜਾ ਬੰਨੇ ਲਾਉਣ ਲਈ ‘ਦੁਸ਼ਮਣਾਂ ਦੇ ਭੇਸ ਵਿੱਚ ਦੋਸਤਾਂ’ ਦੀ ਭਾਲ ਕਰ ਰਹੀ ਹੈ। ਐਨ ਡੀ ਏ ਗੱਠਜੋੜ ਵਿਰੁੱਧ ਯੂ ਪੀ ਏ ਤੋਂ ਆਜ਼ਾਦ ਤੌਰ ‘ਤੇ ਬਦਲਵੇਂ ਕੇਂਦਰੀ ਮੋਰਚੇ ਦੀ ਕਲਪਨਾ ਭਗਵਾ ਬ੍ਰਿਗੇਡ ਨੂੰ ਜ਼ਿਆਦਾ ਤਾਕਤ ਦੇਵੇਗੀ। ਐਂਟੀ ਇਨਕੰਬੈਂਸੀ ਵੋਟਾਂ ਦੀ ਜਿੰਨੀ ਜ਼ਿਆਦਾ ਵੰਡ ਹੋਵੇਗੀ, ਓਨਾ ਹੀ ਸੱਤਾਧਾਰੀ ਪਾਰਟੀ ਨੂੰ ਫਾਇਦਾ ਹੋਵੇਗਾ।
ਤਸਵੀਰ ਉਲਝਣ ਭਰੀ ਹੈ। ਦੋਸਤ ਤੇ ਦੁਸ਼ਮਣ ਦਾ ਫਰਕ ਸਾਫ ਨਹੀਂ ਹੋ ਰਿਹਾ। ਬਸਪਾ ਦੀ ਮੁਖੀ ਮਾਇਆਵਤੀ ਪਹਿਲਾਂ ਹੀ ਇਹ ਸ਼ੱਕ ਪ੍ਰਗਟ ਕਰ ਚੁੱਕੀ ਹੈ ਕਿ ‘ਮਹਾਗਠਜੋੜ’ ਦੀ ਸਥਿਤੀ ਵਿੱਚ ਸਮਾਜਵਾਦੀ ਪਾਰਟੀ ਵੱਲੋਂ ਉਸ ਨਾਲ ਹੇਰਾਫੇਰੀ ਹੋ ਸਕਦੀ ਹੈ। ਤਿ੍ਰਣਮੂਲ ਕਾਂਗਰਸ ਨੇ ਜੋ ‘ਵਨ ਟੂ ਵਨ’ ਦਾ ਫਾਰਮੂਲਾ ਬਣਾਇਆ, ਉਹ ਕਾਂਗਰਸ ਨੂੰ ਮਨਜ਼ੂਰ ਨਹੀਂ। ਜੋੜ-ਤੋੜ ਦਾ ਗਣਿਤ ਲੜਾਇਆ ਜਾ ਰਿਹਾ ਹੈ ਤੇ ਧੁੰਦਲੇ ਮਾਹੌਲ ‘ਚੋਂ ਦੋ ਚਿਹਰਿਆਂ ਦੀ ਤਸਵੀਰ ਉਭਰਦੀ ਹੈ, ਜਿਨ੍ਹਾਂ ਨੂੰ ਲੈ ਕੇ ਕੋਈ ਸ਼ਿਕਵਾ-ਸ਼ਿਕਾਇਤ ਦਿਖਾਈ ਨਹੀਂ ਦਿੰਦਾ, ਸਗੋਂ ਇਸ ਦੇ ਉਲਟ ਮੁਸਕੁਰਾਹਟ ਫੈਲੀ ਹੋਈ ਹੈ।