ਜਦੋਂ ਮੇਰੇ ਵਾਲ ਕੱਟੇ ਗਏ

-ਹਰਦੀਪ ਜਟਾਣਾ
ਐਤਵਾਰ ਦੀ ਛੁੱਟੀ ਹੋਣ ਵਾਲੇ ਦਿਨ ਜਦੋਂ ਕੇਸੀ ਨਹਾਉਣ ਲਈ ਮਾਂ ਨੇ ਮੇਰੇ ਸਿਰ ਵਿੱਚ ਖੱਟੀ ਲੱਸੀ ਦੇ ਤਿੰਨ-ਚਾਰ ਬੁੱਕ ਪਾ ਕੇ ਮਲਣਾ ਸ਼ੁਰੂ ਕੀਤਾ ਤਾਂ ਮਾਂ ਆਂਹਦੀ, ‘ਜੇ ਬਾਹਰ ਅੰਦਰ ਖੇਡਦਾ ਆਪਣੇ ਸਿਰ ਵਿੱਚ ਅੱਗ-ਸੁਆਹ ਨਾ ਫੂਕਿਆ ਕਰੇਂ ਤਾਂ ਤੇਰਾ ਝਾਟਾ ਜਲਦੀ ਨਿੱਖਰ ਜਾਇਆ ਕਰੇ।’ ਅੱਖਾਂ ਬੰਦ ਕਰ ਕੇ ਵਿਲਕਦੇ ਨੂੰ ਝਟਕੇ ਮਾਰ-ਮਾਰ ਨਹਾਉਂਦੇ ਵਕਤ ਜਦੋਂ ਮਾਂ ਨੇ ਪੂਰੇ ਜ਼ੋਰ ਨਾਲ ਤਾਲੂਏ ਕੋਲ ਘਾਸਾ ਮਾਰਿਆ ਤਾਂ ਉਹ ਥੋੜ੍ਹਾ ਰੁਕ ਜਿਹਾ ਗਈ। ਫੇਰ ਪੋਲੇ-ਪੋਲੇ ਜਿਹੇ ਮੇਰੇ ਵਾਲ ਫਰੋਲ ਕੇ ਆਂਹਦੀ, ‘ਵੇ ਤੇਰੇ ਤਾਂ ਵਾਲ ਕੱਟੇ ਪਏ ਨੇ।’ ਕੋਲ ਪਈ ਬਾਲਟੀ ਵਿੱਚੋਂ ਪਾਣੀ ਦੀ ਗੜਵੀ ਮੇਰੇ ਸਿਰ ਵਿੱਚ ਪਲਟ ਕੇ ਮਾਂ ਨੇ ਖੱਟੀ ਲੱਸੀ ਦੀਆਂ ਛਿੱਦੀਆਂ ਪਾਸੇ ਕੀਤੀਆਂ ਤਾਂ ਜੋ ਸਾਰਾ ਦ੍ਰਿਸ਼ ਸਾਫ ਹੋ ਸਕੇ।
ਗੋਡਿਆਂ ਵਿਚਕਾਰ ਮੇਰਾ ਸਿਰ ਘੁੱਟ ਕੇ ਪੂਰੇ ਗਹੁ ਨਾਲ ਜਦੋਂ ਮਾਂ ਨੇ ਮੇਰਾ ਸਿਰ ਦੇਖਿਆ ਤਾਂ ਸਭ ਤੋਂ ਪਹਿਲਾਂ ਮਾਂ ਨੇ ਅਣਜਾਣ ਦੁਸ਼ਮਣ ਕਿਸੇ ਔਰਤ ਨੂੰ ਗਾਲ੍ਹ ਕੱਢੀ, ‘ਕਿਸ ਨਿਪੁੱਤੀ ਦਾ ਬੇੜਾ ਬਹਿ ਗਿਆ, ਜੀਹਨੇ ਮੇਰੇ ਸੁੱਖਾਂ ਲੱਧੇ ਪੁੱਤ ਦੇ ਵਾਲੇ ਕੱਟੇ ਨੇ। ਮੈਂ ਕਿਸੇ ਭਰਾਵਾਂ ਪਿੱਟੀ ਦਾ ਕੀ ਵਿਗਾੜਿਆ ਸੀ, ਜੀਹਨੇ ਮੇਰੇ ਪੁੱਤ ਦਾ ਮਾੜਾ ਤੱਕਿਆ।’ ਮੇਰੇ ਸਿਰ ਦੇ ਐਨ ਵਿਚਕਾਰੋਂ ਕਰ ਕੇ ਕੱਟੇ ਹੋਏ ਮੇਰੇ ਵਾਲ ਦੇਖ-ਦੇਖ ਮੇਰੀ ਮਾਂ ਨੂੰ ਮੇਰੇ ਨਾਲ ਐਨਾ ਮੋਹ ਜਾਗਿਆ ਕਿ ਉਸ ਨੇ ਗਲੀ-ਗੁਆਂਢ ਦੀ ਕੋਈ ਵੀ ਔਰਤ ਨਹੀਂ ਛੱਡੀ, ਜਿਸ ਦੀ ਪੁੱਛ-ਦੱਸ ਨਾ ਕੀਤੀ ਹੋਵੇ। ਨਹਾਉਣ ਵਾਲਾ ਕੰਮ ਅੱਗੇ ਪਾ ਕੇ ਜਦੋਂ ਮਾਂ ਨੇ ਖੱਦਰ ਦੇ ਤੌਲੀਏ ਨਾਲ ਮੇਰਾ ਸਿਰ ਪੂੰਝ ਕੇ ਫਿਰ ਪੂਰੇ ਗੌਰ ਨਾਲ ਤੱਕਿਆ ਤਾਂ ਸਥਿਤੀ ਹੋਰ ਸਪੱਸ਼ਟ ਹੋ ਗਈ।
ਫਿਕਰਾਂ ‘ਚ ਡੁੱਬਦੀ ਜਾ ਰਹੀ ਮਾਂ ਦੀ ਹਾਲਤ ਦੇਖ ਮੈਂ ਅਸਲੀ ਗੱਲ ਦੱਸਣ ਦੀ ਥਾਂ ਡਰ ਦਾ ਮਾਰਿਆ ਹੋਰ ਗੂੜ੍ਹੀ ਚੁੱਪ ‘ਚ ਡੁੱਬਦਾ ਜਾ ਰਿਹਾ ਸੀ। ਗੱਲ ਇਥੋਂ ਤੱਕ ਜਾ ਪੁੱਜੀ ਕਿ ਮੇਰੇ ਕੋਲ ਸਾਰੀ ਘਟਨਾ ਬਾਰੇ ਦੱਸ ਦੇਣ ਲਈ ਕੋਈ ਮੌਕਾ ਨਹੀਂ ਸੀ ਬਚਿਆ। ਭਾਵੇਂ ਤੀਸਰੀ ਜਮਾਤ ਵਿੱਚ ਪੜ੍ਹਦੇ ਹੋਣ ਕਾਰਨ ਮੇਰਾ ਬਾਲ ਮਨ ਸਾਰੀ ਗੱਲ ਤੋਂ ਜਾਣੂ ਨਹੀਂ ਸੀ, ਪਰ ਵਾਲ ਕੱਟੇ ਜਾਣ ਦੇ ਜੁਰਮ ਦੀ ਸਜ਼ਾ ਕਿਸੇ ਹੋਰ ਖਾਤੇ ਜਾ ਪੈਣ ਕਰ ਕੇ ਮੈਂ ਥੋੜ੍ਹਾ ਖੁਸ਼ ਸੀ ਕਿ ਚਲੋ ਔਲੀ ਟਲੀ। ਜਦੋਂ ਮਾਂ ਨੇ ਸਾਰਾ ਕੁਝ ਛੱਡ ਕੇ ਮੇਰੇ ਵਾਲ ਕੱਟ ਕੇ ਮੈਨੂੰ ਮਰਿਆ ਲੋਚਣ ਵਾਲੀ ਔਰਤ ਦੀ ਤਲਾਸ਼ ਹੋਰ ਤਿੱਖੀ ਕਰ ਦਿੱਤੀ ਤਾਂ ਮੇਰੇ ਅੰਦਰਲੇ ਮਾਂ ਦੇ ਪਿਆਰ ਨੇ ਅੰਗੜਾਈ ਲਈ। ਮੈਂ ਕਈ ਵਾਰ ਕੋਸ਼ਿਸ਼ ਕੀਤੀ ਕਿ ਸਭ ਕੁਝ ਸਾਫ-ਸਾਫ ਦੱਸ ਦਿਆਂ, ਪਰ ਹਿੰਮਤ ਦੀ ਘਾਟ ਕਰ ਕੇ ਸਭ ਆਪਣੇ ਆਪ ਹੀ ਰੱਦ ਹੋ ਜਾਂਦਾ।
ਗੱਲ ਜਦੋਂ ਕਿਸੇ ਵੀ ਤਣ-ਪੱਤਣ ਨਾਲ ਲੱਗੀ ਤਾਂ ਮਾਂ ਦਾ ਫਿਕਰ ਘੱਟ ਕਰਨ ਲਈ ਸਾਡੇ ਬਾਕੀ ਪਰਵਾਰਕ ਮੈਂਬਰਾਂ ਨੇ ਦਖਲ ਦਿੱਤਾ ਕਿ ‘ਹੁਣ ਜਾਣ ਵੀ ਦੇ, ਅੱਗੇ ਤੋਂ ਖਿਆਲ ਰੱਖਾਂਗੇ ਕਿ ਮੁੰਡੇ ਨਾਲ ਕੋਈ ਦੁਸ਼ਮਣ ਮਾੜਾ ਨਾ ਕਰੇ।’ ਜਦੋਂ ਮਾਂ ਦਾ ਗੁੱਸਾ ਥੋੜ੍ਹਾ ਢੈਲਾ ਹੋਇਆ ਤਾਂ ਮੇਰੀ ਹਿੰਮਤ ਨੇ ਸਿਰ ਚੁੱਕਿਆ। ਮੈਂ ਅਜੇ ਸਾਰਾ ਘਟਨਾਕ੍ਰਮ ਦੱਸਣ ਦੀ ਤਿਆਰੀ ਹੀ ਕਰ ਰਿਹਾ ਸੀ ਕਿ ਉਸੇ ਵੇਲੇ ਮੇਰੇ ਵਾਲ ਕੱਟੇ ਜਾਣ ਦਾ ਰਾਹ-ਦਸੇਰਾ ਮੇਰਾ ਤਾਇਆ ਆਣ ਧਮਕਿਆ। ਤਾਏ ਨੂੰ ਦੇਖ ਕੇ ਮੇਰੀ ਹਿੰਮਤ ਹੋਰ ਵਧ ਗਈ। ਤਾਏ ਨੇ ਅਜੇ ਘਟਨਾ ਦੀ ਗੱਲਬਾਤ ਸ਼ੁਰੂ ਕੀਤੀ ਹੀ ਸੀ ਕਿ ਮੈਂ ਅੱਧ ਵਿਚਕਾਰੋਂ ਬੋਲ ਪਿਆ ‘ਬਾਪੂ ਮੇਰੇ ਵਾਲ ਤਾਏ ਨੇ ਕਟਵਾਏ ਨੇ’। ਮੇਰੀ ਇਹ ਗੱਲ ਸੁਣ ਕੇ ਤਾਇਆ ਹੱਕਾ ਬੱਕਾ ਰਹਿ ਗਿਆ ਕਿ ਮੈਂ ਦਸ ਦਿਨਾਂ ਬਾਅਦ ਭੂਆ ਕੋਲ ਮਿਲਣ ਗਿਆ ਅੱਜ ਵਾਪਸ ਪਰਤਿਆ ਹਾਂ ਤੇ ਇਹਨੇ ਆਉਂਦਿਆਂ ਹੀ ਮੇਰੇ ਗਲ਼ ਵਾਲ ਕੱਟੇ ਜਾਣ ਵਾਲਾ ਹਾਰ ਲਟਕਾ ਦਿੱਤਾ ਹੈ। ਸਾਰੇ ਜਣੇ ਚੁੱਪ ਕਰ ਗਏ।
ਹਰ ਪਾਸੇ ਸ਼ਾਂਤੀ ਸੀ ਤੇ ਸਾਰੇ ਜਣੇ ਤਾਏ ਦੇ ਮੂੰਹ ਵੱਲ ਦੇਖ ਰਹੇ ਸਨ ਕਿ ਉਹ ਕੀ ਆਖਦਾ ਹੈ। ਤਾਏ ਨੇ ਗੱਲ ਸ਼ੁਰੂ ਕੀਤੀ, ‘ਸ਼ੇਰਾ, ਭਲਾ ਮੈਂ ਤੇਰੇ ਵਾਲ ਕਿਉਂ ਕਟਵਾਵਾਂਗਾ? ਨਾਲੇ ਪੁੱਤਰਾ, ਜਿਸ ਦਿਨ ਤੇਰੇ ਵਾਲ ਕੱਟੇ ਗਏ ਨੇ, ਮੈਂ ਇਥੇ ਹੈ ਹੀ ਨਹੀਂ ਸੀ।’ ਤਾਏ ਦੀ ਇਹ ਗੱਲ ਸੁਣ ਕੇ ਪਰਵਾਰਕ ਮੈਂਬਰਾਂ ਨੂੰ ਕੁਝ ਤਸੱਲੀ ਹੋਈ, ਪਰ ਮੈਂ ਮੁੜ ਦੁਹਰਾਇਆ, ‘ਨਹੀਂ ਤਾਇਆ, ਮੇਰੇ ਵਾਲ ਤੇਰੇ ਵਾਂਗ ਹੀ ਕੱਟੇ ਨੇ।’ ਇਹ ਉਤਰ ਸੁਣ ਕੇ ਮੇਰੇ ਚਾਚੇ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਪੁਚਕਾਰ ਕੇ ਪੁੱਛਿਆ, ‘ਪੁੱਤਰਾ ਤੇਰੇ ਵਾਲ ਤਾਏ ਵਾਂਗ ਕਿਵੇਂ ਕੱਟੇ ਗਏ?’ ਮੈਂ ਕਿਹਾ ਕਿ ਜਦੋਂ ਮੈਂ ਤੇ ਆਪਣੇ ਦੀਪ ਨੇ ਤਾਏ ਨੂੰ ਕੈਂਚੀ ਲੈ ਕੇ ਸਿਰ ਦੇ ਵਿਚਕਾਰੋਂ ਵਾਲ ਕੱਟਦੇ ਵੇਖਿਆ ਤਾਂ ਦੂਸਰੇ ਦਿਨ ਅਸੀਂ ਵੀ ਤਾਏ ਵਾਂਗ ਕੱਟ ਲਏ।
ਕੁਝ ਸਮੇਂ ਦੀ ਚੁੱਪ ਬਾਅਦ ਚਾਰੇ ਪਾਸੇ ਹਾਸਾ ਬਿਖਰ ਗਿਆ। ਮੇਰਾ ਚਾਚਾ ਆਂਹਦਾ, ‘ਲਓ ਬਈ ਮਿੱਤਰੋ, ਆਪਣੇ ਮੁੰਡੇ ਦੇ ਵਾਲ ਕੱਟਣ ਵਾਲੀ ਭੂਤਨੀ ਫੜੀ ਗਈ।’ ਤਾਏ ਨੇ ਸਾਰੇ ਜਣਿਆਂ ਅੱਗੇ ਬੱਚਿਆਂ ਸਾਹਮਣੇ ਅਜਿਹਾ ਕੰਮ ਕਰਨ ਤੋਂ ਤੌਬਾ ਕਰ ਲਈ। ਅਸਲ ਵਿੱਚ ਮੇਰੇ ਤਾਏ ਦੇ ਵਾਲ ਭਾਰੇ ਹੋਣ ਕਾਰਨ ਗਰਮੀ ਦੇ ਦਿਨਾਂ ਵਿੱਚ ਉਹ ਕੈਂਚੀ ਨਾਲ ਵਿਚਕਾਰੋਂ ਕਰ ਕੇ ਵਾਲ ਕੱਟ ਲੈਂਦਾ ਸੀ ਅਤੇ ਆਪਣਾ ਜੂੜਾ ਗੁੰਮਣ ਨਹੀਂ ਸੀ ਦਿੰਦਾ। ਇੱਕ ਦਿਨ ਅਸੀਂ ਬੱਚਿਆਂ ਨੇ ਵੀ ਤਾਏ ਨੂੰ ਵਾਲ ਕੱਟਦਿਆਂ ਦੇਖ ਲਿਆ। ਤਾਏ ਦੀ ਰੀਸੇ ਕੈਂਚੀ ਲੱਭ ਕੇ ਅਸੀਂ ਵੀ ਵਿਚਕਾਰੋਂ ਕਰ ਕੇ ਕੱਟਾ ਮੁੰਨ ਤਰੀਕੇ ਨਾਲ ਆਪਣੇ ਅੱਧ-ਪਚੱਧੇ ਵਾਲ ਕਟ ਲਏ। ਜੇ ਅਠੱਤੀ ਸਾਲ ਪਹਿਲਾਂ ਵਾਪਰੀ ਇਹ ਘਟਨਾ ਅੱਜ ਹੋਈ ਹੁੰਦੀ ਤਾਂ ਕਿਸੇ ਨੇ ਇਸ ਨੂੰ ਧਾਰਮਿਕ, ਕਿਸੇ ਨੇ ਪਰਾਈ ਵਾਅ ਤੇ ਕਿਸੇ ਨੇ ਦੁਸ਼ਮਣੀ ਲਈ ਕੀਤੇ ਟੂਣੇ-ਟਾਮਣ ਨਾਲ ਜੋੜ ਕੇ ਬਾਤ ਦਾ ਬਤੰਗੜ ਬਣਾ ਦੇਣਾ ਸੀ।
ਅੱਜ ਵਾਪਰਦੀਆਂ ਅਜਿਹੀਆਂ ਘਟਨਾਵਾਂ ਵੀ ਅਣਭੋਲ ‘ਚ ਕੀਤੀਆਂ ਗਲਤੀਆਂ, ਜਾਣ ਬੁੱਝ ਕੇ ਕੀਤੇ ਜਾਂਦੇ ਛਲ, ਚਤਰ ਚਲਾਕੀਆਂ ਤੇ ਜਨਤਾ ਦਾ ਧਿਆਨ ਭਟਕਾਊਣ ਦੀਆਂ ਕੋਝੀਆਂ ਜੁਗਤਾਂ ਨੇ, ਜਿਨ੍ਹਾਂ ਕਰ ਕੇ ਮੇਰੇ ਭਾਰਤ ਦੇ ਅਣਭੋਲ ਮਿਹਨਤੀ ਲੋਕਾਂ ਦਾ ਲੱਖਾਂ ਰੁਪਿਆਂ ਅਤੇ ਦਿਨ ਰਾਤ ਦਾ ਅਰਾਮ ਖੂਹ ਖਾਤੇ ਪੈ ਰਿਹਾ ਹੈ। ਮੈਨੂੰ ਉਨ੍ਹਾਂ ਕੌਤਿਕ ਪੈਗੰਬਰਾਂ ਦੀ ਉਡੀਕ ਹੈ, ਜੋ ਮਨੁੱਖੀ ਦਿਮਾਗਾਂ ਦੇ ਜਾਲੇ ਉਤਾਰ ਕੇ ਚਾਨਣੇ ਦਾ ਛਿੱਟਾ ਦੇਣਗੇ।