ਜਦੋਂ ਬੀਮਾ ਏਜੰਟ ਨਾਲ ਵਾਹ ਪਿਆ

-ਰਮੇਸ਼ ਕੁਮਾਰ ਸ਼ਰਮਾ
ਸਾਡੇ ਦੇਸ਼ ਵਿੱਚ ਵੈਸੇ ਤਾਂ ਉਲੂ ਬੜੇ ਘੱਟ ਪਾਏ ਜਾਂਦੇ ਹਨ, ਪਰ ਬਣਾਏ ਜ਼ਿਆਦਾ ਜਾਂਦੇ ਹਨ। ਸਾਡੀ ਜਨਤਾ ਬੜੀ ਭੋਲੀ-ਭਾਲੀ ਹੈ, ਜਲਦੀ ਹੀ ਝਾਂਸੇ ਵਿੱਚ ਆ ਜਾਂਦੀ ਹੈ। ਇੱਕ ਦੋ ਭੱਦਰ ਪੁਰਸ਼ ਅਜਿਹੇ ਹਨ, ਜਿਨ੍ਹਾਂ ਨਾਲ ਹਰ ਇਨਸਾਨ ਦਾ ਆਪਣੀ ਜ਼ਿੰਦਗੀ ਵਿੱਚ ਵਾਹ-ਵਾਸਤਾ ਪੈਂਦਾ ਹੈ। ਇੱਕ ਤਾਂ ਹੈ ਬੀਮਾ ਏਜੰਟ, ਦੂਜਾ ਪ੍ਰਾਪਰਟੀ ਡੀਲਰ। ਇਹ ਦੋ ਪਹਿਲੇ ਭੱਦਰ ਪੁਰਸ਼ ਹਨ, ਇਹ ਦੂਜੇ ਤੋਂ ਚਾਰ ਕਦਮ ਅੱਗੇ ਹੁੰਦੇ ਹਨ।
ਬੀਮਾ ਏਜੰਟ ਸ਼ਾਇਦ ਦੁਨੀਆ ਦਾ ਸਭ ਤੋਂ ਢੀਠ ਇਨਸਾਨ ਹੁੰਦਾ ਹੈ। ਯਮਰਾਜ ਦੇ ਆਉਣ ਦਾ ਵੀ ਸਮਾਂ ਸਥਾਨ ਨਿਸ਼ਚਤ ਹੁੰਦਾ ਹੈ, ਪ੍ਰੰਤੂ ਬੀਮਾ ਏਜੰਟ ਕਦੇ ਵੀ ਅਤੇ ਕਿਤੇ ਵੀ ਪ੍ਰਗਟ ਹੋ ਸਕਦਾ ਹੈ, ਤੁਹਾਡੇ ਦਫਤਰ, ਦੁਕਾਨ ਜਾਂ ਰਸਤੇ ਵਿੱਚ ਬਿੱਲੀ ਵਾਂਗ ਤੁਹਾਡਾ ਰਸਤਾ ਕੱਟ ਸਕਦਾ ਹੈ।
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਮੈਂ ਅਜੇ ਨੌਕਰੀ ਵਿੱਚ ਸੀ। ਇੱਕ ਬੀਮਾ ਏਜੰਟ ਮੇਰੇ ਪਿੱਛੇ ਪੈ ਗਿਆ। ਉਹ ਜਦੋਂ ਵੀ ਮੈਨੂੰ ਮਿਲਿਆ ਕਰੇ, ਬੱਸ ਇਹੀ ਰਟ ਲਾਉਂਦਾ, ‘‘ਸ਼ਰਮਾ ਜੀ! ਬੀਮਾ ਕਰਵਾ ਲਓ, ਜਿਸ ਤਰ੍ਹਾਂ ਦੀ ਮਾਰਾ-ਮਾਰੀ ਤੇ ਆਪਾ-ਧਾਪੀ ਵਾਲੀ ਇਨਸਾਨ ਦੀ ਜ਼ਿੰਦਗੀ ਚੱਲ ਰਹੀ ਹੈ, ਬੀਮਾ ਬਹੁਤ ਜ਼ਰੂਰੀ ਹੈ। ਬੰਦੇ ਦਾ ਪਲ ਦਾ ਵੀ ਭਰੋਸਾ ਨਹੀਂ ਕਿਸ ਚੀਜ਼ ਜਾਂ ਝਰੋਖੇ ਵਿੱਚੋਂ ਮੌਤ ਦਾ ਬੁਲਾਵਾ ਆ ਜਾਵੇ, ਕੋਈ ਪਤਾ ਨਹੀਂ ਚੱਲਦਾ।”
ਉਹ ਮੇਰੇ ਪਿੱਛੇ ਬੁਰੀ ਤਰ੍ਹਾਂ ਪੈ ਗਿਆ। ਮੈਂ ਵੀ ਉਸ ਨੂੰ ਕੋਈ ਸਿਰਾ ਨਾ ਫੜਾਇਆ। ਅਖੀਰ ਉਹ ਮੇਰੇ ਪਿਤਾ ਜੀ ਦੇ ਇੱਕ ਦੋਸਤ ਨੂੰ ਸਿਫਾਰਸ਼ ਲਈ ਫੜ ਲਿਆਇਆ। ਬਾਬੂ ਜੀ ਨੇ ਉਸ ਦੀ ਤਰਫਦਾਰੀ ਕਰਦੇ ਹੋਏ ਕਿਹਾ, ‘ਬੇਟਾ, ਇਹ ਇਸ ਧੰਦੇ ਦੇ ਪੁਰਾਣੇ ਖਿਡਾਰੀ ਹਨ ਅਤੇ ਆਪਣੇ ਜਾਣਕਾਰ ਵੀ ਹਨ।’
ਉਸ ਨੇ ਮੈਨੂੰ ਕਿਹਾ, ‘ਸ਼ਰਮਾ ਜੀ ਤੁਸੀਂ ਬੀਮੇ ਬਾਰੇ ਕੁਝ ਜਾਣਦੇ ਵੀ ਹੋ, ਇਸ ਦਾ ਮਤਲਬ ਵੀ ਪਤੈ?’
ਮੈਂ ਕਿਹਾ, ‘‘ਵੇਖੋ ਜੀ ਮੈਨੂੰ ਤਾਂ ਏਨਾ ਹੀ ਪਤੈ ਕਿ ਇਸ ਦਾ ਮਤਲਬ ਹੈ ਕਿ ‘ਜੀਉ ਗਰੀਬ ਅਤੇ ਮਰੇ ਅਮੀਰ।”
ਉਸ ਨੇ ਕੱਚੀ ਜਹੀ ਹਾਸੀ ਹੱਸਦੇ ਹੋਏ ਕਿਹਾ, ‘‘ਤੁਹਾਡਾ ਫੁਰਮਾਨ ਦਰੁਸਤ ਹੈ ਜ਼ਿਆਦਾ ਲੋਕ ਇਹੀ ਸਮਝਦੇ ਹਨ ਫਿਰ ਵੀ ਨੌਕਰੀ ਪੇਸ਼ਾ ਆਦਮੀ ਲਈ ਤਾਂ ਬੀਮਾ ਅਤਿ ਜ਼ਰੂਰੀ ਹੈ, ਟੈਕਸ ਵਿੱਚੋਂ ਰੀਬੇਟ, ਰਿਸਕ ਕਵਰ, ਐਕਸੀਡੈਂਟ ਅਤੇ ਮੁਆਵਜ਼ਾ ਅਤੇ ਹੋਰ ਕਈ ਫਾਇਦੇ ਹਨ। ਤੁਸੀਂ ਦਿਮਾਗ ਤੋਂ ਬੋਝ ਲਾਹੋ, ਜ਼ਿਆਦਾ ਸੋਚੋ ਨਾ, ਸਾਥੋਂ ਬੀਮਾ ਕਰਵਾਓ :
ਆਪ ਕਰਾਉ ਹਮ ਸੇ ਬੀਮਾ, ਛੋੜੋ ਸਭ ਅੰਦੇਸ਼ੋਂ ਕੋ,
ਇਸ ਖ਼ਿਦਮਤ ਮੇ ਸਭ ਸੇ ਬੜ੍ਹ ਕਰ, ਰੋਸ਼ਨ ਨਾਮ ਹਮਾਰਾ ਹੈ,
ਖਾਸੀ ਦੌਲਤ ਮਿਲ ਜਾਏਗੀ, ਆਪ ਕੇ ਬੀਵੀ ਬੱਚੋਂ ਕੋ,
ਆਪ ਤਸੱਲੀ ਸੇ ਮਰ ਜਾਏਂ, ਬਾਕੀ ਕਾਮ ਹਮਾਰਾ ਹੈ।
ਉਸ ਨੇ ਹੱਸਣ ਲਈ ਸ਼ੇਅਰ ਮਾਰਿਆ, ਪਰ ਮੈਂ ਹੱਸਿਆ ਨਹੀਂ। ਮੈਂ ਉਸ ਨੂੰ ਕਿਹਾ, ‘ਇਸ ਦਾ ਮਤਲਬ ਤੁਸੀਂ ਸਾਨੂੰ ਮਾਰਿਆ ਹੀ ਭਾਲਦੇ ਹੋ।’
‘ਨਹੀਂ-ਨਹੀਂ ਸ਼ਰਮਾ ਜੀ, ਮਰਨ ਤੁਹਾਡੇ ਦੁਸ਼ਮਣ।’
ਮੈਂ ਕਿਹਾ, ‘‘ਕ੍ਰਿਪਾ ਕਰ ਕੇ ਤੁਸੀਂ ਆਪਣੇ ਆਪ ਨੂੰ ਗਾਲ੍ਹਾਂ ਨਾ ਕੱਢੋ।”
ਉਹ ਕਾਫੀ ਦਿਨ ਮੇਰੇ ਪਿੱਛੇ ਲੱਗੇ ਰਹੇ, ਪਰ ਮੈਂ ਟਸ ਤੋਂ ਮਸ ਨਾ ਹੋਇਆ। ਇਨ੍ਹਾਂ ਲੋਕਾਂ ਵਿੱਚ ਸੰਗ-ਸ਼ਰਮ ਦਾ ਖਾਨਾ ਤਾਂ ਕੋਈ ਹੁੰਦਾ ਨਹੀਂ। ਕਈ ਵਾਰ ਇਹ ਬੜੇ ਗ਼ਜ਼ਬ ਢਾਉਂਦੇ ਨੇ, ਦੂਜਿਆਂ ਦੀਆਂ ਪਤਨੀਆਂ ਕੋਲ ਘੰਟਾ-ਘੰਟਾ ਬੈਠ ਕੇ ਉਨ੍ਹਾਂ ਦੇ ਪਤੀ ਮਰਨ ਦੇ ਫਾਇਦੇ ਸਮਝਾਉਂਦੇ ਨੇ।
ਇੱਕ ਦਿਨ ਮੈਂ ਦਫਤਰੋਂ ਘਰ ਪਹੁੰਚਿਆ, ਸਾਡੀ ਸਾਹਮਣੇ ਲਾਈਨ ਵਾਲੇ ਗੁਪਤਾ ਜੀ ਆਪਣੀ ਧਰਮ ਪਤਨੀ ਨਾਲ ਪਧਾਰੇ ਹੋਏ ਸਨ। ਗੁਪਤਾ ਜੀ ਦੀ ਪਤਨੀ ਨੇ ਨਮਸਤੇ ਕਰਨ ਪਿੱਛੋਂ ਕਿਹਾ, ‘‘ਤੁਹਾਡੀ ਮੈਡਮ ਨੂੰ ਤਾਂ ਮੈਂ ਬਹੁਤ ਦਫਾ ਮਿਲੀ ਹਾਂ, ਪਰ ਅੱਜ ਉਚੇਚੇ ਤੌਰ ‘ਤੇ ਮੈਂ ਤੁਹਾਨੂੰ ਮਿਲਣ ਆਈ ਹਾਂ। ਤੁਹਾਡੇ ਮੈਡਮ ਨੌਕਰੀ ਕਰਦੇ ਹਨ, ਪਰ ਸਾਰਾ ਦਿਨ ਖਾਲੀ ਬੈਠੀ ਬੋਰ ਹੁੰਦੀ ਰਹਿੰਦੀ ਹਾਂ, ਇਸ ਕਰ ਕੇ ਮੈਂ ਅੱਜਕੱਲ੍ਹ ਬੀਮ ਏਜੰਟ ਦੇ ਤੌਰ ‘ਤੇ ਕੰਮ ਕਰਨ ਲੱਗ ਪਈ ਹਾਂ। ਬੱਸ ਇਸੇ ਸਿਲਸਿਲੇ ਵਿੱਚ ਤੁਹਾਡੇ ਕੋਲ ਆਈ ਹਾਂ।”
ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕਿਸੇ ਨੇ ਸੌ ਘੜੇ ਠੰਢੇ ਪਾਣੀ ਦੇ ਪਾ ਦਿੱਤੇ ਹੋਣ। ਮੈਂ ਕਿਹਾ, ‘‘ਜੀ ਮੈਂ ਤਾਂ ਪਹਿਲਾਂ ਹੀ ਕਈ ਸਕੀਮਾਂ ਵਿੱਚ ਪੈਸਾ ਲਗਾਇਆ ਹੋਇਆ ਹੈ।”
ਉਸ ਨੇ ਮੇਰੀ ਗੱਲ ਅਣਸੁਣੀ ਕਰਦੇ ਕਿਹਾ, ‘ਭਾਈ ਸਾਹਿਬ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਕਿ ਬੀਮੇ ਦੀ ਰਕਮ ਸਿਰਫ ਮਰਨ ਉਪਰੰਤ ਮਿਲਦੀ ਹੈ। ਅੱਜਕੱਲ੍ਹ ਅਨੇਕਾਂ ਹੀ 5-10-12 ਸਾਲ ਦੀਆਂ ਛੋਟੀਆਂ-ਛੋਟੀਆਂ ਸਕੀਮਾਂ ਹਨ। ਥੋੜ੍ਹੇ ਸਮੇਂ ਵਿੱਚ ਥੋੜ੍ਹੀ ਰਕਮ ਲਗਾਉਣ ਤੇ ਚੌਖਾ ਲਾਭ ਮਿਲਦਾ ਹੈ।’
ਮੇਰੀ ਪਤਨੀ ਨੇ ਮੈਨੂੰ ਪਰੇ ਲਿਜਾ ਕੇ ਕਿਹਾ, ‘‘ਮਖਿਆ ਜੀ ਕਰਵਾ ਲਓ ਇਹ ਆਪਣੇ ਰੋਜ਼ ਮੂੰਹ ਮੱਥੇ ਲਗਦੇ ਹਨ, ਬੰਦੇ ਦੇ ਬੰਦਾ ਸੌ ਵਾਰ ਕੰਮ ਆਉਂਦੈ।”
ਉਸ ਨੇ ਕਿਹਾ, ‘ਮੈਂ ਆਪ ਜੀ ਦੀ ਛੇ ਹਜ਼ਾਰ ਦੀ ‘ਜੀਵਨ ਸੁਰਤੀ’ ਪਾਲਿਸੀ 12 ਸਾਲਾਂ ਲਈ ਕਰ ਦਿੰਦੀ ਹਾਂ। ਇਸ ਵਿੱਚ ਸਾਰੇ ਲਾਭ ਪ੍ਰਾਪਤ ਹਨ। ਮੈਂ ਇਸ ਵਿੱਚ ਤੁਹਾਨੂੰ ਪਹਿਲੀ ਕਿਸ਼ਤ ਤੇ ਤੀਹ ਫੀਸਦੀ ਰਿਬੇਟ ਵੀ ਦੇਵਾਂਗੀ, ਤੁਸੀਂ ਮੇਰੇ ਆਪਣੇ ਹੀ ਹੋ।”
ਮੈਂ ਹਾਮੀ ਭਰ ਦਿੱਤੀ, ਬੀਮੇ ਲਈ। ਅਜੇ ਮੈਂ ਇਸ ਸਕੀਮ ਦੀਆਂ ਦੋ ਕਿਸ਼ਤਾਂ ਹੀ ਭਰੀਆਂ ਸਨ ਕਿ ਇੱਕ ਦਿਨ ਉਹ ਫਿਰ ਆ ਗਈ। ਉਸ ਨੇ ਕਿਹਾ, ‘ਭਾਈ ਸਾਹਿਬ ਮੈਂ ਜਿਹੜੀ ਪਾਲਿਸੀ ਤੁਹਾਡੀ ਕੀਤੀ ਹੈ ਉਸ ਨਾਲ ਸੰਬੰਧਤ ਇੱਕ ਲਾਭ ਦੀ ਸਕੀਮ ਆਈ ਹੈ। ਇਹ 12-18 ਸਾਲ ਦੀ ਉਮਰ ਦੇ ਬੱਚਿਆਂ ਦਾ ਧਿਆਨ ਰੱਖ ਕੇ ਸਕੀਮ ਖੋਲ੍ਹੀ ਹੈ। ਅੱਜਕੱਲ੍ਹ ਆਪਾਂ ਵੇਖਦੇ ਹਾਂ ਸੜਕ ਤੇ ਰੋਜ਼ ਮੌਤ ਦਾ ਤਾਂਡਵ ਹੁੰਦਾ ਹੈ। ਉਂਝ ਤਾਂ ਪ੍ਰਮਾਤਮਾ ਕਿਸੇ ਦੇ ਬੱਚੇ ਨੂੰ ਕੁਝ ਨਾ ਕਰੇ, ਫਿਰ ਵੀ ਖੁਦਾ ਨਾ ਖਾਸਤਾ ਕਿਸੇ ਬੱਚੇ ਨਾਲ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਕੰਪਨੀ 10 ਲੱਖ ਮੁਆਵਜ਼ਾ ਦੇਵੇਗੀ। ਇਸ ਪਾਲਿਸੀ ਦੀ ਦੋ ਹਜ਼ਾਰ ਰੁਪਏ ਸਾਲਾਨਾ ਕਿਸ਼ਤ ਹੈ। ਦੋਵੇਂ ਪਾਲਿਸੀਆਂ ਦੀ ਦੋ ਹਜ਼ਾਰ ਰੁਪਏ ਸਾਲਾਨਾ ਕਿਸ਼ਤ ਹੈ। ਦੋਵੇਂ ਪਾਲਿਸੀਆਂ ਇਕੱਠੀਆਂ ਖਤਮ ਹੋਣਗੀਆਂ।”
ਮੇਰਾ ਮਨ ਤਾਂ ਬਿਲਕੁਲ ਗਵਾਹੀ ਨਹੀਂ ਦੇ ਰਿਹਾ ਸੀ। ਇਹ ਲੋਕ ਬਹੁਤ ਕੁਝ ਸਪੱਸ਼ਟ ਨਹੀਂ ਦਸਦੇ, ਇਨ੍ਹਾਂ ਤੇ ਇਤਬਾਰ ਨਹੀਂ ਕਰਨਾ ਚਾਹੀਦਾ। ਪਹਿਲਾਂ ਸੌ ਸਬਜਬਾਗ ਵਿਖਾਉਂਦੇ ਹਨ, ਜਦੋਂ ਕਿ ਹਕੀਕਤ ਕੋਹਾਂ ਦੂਰ ਹੁੰਦੀ ਹੈ। ਜਦੋਂ ਬੱਚੇ ਵਾਲੀ ਪਾਲਿਸੀ ਮੈਚਿਓਰ ਹੋਈ ਤਾਂ ਮੈਨੂੰ ਮੇਰੀ ਜਮ੍ਹਾ ਕਰਾਈ ਵੀ ਰਕਮ ਨਾ ਦਿੱਤੀ। ਉਸ ਨੇ ਕਿਹਾ, ‘‘ਜੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ 10 ਲੱਖ ਤਾਂ ਕੰਪਨੀ ਨੇ ਹੀ ਦੇਣਾ ਸੀ, ਇਸ ਸਕੀਮ ਵਿੱਚ ਕੰਪਨੀ ਨੂੰ ਵੀ ਫਾਇਦਾ ਹੁੰਦਾ ਹੈ।”