ਜਦੋਂ ਗੁਲਾਮ ਅਲੀ ਨੇ ਵਿਚਲੀ ਗੱਲ ਦੱਸੀ

-ਬੂਟਾ ਸਿੰਘ ਚੌਹਾਨ
ਪਿਛਲੀ ਸਦੀ ਦੇ ਦਸਵੇਂ ਦਹਾਕੇ ਦੇ ਅੰਤ ਦੀ ਗੱਲ ਹੈ। ਪਾਕਿਸਤਾਨ ਦੇ ਪ੍ਰਸਿੱਧ ਗਾਇਕ ਗੁਲਾਮ ਅਲੀ ਬਰਨਾਲੇ ਆਏ ਸਨ। ਉਨ੍ਹਾਂ ਵੱਲੋਂ ਸੁਣਾਏ ਗਏ ਗਜ਼ਲਾਂ ਅਤੇ ਗੀਤਾਂ ਨੂੰ ਸੁਣ ਕੇ ਸਹੋਤੇ ਅਸ਼-ਅਸ਼ ਕਰ ਉਠੇ ਸਨ। ਪ੍ਰੋਗਰਾਮ ਖਤਮ ਹੋਇਆ ਤਾਂ ਪਤਾ ਹੀ ਨਾ ਲੱਗਾ ਕਿ ਢਾਈ ਘੰਟੇ ਕਦੋਂ ਬੀਤ ਗਏ। ਸਰੋਤੇ ਅਜੇ ਵੀ ਉਨ੍ਹਾਂ ਨੂੰ ਹੋਰ ਸੁਣਨਾ ਚਾਹੁੰਦੇ ਸਨ, ਪਰ ਬੇੜੀ ਪੱਤਣ ਤੋਂ ਦੂਰ ਜਾ ਚੁੱਕੀ ਸੀ, ਜਿਹੜੀ ਮੋੜ ਕੇ ਨਹੀਂ ਸੀ ਲਿਆਂਦੀ ਜਾ ਸਕਦੀ।
ਉਨ੍ਹਾਂ ਨੂੰ ਬਰਨਾਲਾ ਦੇ ਲਾਇਨਜ਼ ਕਲੱਬ ਨੇ ਸੱਦਿਆ ਸੀ। ਮੇਰੇ ਪਿੰਡ ਤਾਜੋਕੇ ਦੇ ਪਿਛੋਕੜ ਵਾਲਾ ਪ੍ਰੋਫੈਸਰ ਰਾਕੇਸ਼ ਜਿੰਦਲ ਕਲੱਬ ਦੇ ਮੁੱਖ ਅਹੁਦੇਦਾਰਾਂ ‘ਚੋਂ ਸੀ। ਉਸ ਨੂੰ ਪਤਾ ਲੱਗਾ ਸੀ ਕਿ ਗੁਲਾਮ ਅਲੀ ਦਿੱਲੀ ਆ ਰਹੇ ਹਨ। ਉਹ ਕਲੱਬ ਦੇ ਪ੍ਰਧਾਨ ਨੂੰ ਨਾਲ ਲਿਜਾ ਕੇ ਗੁਲਾਮ ਅਲੀ ਹੋਰਾਂ ਨੂੰ ਬਰਨਾਲੇ ਆਉਣ ਲਈ ਸੱਦਾ ਪੱਕਾ ਕਰ ਆਇਆ ਸੀ। ਉਨ੍ਹਾਂ ਨੂੰ ਇੱਕ ਲੱਖ ਰੁਪਏ ਦਿੱਤੇ ਗਏ, ਜੋ ਉਨ੍ਹੀਂ ਦਿਨੀਂ ਬੜੀ ਵੱਡੀ ਰਕਮ ਮੰਨੀ ਜਾਂਦੀ ਸੀ। ਕਲੱਬ ਮੈਂਬਰ ਸੋਚਦੇ ਸਨ ਕਿ ਏਨੀ ਰਾਸ਼ੀ ਕਿੱਥੋਂ ਆਵੇਗੀ, ਪਰ ਕਲੱਬ ਨੇ ਪ੍ਰਸ਼ਾਸਨ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰ ਲਿਆ। ਗੁਲਾਮ ਅਲੀ ਦਾ ਨਾਂਅ ਵੱਡਾ ਸੀ। ਇਸ ਲਈ ਪ੍ਰਸ਼ਾਸਨ ਚੁੰਬਕ ਵਾਂਗ ਖਿੱਚਿਆ ਗਿਆ। ਪ੍ਰਸ਼ਾਸਨ ਦੀ ਛਤਰ ਛਾਇਆ ਹੋਈ ਤਾਂ ਕਲੱਬ ਵਾਲਿਆਂ ਦੀ ਚਿੰਤਾ ਲੱਥ ਗਈ। ਅਗਲੀ ਕਤਾਰ ਦੇ ਸਰੋਤਿਆਂ ਲਈ ਪੰਜ ਸੌ ਰੁਪਏ ਅਤੇ ਪਿੱਛੇ ਬੈਠਣ ਵਾਲਿਆਂ ਲਈ 200 ਰੁਪਏ ਦੀ ਟਿਕਟ ਰੱਖ ਦਿੱਤੀ। ਪ੍ਰਸ਼ਾਸਨ ਨੇ ਕਮਾਊ ਵਿਭਾਗਾਂ ਨੂੰ ਕਾਫੀ ਟਿਕਟਾਂ ਮੜ੍ਹ ਦਿੱਤੀਆਂ ਤੇ ਕਲੱਬ ਨੇ ਆਪਣਾ ਰਸੂਖ ਵਰਤਿਆ। ਸਮਝਦਾਰ ਸਰੋਤਿਆਂ ਨੇ ਆਪ ਪਹੁੰਚ ਕਰ ਕੇ ਟਿਕਟਾਂ ਲਈਆਂ। ਉਨ੍ਹਾਂ ਲਈ ਇਸ ਸ਼ਹਿਰ ‘ਚ ਗੁਲਾਮ ਅਲੀ ਦਾ ਆਉਣਾ ਬਹੁਤ ਵੱਡੀ ਗੱਲ ਸੀ। ਅੰਤਲੇ ਦਿਨਾਂ ਵਿੱਚ ਕਲੱਬ ਵਾਲਿਆਂ ਨੂੰ ਗੁਲਾਮ ਅਲੀ ਨੂੰ ਦਿੱਤੇ ਜਾਣ ਵਾਲੇ ਲੱਖ ਰੁਪਏ ਆਉਣ ਦੀ ਆਸ ਬੱਝ ਗਈ ਸੀ।
ਉਸ ਸ਼ਾਮ ਕੁੱਲ ਮਿਲਾ ਕੇ ਕਰੀਬ ਸੱਤ ਸੌ ਸਰੋਤੇ ਆਏ। ਅਫਸਰ ਤੇ ਉਨ੍ਹਾਂ ਦੇ ਪਰਵਾਰ ਅੱਗੇ ਬੈਠੇ ਸਨ ਅਤੇ ਪੈਸੇ ਖਰਚਣ ਵਾਲੇ ਉਨ੍ਹਾਂ ਤੋਂ ਪਿਛਲੀਆਂ ਕਤਾਰਾਂ ਵਿੱਚ। ਇੱਕ ਪਾਸੇ ਪੱਤਰਕਾਰ ਸਨ। ਗੁਲਮ ਅਲੀ ਦੀ ਪੇਸ਼ਕਾਰੀ ਤੋਂ ਪਹਿਲਾਂ ਕੁਝ ਰਸਮਾਂ ਨਿਭਾਈਆਂ ਗਈਆਂ, ਜਿਹੜੀਆਂ ਬੇਲੋੜੀਆਂ ਜਾਪਦੀਆਂ ਸਨ ਤੇ ਲੋੜੀਂਦੀਆਂ ਵੀ। ਇਹ ਰਸਮਾਂ ਪੈਸਾ ਪ੍ਰਾਪਤੀ ਦਾ ਆਧਾਰ ਸਨ। ਕਾਫੀ ਸਮਾਂ ਮਹਿਮਾਨਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਜਾਂਦੇ ਰਹੇ। ਪੈਸੇ ਖਰਚ ਕੇ ਸੁਣਨ ਆਏ ਸਰੋਤੇ ਅੰਦਰੋਂ-ਅੰਦਰੀ ਔਖੇ ਹੋ ਰਹੇ ਸਨ। ਉਹ ਭਾਵੇਂ ਮੂੰਹੋਂ ਕੁਝ ਕਹਿ ਨਹੀਂ ਸਨ ਰਹੇ, ਪਰ ਉਨ੍ਹਾਂ ਦੀ ਘੁਸਰ ਮੁਸਰ ਤੋਂ ਲੱਗਦਾ ਸੀ ਕਿ ਖਿੱਝ ਰਹੇ ਸਨ। ਸ਼ਾਇਦ ਇਹ ਗੱਲ ਮੰਚ ਵਾਲਿਆਂ ਨੇ ਭਾਂਪ ਲਈ ਅਤੇ ਸਮੇਂ ਦੀ ਡੋਰ ਗੁਲਾਮ ਅਲੀ ਦੇ ਹੱਥ ਫੜਾ ਕੇ ਕਾਹਲੀ ਨਾਲ ਮੰਚ ਖਾਲੀ ਕਰ ਦਿੱਤਾ। ਮੰਚ ਖਾਲੀ ਹੋਇਆ ਤਾਂ ਉਨ੍ਹਾਂ ਨੇ ਸੁਰ ਛੋਹੇ। ਸਾਜ਼ ਵੱਜਣ ਲੱਗੇ। ਆਲਾ-ਦੁਆਲਾ ਖਾਮੋਸ਼ ਹੋਣ ਲੱਗਿਆ। ਪਲਾਂ ‘ਚ ਪਤਾ ਨਹੀਂ ਇੰਨੀ ਸ਼ਾਂਤੀ ਕਿੱਥੋਂ ਆ ਗਈ।
ਗੁਲਾਮ ਅਲੀ ਨੇ ਪਹਿਲਾਂ ਆਪਣੀਆਂ ਕੁਝ ਗਜ਼ਲਾਂ ਪੇਸ਼ ਕੀਤੀਆਂ। ਜਦੋਂ ਉਨ੍ਹਾਂ ਨੇ ਮੌਲਾਨਾ ਹਸਰਤ ਮੁਹਾਨੀ ਦੀ ਲਿਖੀ ਮਸ਼ਹੂਰ ਗਜ਼ਲ ‘ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ’ ਸ਼ੁਰੂ ਕੀਤੀ ਤਾਂ ਪੰਡਾਲ ਤਾੜੀਆਂ ਨਾਲ ਗੂੰਜ ਉਠਿਆ। ਆਵਾਜ਼ ਦੇ ਜਾਦੂ ਨਾਲ ਸਰੋਤੇ ਝੂਮਣ ਲੱਗੇ। ਪੰਡਾਲ ਵਿੱਚ ਫਿਰ ਹੌਲੀ ਹੌਲੀ ਸ਼ਾਂਤੀ ਪਸਰਨ ਲੱਗੀ। ਇਸ ਪਿੱਛੋਂ ਉਨ੍ਹਾਂ ਨੇ ਆਪਣੇ ਆਪ ਹੀ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਛੋਹ ਲਿਆ, ‘ਕੀ ਪੁੱਛਦੇ ਓ ਹਾਲ ਫਕੀਰਾਂ ਦਾ’। ਇਸ ਗੀਤ ਨਾਲ ਅਜਿਹਾ ਮਾਹੌਲ ਸਿਰਜਿਆ ਗਿਆ ਕਿ ਹਰ ਵਿਅਕਤੀ ਦੇ ਚਿਹਰੇ ‘ਤੇ ਬੇਵਸੀ ਉਭਰ ਆਈ। ਜਿਉਂ ਜਿਉਂ ਗੀਤ ਅੰਤ ਵੱਲ ਵਧ ਰਿਹਾ ਸੀ, ਹਰ ਸਰੋਤਾ ਆਪਣੇ ਅੰਦਰ ਡੁੱਬ ਰਿਹਾ ਸੀ। ਸਭ ਨੂੰ ਗੀਤ ਆਪ-ਬੀਤੀ ਲੱਗ ਰਿਹਾ ਸੀ।
ਗੁਲਾਮ ਅਲੀ ਦਾ ਪ੍ਰੋਗਰਾਮ ਜਾਰੀ ਸੀ। ਸਰੋਤਿਆਂ ਦੇ ਮਨਾਂ ‘ਚ ਫਰਮਾਇਸ਼ਾਂ ਅੰਗੜਾਈ ਲੈਣ ਲੱਗੀਆਂ। ਕਿਸੇ ਇੱਕ ਸਰੋਤੇ ਨੇ ਉਨ੍ਹਾਂ ਅੱਗੇ ਫਰਮਾਇਸ਼ ਵਾਲੀ ਪਰਚੀ ਜਾ ਰੱਖੀ। ਫੇਰ ਕੀ ਸੀ। ਪਰਚੀ ਦਰ ਪਰਚੀ ਦਾ ਦੌਰ ਸ਼ੁਰੂ ਹੋ ਗਿਆ। ਹਰ ਕੋਈ ਜਾਂਦਾ ਅਤੇ ਪਰਚੀ ਗੁਲਾਮ ਅਲੀ ਦੇ ਹਾਰਮੋਨੀਅਮ ਦੇ ਖੱਬੇ ਪਾਸੇ ਰੱਖ ਦਿੰਦਾ। ਉਹ ਜਿਉਂ ਜਿਉਂ ਗੀਤ ਗਾ ਰਹੇ ਸਨ, ਫਰਮਾਇਸ਼ਾਂ ਵਾਲੀਆਂ ਪਰਚੀਆਂ ਨਿੱਕੀ ਜਿਹੀ ਢੇਰੀ ਬਣ ਗਈਆਂ। ਫਰਮਾਇਸ਼ ਕਰਤਿਆਂ ਵਿੱਚ ਲਾਇਨਜ਼ ਕਲੱਬ ਦੇ ਮੈਂਬਰ ਵੀ ਸਨ ਅਤੇ ਅਫਸਰ ਵੀ। ਉਹ ਨਿਰੰਤਰ ਗਾ ਰਹੇ ਸਨ। ਚੱਲਦੇ ਗੀਤ ਦੀ ਸੰਘੀ ਘੁੱਟ ਕੇ ਫਰਮਾਇਸ਼ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਸੀ। ਪ੍ਰਸ਼ਾਸਨ ਦੀ ਹਾਜ਼ਰੀ ਨੂੰ ਹਰ ਕੋਈ ਸਿਰ ‘ਤੇ ਲਟਕਦੀ ਤਲਵਾਰ ਸਮਝ ਰਿਹਾ ਸੀ।
ਪ੍ਰੋਗਰਾਮ ਦੌਰਾਨ ਸੰਖੇਪ ਜਿਹਾ ਸਨਮਾਨ ਸਮਾਰੋਹ ਵੀ ਹੋਇਆ ਤੇ ਪ੍ਰੋਗਰਾਮ ਦੀ ਕੰਨੀ ਫੇਰ ਗੁਲਾਮ ਅਲੀ ਦੇ ਹੱਥ ਆ ਗਈ। ਇਸੇ ਤਰ੍ਹਾਂ ਉਨ੍ਹਾਂ ਦੇ ਗੀਤ ਅਤੇ ਗਜ਼ਲਾਂ ਦਾ ਪ੍ਰਵਾਹ ਚਲਦਾ ਰਿਹਾ। ਅੰਤ ਉਨ੍ਹਾਂ ਨੇ ਹਾਰਮੋਨੀਅਮ ਬੰਦ ਕਰ ਕੇ ਫਰਮਾਇਸ਼ਾਂ ਵਾਲੀ ਨਿੱਕੀ ਜਿਹੀ ਢੇਰੀ ਵੱਲ ਵੇਖ ਕੇ ਹੱਸ ਕੇ ਕਿਹਾ, ‘ਯੇ ਫਰਮਾਇਸ਼ੇ ਬਹੁਤ ਜ਼ਿਆਦਾ ਹੈ। ਇਸ ਕੇ ਲੀਏ ਆਪ ਕੋ ਮੁਝੇ ਏਕ ਬਾਰ ਫਿਰ ਬੁਲਾਨਾ ਪੜੇਗਾ।’ ਇਹ ਸੁਣ ਕੇ ਲੋਕ ਉਦਾਸ ਹੋ ਗਏ ਜਿਵੇਂ ਗਰਮੀ ‘ਚ ਪੈਂਦੀਆਂ ਠੰਢੀਆਂ ਫੁਹਾਰਾਂ ਇਕਦਮ ਰੁਕ ਗਈਆਂ ਹੋਣ। ਗੁਲਾਮ ਅਲੀ ਗਾਉਂਦੇ ਰਹਿੰਦੇ ਤਾਂ ਲੋਕਾਂ ਨੇ ਉਠਣ ਦਾ ਨਾਂਅ ਨਹੀਂ ਸੀ ਲੈਣਾ।
ਪ੍ਰੋਗਰਾਮ ਖਤਮ ਹੋਇਆ ਤਾਂ ਲੋਕਾਂ ਨੇ ਉਨ੍ਹਾਂ ਨੂੰ ਦੁਆਲੇ ਇਕਦਮ ਘੇਰਾ ਪਾ ਲਿਆ। ਮੋਬਾਈਲ ਉਨ੍ਹਾਂ ਦਿਨਾਂ ਵਿੱਚ ਕਿਸੇ ਕਿਸੇ ਕੋਲ ਹੁੰਦਾ ਸੀ, ਜਿਸ ਉੱਤੇ ਸਿਰਫ ਗੱਲਬਾਤ ਹੀ ਕੀਤੀ ਜਾ ਸਕਦੀ ਸੀ। ਲੋਕ ਲਾਇਨਜ਼ ਕਲੱਬ ਵੱਲੋਂ ਬੁਲਾਏ ਗਏ ਫੋੋਟੋਗਰਾਫਰ ਨੂੰ ਇਸ਼ਾਰੇ ਕਰ ਕੇ ਤਸਵੀਰਾਂ ਖਿਚਵਾ ਰਹੇ ਸਨ। ਇਹ ਸਿਲਸਿਲਾ ਦਸ-ਪੰਦਰਾਂ ਮਿੰਟ ਚਲਦਾ ਰਿਹਾ। ਕੁਝ ਲੋਕ ਉਨ੍ਹਾਂ ਨਾਲ ਆਪਣੀ ਫਰਮਾਇਸ਼ ਪੂਰੀ ਨਾ ਕਰਨ ਦਾ ਗਿਲਾ ਕਰ ਰਹੇ ਸਨ, ਪਰ ਗੁਲਾਮ ਅਲੀ ਮੂੰਹੋਂ ਨਹੀਂ ਸਨ ਬੋਲ ਰਹੇ, ਸੁਣ ਕੇ ਸਿਰਫ ਹੱਸ ਰਹੇ ਸਨ।
ਇਸ ਪਿੱਛੋਂ ਰੈਸਟ ਹਾਊਸ ‘ਚ ਖਾਣੇ ਦਾ ਪ੍ਰੋਗਰਾਮ ਸੀ। ਅਫਸਰ ਤੇ ਪੱਤਰਕਾਰ ਓਥੇ ਸਨ। ਗੱਲਾਂਬਾਤਾਂ ਕਰਦਿਆਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ ਸਰੋਤਿਆਂ ਨੇ ਬਹੁਤ ਸਾਰੀਆਂ ਫਰਮਾਇਸ਼ਾਂ ਕੀਤੀਆਂ ਸਨ, ਤੁਸੀਂ ਕਿਸੇ ਵੀ ਸਰੋਤੇ ਦੀ ਫਰਮਾਇਸ਼ ਪੂਰੀ ਨਹੀਂ ਕੀਤੀ। ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗੇ ਤੇ ਕਹਿਣ ਲੱਗੇ, ‘‘ਮੈਂ ਮਜਬੂਰ ਥਾ! ਕਿਆ ਕਰਤਾ? ਸਾਰੀ ਫਰਮਾਇਸ਼ੇਂ ਹਿੰਦੀ, ਪੰਜਾਬੀ ਔਰ ਅੰਗਰੇਜ਼ੀ ਮੇਂ ਥੀ। ਮੁਝੇ ਸਿਰਫ ਉਰਦੂ ਜ਼ੁਬਾਨ ਆਤੀ ਹੈ। ਅਬ ਆਪ ਬਤਾਓ? ਮੈਂ ਕਰਤਾ ਤੋ ਕਿਆ ਕਰਤਾ।” ਉਨ੍ਹਾਂ ਦੀ ਗੱਲ ਸੁਣ ਕੇ ਮੈਂ ਨਿਰਉਤਰ ਹੋ ਗਿਆ। ਕਹਿਣ ਲਈ ਕੁਝ ਰਿਹਾ ਹੀ ਨਹੀਂ ਸੀ ਕਿਉਂਕਿ ਇਹ ਦੁਖਾਂਤ ਦੇਸ਼ ਦੀ ਵੰਡ ਨਾਲ ਜੁੜਿਆ ਹੋਇਆ ਸੀ।