ਜਗਮੀਤ ਸਿੰਘ ਬਰਾੜ ਦੀ ਕਾਂਗਰਸ ਵਿੱਚ ਵਾਪਸੀ ਹੋਣ ਲੱਗੀ!


ਚੰਡੀਗੜ੍ਹ, 15 ਅਪ੍ਰੈਲ (ਪੋਸਟ ਬਿਊਰੋ)- ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਸਿਆਸੀ ਜੀਵਨ ਸ਼ੁਰੂ ਕਰਨ ਵਾਲੇ ਜਗਮੀਤ ਸਿੰਘ ਬਰਾੜ ਦੀ ਕਾਂਗਰਸ ‘ਚ ਘਰ ਵਾਪਸੀ ਕਿਸੇ ਵੀ ਸਮੇਂ ਸੰਭਵ ਹੈ। ਉਹ ਕਾਂਗਰਸ ਟਿਕਟ ‘ਤੇ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਤੇ ਕਈ ਸਾਲ ਪਹਿਲਾਂ ਕਾਂਗਰਸ ਵਿਰੁੱਧ ਬਿਆਨਬਾਜ਼ੀ ਕਰਨ ਦੇ ਦੋਸ਼ ‘ਚ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਸੀ, ਜਿਸ ਪਿੱਛੋਂ ਉਨ੍ਹਾਂ ਦੇ ਸਿਆਸੀ ਮੈਦਾਨ ਵਿੱਚ ਕਿਤੇ ਵੀ ਪੈਰ ਨਹੀਂ ਟਿਕ ਸਕੇ।
ਤਾਜ਼ਾ ਜਾਣਕਾਰੀ ਇਹ ਮਿਲੀ ਹੈ ਕਿ ਉਹ ਕਈ ਮਹੀਨਿਆਂ ਤੋਂ ਆਪਣੇ ਸਿਆਸੀ ਮਿੱਤਰਾਂ, ਸ਼ੁਭਚਿੰਕਾ ਤੇ ਕਾਂਗਰਸ ਵਿਚਲੇ ਪੁਰਾਣੇ ਦੋਸਤਾਂ ਨਾਲ ਸਲਾਹ ਕਰਨ ਪਿੱਛੋਂ ਇਸ ਨਤੀਜੇ ‘ਤੇ ਪਹੁੰਚੇ ਲੱਗਦੇ ਹਨ ਕਿ ਕਾਂਗਰਸ ਵੱਲ ਨੂੰ ਘਰ ਵਾਪਸੀ ਕਰ ਲਈ ਜਾਏ। ਜਾਣਕਾਰ ਸੂਤਰਾਂ ਦੇ ਮੁਤਾਬਕ ਜਗਮੀਤ ਸਿੰਘ ਬਰਾੜ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਨਮਾਨ ਭਰੇ ਤਰੀਕੇ ਰਾਹੀਂ ਸਮਝੌਤਾ ਕਰ ਲੈਣ। ਸ਼ਾਇਦ ਉਹ ਇਸ ਦੌਰਾਨ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੱਕ ਵੀ ਪਹੁੰਚ ਕਰਨ, ਜੋ ਇਨ੍ਹਾਂ ਦਿਨਾਂ ਵਿੱਚ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਰੁੱਝੇ ਹੋਏ ਹਨ। ਪਤਾ ਲੱਗਾ ਹੈ ਕਿ ਜਗਮੀਤ ਸਿੰਘ ਬਰਾੜ ਦੀ ਇਹ ਇੱਛਾ ਹੈ ਕਿ ਜੇ ਉਨ੍ਹਾਂ ਨੂੰ ਕਾਂਗਰਸ ਵਿੱਚ ਦੋਬਾਰਾ ਸ਼ਾਮਲ ਕਰ ਲਿਆ ਜਾਏ ਤਾਂ ਉਹ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਬਠਿੰਡਾ ਜਾਂ ਫਿਰੋਜ਼ਪੁਰ ਤੋਂ ਪਾਰਟੀ ਟਿਕਟ ਉੱਤੇ ਚੋਣ ਲੜਨਗੇ ਅਤੇ ਜੇ ਏਦਾਂ ਹੋ ਜਾਵੇ ਤਾਂ ਅਕਾਲੀ ਦਲ ਲਈ ਕਾਫੀ ਔਖੀ ਸਥਿਤੀ ਹੋ ਸਕਦੀ ਹੈ।