ਜਗਮੀਤ ਸਿੰਘ ਫੈਸ਼ਨਦਾਰ ‘ਐਮ ਪੀ ਪੀ’ ਦੀ ‘ਐਨ ਡੀ ਪੀ’ ਨੇਤਾ ਬਣਨ ਦੀ ਆਸ

zzzzzzzz-300x1111ਬਰੈਮਲੀ ਗੋਰ ਮਾਲਟਨ ਤੋਂ ਐਨ ਡੀ ਪੀ ਦਾ ਇੱਕਲੌਤੇ ਸਿੱਖ ‘ਐਮ ਪੀ ਪੀ’ 38 ਸਾਲਾ ਜਗਮੀਤ ਸਿੰਘ ਅੱਜ ਕੱਲ ਕਾਫ਼ੀ ਚਰਚਾ ਵਿੱਚ ਹੈ। ਪਹਿਲਾ ਕਾਰਣ ਹੈ ਜੋ GQ ਰਿਸਾਲਾ ਆਮ ਕਰਕੇ ਮਾਡਲਾਂ ਅਤੇ ਫਿਲਮੀ ਸਿਤਾਰਿਆਂ ਦੇ ਫੈਸ਼ਨ ਜਗਤ ਦੁਆਲੇ ਘੁੰਮਦਾ ਹੈ, ਉਸਨੇ ਪਿਛਲੇ ਦਿਨੀਂ ਜਗਮੀਤ ਸਿੰਘ ਨੂੰ ਆਪਣੇ ਮੁੱਖ ਪੰਨੇ ਉੱਤੇ ਥਾਂ ਦਿੱਤੀ। ਜਗਮੀਤ ਸਿੰਘ ਬਾਰੇ ਇਹ ਚਰਚਾ ਜ਼ੋਰਾਂ ਉੱਤੇ ਹੈ ਕਿ ਉਹ 1 ਅਕਤੂਬਰ 2017 ਨੂੰ ਹੋਣ ਵਾਲੀ ਐਨ ਡੀ ਪੀ ਦੀ ਫੈਡਰਲ ਲੀਡਰਸਿ਼ੱਪ ਚੋਣ ਲੜੇਗਾ। ਐਨ ਡੀ ਪੀ ਦੀ ਲੀਡਰਸਿ਼ੱਪ ਚੋਣ ਵਿੱਚ ਸ਼ਾਮਲ ਹੋਣ ਵਾਲਾ ਜਗਮੀਤ ਸਿੰਘ ਪਹਿਲਾ ਸਿੱਖ ਨਹੀਂ ਹੋਵੇਗਾ। ਮਾਰਚ 2012 ਵਿੱਚ ਧੱਨਾਢ ਫਰਮਾਸਿਸਟ ਮਾਰਟਿਨ ਸਿੰਘ ਐਨ ਡੀ ਪੀ ਲੀਡਰਸਿ਼ੱਪ ਚੋਣ ਲੜ ਕੇ ਅਸਫ਼ਲ ਹੋ ਚੁੱਕਿਆ ਹੈ।

ਐਨ ਡੀ ਪੀ (ਨਿਊ ਡੈਮੋਕ੍ਰੇਟਿਮ ਪਾਰਟੀ) ਕੈਨੇਡਾ ਦੀ ਖੱਬੇ ਪੱਖੀ ਪਾਰਟੀ ਹੈ ਜੋ ਗਰੀਬਾਂ ਨਾਲ ਖੜਨ ਅਤੇ ਲੇਬਰ ਕਲਾਸ ਦੀ ਗੱਲ ਕਰਨ ਵਾਲੀ ਸਿਆਸੀ ਜਮਾਤ ਕਰਕੇ ਜਾਣੀ ਜਾਂਦੀ ਹੈ। ਪਾਰਟੀ ਦੇ ਸੱਭ ਤੋਂ ਮਸ਼ਹੂਰ ਅਤੇ ਸਫ਼ਲ ਨੇਤਾ ਜੈਕ ਲੇਅਟਨ ਦਾ ਸਾਈਕਲ ਉੱਤੇ ਟੋਰਾਂਟੋ ਦੀਆਂ ਗਲੀਆਂ ਵਿੱਚ ਘੁੰਮਣਾ ਉਸਦੀ ਗਰੀਬ ਕੈਨੇਡੀਅਨਾਂ ਨਾਲ ਪ੍ਰਤੀਬੱਧਤਾ ਦਾ ਚਿੰਨ ਸੀ। ਜੈਕ ਲੇਅਟਨ ਇੱਕ ਸਾਦਾ ਜੀਵਨ ਜਿਉਣ ਵਾਲਾ ਵਿਅਕਤੀ ਸੀ। ਜਗਮੀਤ ਸਿੰਘ ਵੀ ਲੇਅਟਨ ਦੇ ਗੁਣ ਨੂੰ ਧਾਰਨ ਕਰਦਾ ਹੋਇਆ ਕੁਈਨ ਪਾਰਕ ਵਿਖੇ ਸਾਈਕਲ ਉੱਤੇ ਜਾਣ ਨੂੰ ਤਰਜੀਹ ਦੇਂਦਾ ਹੈ। ਇਹ ਗੱਲ ਵੱਖਰੀ ਹੈ ਕਿ ਸਾਈਕਲ ਉੱਤੇ ਚੜਨ ਤੋਂ ਪਹਿਲਾਂ ਉਸਨੂੰ ਆਪਣੀ ਬੀ ਐਮ ਡਬਲਿਊ ਕਾਰ ਨੂੰ ਕਿਸੇ ਥਾਂ ਪਾਰਕ ਕਰਨਾ ਪੈਂਦਾ ਹੈ। ਜਗਮੀਤ ਸਿੰਘ ਦੀ ਅਨੋਖੀ ਅਮੀਰੀ ਸ਼ਾਨ ਅਤੇ ਜੈਕ ਲੇਅਟਨ ਦੀ ਹਲੀਮੀ ਭਰੀ ਦਿੱਖ ਵਿੱਚ ਫਰਕ ਨੂੰ ਐਨ ਡੀ ਪੀ ਦੀ ਦਿਸ਼ਾ ਵਿੱਚ ਹੋ ਰਹੀ ਤਬਦੀਲੀ ਆਖਿਆ ਜਾ ਸਕਦਾ ਹੈ।

ਜਗਮੀਤ ਸਿੰਘ ਦੇ ਐਨ ਡੀ ਪੀ ਲੀਡਰਸਿ਼ੱਪ ਰੇਸ ਵਿੱਚ ਸ਼ਾਮਲ ਹੋਣ ਨਾਲ ਸਿੱਖ ਕਮਿਉਨਿਟੀ ਦੇ ਕੈਨੇਡਾ ਵਿੱਚ ਅਕਸ ਨੂੰ ਸ਼ਰਤੀਆ ਹੀ ਲਾਭ ਹੋਵੇਗਾ। ਦਾਅਵੇ ਨਾਲ ਇਹ ਨਹੀਂ ਆਖਿਆ ਜਾ ਸਕਦਾ ਕਿ ਸਮੁੱਚਾ ਸਿੱਖ ਭਾਈਚਾਰਾ ਵੀ ਜਗਮੀਤ ਸਿੰਘ ਦੇ ਨਾਲ ਖੜਾ ਹੋਵੇਗਾ। ਹੁਣ ਕੈਨੇਡਾ ਵਿੱਚ ਸਿੱਖ ਸਿਆਸਤ ਐਨੀ ਪਰੱਪਕ ਹੋ ਚੁੱਕੀ ਹੈ ਕਿ ਸਿੱਖ ਕਮਿਉਨਿਟੀ ਧਰਮ ਦੇ ਆਧਾਰ ਉੱਤੇ ਹਮਾਇਤ ਦੇਣ ਦੀ ਬਜਾਏ ਪਾਰਟੀ ਪਾਲਸੀਆਂ ਨੂੰ ਤਰਜੀਹ ਦੇਂਦੀ ਹੈ। ਇਸਦਾ ਕੌੜੇ ਤੱਥ ਦਾ ਸੁਆਦ 2012 ਵਿੱਚ ਮਾਰਟਿਨ ਸਿੰਘ ਚੱਖ ਚੁੱਕੇ ਹਨ। ਉਸਨੂੰ ਆਸ ਸੀ ਕਿ ਬਰੈਂਪਟਨ ਮਿਸੀਸਾਗਾ ਦੀ ਸਿੱਖ ਕਮਿਉਨਿਟੀ ਵੱਡੇ ਪੱਧਰ ਉੱਤੇ ਐਨ ਡੀ ਪੀ ਦੀ ਮੈਂਬਰਸਿ਼ੱਪ ਹਾਸਲ ਕਰਕੇ ਉਸਦੇ ਸਿੱਖੀ ਸਰੂਪ ਨੂੰ ਪਹਿਚਾਣ ਦੇਣ ਵਿੱਚ ਮਦਦ ਕਰੇਗੀ ਜੋ ਨਹੀਂ ਸੀ ਹੋਇਆ।
ਜਗਮੀਤ ਸਿੰਘ ਦਾ ਆਖਣਾ ਹੈ ਕਿ ਤਿੰਨ ਗੱਲਾਂ ਉਸਦੇ ਲੀਡਰਸਿ਼ੱਪ ਰੇਸ ਵਿੱਚ ਸ਼ਾਮਲ ਹੋਣ ਦੇ ਫੈਸਲੇ ਨੂੰ ਪ੍ਰਭਾਵਿਤ ਕਰਨਗੀਆਂ। ਪਹਿਲੀ ਕਿ ਉਸਦੀ ਉਮੀਦਵਾਰੀ ਨਾਲ ਕੈਨੇਡਾ ਦੀ ਪਬਲਿਕ ਨੂੰ ਕਿੰਨਾ ਲਾਭ ਪੁੱਜੇਗਾ, ਦੂਜਾ ਉਹ ਵਿਕਾਸ ਮੁਖੀ ਲਹਿਰ ਨੂੰ ਮਜ਼ਬੂਤ ਕਰਨ ਵਿੱਚ ਕੀ ਯੋਗਦਾਨ ਪਾ ਸਕੇਗਾ ਅਤੇ ਤੀਜਾ ਉਸਦੀ ਉਮੀਦਵਾਰੀ ਪਾਰਟੀ ਲਈ ਕਿੰਨੀ ਲਾਹੇਵੰਦ ਹੋਵੇਗੀ। ਇਹਨਾਂ ਸੁਆਲਾਂ ਦਾ ਜਵਾਬ ਲੱਭਣ ਲਈ ਫੈਡਰਲ ਚੋਣਾਂ ਵਿੱਚ ਹਾਰਨ ਤੋਂ ਬਾਅਦ ਕੁਈਨ ਪਾਰਕ ਪੁੱਜੇ ਜਗਮੀਤ ਸਿੰਘ ਨੂੰ ਆਪਣੇ ਅੰਦਰੋਂ ਲੱਭਣਾ ਹੋਵੇਗਾ। ਇੱਕ ਸੁਆਲ ਜੋ ਚਾਰੇ ਪਾਸਿਓਂ ਆਵੇਗਾ ਕਿ ਉਹ ਕਿਉਬਿੱਕ ਸਮੇਤ ਹੋਰ ਸੂਬਿਆਂ ਵਿੱਚ ਆਪਣੇ ਆਧਾਰ ਨੂੰ ਕਿਵੇਂ ਮਜ਼ਬੂਤ ਕਰੇਗਾ? ਚੇਤੇ ਰਹੇ ਕਿ ਐਨ ਡੀ ਪੀ ਨੂੰ 2011 ਵਿੱਚ ਮਿਲੀ 75 ਐਮ ਪੀ ਦੀਆਂ ਸੀਟਾਂ ਹਾਸਲ ਹੋਈਆਂ ਸਨ। ਇਹਨਾਂ ਵਿੱਚੋਂ 47 ਇੱਕਲੇ ਕਿਉਬਿੱਕ ਵਿੱਚੋਂ ਲੱਭੀਆਂ ਸੀ। ਜੈਕ ਲੇਅਟਨ ਤਾਂ ਕਿਉਬਿੱਕ ਦੇ ਵੱਖਵਾਦੀ ਏਜੰਡੇ ਨਾਲ ਔਖੇ ਸੌਖੇ ਤਾਲਮੇਲ ਕਾਇਮ ਕਰਨ ਵਿੱਚ ਸਫ਼ਲ ਹੋ ਗਿਆ ਸੀ, ਕੀ ਲੀਡਰਸਿ਼ੱਪ ਰੇਣ ਜਿੱਤਣ ਦੀ ਸੂਰਤ ਵਿੱਚ ਜਗਮੀਤ ਸਿੰਘ ਅਜਿਹਾ ਕਰ ਪਾਏਗਾ?
ਜਗਮੀਤ ਸਿੰਘ ਨੂੰ ਇੱਕ ਹੋਰ ਚੁਣੌਤੀ ਦਰਪੇਸ਼ ਹੋਵੇਗੀ ਕਿ ਉਹ ਆਪਣੀ ਅਮੀਰ ਦਿੱਖ ਦੇ ਚੱਲਦੇ ਗਰੀਬ ਮਜ਼ਦੂਰਾਂ ਦਾ ਪੱਖ ਪੂਰਨ ਵਾਲੀਆਂ ਯੂਨੀਅਨਾਂ ਨਾਲ ਕਿਵੇਂ ਸਿੱਝੇਗਾ। ਜੈਕ ਲੇਅਟਨ ਤੋਂ ਥੋਮਸ ਮਲਕੇਅਰ ਤੱਕ ਦੀਆਂ ਕੋਸਿ਼ਸ਼ਾਂ ਦੇ ਬਾਵਜੂਦ ਐਨ ਡੀ ਪੀ ਵੱਡੇ ਬਿਜਨਸਾਂ ਤੱਕ ਬਣਦੀ ਪਹੁੰਚ ਪੈਦਾ ਨਹੀਂ ਕਰ ਸਕੀ। ਜਗਮੀਤ ਸਿੰਘ ਨੂੰ ਦਿੱਕਤ ਹੋ ਸਕਦੀ ਹੈ ਕਿ ਲੇਬਰ ਯੂਨੀਅਨਾਂ ਉਸਦੀ ਅਮੀਰ ਜੀਵਨ ਸ਼ੈਲੀ ਅਤੇ ਦਿੱਖ ਕਾਰਣ ਨੇੜੇ ਆਉਣ ਤੋਂ ਕਤਰਾਉਣ ਅਤੇ ਵੱਡੇ ਬਿਜਨਸ ਐਨ ਡੀ ਪੀ ਦੀਆਂ ਪਾਲਸੀਆਂ ਕਾਰਣ ਉਸ ਨਾਲ ਸਾਂਝ ਪਾਉਣ ਤੋਂ ਘਬਰਾਉਣ। ਅਜਿਹੇ ਵਿਰੋਧਾਭਾਸਾਂ ਨੂੰ ਸੰਭਾਲਦੇ ਹੋਏ ਐਨ ਡੀ ਪੀ ਲੀਡਰਸਿ਼ੱਪ ਚੋਣ ਜਿੱਤਣ ਅਤੇ ਬਾਅਦ ਵਿੱਚ ਜਸਟਿਨ ਟਰੂਡੋ ਨੂੰ ਹਰਾਉਣ ਵਰਗੀਆਂ ਅਨੇਕਾਂ ਦਿਲਚਸਪ ਚੁਣੌਤੀਆਂ ਦਾ ਸਾਹਮਣਾ ਜਗਮੀਤ ਸਿੰਘ ਨੂੰ ਕਰਨਾ ਹੋਵੇਗਾ।