ਜਗਮੀਤ ਸਿੰਘ ਦੀ ਜਿੱਤ ਨਾਲ ਹੋਇਆ ਇੱਕ ਨਵੇਂ ਕੈਨੇਡੀਅਨ ਸਿਆਸੀ ਸਫ਼ਰ ਦਾ ਆਗਾਜ਼

1 Jagmeet Singhਕੁੱਲ ਪਈਆਂ 65,782 ਵੋਟਾਂ ਵਿੱਚੋਂ 35,266 ਵੋਟਾਂ ਹਾਸਲ ਕਰਕੇ ਜਗਮੀਤ ਸਿੰਘ ਨੇ ਐਨ ਡੀ ਪੀ ਲੀਡਰਸਿ਼ੱਪ ਚੋਣ ਪਹਿਲੇ ਗੇੜ ਵਿੱਚ ਹੀ ਨਹੀਂ ਜਿੱਤੀ ਸਗੋਂ ਪਹਿਲੀ ਵਾਰ ਇੱਕ ਦਸਤਾਰਧਾਰੀ ਸਿੱਖ ਵਜੋਂ ਕੈਨੇਡਾ ਦੀ ਕਿਸੇ ਪ੍ਰਮੁੱਖ ਸਿਆਸੀ ਪਾਰਟੀ ਦਾ ਲੀਡਰ ਬਣਨ ਦਾ ਮਾਣ ਵੀ ਹਾਸਲ ਕੀਤਾ ਹੈ। ਜਗਮੀਤ ਸਿੰਘ ਦੇ ਐਨ ਡੀ ਪੀ ਲੀਡਰ ਚੁਣੇ ਜਾਣ ਨਾਲ ਸਿੱਖ ਭਾਈਚਾਰੇ ਦਾ ਕੱਦਕਾਠ ਕੈਨੇਡਾ ਦੀ ਸਿਆਸਤ ਵਿੱਚ ਉੱਚਾ ਹੋਇਆ ਹੈ। ਨਾਲ ਹੀ ਉਸਦੀ ਜਿੱਤ ਕੈਨੇਡਾ ਦੇ ਸਮੂਹ ਵਿਭਿੰਨ ਭਾਈਚਾਰਿਆਂ (Diverse Communities) ਲਈ ਸਾਡੇ ਸਮਾਜ ਦੇ ਵੱਖ ਵੱਖ ਪਹਿਲੂਆਂ ਵਿੱਚ ਛੁਪੀਆਂ ਬੇਅੰਤ ਸੰਭਾਵਨਾਵਾਂ ਨੂੰ ਟਟੋਲ ਕੇ ਸਫ਼ਲ ਹੋਣ ਦਾ ਪ੍ਰਤੀਕ ਬਣ ਗਈ ਹੈ।
ਜਗਮੀਤ ਸਿੰਘ ਦਾ ਨਾਮ ਐਨ ਡੀ ਪੀ ਦੇ ਉਹਨਾਂ ਦੋ ਵੱਡੇ ਆਗੂਆਂ ਟੌਮੀ ਡਗਲਸ ਅਤੇ ਜੈਕ ਲੇਅਟਨ ਨਾਲ ਜੁੜ ਗਿਆ ਹੈ ਜਿਹੜੇ ਇਸ ਪਾਰਟੀ ਦੇ ਇਤਿਹਾਸ ਵਿੱਚ ਪਹਿਲੇ ਬੈਲਟ ਦੇ ਆਧਾਰ ਉੱਤੇ ਚੋਣ ਜਿੱਤੇ ਸਨ। ਡਗਲਸ ਨੇ ਇਹ ਮਾਣ 1961 ਵਿੱਚ 78.5% ਵੋਟਾਂ ਹਾਸਲ ਕਰਕੇ ਪ੍ਰਾਪਤ ਕੀਤਾ ਸੀ ਜਿਸਤੋਂ ਬਾਅਦ 2003 ਵਿੱਚ ਜੈਕ ਲੇਅਟਨ ਨੇ ਪਹਿਲੇ ਗੇੜ ਵਿੱਚ 53.5% ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਸੀ। 38 ਸਾਲਾ ਜਗਮੀਤ ਸਿੰਘ ਨੇ ਕੱਲ 53% ਵੋਟਾਂ ਹਾਸਲ ਕਰਕੇ ਐਨ ਡੀ ਪੀ ਦੀਆਂ ਟੌਪ ਗੰਨਾਂ ਚਾਰਲੀ ਐਨਗਸ, ਨਿੱਕੀ ਐਸ਼ਟਨ ਅਤੇ ਗਾਈ ਕੈਰਨ ਨੂੰ ਚਿੱਤ ਕੀਤਾ ਹੈ। ਉਸਦੀ ਚੋਣ ਨੇ ਉਸ ਧਾਰਨਾ ਨੂੰ ਹੋਰ ਵੀ ਪੱਕਿਆਂ ਕੀਤਾ ਹੈ ਕਿ ਨੌਮੀਨੇਸ਼ਨ ਚੋਣ ਵਿੱਚ ਸਫ਼ਲਤਾ ਇਹਨਾਂ ਗੱਲਾਂ ਉੱਤੇ ਬਹੁਤ ਨਿਰਭਰ ਹੈ ਕਿ ਕੌਣ, ਕਿੱਥੇ ਤੋ,ਂ ਕਿੰਨੇ ਨਵੇਂ ਮੈਂਬਰ ਸਾਈਨ ਕਰਦਾ ਹੈ ਅਤੇ ਕਿੰਨਾ ਪੈਸਾ ਫੰਡ ਰੇਜ਼ ਕਰਦਾ ਹੈ। ਜਗਮੀਤ ਸਿੰਘ ਨੇ 6 ਲੱਖ 19 ਹਜ਼ਾਰ ਫੰਡ ਰੇਜ਼ ਕੀਤੇ ਜੋ ਕਿ ਲੀਡਰਸਿ਼ੱਪ ਰੇਸ ਵਿੱਚ ਉਸਦੇ ਨੇੜਲੇ ਵਿਰੋਧੀ ਚਾਰਲੀ ਐਗਨਸ ਦੇ 3 ਲੱਖ 74 ਹਜ਼ਾਰ ਡਾਲਰਾਂ ਦੇ ਮੁਕਾਬਲੇ 165% ਜਿ਼ਆਦਾ ਬਣਦੇ ਹਨ।

ਸੁਭਾਵਿਕ ਹੈ ਕਿ ਜਗਮੀਤ ਸਿੰਘ ਦੀ ਜਿੱਤ ਵਿੱਚ ਸੱਭ ਤੋਂ ਵੱਡਾ ਹੱਥ ਸਿੱਖ ਭਾਈਚਾਰੇ ਦਾ ਰਿਹਾ ਹੈ। ਉਸਨੇ ਗਰੇਟਰ ਟੋਰਾਂਟੋ ਏਰੀਆ (ਟੋਰਾਂਟੋ ਤੋਂ ਬਾਹਰ ਦੇ ਬਰੈਂਪਟਨ ਵਰਗੇ ਇਲਾਕੇ ਜਿੱਥੇ ਸਿੱਖ ਵੱਸੋਂ ਵੱਧ ਹੈ) ਵਿੱਚੋਂ 52% (3 ਲੱਖ 22 ਹਜ਼ਾਰ) ਫੰਡ ਇੱਕਤਰ ਕੀਤੇ ਜੋ ਉਸਦੀ ਵੋਟ ਪ੍ਰਤੀਸ਼ਤਤਾ ਨਾਲ ਵੀ ਮੇਲ ਖਾਂਦੇ ਹੋਣਗੇ। ਉਸਦੇ ਨੇੜਲੇ ਵਿਰੋਧੀ ਚਾਰਲੀ ਐਗਨਸ ਨੂੰ ਜੀ ਟੀ ਏ ਵਿੱਚੋਂ ਮਹਿਜ਼ 41,000 ਡਾਲਰ ਮਿਲੇ। ਇੱਕਲੇ ਬਰੈਂਪਟਨ ਨੇ 2 ਲੱਖ ਡਾਲਰ ਇੱਕਤਰ ਕਰਕੇ ਜਗਮੀਤ ਸਿੰਘ ਦੀ ਝੋਲੀ ਵਿੱਚ ਪਾਏ ਜੋ ਉਸਦੇ ਕੁੱਲ ਫੰਡਾਂ ਦਾ 30% ਦੇ ਕਰੀਬ ਬਣਦਾ ਹੈ। ਬਾਕੀ ਦੇ ਤਿੰਨਾਂ ਐਨ ਡੀ ਪੀ ਉਮੀਦਵਾਰਾਂ ਨੂੰ ਬਰੈਂਪਟਨ ਵਿੱਚੋਂ ਕੁੱਲ ਮਿਲਾ ਕੇ 2 ਹਜ਼ਾਰ ਡਾਲਰ ਫੰਡ ਵਜੋਂ ਮਸਾਂ ਮਿਲੇ। ਇਸੇ ਤਰੀਕੇ ਜਗਮੀਤ ਸਿੰਘ ਦਾ ਸਮਰੱਥਨ ਵੈਨਕੂਵਰ ਦੇ ਗਰੇਟਰ ਏਰੀਆ (ਸਰੀ ਆਦਿ) ਵਿੱਚ ਮਜਬੂਤ ਰਹਿਣਾ ਸਿੱਖ ਭਾਈਚਾਰੇ ਦੇ ਸਮਰੱਥਨ ਵੱਲ ਇਸ਼ਾਰਾ ਕਰਦਾ ਹੈ।

ਕੋਈ ਸ਼ੱਕ ਨਹੀਂ ਕਿ ਜਗਮੀਤ ਸਿੰਘ ਨੂੰ ਨਵੀਂ ਪੀੜੀ ਦੇ ਵਾਲੰਟੀਅਰ ਬਹੁਤ ਜੋਸ਼ ਅਤੇ ਚਾਵਾਂ ਨਾਲ ਮਦਦ ਕਰਦੇ ਹਨ। ਉਸਨੇ ਵੱਡੀ ਪੱਧਰ ਉੱਤੇ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵਿੱਦਿਆਰਥੀਆਂ ਨੂੰ ਨਾਲ ਲੈ ਕੇ ਆਪਣੀ ਮੁਹਿੰਮ ਨੂੰ ਤਿੱਖਾ ਕੀਤਾ। ਪਰ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਫਸਟ ਜਨਰੇਸ਼ਨ ਦੇ ਸਿੱਖ ਕੈਨੇਡੀਅਨਾਂ ਦੇ ਸਹਾਰੇ ਨੇ ਉਸਦੀ ਜਿੱਤ ਉੱਤੇ ਫੈਸਲਾਕੁਨ ਮੋਹਰ ਲਾਈ। ਸਾਨੂੰ ਚੇਤੇ ਰੱਖਣਾ ਹੋਵੇਗਾ ਕਿ ਧਰਮ ਬਦਲ ਕੇ ਸਿੱਖ ਬਣੇ ਮਾਰਟਿਨ ਸਿੰਘ ਨੇ ਜਦੋਂ 2012 ਵਿੱਚ ਐਨ ਡੀ ਪੀ ਲੀਡਰਸਿ਼ੱਪ ਰੇਸ ਲੜੀ ਸੀ ਤਾਂ ਉਸ ਭਲੇ ਪੁਰਸ਼ ਵਿੱਚ ਇੱਕ ਕਮੀ ਇਹ ਵੇਖਣ ਨੂੰ ਮਿਲੀ ਕਿ ਉਹ ਰਵਾਇਤੀ ਸਿੱਖ ਹਲਕਿਆਂ ਨਾਲ ਸਾਂਝ ਪੈਦਾ ਨਾ ਕਰ ਸਕਿਆ। ਜਗਮੀਤ ਸਿੰਘ ਨੇ ਆਪਣੇ ਮਾਪਿਆਂ ਦੇ ਕੈਨੇਡਾ ਵਿੱਚ ਸਥਾਪਤ ਹੋਣ ਦਾ ਸੰਘਰਸ਼, 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਐਲਾਨਣ ਲਈ ਮਤਾ ਪੇਸ਼ ਕਰਨ ਸਮੇਤ ਕਈ ਅਜਿਹੇ ਕਦਮ ਚੁੱਕੇ ਜੋ ਉਸਨੂੰ ਗੈਰ-ਰਿਵਾਇਤੀ ਵੋਟ ਬੈਂਕ ਤੱਕ ਜਾਣ ਵਿੱਚ ਸਹਾਈ ਸਿੱਧ ਹੋਏ। ਉਸ ਵੱਲੋਂ ਉਠਾਏ ਗਏ ਕੁੱਝ ਪਹਿਲੂ ਫੈਡਰਲ ਪੱਧਰ ਦੀ ਸਿਆਸਤ ਵਿੱਚ ਵਿਵਾਦਮਈ ਹੋਣ ਦੀ ਸੰਭਾਵਨਾ ਵੀ ਰੱਖਦੇ ਹਨ। ਪਰ ਇਹ ਵੇਖਣਾ ਦਿਲਚਸਪ ਰਹੇਗਾ ਕਿ ਉਹ ਫੈਡਰਲ ਸਿਆਸਤ ਵਿੱਚ ਕਿਹੋ ਜਿਹੀ ਪਹੁੰਚ ਅਪਣਾਵੇਗਾ।

ਜਗਮੀਤ ਸਿੰਘ ਦੀ ਜਿੱਤ ਕੈਨੇਡੀਅਨ ਸਿੱਖ ਸਿਆਸਤ ਨੂੰ ਆਉਣ ਵਾਲੇ ਲੰਬੇ ਸਮੇਂ ਤੱਕ ਪ੍ਰਭਾਵਿਤ ਕਰੇਗੀ, ਖਾਸ ਕਰਕੇ ਉਹਨਾਂ ਸਮੀਕਰਣਾਂ ਨੂੰ ਜਿਹੜੇ ਸਿੱਖ ਭਾਈਚਾਰੇ ਅੰਦਰ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ਦੇ ਸਥਾਨ ਨੂੰ ਬਿਆਨ ਕਰਦੇ ਹਨ। ਬਦਲੇ ਹੋਏ ਸਮੀਕਰਣ ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਸੁਆਲ ਖੜਾ ਕਰਨਗੇ ਜਿਸਨੇ ਆਪਣੀ ਵਜ਼ਾਰਤ ਵਿੱਚ ਚਾਰ ਸਿੱਖਾਂ ਨੂੰ ਮੰਤਰੀ ਬਣਾ ਕੇ 2015 ਵਿੱਚ ਆਪਣਾ ਮਸ਼ਹੂਰ ਬਿਆਨ ਦਿੱਤਾ ਸੀ ਕਿ ਉਸਦੀ ਵਜ਼ਾਰਤ ‘ਕੈਨੇਡਾ ਵਰਗੀ’ ਜਾਪਦੀ ਹੈ। ਟਰੂਡੋ ਵੱਲੋਂ 2015 ਵਿੱਚ ਪੈਦਾ ਕੀਤੇ ਕੈਨੇਡਾ ਨੂੰ ਜਗਮੀਤ ਸਿੰਘ ਕਿੰਨੇ ਕੁ ਪੱਧਰ ਉੱਤੇ ਖੋਰਾ ਲਾਵੇਗਾ, ਇਸਦਾ ਅੰਦਾਜ਼ਾ ਹਾਲ ਦੀ ਘੜੀ ਲਾਉਣਾ ਔਖਾ ਹੈ। ਪਰ ਹਾਂ, ਟਰੂਡੋ ਵਾਗੂੰ ਹੀ ਮਾਹਰ ਵਕਤਾ, ਫੈਸ਼ਨ ਦਾ ਮਾਹਰ ਅਤੇ ਉਮਰ ਵਿੱਚੋਂ ਟਰੂਡੋ ਨਾਲੋਂ ਵੀ ਛੋਟਾ ਇੱਕ ਸਿੱਖ ਆਗੂ ਐਨ ਡੀ ਪੀ ਨੇ ਪੈਦਾ ਕਰਕੇ ਟਰੂਡੋ ਨੂੰ 2019 ਦੀਆਂ ਫੈਡਰਲ ਚੋਣਾਂ ਦੀ ਖੇਡੀ ਜਾਣ ਵਾਲੀ ਫਿਲਮ ਦਾ ਟਰੇਲਰ ਜਰੂਰ ਵਿਖਾ ਦਿੱਤਾ ਹੈ।