ਜਗਦੀਸ਼ ਗਰੇਵਾਲ ਦਾ ਨਾਮ ਵਿਸ਼ਵ ਦੇ ‘500 ਸਿੱਖ ਰੋਲ ਮਾਡਲਾਂ ਵਿੱਚ ਦਰਜ਼

Fullscreen capture 1212015 74548 AMਬਰੈਂਪਟਨ ਪੋਸਟ ਬਿਉਰੋ: ਕੈਨੇਡੀਅਨ ਪੰਜਾਬੀ ਪੋਸਟ ਦੇ ਫਾਉਂਡਰ ਅਤੇ ਮੁੱਖ ਸੰਪਾਦਕ ਜਗਦੀਸ਼ ਸਿੰਘ ਗਰੇਵਾਲ ਦਾ ਨਾਮ ਵਿਸ਼ਵ ਦੇ ਉਹਨਾਂ 500 ਸਿੱਖ ਰੋਲ ਮਾਡਲਾਂ ਵਿੱਚ ਦਰਜ਼ ਕੀਤਾ ਗਿਆ ਹੈ ਜਿਹੜੇ ਆਪਣੀ ਕੰਮ ਅਤੇ ਲਗਨ ਬਦੌਲਤ ਵਿਸ਼ਵ ਭਰ ਵਿੱਚ ਸਿੱਖ ਭਾਈਚਾਰੇ ਦਾ ਨਾਮ ਉੱਚਾ ਕਰਦੇ ਹਨ। 500 ਸਿੱਖ ਰੋਲ ਮਾਡਲਜ਼ ਨਾਮਕ ਡਾਇਰੈਕਟਰੀ ਨੂੰ ਕੱਲ ਕੈਰਾਬਰਾਮ ਦੌਰਾਨ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਨੇ ਰੀਲੀਜ਼ ਕੀਤਾ। ਇਸ ਪੁਸਤਕ ਵਿੱਚ ਕਈ ਕੈਨੇਡੀਅਨ ਸਿੱਖਾਂ ਦੇ ਨਾਮ ਸ਼ਾਮਲ ਹਨ ਜਿਹਨਾਂ ਵਿੱਚੋਂ ਜਗਦੀਸ਼ ਗਰੇਵਾਲ ਤੋਂ ਇਲਾਵਾ ਡਾਟਾਵਿੰਡ ਕੰਪਿਊਟਰ ਦੇ ਸੁਨੀਤ ਸਿੰਘ ਤੁਲੀ, ਬਰੈਂਪਟਨ ਈਸਟ ਤੋਂ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਅਤੇ ਐਨ ਡੀ ਪੀ ਆਗੂ ਮਾਰਟਿਨ ਸਿੰਘ ਹਾਜ਼ਰ ਸਨ। ਇਸ ਮੌਕੇ ਪੰਜਾਬ ਪੈਵਲੀਅਨ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਚੱਗੜ, ਅਤੇ ਪੈਵਲੀਅਨ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਪਾਲ, ਸਿੱਖ ਮਿਊਜ਼ੀਅਮ ਦੇ ਪ੍ਰਦੀਪ ਸਿੰਘ ਨਾਗਰਾ ਅਤੇ ਪ੍ਰਸਿੱਧ ਪੇਂਟਰ ਕੁਲਵੰਤ ਸਿੰਘ ਵੀ ਮੌਜੂਦ ਸਨ।

500 ਸਿੱਖ ਰੋਲ ਮਾਡਲਜ਼ ਡਾਇਰੈਕਟਰੀ ਨੂੰ ਕੇਸ ਸੰਭਾਲ ਪ੍ਰਚਾਰ ਸੰਸਥਾ, ਨਵੀਂ ਦਿੱਲੀ ਦੇ ਚੇਅਰਮੈਨ ਸੁਰਿੰਦਰਜੀਤ ਸਿੰਘ ਪਾਲ ਦੀ ਅਗਵਾਈ ਵਿੱਚ ਤਿਆਰ ਕੀਤਾ ਗਿਆ ਹੈ। ਵਿਸ਼ਵ ਦੇ ਵੱਖ ਵੱਖ ਖਿੱਤਿਆਂ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਏਕੇ ਦੀ ਭਾਵਨਾ ਕਾਇਮ ਕਰਨ ਅਤੇ ਸਿੱਖੀ ਸਰੂਪ ਦੀ ਵਡਿਆਈ ਨੂੰ ਮਾਨਤਾ ਦੇਣ ਦੇ ਇਰਾਦੇ ਨਾਲ ਤਿਆਰ ਕੀਤੀ ਇਸ ਡਾਇਰੈਕਟਰੀ ਵਿੱਚ ਖੇਤੀਬਾੜੀ, ਫੌਜ, ਬਿਜਨਸ, ਸਿਆਸਤ, ਧਰਮ, ਜੁਡੀਸ਼ੀਅਰੀ, ਸਿਆਸਤ, ਖੇਡਾਂ, ਵਿੱਦਿਆ ਅਤੇ ਮੀਡੀਆ ਆਦਿ ਖੇਤਰਾਂ ਦੇ ਸਿੱਰਕੱਢ 500 ਸਿੱਖਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ।

ਡਾਇਰੈਕਟਰੀ ਵਿੱਚ ਨਾਮ ਸ਼ਾਮਲ ਕੀਤੇ ਜਾਣ ਉੱਤੇ ਪ੍ਰਤੀਕਿਰਿਆ ਕਰਦੇ ਹੋਏ ਜਗਦੀਸ਼ ਗਰੇਵਾਲ ਨੇ ਕਿਹਾ ਕਿ ਵਿਸ਼ਵ ਦੇ ਚੋਣਵੇਂ 500 ਸਿੱਖਾਂ ਵਿੱਚ ਨਾਮ ਸ਼ਾਮਲ ਹੋਣ ਨਾਲ ਉਹਨਾਂ ਦੇ ਮੋਢਿਆਂ ਉੱਤੇ ਇੱਕ ਹੋਰ ਜੁੰਮੇਵਾਰੀ ਆ ਗਈ ਹੈ ਜਿਸ ਤਹਿਤ ਉਹ ਆਪਣੇ ਫਰਜ਼ਾਂ ਨੂੰ ਹੋਰ ਵੀ ਸੰਜੀਦਗੀ ਨਾਲ ਨਿਭਾਉਣ ਦੀ ਕੋਸਿ਼ਸ਼ ਕਰਨਗੇ। ਇਸ ਡਾਇਰੈਕਟਰੀ ਦੇ ਪ੍ਰਕਾਸ਼ਕ ਸੁਰਿੰਦਰਜੀਤ ਸਿੰਘ ਪਾਲ ਮੁਤਾਬਕ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਖੀ ਸਰੂਪ ਧਾਰਨ ਕਰਨ ਵਾਲੇ ਐਨੀ ਵੱਡੀ ਗਿਣਤੀ ਵਿੱਚ ਚੋਣਵੇਂ ਸਿੱਖਾਂ ਦੀ ਡਾਇਰੈਕਟਰੀ ਤਿਆਰ ਕੀਤੀ ਗਈ ਹੈ।
ਵਰਨਣਯੋਗ ਹੈ ਕਿ ਕੈਰਾਬਰਾਮ ਦੌਰਾਨ ਇਹ ਪਹਿਲੀ ਵਾਰ ਸੀ ਕਿ ਪੰਜਾਬ ਪੈਵਲੀਅਨ ਦਾ ਆਯੋਜਨ ਪੈਵਲੀਅਨ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਚੱਗੜ ਦੇ ਯਤਨਾ ਨਾਲ ਹੋਇਆ।