ਜਗਤਾਰ ਸਿੰਘ ਹਵਾਰਾ ਨੂੰ ਸਜ਼ਾ ਦੇ ਬਾਰੇ ਸੁਣਵਾਈ 27 ਅਪੈ੍ਰਲ ਨੂੰ


ਲੁਧਿਆਣਾ, 14 ਅਪ੍ਰੈਲ (ਪੋਸਟ ਬਿਊਰੋ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਐਲਾਨੇ ਜਾ ਚੁੱਕੇ ਜਗਤਾਰ ਸਿੰਘ ਹਵਾਰਾ ਨੂੰ ਏ ਕੇ 56 ਰਾਈਫਲ ਦੀ ਬਰਾਮਦਗੀ ਦੇ ਕੇਸ ‘ਚ ਚੀਫ ਜੁਡੀਸ਼ਲ ਮੈਜਿਸਟਰੇਟ ਜਾਪਿੰਦਰ ਸਿੰਘ ਦੀ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਸਜ਼ਾ ਦੀ ਸੁਣਵਾਈ 27 ਅਪ੍ਰੈਲ ਤੱਕ ਟਾਲ ਦਿੱਤੀ ਹੈ।
ਵਰਨਣ ਯੋਗ ਹੈ ਕਿ ਸਥਾਨਕ ਜੱਜ ਵਰਿੰਦਰ ਕੁਮਾਰ ਨੇ ਬੀਤੀ 9 ਅਪ੍ਰੈਲ ਨੂੰ ਕੇਸ ਦੀ ਸੁਣਵਾਈ ਵੇਲੇ ਮੁਦੱਈ ਪੱਖ ਦੀਆਂ ਦਲੀਲਾਂ ਤੇ ਬਹਿਸ ਸੁਣਨ ਪਿੱਛੋਂ ਜਗਤਾਰ ਸਿੰਘ ਹਵਾਰਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਮਿਥਣ ਲਈ ਇਸ ਕੇਸ ਨੂੰ ਸੀ ਜੇ ਐਮ ਜਪਿੰਦਰ ਸਿੰਘ ਕੋਲ ਭੇਜ ਦਿੱਤਾ ਸੀ। ਪਿਛਲੀ ਪੇਸ਼ੀ ਮੌਕੇ ਵੀ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਿੱਚ ਪੇਸ਼ ਨਹੀਂ ਸੀ ਕੀਤਾ ਗਿਆ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕੀਤੀ ਗਈ ਸੀ। ਕੱਲ੍ਹ ਫਿਰ ਏਸੇ ਤਰ੍ਹਾਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕੀਤੀ ਗਈ।
ਇਸ ਕੇਸ ਦੇ ਮਿਲ ਸਕੇ ਵੇਰਵੇ ਮੁਤਾਬਕ ਥਾਣਾ ਕੋਤਵਾਲੀ ਦੀ ਪੁਲਸ ਨੇ 30 ਦਸੰਬਰ 1995 ਨੂੰ ਸਥਾਨਕ ਘੰਟਾ ਘਰ ਚੌਕ ਨੇੜੇ ਏ ਕੇ 56 ਰਾਈਫਲ ਦੀ ਬਰਾਮਦਗੀ ਦੇ ਕੇਸ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਨਾਮਜ਼ਦ ਕੀਤਾ ਸੀ। ਇਸ ਕੇਸ ਵਿੱਚ ਪੁਲਸ ਦੀਆਂ ਸਾਰੀਆਂ ਗਵਾਹੀਆਂ ਦਰਜ ਕਰਵਾਉਣ ਪਿੱਛੋਂ ਹਵਾਰਾ ਨੇ ਆਪਣੀਆਂ ਗਵਾਹੀਆਂ ਵੀ ਕਰਵਾ ਦਿੱਤੀਆਂ ਸਨ। ਜੱਜ ਵਰਿੰਦਰ ਕੁਮਾਰ ਦੇ ਕੋਲ ਵੱਧ ਤੋਂ ਵੱਧ ਤਿੰਨ ਸਾਲ ਤੱਕ ਸਜ਼ਾ ਸੁਣਾਉਣ ਦਾ ਹੱਕ ਹੈ, ਇਸ ਤੋਂ ਵੱਧ ਸੱਤ ਸਾਲ ਤੱਕ ਸਜ਼ਾ ਸੁਣਾਉਣ ਦਾ ਅਧਿਕਾਰ ਸੀ ਜੇ ਐਮ ਕੋਲ ਹੈ। ਅਦਾਲਤ ਵੱਲੋਂ ਹਵਾਰਾ ਨੂੰ ਤਿੰਨ ਸਾਲ ਤੋਂ ਵੱਧ ਸਜ਼ਾ ਸੁਣਾਏ ਜਾਣ ਦਾ ਅੰਦਾਜ਼ਾ ਹੈ, ਜਿਸ ਕਰ ਕੇ ਕੇਸ ਦੀ ਅਗਲੀ ਸੁਣਵਾਈ 27 ਅਪ੍ਰੈਲ ਨੂੰ ਹੋਵੇਗੀ ਅਤੇ ਇਸ ਦਿਨ ਹਵਾਰਾ ਨੂੰ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਹੈ।