ਜਗਤਾਰ ਸਿੰਘ ਤਾਰਾ ਨੂੰ ਟੈਲੀਫੋਨ ਉੱਤੇ ਗੱਲ ਕਰਨ ਦੀ ਖੁੱਲ੍ਹ ਦੇਣ ਦੇ ਖਿਲਾਫ ਅਰਜ਼ੀ ਦਾਇਰ

tara
ਚੰਡੀਗੜ੍ਹ, 3 ਅਗਸਤ (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਵੱਲੋਂ ਆਪਣੇ ਕੇਸ ਵਿੱਚ ਖੁਦ ਜਿਰਹਾ ਕਰਨ ਦੀ ਮੰਗ ਉੱਤੇ ਚੰਡੀਗੜ੍ਹ ਯੂ ਟੀ ਪ੍ਰਸ਼ਾਸਨ ਨੇ ਅਦਾਲਤ ਨੂੰ ਦੱਸਿਆ ਕਿ ਤਾਰਾ ਨੂੰ ਵੱਖਰੀ ਬੈਰਕ ਵਿੱਚ ਰੱਖਿਆ ਗਿਆ ਹੈ। ਹਾਈ ਕੋਰਟ ਨੇ ਇਸ ‘ਤੇ ਪੁੱਛਿਆ ਕਿ ਇਸ ਤਰ੍ਹਾਂ ਕਿਸ ਦੀ ਮਨਜ਼ੂਰੀ ਨਾਲ ਕੀਤਾ ਗਿਆ ਹੈ। ਇਸ ‘ਤੇ ਅਦਾਲਤ ਨੂੰ ਦੱਸਿਆ ਗਿਆ ਕਿ ਉਚਿਤ ਅਥਾਰਟੀ ਤੋਂ ਇਜਾਜ਼ਤ ਲੈਣ ਦੇ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਹਾਈ ਕੋਰਟ ਨੇ ਇਸ ਕੇਸ ਦੇ ਲਈ ਜਾਰੀ ਹੁਕਮਾਂ ਨੂੰ ਅਗਲੀ ਸੁਣਵਾਈ ਦੌਰਾਨ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਇਸ ਤੋਂ ਪਹਿਲਾਂ ਹਾਈ ਕੋਰਟ ਨੇ ਜਗਤਾਰ ਸਿੰਘ ਤਾਰਾ ਨੂੰ ਆਪਣੇ ਘਰ ਦਿਆਂ ਨਾਲ ਫੋਨ ‘ਤੇ ਗੱਲ ਕਰਨ ਲਈ ਦਿੱਤੀ ਗਈ ਆਗਿਆ ਦੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਫੈਸਲੇ ਉੱਤੇ ਰੋਕ ਜਾਰੀ ਰੱਖਦੇ ਹੋਏ ਹਾਈ ਕੋਰਟ ਰਜਿਸਟਰੀ ਨੂੰ ਲੀਗਲ ਏਡ ਕੌਂਸਲ ਹਾਸਲ ਕਰਾਉਣ ਦੇ ਹੁਕਮ ਦਿੱਤੇ ਸਨ। ਜ਼ਿਲ੍ਹਾ ਅਦਾਲਤ ਦੇ ਫੈਸਲੇ ਵਿਰੁੱਧ ਚੰਡੀਗੜ੍ਹ ਪ੍ਰਸ਼ਾਸਨ ਦੀ ਅਪੀਲ ਉੱਤੇ ਜਗਤਾਰ ਸਿੰਘ ਤਾਰਾ ਨੇ ਹਾਈ ਕੋਰਟ ਨੂੰ ਪੱਤਰ ਲਿਖ ਕੇ ਆਪਣੇ ਕੇਸ ਵਿੱਚ ਖੁਦ ਜਿਰਹਾ ਕਰਨ ਦੀ ਆਗਿਆ ਦਿੱਤੇ ਜਾਣ ਦੀ ਮੰਗ ਕੀਤੀ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀਆਂ ਲਈ 29 ਸਤੰਬਰ 1995 ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਉੱਤੇ ਪਾਬੰਦੀ ਲਗਾਈ ਗਈ ਹੈ, ਇਸ ਲਈ ਖੁਦ ਜਿਰਹਾ ਦੀ ਆਗਿਆ ਵੀ ਨਹੀਂ ਦਿੱਤੀ ਜਾ ਸਕਦੀ।